-ਪ੍ਰੋ. ਨਵ ਸੰਗੀਤ ਸਿੰਘ
ਰਵਿੰਦਰ ਸਿੰਘ ਸੋਢੀ ਜਿੱਥੇ ਇੱਕ ਸੁਲਝਿਆ ਹੋਇਆ ਲੇਖਕ ਹੈ, ਉੱਥੇ ਉਹ ਇੱਕ ਸੁਘੜ ਸੰਪਾਦਕ ਵੀ ਹੈ। ਉਸਦੀ ਵਿਚਾਰ- ਅਧੀਨ ਇਕਲੌਤੀ ਸੰਪਾਦਿਤ ਪੁਸਤਕ ਤੋਂ ਪਹਿਲਾਂ ਤੇਰਾਂ ਮੌਲਿਕ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਇੱਕ ਆਲੋਚਨਾ, ਪੰਜ ਨਾਟਕ, ਇੱਕ ਖੋਜ-ਕਾਰਜ, ਇੱਕ ਜੀਵਨੀ, ਦੋ ਕਾਵਿ-ਸੰਗ੍ਰਹਿ, ਇਕ ਆਮ ਜਾਣਕਾਰੀ, ਇੱਕ ਬੱਚਿਆਂ ਲਈ ਪੁਸਤਕ ਸ਼ਾਮਲ ਹੈ। ਇਸਦੇ ਨਾਲ ਹੀ ਉਹਨੇ ਆਪਣੀ ਇੱਕ ਪੁਸਤਕ ਨੂੰ ਹਿੰਦੀ ਵਿੱਚ ਵੀ ਅਨੁਵਾਦ ਕੀਤਾ ਹੈ। ਇਉਂ ਇਸ ਸੂਚੀ ਮੁਤਾਬਕ ਉਹ ਇੱਕ ਨਾਟਕਕਾਰ ਵਜੋਂ ਵਧੇਰੇ ਚਰਚਿਤ ਹੈ। ਬਹਿਰਹਾਲ…
ਰੀਵਿਊ ਅਧੀਨ ਪੁਸਤਕ, “ਪਰਵਾਸੀ ਕਲਮਾਂ” (ਪ੍ਰੀਤ ਪਬਲੀਕੇਸ਼ਨ, ਨਾਭਾ; ਪੰਨੇ 264; ਮੁੱਲ 350/-) ਜਿਵੇਂ ਕਿ ਨਾਂ ਤੋਂ ਹੀ ਸਪਸ਼ਟ ਹੈ, ਵਿਭਿੰਨ ਵਿਧਾਵਾਂ ਵਿਚ ਲਿਖਣ ਵਾਲੇ ਪਰਵਾਸੀ ਲੇਖਕਾਂ ਦਾ ਸਾਂਝਾ ਮਜਮੂਆ ਹੈ। ਜਿਸ ਨੂੰ ਬੜੇ ਸਲੀਕੇ ਨਾਲ ਰਵਿੰਦਰ ਸਿੰਘ ਸੋਢੀ ਨੇ ਵਿਉਂਤਬੱਧ ਕੀਤਾ ਹੈ। ਇਸ ਪੁਸਤਕ ਵਿਚ ਸਾਹਿਤ ਦੀਆਂ ਤਿੰਨ ਵਿਧਾਵਾਂ – ਕਹਾਣੀਆਂ, ਵਾਰਤਕ ਅਤੇ ਕਵਿਤਾਵਾਂ ਸ਼ਾਮਲ ਹਨ। ਰਚਨਾਕਾਰ ਦੀਆਂ ਰਚਨਾਵਾਂ ਦੀ ਗਿਣਤੀ ਵੱਖੋ-ਵੱਖਰੀ ਹੈ। ਕਹਾਣੀ ਭਾਗ (ੳ) ਵਿੱਚ ਸੱਤ, ਵਾਰਤਕ ਭਾਗ (ਅ) ਵਿਚ ਪੰਜ ਅਤੇ ਕਵਿਤਾ ਭਾਗ (ੲ) ਵਿੱਚ ਅੱਠ ਕਵੀਆਂ ਦੀਆਂ ਰਚਨਾਵਾਂ ਸ਼ਾਮਲ ਹਨ। ਇਉਂ ਇਸ ਕਿਤਾਬ ਵਿਚ ਪੰਦਰਾਂ ਕਹਾਣੀਆਂ, ਬਾਰਾਂ ਵਾਰਤਕ ਰਚਨਾਵਾਂ ਅਤੇ ਅਠੱਤੀ ਕਾਵਿ-ਰਚਨਾਵਾਂ ਸ਼ਾਮਲ ਹਨ।
ਪੁਸਤਕ ਵਿੱਚ ਪਰਮ-ਅਗੇਤ ਕਹਾਣੀ ਭਾਗ ਹੈ, ਜਿਸ ਵਿੱਚ ਸਾਡੇ ਸਮਿਆਂ ਦਾ ਮਕਬੂਲ ਕਥਾਕਾਰ ਐਸ. ਸਾਕੀ ਸਭ ਤੋਂ ਪਹਿਲਾਂ ਹੈ। ਉਸ ਦੀਆਂ ਤਿੰਨ ਖ਼ੂਬਸੂਰਤ ਕਹਾਣੀਆਂ- ਹਮ ਚਾਕਰ ਗੋਬਿੰਦ ਕੇ, ਦੋ ਬਲਦੇ ਸਿਵੇ ਅਤੇ ਸ਼ੇਰਾ ਨੂੰ ਸੰਗ੍ਰਹਿਤ ਕੀਤਾ ਗਿਆ ਹੈ। ਪੰਜਾਬ ਅਤੇ ਭਾਰਤ ਦੀਆਂ ਵਿਭਿੰਨ ਸੰਸਥਾਵਾਂ ਤੋਂ ਸਨਮਾਨਿਤ ਸਾਕੀ ਦੀਆਂ ਰਚਨਾਵਾਂ ਤੇ ਐਮ.ਫਿਲ/ਪੀਐਚ ਡੀ ਪੱਧਰ ਦਾ ਖੋਜ-ਕਾਰਜ ਵੀ ਹੋ ਚੁੱਕਿਆ ਹੈ। ਜੀਵਨ ਦੇ ਆਖ਼ਰੀ ਸਾਲਾਂ ਵਿੱਚ ਆਸਟਰੇਲੀਆ ਜਾ ਵੱਸੇ ਸਾਕੀ ਨੇ ਪੱਚੀ ਕਹਾਣੀ ਸੰਗ੍ਰਹਿ ਅਤੇ ਕੁਝ ਨਾਵਲ ਵੀ ਲਿਖੇ ਹਨ।
ਅਵਤਾਰ ਐੱਸ. ਸੰਘਾ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਆਸਟ੍ਰੇਲੀਆ ਆ ਵਸਿਆ ਹੈ। ਉਸ ਨੇ ਅੰਗਰੇਜ਼ੀ ਸਾਹਿਤ ਵਿੱਚ ਪੀਐਚ ਡੀ ਕੀਤੀ। ਅੰਗਰੇਜ਼ੀ ਅਤੇ ਪੰਜਾਬੀ ਵਿੱਚ ਸਾਹਿਤਕ ਰਚਨਾਵਾਂ ਵੱਡੀ ਗਿਣਤੀ ਵਿੱਚ ਲਿਖੀਆਂ ਹਨ। ਡਾ. ਸੰਘਾ ਦੀਆਂ ਤਿੰਨ ਕਹਾਣੀਆਂ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ।
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੰਗਲੈਂਡ ਪਹੁੰਚੇ ਬਲਵੰਤ ਸਿੰਘ ਗਿੱਲ ਨੇ ਪਰਵਾਸ ਵਿੱਚ ਰਹਿ ਕੇ ਇੱਟਾਂ ਦੇ ਭੱਠੇ ਤੇ ਇੱਟਾਂ ਢੋਂਦਿਆਂ ਕੈਂਪਸਟਨ (ਬੈਡਫੋਰਡ) ਦਾ ਪਹਿਲਾ ਸਿੱਖ ਮੇਅਰ ਬਣਨ ਦਾ ਮਾਣ ਪ੍ਰਾਪਤ ਕੀਤਾ। ਉਸ ਦੀਆਂ ਦੋ ਕਹਾਣੀਆਂ ਇਸ ਕਿਤਾਬ ਵਿੱਚ ਸੰਕਲਿਤ ਹਨ।
ਨਿਰਮਲ ਸਿੰਘ ਕੰਧਾਲਵੀ ਨੇ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇੰਗਲੈਂਡ ਲਈ ਉਡਾਣ ਭਰੀ। ਉਸ ਨੇ ਵਿਦੇਸ਼ ਵਿੱਚ ਸਰਕਾਰੀ ਨੌਕਰੀ ਵੀ ਕੀਤੀ ਅਤੇ ਸਾਹਿਤ ਸੇਵਾ ਵੀ। ਉਸਦੀਆਂ ਦੋ ਕਹਾਣੀਆਂ ਪੁਸਤਕ ਵਿੱਚ ਸੰਕਲਿਤ ਹਨ।
ਜਸਬੀਰ ਸਿੰਘ ਆਹਲੂਵਾਲੀਆ ਨਾਂ ਦੇ ਬਹੁਤ ਸਾਰੇ ਲੇਖਕ ਮਿਲਦੇ ਹਨ, ਪਰ ਜਿਸ ਲੇਖਕ ਦਾ ਜ਼ਿਕਰ ‘ਪਰਵਾਸੀ ਕਲਮਾਂ’ ਵਿੱਚ ਹੈ, ਉਹ ਅੱਜਕੱਲ੍ਹ ਆਸਟ੍ਰੇਲੀਆ ਵਿੱਚ ਰਹਿ ਰਿਹਾ ਹੈ। ਮੈਡੀਕਲ ਰਿਪਰਿਜ਼ੈਂਟੇਟਿਵ ਦੇ ਨਾਲ-ਨਾਲ ਉਸ ਨੇ ਆਪਣੇ ਸਾਹਿਤਕ ਸ਼ੌਕ ਨੂੰ ਵੀ ਬਰਕਰਾਰ ਰੱਖਿਆ ਅਤੇ ਕਵਿਤਾਵਾਂ ਕਹਾਣੀਆਂ ਤੇ ਨਾਟਕ ਲਿਖੇ। ਇਸ ਸੰਗ੍ਰਹਿ ਵਿੱਚ ਉਹਦੀਆਂ ਦੋ ਕਹਾਣੀਆਂ ਸ਼ਾਮਲ ਹਨ।
ਮੋਹਨ ਸਿੰਘ ਵਿਰਕ ਕਰਨਾਲ ਤੋਂ ਆਸਟਰੇਲੀਆ ਪਹੁੰਚਿਆ ਹੈ, ਜਿੱਥੇ ਉਹ ਇਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਦਾ ਸਕੱਤਰ ਹੈ। ਪਤਨੀ ਦੇ ਮਿਹਣੇ ਤੋਂ ਪ੍ਰਭਾਵਿਤ ਹੋ ਕੇ ਉਹਨੇ ਲਿਖਣਾ ਸ਼ੁਰੂ ਕੀਤਾ ਅਤੇ ਦੋ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਉਹਦੀਆਂ ਦੋ ਕਹਾਣੀਆਂ ਇਸ ਪੁਸਤਕ ਵਿੱਚ ਸੰਕਲਿਤ ਕੀਤੀਆਂ ਗਈਆਂ ਹਨ।
ਚਰਨਜੀਤ ਸਿੰਘ ਮਿਨਹਾਸ, ਰਵਿੰਦਰ ਸਿੰਘ ਸੋਢੀ ਦਾ ਨਾਭਾ ਦੇ ਸਕੂਲ ਵਿੱਚ ਵਿਦਿਆਰਥੀ ਰਹਿ ਚੁੱਕਾ ਹੈ, ਜੋ ਅੱਜਕੱਲ੍ਹ ਅਮਰੀਕਾ ਦੇ ਪ੍ਰਸਿੱਧ ਸ਼ਹਿਰ ਨਿਊਯਾਰਕ ਵਿੱਚ ਰਹਿ ਰਿਹਾ ਹੈ। ਇੱਥੇ ਉਹ ਆਪਣੀਆਂ ਕਈ ਸਾਫਟਵੇਅਰ ਕੰਪਨੀਆਂ ਦਾ ਮਾਲਕ ਹੈ। ਗੁਰੂਘਰ ਦੀ ਸਥਾਪਨਾ, ਪੰਜਾਬੀ ਵਿਰਸੇ ਤੇ ਸੱਭਿਆਚਾਰ ਦਾ ਸ਼ੈਦਾਈ ਮਿਨਹਾਸ ਸਾਹਿਤ ਨਾਲ ਵੀ ਜੁੜਿਆ ਹੋਇਆ ਹੈ। ਉਹਦੀ ਇਕ ਕਹਾਣੀ ਪੁਸਤਕ ਵਿੱਚ ਸ਼ਾਮਲ ਕੀਤੀ ਗਈ ਹੈ।
‘ਪਰਵਾਸੀ ਕਲਮਾਂ’ ਦੇ ‘ਅ’ ਭਾਗ ਵਿੱਚ ਵਾਰਤਕ ਦੇ ਵਿੱਕੋਲਿੱਤਰੇ ਨਮੂਨੇ ਪ੍ਰਸਤੁਤ ਹਨ। ਜਿਸ ਦੇ ਅੰਤਰਗਤ ਵਿਭਿੰਨ ਲੇਖਕਾਂ ਦੀਆਂ ਇੱਕ ਤੋਂ ਲੈ ਕੇ ਚਾਰ ਤਕ ਵਾਰਤਕ-ਵੰਨਗੀਆਂ ਹਨ। ਰਿਸ਼ੀ ਗੁਲਾਟੀ ਫ਼ਰੀਦਕੋਟ ਜ਼ਿਲ੍ਹੇ ਦਾ ਜੰਮਪਲ ਹੈ ਤੇ ਹੁਣ ਐਡੀਲੇਡ (ਆਸਟ੍ਰੇਲੀਆ) ਵਿਚ ਰਹਿੰਦਾ ਹੈ। ਉਹ ਦੋ ਕਿਤਾਬਾਂ ਲਿਖ ਚੁੱਕਾ ਹੈ ਤੇ ਇਸ ਸੰਪਾਦਿਤ ਪੁਸਤਕ ਵਿਚ ਉਹਦਾ ਇੱਕ ਨਵੀਂ ਭਾਂਤ ਦਾ ਲੇਖ “ਆਕਰਸ਼ਣ ਦਾ ਸਿਧਾਂਤ” ਸ਼ਾਮਲ ਹੈ। ਵੇਖਣ ਨੂੰ ਤਾਂ ਇਹ ਕੋਈ ਵਿਗਿਆਨਕ ਲੇਖ ਜਾਪਦਾ ਹੈ ਪਰ ਅਸਲ ਵਿਚ ਇਹਦੇ ਰਾਹੀਂ ਉਹਨੇ ਆਮ ਲੋਕਾਂ ਦੀ ਜ਼ਿੰਦਗੀ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ।
ਡਾ. ਦਵਿੰਦਰ ਸਿੰਘ ਜੀਤਲਾ ਨੇ ਜ਼ੂਆਲੋਜੀ ਵਿੱਚ ਪੀਐਚ ਡੀ ਕੀਤੀ ਤੇ ਫਿਰ ਪਰਵਾਸ ਦੌਰਾਨ ਕਈ ਦੇਸ਼ਾਂ ਦੀ ਯਾਤਰਾ ਕਰਦਾ ਹੋਇਆ ਹੁਣ ਆਸਟ੍ਰੇਲੀਆ ਵਿੱਚ ਪੱਕੇ ਤੌਰ ਤੇ ਰਹਿ ਰਿਹਾ ਹੈ। ਉਹਨੇ ਦੋ ਕਾਵਿ-ਪੁਸਤਕਾਂ ਤੋਂ ਬਿਨਾਂ ਅੰਗਰੇਜ਼ੀ ਤੇ ਪੰਜਾਬੀ ਵਿੱਚ ਵਾਰਤਕ ਲਿਖੀ ਹੈ। ਇਸ ਕਿਤਾਬ ਵਿਚ ਉਹਦੇ ਸਾਹਿਤਕ ਸਫ਼ਰ ਬਾਰੇ ਲੇਖ ਸ਼ਾਮਲ ਹੈ।
ਗੁਰਸ਼ਮਿੰਦਰ ਸਿੰਘ ਉਰਫ ਮਿੰਟੂ ਬਰਾੜ ਦੇਸੂ ਮਲਕਾਣਾ (ਸਿਰਸਾ) ਦਾ ਜੰਮਪਲ ਹੈ ਤੇ ਅੱਜਕੱਲ੍ਹ ਐਡੀਲੇਡ (ਆਸਟਰੇਲੀਆ) ਵਿੱਚ ਪਰਿਵਾਰ ਸਮੇਤ ਰਹਿੰਦਾ ਹੈ। ‘ਕੈਂਗਰੂਨਾਮਾ’ ਪੁਸਤਕ ਦੀ ਰਚਨਾ ਤੋਂ ਇਲਾਵਾ ਮਿੰਟੂ ਬਰਾੜ ਨੇ ਸਮਾਜਸੇਵਾ, ਅਖਬਾਰ, ਯੂ ਟਿਊਬ ਚੈਨਲ ਵਿੱਚ ਵੀ ਯੋਗਦਾਨ ਦਿੱਤਾ। ਇਸ ਪੁਸਤਕ ਵਿਚ ਉਸਦੇ ਭਾਰਤੀ ਲੋਕਾਂ ਬਾਰੇ ਦੋ ਲੇਖ ਸ਼ਾਮਲ ਹਨ।
ਪਰਮਿੰਦਰ ਸਿੰਘ ਹੁਸ਼ਿਆਰਪੁਰ ਦੇ ਪਿੰਡ ਮਾਹਿਲਪੁਰ ਦਾ ਜੰਮਪਲ ਹੈ ਤੇ ਹੁਣ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਪਾਪਾਟੋਏਟੋਏ ਵਿਖੇ ਰਹਿ ਰਿਹਾ ਹੈ। ਉਹਨੇ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੈ। ਉਹ ਸਾਹਿਤ, ਭੰਗੜਾ ਅਤੇ ਪਰਵਾਸੀਆਂ ਨਾਲ ਨੇੜਿਓਂ ਜੁੜਿਆ ਹੋਇਆ ਹੈ। ਇਸ ਕਿਤਾਬ ਵਿਚ ਉਹਦੇ ਚਾਰ ਛੋਟੇ-ਛੋਟੇ ਲੇਖ ਸ਼ਾਮਲ ਹਨ।
ਹਰਕੀਰਤ ਸਿੰਘ ਸੰਧਰ ਹੁਸ਼ਿਆਰਪੁਰ ਦੇ ਪਿੰਡ ਭਾਨਾ ਦਾ ਜੰਮਪਲ ਹੈ ਤੇ ਹੁਣ ਪਿਛਲੇ ਸੋਲ਼ਾਂ ਸਾਲਾਂ ਤੋਂ ਸਿਡਨੀ (ਆਸਟ੍ਰੇਲੀਆ) ਰਹਿ ਰਿਹਾ ਹੈ। ਕੌਫੀ ਟੇਬਲ ਬੁੱਕ “ਜਦੋਂ ਤੁਰੇ ਸੀ” ਦਾ ਲੇਖਕ ਸੰਧਰ ਪੜ੍ਹਨ ਦਾ ਸ਼ੌਕੀਨ ਹੈ। ਸੰਧਰ ਦੇ ਚਾਰ ਛੋਟੇ-ਛੋਟੇ ਖੋਜ-ਲੇਖ ਇਸ ਕਿਤਾਬ ਵਿਚ ਸ਼ਾਮਲ ਕੀਤੇ ਗਏ ਹਨ।
ਪੁਸਤਕ ਦੇ ਤੀਜੇ ਤੇ ਅੰਤਮ ਕਵਿਤਾ ਭਾਗ (ੲ) ਵਿੱਚ ਪਹਿਲੇ ਦੋਹਾਂ ਭਾਗਾਂ ਤੋਂ ਵਧੇਰੇ ਰਚਨਾਵਾਂ ਸ਼ਾਮਿਲ ਹਨ। ਜੋਗਿੰਦਰ ਸਿੰਘ ਥਿੰਦ ਨੇ ਲਖਨਊ ਤੋਂ ਇੰਜਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ, ਨੌਕਰੀ ਕੀਤੀ ਅਤੇ ਕਦੇ-ਕਦਾਈਂ ਆਪਣੇ ਪੁੱਤਰਾਂ ਕੋਲ ਆਸਟ੍ਰੇਲੀਆ ਗੇੜਾ ਮਾਰਦਾ ਰਹਿੰਦਾ ਹੈ। ਉਹਨੂੰ ਪੰਜਾਬੀ ਅਤੇ ਉਰਦੂ ਉੱਤੇ ਪੂਰਾ ਅਬੂਰ ਹਾਸਲ ਹੈ। ਤਿੰਨ ਪੁਸਤਕਾਂ ਦੇ ਲੇਖਕ ਥਿੰਦ ਦੀਆਂ ਚਾਰ ਗਜ਼ਲਾਂ ਤੇ ਇੱਕ ਗੀਤ ਪੁਸਤਕ ਵਿੱਚ ਸ਼ਾਮਲ ਹਨ।
ਕਮਲ ਸਿੱਧੂ ਪੇਸ਼ੇ ਵਜੋਂ ਮਾਨਸਿਕ ਰੋਗਾਂ ਦਾ ਡਾਕਟਰ ਹੈ। ਭਾਈ ਬਹਿਲੋ ਦੇ ਖ਼ਾਨਦਾਨ ਨਾਲ ਸੰਬੰਧਿਤ ਸੇਲਬਰਾਹ (ਬਠਿੰਡਾ) ਦਾ ਜੰਮਪਲ ਕਮਲ ਅੱਜਕੱਲ੍ਹ ਅਮਰੀਕਾ ਦਾ ਵਾਸੀ ਹੈ। ਇਹ ਵੀ ਕਿਸੇ ਸਮੇਂ ਰਵਿੰਦਰ ਸੋਢੀ ਦਾ ਨਾਭਾ ਵਿਖੇ ਵਿਦਿਆਰਥੀ ਰਹਿ ਚੁੱਕਾ ਹੈ। ਕਿਤਾਬ ਵਿੱਚ ਉਸਦੀਆਂ ਚਾਰ ਕਵਿਤਾਵਾਂ ਸ਼ਾਮਲ ਹਨ।
ਹਰਜਿੰਦਰ ਸਿੰਘ ਗੁਲਪੁਰ ਨੇ ਪੰਜਾਬ ਰਹਿੰਦਿਆਂ ਪੱਤਰਕਾਰੀ, ਨੌਕਰੀ, ਯੂਨੀਅਨਿਸਟ ਵਜੋਂ ਕਾਰਜ ਕੀਤਾ ਅਤੇ ਲੰਮਾ ਸਮਾਂ ਵਿਅੰਗ-ਕਵਿਤਾ ਵੀ ਲਿਖੀ। ਪਿਛਲੇ ਨੌੰ ਸਾਲਾਂ ਤੋਂ ਉਹ ਆਸਟ੍ਰੇਲੀਆ ਵਿਖੇ ਹੈ ਅਤੇ ਕਾਵਿ-ਵਿਅੰਗ ਤੋਂ ਇਲਾਵਾ ਕਵਿਤਾ ਵਿਚ ਯੋਗਦਾਨ ਦੇ ਰਿਹਾ ਹੈ। ਇਸ ਕਿਤਾਬ ਵਿਚ ਉਸ ਦੀਆਂ ਛੇ ਕਵਿਤਾਵਾਂ ਸੰਕਲਿਤ ਹਨ।
ਜਲੰਧਰ ਦੇ ਪਿੰਡ ਜਮਾਲਪੁਰ ਦੀ ਜੰਮਪਲ ਦਵਿੰਦਰ ਕੌਰ ਨਾਹਿਲ 1994 ਤੋਂ ਇੰਗਲੈਂਡ ਵਿੱਚ ਹੈ। ਬਰਤਾਨੀਆ ਦੇ ਅਕਾਲ ਟੀਵੀ ਨਾਲ ਜੁੜੀ ਹੋਈ ਨਾਹਿਲ ਗਿੱਧਾ ਅਤੇ ਰੇਡੀਓ/ ਟੀਵੀ ਦੀ ਜਾਣੀ ਪਛਾਣੀ ਹਸਤੀ ਹੈ। ਉਹਦੀਆਂ ਪੰਜ ਖੁੱਲ੍ਹੀਆਂ ਕਵਿਤਾਵਾਂ ਇਸ ਪੁਸਤਕ ਵਿੱਚ ਸ਼ਾਮਲ ਹਨ।
ਦਰਸ਼ਨ ਸਿੰਘ ਸਿੱਧੂ ਦੇ ਤਿੰਨ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਉਹ ਸਕੂਲ ਅਧਿਆਪਕ ਤੋਂ ਸੇਵਾਮੁਕਤ ਹੋ ਕੇ ਆਸਟ੍ਰੇਲੀਆ ਤੇ ਕੈਨੇਡਾ ਵਿਚ ਆਪਣੇ ਬੱਚਿਆਂ ਕੋਲ ਨਿਰੰਤਰ ਆਉਂਦਾ-ਜਾਂਦਾ ਰਹਿੰਦਾ ਹੈ। ਉਸ ਦੀਆਂ ਕਵਿਤਾਵਾਂ ਵਿੱਚੋਂ ਸਟੇਜੀ ਕਵਿਤਾ ਦਾ ਰੰਗ ਝਲਕਦਾ ਹੈ। ਇਸ ਕਿਤਾਬ ਵਿਚ ਉਹਦੀਆਂ ਚਾਰ ਕਵਿਤਾਵਾਂ ਹਨ।
ਏਅਰ ਫੋਰਸ ਤੋਂ ਵਾਰੰਟ ਅਫ਼ਸਰ ਸੇਵਾਮੁਕਤ ਹੋਇਆ ਤਖਵਿੰਦਰ ਸਿੰਘ ਸੰਧੂ ਅੱਜਕੱਲ੍ਹ ਆਸਟਰੇਲੀਆ ਦਾ ਵਸਨੀਕ ਹੈ। ਪੁਸਤਕ ਵਿੱਚ ਸ਼ਾਮਲ ਉਸਦੀਆਂ ਚਾਰ ਕਵਿਤਾਵਾਂ ਵਿੱਚੋਂ ਪਰਦੇਸੀ ਦੁੱਖਾਂ-ਦਰਦਾਂ ਦੀ ਝਲਕ ਮਿਲਦੀ ਹੈ।
‘ਕਿਸਨੂੰ ਆਖਾਂ’ ਕਾਵਿ ਸੰਗ੍ਰਹਿ ਦੀ ਲੇਖਕਾ ਰਮਿੰਦਰ ਰਮੀ ਅੱਜਕੱਲ੍ਹ ਕੈਨੇਡਾ ਰਹਿੰਦੀ ਹੈ। ਉਹਦੀਆਂ ਚਾਰ ਖੁੱਲ੍ਹੀਆਂ ਕਵਿਤਾਵਾਂ ਇਸ ਸੰਗ੍ਰਹਿ ਵਿੱਚ ਸ਼ਾਮਲ ਹਨ।
ਪੁਸਤਕ ਦੇ ਸੰਪਾਦਕ ਰਵਿੰਦਰ ਸਿੰਘ ਸੋਢੀ ਦਾ ਨਾਂ ਇੱਕ ਲੇਖਕ ਵਜੋਂ ਵੀ ਇਸ ਸੰਗ੍ਰਹਿ ਵਿੱਚ ਪੇਸ਼-ਪੇਸ਼ ਹੈ। ਉਸਦੀਆਂ ਛੇ ਕਾਵਿ-ਰਚਨਾਵਾਂ (ਦੋ ਗਜ਼ਲਾਂ, ਦੋ ਗੀਤ ਅਤੇ ਦੋ ਕਵਿਤਾਵਾਂ) ਇਸ ਪੁਸਤਕ ਦਾ ਹਿੱਸਾ ਹਨ। ਰਵਿੰਦਰ ਸਿੰਘ ਸੋਢੀ ਨੇ ਲੰਮਾ ਸਮਾਂ ਨਾਭਾ ਸਕੂਲ ਵਿਚ ਅਧਿਆਪਨ-ਕਾਰਜ ਕੀਤਾ। ਕਈ ਹੋਰ ਨਿੱਕੇ-ਮੋਟੇ ਕੰਮ ਕੀਤੇ। ਇਨਾਮਾਂ-ਸਨਮਾਨਾਂ ਦੇ ਨਾਲ-ਨਾਲ ਕਈ ਦੇਸ਼ਾਂ ਦੀ ਯਾਤਰਾ ਕੀਤੀ। ਪੱਕੇ ਤੌਰ ਤੇ ਕੈਨੇਡਾ ਰਹਿੰਦੀਆਂ ਧੀਆਂ ਕੋਲ ਸੋਢੀ-ਦੰਪਤੀ ਸੇਵਾਮੁਕਤੀ ਪਿੱਛੋਂ ਕੈਨੇਡਾ ਰਹਿ ਰਹੀ ਹੈ। ਪੁਸਤਕਾਂ ਲਿਖਣ ਤੋਂ ਇਲਾਵਾ ਉਹ ਅਖ਼ਬਾਰਾਂ/ ਪੱਤ੍ਰਿਕਾਵਾਂ ਵਿਚ ਨਿਰੰਤਰ ਛਪ ਰਿਹਾ ਹੈ। ਇਹ ਪੁਸਤਕ ਉਸਦੀ ਸੰਪਾਦਨਾ ਵਜੋਂ ਪਹਿਲੀ, ਪਰ ਗਿਣਤੀ ਪੱਖੋਂ ਚੌਧਵੀਂ ਕਿਤਾਬ ਹੈ।
ਪੁਸਤਕ ਵਿਚ ਰਚਨਾਕਾਰਾਂ ਦੀਆਂ ਵੱਖ-ਵੱਖ ਗਿਣਤੀ ਸਬੰਧੀ ਭੂਮਿਕਾ ਵਿਚ ਕੁਝ ਵੀ ਸਪਸ਼ਟ ਨਹੀਂ ਕੀਤਾ ਗਿਆ। ਲੇਖਕਾਂ ਦਾ ਕ੍ਰਮ ਕਿਸ ਆਧਾਰ ਤੇ ਰੱਖਿਆ ਗਿਆ ਹੈ- ਇਸ ਬਾਰੇ ਵੀ ਭੂਮਿਕਾ ਤੋਂ ਕੁਝ ਨਹੀਂ ਪਤਾ ਲੱਗਦਾ। ਪਰ ਇਹ ਵਧੀਆ ਗੱਲ ਹੈ ਕਿ ਹਰ ਲੇਖਕ ਦੀ ਰਚਨਾ ਤੋਂ ਪਹਿਲਾਂ ਉਸ ਬਾਰੇ ਦੋ-ਤਿੰਨ ਪੰਨਿਆਂ ਵਿਚ ਸੰਖੇਪ ਪਰ ਮਹੱਤਵਪੂਰਨ ਜਾਣਕਾਰੀ ਦਿੱਤੀ ਗਈ ਹੈ। ਸਿਰਲੇਖ ਸਿੱਧੇ-ਸਾਦੇ ਨਾ ਹੋ ਕੇ ਵਿਸ਼ਿਸ਼ਟ ਹਨ, ਜਿਵੇਂ “ਕੌੜਤੁੰਮੇ ਦੇ ਮਿੱਠੇ ਸੁਆਦ ਵਰਗਾ”, ਜਾਂ “ਸ਼ੀਸ਼ੇ ਦੇ ਸਾਹਮਣੇ ਖੜ੍ਹਾ ਬੌਣਾ ਆਦਮੀ” ਆਦਿ…। ਰਚਨਾਕਾਰ ਦੀ ਫੋਟੋ ਵੀ ਸ਼ਾਮਲ ਹੈ। ਮੇਰਾ ਸੁਝਾਅ ਹੈ ਕਿ ਜੇਕਰ ਲੇਖਕਾਂ ਦੀ ਈਮੇਲ/ ਡਾਕ ਪਤਾ/ ਟੈਲੀਫੋਨ ਨੰਬਰ ਵੀ ਦੇ ਦਿੱਤਾ ਜਾਂਦਾ, ਤਾਂ ਹੋਰ ਵੀ ਚੰਗੇਰਾ ਹੋਣਾ ਸੀ। ਇਸ ਨਾਲ ਪਾਠਕ ਸਿੱਧੇ ਤੌਰ ਤੇ ਵੀ ਸਬੰਧਿਤ ਲੇਖਕ ਨਾਲ ਰਾਬਤਾ ਬਣਾਉਣ ਦੇ ਸਮਰੱਥ ਹੋ ਜਾਂਦਾ।
“ਪਰਵਾਸੀ ਕਲਮਾਂ” ਵਿੱਚ ਪਰਵਾਸੀਆਂ ਦੇ ਦੁੱਖਾਂ, ਸੁੱਖਾਂ, ਤ੍ਰਿਪਤੀਆਂ, ਅਕਾਂਖਿਆਵਾਂ, ਔਕੜਾਂ ਆਦਿ ਦੀ ਭਾਵਪੂਰਤ ਤਸਵੀਰਕਸ਼ੀ ਮਿਲਦੀ ਹੈ। ਪੰਜਾਬੀ ਦੇ ਪ੍ਰਬੁੱਧ ਸਾਹਿਤਕਾਰ ਐੱਸ ਸਾਕੀ ਦੀ ਯਾਦ ਨੂੰ ਸਮਰਪਿਤ ਇਸ ਪੁਸਤਕ ਦੀ ਲੰਮੀ ਤੇ ਵਿਸਤ੍ਰਿਤ ਭੂਮਿਕਾ ਵਿਚ ਰਵਿੰਦਰ ਸੋਢੀ ਨੇ ਪਰਵਾਸ, ਪਰਵਾਸੀ ਲੇਖਕਾਂ, ਪ੍ਰਕਾਸ਼ਕਾਂ, ਸੰਚਾਰ-ਸਾਧਨਾਂ ਦਾ ਭਰਪੂਰ ਲੇਖਾ-ਜੋਖਾ ਕੀਤਾ ਹੈ ਤੇ ਨਾਲ ਹੀ ਇਹ ਵੀ ਪ੍ਰਵਾਨ ਕੀਤਾ ਹੈ ਕਿ ਜ਼ਰੂਰੀ ਨਹੀਂ ਕਿ ਇਸ ਪੁਸਤਕ ਵਿਚ ਲੇਖਕਾਂ ਦੀਆਂ ਮਿਆਰੀ ਰਚਨਾਵਾਂ ਹੀ ਸ਼ਾਮਲ ਹੋਈਆਂ ਹੋਣ! ਸਾਫ਼ਗੋਈ ਤੇ ਖੁੱਲ੍ਹੇ-ਡੁੱਲ੍ਹੇ ਵਿਚਾਰਾਂ ਲਈ ਸੰਪਾਦਕ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਪੁਸਤਕ ਦੇ ਸਰਵਰਕ ਤੇ ਬਹੁ-ਵਿਧਾਈ ਕੈਨੇਡੀਅਨ ਪੰਜਾਬੀ ਲੇਖਕ ਰਵਿੰਦਰ ਰਵੀ ਦੀ ਟਿੱਪਣੀ ਅਰਥ-ਭਰਪੂਰ ਹੈ। ਇਸ ਪੁਸਤਕ ਦਾ ਪਾਠ ਮੇਰੇ ਲਈ ਤਾਂ ਇੱਕ ਨਵਾਂ ਤਜਰਬਾ ਹੈ ਹੀ, ਪੰਜਾਬੀ ਪਾਠਕਾਂ ਨੂੰ ਸੁਹਜ-ਸੁਆਦ ਦੀ ਤ੍ਰਿਪਤੀ ਦੇ ਨਾਲ-ਨਾਲ ਜਾਣਕਾਰੀ, ਮਨੋਰੰਜਨ ਤੇ ਗਿਆਨ-ਵਿਗਿਆਨ ਵੀ ਪ੍ਰਦਾਨ ਕਰੇਗਾ – ਅਜਿਹਾ ਮੇਰਾ ਵਿਸ਼ਵਾਸ ਹੈ! ਪਰਵਾਸੀ ਸਾਹਿਤ ਦੇ ਖੇਤਰ ਵਿੱਚ ਇਸ ਪੁਸਤਕ ਦਾ ਪ੍ਰਕਾਸ਼ਨ ਇੱਕ ਸ਼ੁਭ ਸ਼ਗਨ ਹੈ।
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015.