ਪੁਸਤਕ : ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ
ਸੰਪਾਦਕ : ਡਾ. ਬਲਦੇਵ ਸਿੰਘ ਬੱਦਨ
ਪ੍ਰਕਾਸ਼ਕ : ਨਵਰੰਗ ਪਬਲੀਕੇਸ਼ਨਜ਼ ਸਮਾਣਾ
ਪੰਨੇ : 285 | ਮੁੱਲ : 450/- ਰੁਪਏ
ਡਾ. ਬਲਦੇਵ ਸਿੰਘ ਬੱਦਨ ਜਦੋਂ ਤੋਂ ਐੱਨਬੀਟੀ ਦੀ ਸੇਵਾ ਤੋਂ ਮੁਕਤ ਹੋਇਆ ਹੈ, ਉਦੋਂ ਤੋਂ ਉਹ ਹੋਰ ਵਧੇਰੇ ਉਤਸ਼ਾਹ ਨਾਲ ਪੰਜਾਬੀ ਸਾਹਿਤ ਦੀ ਸੇਵਾ ਵਿੱਚ ਜੁਟ ਗਿਆ ਹੈ। ਉਸ ਨੇ ਪੰਜਾਬੀ ਦੇ ਕੁਝ ਵਿਸ਼ਿਸ਼ਟ ਤੇ ਪ੍ਰੌਢ ਲੇਖਕਾਂ ਦੀਆਂ ਰਚਨਾਵਾਂ ਬਾਰੇ ਪੁਸਤਕਾਂ ਦੇ ਸੰਪਾਦਨ ਦਾ ਜ਼ਿੰਮਾ ਸੰਭਾਲਿਆ ਹੋਇਆ ਹੈ। ਇਸ ਪ੍ਰਕਿਰਿਆ ਵਿੱਚ ਉਹ ਹੁਣ ਤਕ ‘ਇਹ ਵੀ ਪੈੜਾਂ ਪਾ ਗਏ’, 2021; ‘ਜਿਨ੍ਹਾਂ ਸ਼ਬਦ ਪ੍ਰਗਾਸਿਆ’, 2021(ਡਾ.ਅਮਰ ਕੋਮਲ); ‘ਪ੍ਰੋ ਮੇਵਾ ਸਿੰਘ ਤੁੰਗ ਦੀ ਨਵੀਂ ਪ੍ਰਤੀਨਿਧ ਕਵਿਤਾ’,2021 (ਪ੍ਰੋ.ਮੇਵਾ ਸਿੰਘ); ‘ਤਿਤਲੀ ਦੀ ਦੋਸਤੀ’, 2021 (ਸੁਲੱਖਣ ਸਰਹੱਦੀ) ਆਦਿਕ ਪੁਸਤਕਾਂ ਪ੍ਰਕਾਸ਼ਿਤ ਕਰਵਾ ਚੁੱਕਾ ਹੈ। ਇਸੇ ਪ੍ਰਸੰਗ ਵਿੱਚ ਉਸਨੇ ਇਸ ਸਾਲ ਨਾਰੀ ਗ਼ਜ਼ਲ ਦੀ ਪ੍ਰਮੁੱਖ ਹਸਤਾਖਰ ਡਾ. ਗੁਰਚਰਨ ਕੌਰ ਕੋਚਰ ਦੇ ਗ਼ਜ਼ਲ-ਕਾਵਿ ਬਾਰੇ ਇਕ ਪੁਸਤਕ ‘ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ’ ਪ੍ਰਕਾਸ਼ਿਤ ਕੀਤੀ ਹੈ।

ਡਾ. ਕੋਚਰ 2003 ਤੋਂ ਸਾਹਿਤ, ਵਿਸ਼ੇਸ਼ ਕਰਕੇ ਗ਼ਜ਼ਲ ਦੇ ਖੇਤਰ ਵਿਚ ਨਿਰੰਤਰ ਕਾਰਜਸ਼ੀਲ ਹੈ ਤੇ ਹੁਣ ਤੱਕ ਉਸਦੇ ਪੰਜ ਗ਼ਜ਼ਲ ਸੰਗ੍ਰਹਿ (ਅਹਿਸਾਸ ਦੀ ਖੁਸ਼ਬੂ,2003; ਅਹਿਸਾਸ ਦਾ ਸਫਰ,2005; ਅਹਿਸਾਸ ਦੀਆਂ ਰਿਸ਼ਮਾਂ, 2008; ਹਰਫ਼ਾਂ ਦੀ ਮਹਿਕ, 2015; ਗ਼ਜ਼ਲ ਅਸ਼ਰਫੀਆਂ,2020; ਦੋ ਲੇਖ/ਨਿਬੰਧ ਸੰਗ੍ਰਹਿ, ਸੰਕਲਨ ਤੇ ਅਨੁਵਾਦ-ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਉਹਦੀਆਂ ਚੋਣਵੀਆਂ ਗ਼ਜ਼ਲਾਂ ਦਾ ਸ਼ਾਹਮੁਖੀ ਵਿਚ ਲਿਪੀਅੰਤਰ ਵੀ ਹੋ ਚੁੱਕਾ ਹੈ। ਮੈਗਜ਼ੀਨਾਂ ਦੀ ਸੰਪਾਦਨਾ, ਕਿਤਾਬਾਂ ਦੇ ਮੁੱਖਬੰਦ, ਖੋਜ ਪੱਤਰ, ਪਾਠ-ਪੁਸਤਕਾਂ ਵਿਚ ਰਚਨਾਵਾਂ, ਕਹਾਣੀਆਂ ਤੇ ਨਾਟਕ ਉਹਦੀਆਂ ਹੋਰ ਮਾਣਯੋਗ ਪ੍ਰਾਪਤੀਆਂ ਹਨ। ਉਹਨੂੰ ਸਿੱਖਿਆ, ਸਾਹਿਤ ਅਤੇ ਸਮਾਜ-ਸੇਵਾ ਦੇ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਕਰੀਬ ਇੱਕ ਸੈਂਕੜਾ ਸਨਮਾਨ/ਪੁਰਸਕਾਰ ਮਿਲ ਚੁੱਕੇ ਹਨ। ਉਹਦੀਆਂ ਗ਼ਜ਼ਲਾਂ ਅਤੇ ਗੀਤਾਂ ਨੂੰ ਨਾਮਵਰ ਗਾਇਕਾਂ ਨੇ ਆਪਣੀ ਆਵਾਜ਼ ਰਾਹੀਂ ਲੋਕਾਂ ਤੱਕ ਪਹੁੰਚਾਇਆ ਹੈ। ਦੂਰਦਰਸ਼ਨ, ਟੀ ਵੀ, ਕਵੀ- ਦਰਬਾਰਾਂ, ਰੇਡੀਓ ਉਤੇ ਚਰਚਿਤ ਬਹੁਤ ਸਾਰੀਆਂ ਸਰਕਾਰੀ, ਗ਼ੈਰ ਸਰਕਾਰੀ, ਸਮਾਜਿਕ, ਸਾਹਿਤਕ ਤੇ ਵਿੱਦਿਅਕ ਸੰਸਥਾਵਾਂ ਨਾਲ ਜੁੜੀ ਇਹ ਸ਼ਾਇਰਾ ਆਪਣੇ ਵਿਦਿਆਰਥੀਆਂ ਵਿਚ ਕਾਫੀ ਮਕਬੂਲ ਹੈ।
ਰੀਵਿਊ ਅਧੀਨ ਪੁਸਤਕ (ਡਾ. ਗੁਰਚਰਨ ਕੌਰ ਕੋਚਰ ਦੀ ਗ਼ਜ਼ਲ ਚੇਤਨਾ ਦੇ ਪਾਸਾਰ, ਨਵਰੰਗ ਪਬਲੀਕੇਸ਼ਨਜ਼, ਸਮਾਣਾ, ਪੰਨੇ 285, ਮੁੱਲ 450/-) ਵਿੱਚ ਡਾ. ਗੁਰਚਰਨ ਕੌਰ ਕੋਚਰ ਵਲੋਂ ਮੁੱਖ ਸ਼ਬਦ, ਡਾ. ਬਲਦੇਵ ਸਿੰਘ ਬੱਦਨ ਵੱਲੋਂ ਕਵਿੱਤਰੀ ਦੀ ਸ਼ਖ਼ਸੀਅਤ ਤੇ ਗ਼ਜ਼ਲ ਸੰਵੇਦਨਾ ਤੋਂ ਇਲਾਵਾ 34 ਲੇਖ ਸੰਕਲਿਤ ਹਨ, ਜਿਨ੍ਹਾਂ ਵਿੱਚ ਡਾ. ਸੁਰਜੀਤ ਪਾਤਰ, ਅਜਾਇਬ ਚਿੱਤਰਕਾਰ, ਸਰਦਾਰ ਪੰਛੀ, ਸੁਲੱਖਣ ਸਰਹੱਦੀ, ਡਾ. ਅਰਵਿੰਦਰ ਕੌਰ ਕਾਕਡ਼ਾ, ਪ੍ਰੋ ਜਸਪਾਲ ਘਈ, ਅਮਰਜੀਤ ਸੰਧੂ, ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਡਾ. ਤੇਜਵੰਤ ਮਾਨ, ਕੁਲਵੰਤ ਜਗਰਾਉਂ, ਡਾ. ਧਰਮ ਚੰਦ ਵਾਤਿਸ਼, ਡਾ. ਅਮਰ ਕੋਮਲ. ਪ੍ਰਿੰ. ਕਰਤਾਰ ਸਿੰਘ ਕਾਲੜਾ, ਗੁਰਬਚਨ ਸਿੰਘ ਭੁੱਲਰ, ਪ੍ਰੋ. ਨਵ ਸੰਗੀਤ ਸਿੰਘ, ਡਾ. ਧਰਮਪਾਲ ਸਾਹਿਲ, ਬਲਬੀਰ ਸਿੰਘ ਸੈਣੀ, ਡਾ. ਭੁਪਿੰਦਰ ਕੌਰ ਕਵਿਤਾ, ਹਰਮੀਤ ਸਿੰਘ ਅਟਵਾਲ ਜਿਹੇ ਸਥਾਪਤ ਤੇ ਚਰਚਿਤ ਲੇਖਕਾਂ ਦੀਆਂ ਲਿਖਤਾਂ (ਪੰਨੇ 41-262) ਵੀ ਸ਼ਾਮਲ ਹਨ। ਅੰਤਿਕਾ ਵਿਚ 18 ਵਿਦਵਾਨਾਂ (ਪੰਨੇ 263-270) ਵੱਲੋਂ ਕੋਚਰ ਦੀ ਗ਼ਜ਼ਲ ਬਾਰੇ ਸੰਖੇਪ ਟਿੱਪਣੀਆਂ ਹਨ, ਚਾਰ ਕਵੀਆਂ – ਇੰਦਰਜੀਤ ਹਸਨਪੁਰੀ, ਸਰਦਾਰ ਪੰਛੀ, ਮਿੱਤਰ ਨਕੋਦਰੀ, ਹਰਮਿੰਦਰ ਸਿੰਘ ਕੋਹਾਰਵਾਲਾ ਵੱਲੋਂ ਕਵਿੱਤਰੀ ਬਾਰੇ ਚਾਰ ਕਾਵਿ-ਚਿੱਤਰ (ਪੰਨੇ 271-276) ਪ੍ਰਕਾਸ਼ਿਤ ਕੀਤੇ ਗਏ ਹਨ ਤੇ ਅੰਤ ਵਿੱਚ ਡਾ. ਗੁਰਚਰਨ ਕੌਰ ਕੋਚਰ ਦਾ ਸੰਖੇਪ ਜੀਵਨ ਵੇਰਵਾ, ਪੁਸਤਕਾਂ, ਮਾਣ-ਸਨਮਾਨ ਆਦਿ ਬਾਰੇ ਜਾਣਕਾਰੀ (ਪੰਨੇ 277-285) ਉਪਲਬਧ ਹੈ।
ਸੰਪਾਦਕ ਡਾ. ਬੱਦਨ ਨੇ ਆਪਣੀ ਲੰਮੀ ਭੂਮਿਕਾ ਵਿਚ ਡਾ. ਕੋਚਰ ਦੀ ਗ਼ਜ਼ਲ ਸੰਵੇਦਨਾ ਬਾਰੇ ਵਿਸਤ੍ਰਿਤ ਚਰਚਾ ਕੀਤੀ ਹੈ ਤੇ ਉਹਦੀਆਂ ਗ਼ਜ਼ਲਾਂ ਦੇ ਵਿਸ਼ਿਆਂ ਨੂੰ ਰੇਖਾਂਕਿਤ ਕੀਤਾ ਹੈ। ਜਿਸ ਮੁਤਾਬਕ ਉਹਦੀਆਂ ਗ਼ਜ਼ਲਾਂ ਵਿੱਚ ਫ਼ੈਸ਼ਨ, ਬੇਰੁਜ਼ਗਾਰੀ, ਨਸ਼ੇ, ਮਹਿੰਗਾਈ, ਸਮਾਜਿਕ ਕਾਣੀ ਵੰਡ ਤੇ ਅਸਮਾਨਤਾ, ਗਲੋਬਲ ਵਾਰਮਿੰਗ, ਨੈਤਿਕ ਕਦਰਾਂ ਕੀਮਤਾਂ, ਪਾਣੀ ਤੇ ਰੁੱਖਾਂ ਦੀ ਮਹੱਤਤਾ, ਮਾਨਵਵਾਦੀ ਦ੍ਰਿਸ਼ਟੀਕੋਣ, ਵਿਅੰਗ, ਭਰੂਣ ਹੱਤਿਆ, ਦਾਜ, ਨਾਰੀ ਦਾ ਰੁਤਬਾ, ਚੜ੍ਹਦੀ ਕਲਾ ਆਦਿ ਦਾ ਭਰਪੂਰ ਜ਼ਿਕਰ ਹੋਇਆ ਹੈ।
ਡਾ. ਬੱਦਨ, ਜਿਸ ਨੇ ਇਸ ਪੁਸਤਕ ਦਾ ਬਹੁਤ ਖ਼ੂਬਸੂਰਤ ਸੰਪਾਦਨ ਕੀਤਾ ਹੈ, ਕੋਚਰ ਦੀ ਸ਼ਾਇਰੀ ਦਾ 2005 ਤੋਂ ਪਾਠਕ ਹੈ। ਉਹਨੇ ਉਸ ਦੀ ਸ਼ਾਇਰੀ ਦਾ ਸਿਰਫ਼ ਸੰਪਾਦਨ ਹੀ ਨਹੀਂ ਕੀਤਾ, ਸਗੋਂ ਇਸ ਦਾ ਦੀਰਘ ਅਧਿਐਨ ਵੀ ਕੀਤਾ ਹੈ। ਉਹਦੇ ਸ਼ਬਦਾਂ ਵਿੱਚ- “ਡਾ. ਕੋਚਰ ਦੀ ਗ਼ਜ਼ਲ ਲਈ ਲਗਨ ਹੈ, ਜਜ਼ਬਾ ਹੈ, ਜੋ ਉਹਨੂੰ ਪੁਖਤਾ ਗ਼ਜ਼ਲਕਾਰ ਬਣਾ ਦਿੰਦਾ ਹੈ। ਪੰਜਾਬੀ ਔਰਤ ਗ਼ਜ਼ਲਗੋਆਂ ਵਿੱਚ ਡਾ.ਕੋਚਰ ਲੋਕਪੱਖੀ, ਆਪਣੇ ਲੋਕ ਸੱਭਿਆਚਾਰ ਪ੍ਰਤੀ ਸੁਚੇਤ, ਸੰਵੇਦਨਸ਼ੀਲ ਅਤੇ ਸੂਝਵਾਨ ਸ਼ਾਇਰਾ ਹੈ। ਉਸ ਦਾ ਜੀਵਨ ਪ੍ਰਤੀ ਨਜ਼ਰੀਆ ਬਹੁਤ ਵਿਸ਼ਾਲ ਹੈ।… ਉਸ ਨੇ ਗ਼ਜ਼ਲ ਨੂੰ ਅਗਰਗਾਮੀ ਅਤੇ ਲੋਕ ਹਿਤੈਸ਼ੀ ਬਣਾ ਕੇ ਪੇਸ਼ ਕੀਤਾ ਹੈ। ਉਸ ਦੀ ਸ਼ਾਇਰੀ ਵਿੱਚ ਉਦਾਸੀਨਤਾ ਨਹੀਂ, ਸਗੋਂ ਇਹ ਅਜੋਕੇ ਮਨੁੱਖ ਲਈ ਚਾਨਣ ਮੁਨਾਰਾ ਹੈ।” (ਪੰਨਾ 20)
ਇਸੇ ਚਰਚਾ ਦੇ ਅੰਤ ਵਿਚ ਉਹ ਲਿਖਦਾ ਹੈ- “(ਉਹਦੀਆਂ) ਇਹ ਗ਼ਜ਼ਲਾਂ ਪੰਜਾਬੀ ਗ਼ਜ਼ਲ ਦੀ ਮਰਿਆਦਾ ਨੂੰ ਨਿਭਾਉਂਦੀਆਂ ਤਾਂ ਹਨ ਹੀ, ਬਲਕਿ ਉਸ ਦੀ ਬੁਨਿਆਦ ਨੂੰ ਦ੍ਰਿੜ੍ਹਤਾ ਵੀ ਪ੍ਰਦਾਨ ਕਰਦੀਆਂ ਹਨ।… ਉਸਦੀਆਂ ਗ਼ਜ਼ਲਾਂ ਲੰਮੇ ਸਮੇਂ ਤਕ ਦਿਲ ਤੇ ਅਸਰ ਛੱਡਦੀਆਂ ਹਨ।” (ਪੰਨਾ 40)
ਸੁਰਜੀਤ ਪਾਤਰ ਨੇ ਉਸ ਦੀ ਗ਼ਜ਼ਲ ਨੂੰ ਸਿਆਣਪ ਤੇ ਅਹਿਸਾਸ ਵਿੱਚ ਰੰਗੀ ਸ਼ਾਇਰੀ ਦਾ ਨਾਂ ਦਿੱਤਾ ਹੈ, ਤਾਂ ਸਰਦਾਰ ਪੰਛੀ ਇਸਨੂੰ ਰੰਗਾਂ ਦੀ ਆਬਸ਼ਾਰ ਕਹਿੰਦਾ ਹੈ। ਇਉਂ ਹੀ ਹੋਰਨਾਂ ਲੇਖਕਾਂ ਨੇ ਉਹਨੂੰ ਮੁਹੱਬਤ ਦੀ ਸ਼ਾਇਰਾ, ਸੱਜਰੀ ਸੂਹੀ ਸਵੇਰ, ਧਰਤੀ ਤੋਂ ਅੰਬਰ ਤਕ ਦੀ ਉਡਾਨ, ਰੌਸ਼ਨੀ ਵੰਡਦੀ ਕਹਿਕਸ਼ਾਂ, ਮਾਨਵੀ ਭਾਵਾਂ ਤੇ ਸਰੋਕਾਰਾਂ ਦੀ ਸ਼ਾਇਰਾ, ਨਾਰੀ ਗ਼ਜ਼ਲ ਦਾ ਪ੍ਰਮੁੱਖ ਹਸਤਾਖਰ, ਜਜ਼ਬਾਤਾਂ ਦੀ ਨਿਰੰਤਰ ਵਗਦੀ ਪਹਾੜੀ ਕੂਲ, ਪੰਜਾਬੀ ਸ਼ਾਇਰੀ ਦਾ ਮਾਣ, ਲੋਕ ਸਰੋਕਾਰਾਂ ਨਾਲ ਪ੍ਰਣਾਈ, ਪਿਆਰ, ਮੁਹੱਬਤ ਤੇ ਜ਼ਿੰਦਗੀ ਦਾ ਖ਼ੂਬਸੂਰਤ ਰਾਗ ਆਦਿ ਵਿਸ਼ੇਸ਼ਣਾਂ ਨਾਲ ਅਲੰਕ੍ਰਿਤ ਕੀਤਾ ਹੈ।
ਜਿੱਥੇ ਕੁਝ ਲੇਖਕਾਂ ਨੇ ਡਾ.ਕੋਚਰ ਦੀਆਂ ਗਜ਼ਲਾਂ ਦੇ ਸੁਹਜ ਪੱਖ/ਅਸਥੈਟਿਕਸ ਦੀ ਹੀ ਗੱਲ ਕੀਤੀ ਹੈ, ਉੱਥੇ ਸਮਕਾਲੀ ਆਲੋਚਨਾ ਦੇ ਪ੍ਰਤਿਬੱਧ ਹਸਤਾਖਰ ਪ੍ਰੋ. ਬ੍ਰਹਮ ਜਗਦੀਸ਼ ਸਿੰਘ, ਡਾ. ਤੇਜਵੰਤ ਮਾਨ, ਡਾ. ਧਰਮ ਚੰਦ ਵਾਤਿਸ਼, ਡਾ.ਅਮਰ ਕੋਮਲ ਆਦਿ ਨੇ ਇਸ ਦੀ ਮੈਟਾ ਟੈਕਸਟ, ਕਾਰਕੀ ਰੂਪ, ਬਣਤਰ ਤੇ ਬੁਣਤਰ, ਵਸਤੂ ਤੱਤ ਦਾ ਨਿਕਟ ਅਧਿਐਨ ਕੀਤਾ ਹੈ।
ਇਉਂ ਡਾ. ਬੱਦਨ ਦੀ ਇਹ ਪੁਸਤਕ ਡਾ. ਕੋਚਰ ਦੇ ਹੁਣ ਤੱਕ ਦੇ ਸਾਹਿਤਕ ਸਫ਼ਰ ਨੂੰ ਵਿਭਿੰਨ ਪੱਖਾਂ ਤੋਂ ਅਦੀਬਾਂ ਤੇ ਖੋਜਕਾਰਾਂ ਦੀ ਦ੍ਰਿਸ਼ਟੀ ਤੋਂ ਪਰਖਣ ਦਾ ਸਾਰਥਕ ਉਪਰਾਲਾ ਹੈ। ਜਿਸਨੂੰ ਇੱਕ ਸੰਦਰਭ ਗ੍ਰੰਥ ਵਜੋਂ ਵੀ ਵੇਖਿਆ ਜਾ ਸਕਦਾ ਹੈ। ਚੰਗਾ ਹੁੰਦਾ, ਜੇਕਰ ਇਸ ਵਿਚਲੇ ਸਾਰੇ ਲੇਖਕਾਂ ਦੇ ਪਤੇ, ਫੋਨ/ਈਮੇਲ ਨੂੰ ਅੰਤਿਕਾ ਵਿੱਚ ਦਰਜ ਕਰ ਦਿੱਤਾ ਜਾਂਦਾ, ਤਾਂ ਜੋ ਪਾਠਕ ਸਿੱਧੇ ਤੌਰ ਤੇ ਲੇਖਕ ਨਾਲ ਸੰਪਰਕ ਕਰਕੇ ਆਪਣੀ ਸ਼ੰਕਾ ਦਾ ਸਮਾਧਾਨ ਕਰ ਲੈਂਦੇ।
ਡਾ. ਕੋਚਰ ਦਾ ਬਚਪਨ ਬਹੁਤ ਗ਼ਰੀਬੀ ਵਿੱਚ ਬੀਤਿਆ। ਮੁਸ਼ਕਲਾਂ, ਸਮੱਸਿਆਵਾਂ, ਲੋੜਾਂ, ਥੁੜਾਂ, ਦੁਸ਼ਵਾਰੀਆਂ ਦੇ ਸਨਮੁਖ ਡਾ. ਕੋਚਰ ਨੂੰ ਮਿਹਨਤ-ਮੁਸ਼ੱਕਤ ਕਰਨ ਦੀ ਆਦਤ ਹੈ। ਉਸ ਦੀ ਸਿਰਜਣ ਪ੍ਰਕਿਰਿਆ ਦਾ ਕੋਈ ਖ਼ਾਸ ਸਮਾਂ ਨਿਸ਼ਚਿਤ ਨਹੀਂ ਹੈ। ਯੂਨੀਵਰਸਿਟੀ ਸਿਲੇਬਸ ਵਿੱਚ ਉਹਦੀਆਂ ਗ਼ਜ਼ਲਾਂ ਦਾ ਸ਼ਾਮਲ ਨਾ ਹੋਣਾ ਅਤੇ ਉਹਦੀਆਂ ਗ਼ਜ਼ਲਾਂ ਤੇ ਕੋਈ ਐਮ ਫਿਲ, ਪੀਐਚ ਡੀ ਪੱਧਰ ਦਾ ਕੰਮ ਨਾ ਹੋਣਾ ਕੁਝ ਅੱਖਰਦਾ ਤਾਂ ਜ਼ਰੂਰ ਹੈ, ਪਰ ਡਾ. ਕੋਚਰ ਇਨ੍ਹਾਂ ਗੱਲਾਂ ਤੋਂ ਬੇਨਿਆਜ਼ ਆਪਣੇ ਮਾਰਗ ਤੇ ਨਿਰੰਤਰ ਅਗ੍ਰਸਰ ਹੈ। ਸਾਹਿਤ, ਸਿੱਖਿਆ, ਸਮਾਜ-ਸੇਵਾ ਦੀ ਤ੍ਰਿਵੈਣੀ ਅਤੇ ਨਾਰੀ ਮਨ ਦੀ ਆਵਾਜ਼ ਡਾ. ਕੋਚਰ ਦੇ ਖੂਬਸੂਰਤ ਮੁਸਤਕਬਿਲ ਲਈ ਸ਼ੁਭਇੱਛਾਵਾਂ! ਆਮੀਨ!!
-ਪ੍ਰੋ. ਨਵ ਸੰਗੀਤ ਸਿੰਘ
ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015