■ ਵਰਿਆਮ ਸਿੰਘ ਸੰਧੂ
ਮੇਰੇ ਸਾਹਮਣੇ ਸਾਧੂ ਸਿੰਘ (ਡਾ), ਜਿਨ੍ਹਾਂ ਨੂੰ ਅਸੀਂ ਸਾਰੇ, ਬਕੌਲ ਉਹਨਾਂ ਦੇ, ‘ਯਾਰ ਅਣਮੁੱਲੇ’ ਹੀ ‘ਸਾਧੂ ਭਾਅ ਜੀ’ ਨਹੀਂ ਕਹਿੰਦੇ, ਸਗੋਂ ਉਹਨਾਂ ਦੇ ਕਈ ਯਾਰਾਂ ਦੇ ਬੱਚੇ ਵੀ ‘ਭਾਅ ਜੀ ਅੰਕਲ’ ਆਖ ਕੇ ਸੰਬੋਧਨ ਕਰਦੇ ਹਨ, ਦੀ ਕਿਤਾਬ ‘ਮੇਰੇ ਮੇਹਰਬਾਨ’ ਪਈ ਹੈ। 160 ਸਫ਼ਿਆਂ ਦੀ ਇਹ ਕਿਤਾਬ ਉਹਨਾਂ ਦੀ ‘ਮੇਹਰ’ ਨਾਲ ਜਿਸ ਦਿਨ ਮੈਨੂੰ ਦੁਪਹਿਰ ਤੋਂ ਪਹਿਲਾਂ ਡਾਕ ਰਾਹੀਂ ਮਿਲੀ; ਮੈਂ ਸੂਰਜ ਡੁੱਬਣ ਤੋਂ ਪਹਿਲਾਂ ਪੜ੍ਹ ਵੀ ਲਈ। ਇਸ ਵਿੱਚ ਉਹਨਾਂ ਦੇ ਵੱਖ-ਵੱਖ ਸ਼ਖ਼ਸੀਅਤਾਂ ਬਾਰੇ ਲਿਖੇ ਬਾਰਾਂ ਵਾਰਤਕ-ਲੇਖ ਸ਼ਾਮਲ ਹਨ। ਉਹਨਾਂ ਨੇ ਇਹਨਾਂ ਲੇਖਾਂ ਨੂੰ ਜਾਣ-ਬੁੱਝ ਕੇ ‘ਰੇਖ਼ਾ ਚਿਤਰ’ ਜਾਂ ‘ਸ਼ਬਦ-ਚਿਤਰ’ ਕਹਿਣੋਂ ਗੁਰੇਜ਼ ਕੀਤਾ ਹੈ।

ਇਸ ਲਿਖਤ ਦੀ ਪਹਿਲੀ ਖ਼ੂਬੀ ਹੀ ਇਹੋ ਹੈ ਕਿ ਤੁਸੀਂ ਪੜ੍ਹਨ ਬੈਠੋ ਤਾਂ ਕਿਤਾਬ ਨੂੰ ਹੱਥੋਂ ਛੱਡਣ ਨੂੰ ਚਿੱਤ ਨਹੀਂ ਕਰਦਾ। ਸਾਧੂ ਭਾਅ ਜੀ ਦੇ ਜਾਣਕਾਰ ਜਾਣਦੇ ਹਨ ਕਿ ਉਹਨਾਂ ਦੀ ਕਲਮ ਤੇ ਜ਼ਬਾਨ ’ਤੇ ਸਰਸਵਤੀ ਦਾ ਵਾਸ ਹੈ। ਉਹ ਜਿੰਨ੍ਹੀ ਮੁਹਾਰਤ ਨਾਲ ਸੰਕੋਚਵੇਂ, ਸੰਤੁਲਿਤ, ਸੁਹਿਰਦ, ਸੁਹਜ-ਭਾਵੀ ਸ਼ਾਨਦਾਰ ਸ਼ਬਦਾਂ ਵਿੱਚ ਆਪਣੀ ਗੱਲ ਬੋਲ ਕੇ ਕਰਦੇ ਹਨ, ਓਨੀ ਹੀ, ਦਿਲ-ਦਿਮਾਗ ਵਿਚ ਘਰ ਲੈਣ ਵਾਲੀ ਸੁੰਦਰ ਤੇ ਸੁਹਜੀਲੀ ਜੜਤ ਵਾਲੀ ਵਾਰਤਕ ਲਿਖਣ ਦੇ ਵੀ ਧਨੀ ਹਨ। ਹੱਥ ਕੰਗਣ ਨੂੰ ਆਰਸੀ ਦੀ ਲੋੜ ਨਹੀਂ। ਉਹ ਖ਼ੁਦ ਲਿਖਦੇ ਹਨ, “ਜਦ ਕਦੇ ਕਿਸੇ ਦੀ ਕਲਮ ਜਾਂ ਜ਼ਬਾਨ ਰਾਹੀਂ ਆਪਣੇ ਪਾਠਕਾਂ ਜਾਂ ਸਰੋਤਿਆਂ ਦੇ ਮਨਾਂ ਨੂੰ ਕੀਲ ਲੈਣ ਵਾਲੇ ਸ਼ਬਦਾਂ ਦਾ ਢੋਅ-ਮੇਲ ਬਣੇ ਤਾਂ ਉਸ ਘੜੀ ਦੇ ਮਹੌਲ ਬਾਰੇ ਲੋਕ ਇਹ ਕਹਿੰਦੇ ਸੁਣੀਂਦੇ ਹਨ ਕਿ ਫ਼ਲਾਣੇ ਦੀ ਜ਼ਬਾਨ ’ਤੇ ਉਸ ਵੇਲੇ ਸਰਸਵਤੀ ਦਾ ਵਾਸਾ ਹੋ ਗਿਆ ਲੱਗਦਾ ਸੀ। ਕਦੀ ਕਦੀ ਇਸ ਖ਼ੂਬਸੂਰਤ ਸਬੱਬ ਦਾ ਭਾਗੀ ਹੋਣ ਦਾ ਮੈਨੂੰ ਵੀ ਵਿਰਲਾ ਟਾਵਾਂ ਮੌਕਾ ਮਿਲ ਹੀ ਜਾਂਦਾ ਹੈ।”
ਮੈਂ ਇਸ ਵਿੱਚ ਕੇਵਲ ਏਨਾ ਕੁ ਜੋੜਨਾ ਚਾਹੁੰਦਾ ਹਾਂ ਕਿ ਉਹਨਾਂ ਨੂੰ ਤਕਰੀਰ ਅਤੇ ਤਹਿਰੀਰ ਰਾਹੀਂ ਸਰੋਤਿਆਂ ਤੇ ਪਾਠਕਾਂ ਨੂੰ ਕੀਲ ਲੈਣ ਦਾ ਮੌਕਾ ‘ਵਿਰਲਾ ਟਾਵਾਂ’ ਨਹੀਂ, ਸਗੋਂ ਹਰ ਵਾਰ ਮਿਲਦਾ ਹੈ। ਉਹ ਸ਼ਬਦਾਂ ਦਾ ਜਾਦੂਗਰ ਹੈ। ਸ਼ਬਦ ਤਾਂ ਉਹਦੀ ਹਜ਼ੂਰੀ ਵਿੱਚ ਹੱਥੀਂ-ਬੱਧੇ ਗੁਲਾਮ ਵਾਂਗ ਸਿਰ ਝੁਕਾਈ ਖੜੋਤੇ ਨਜ਼ਰ ਆਉਂਦੇ ਹਨ। ਸਮੇਂ ਦੀ ਧੂੜ ਵਿੱਚ ਗੁੰਮ-ਗੁਆਚ ਗਏ ਕਈ ਸ਼ਬਦ ਉਹ ਅਛੋਪਲੇ ਜਿਹੇ ਹੀ ਮਨ ਦੇ ਕਿਸੇ ਖੂੰਜੇ ਵਿਚੋਂ ਪੁੱਟ ਲਿਆਉਂਦਾ ਹੈ ਤੇ ਉਨ੍ਹਾਂ ਨੂੰ ਮਾਂਜ ਸਵਾਰ ਕੇ ਆਪਣੀ ਤਹਿਰੀਰ ਜਾਂ ਤਕਰੀਰ ਵਿੱਚ ਇੰਜ ਜੜਦਾ ਹੈ ਕਿ ਉਨ੍ਹਾਂ ਦੇ ਅਰਥਾਂ ਦੀ ਲਿਸ਼ਕ ਸਾਡੇ ਧੁਰ ਅੰਦਰ ਤੱਕ ਕੌਂਧ ਜਾਂਦੀ ਹੈ।
ਜੇ ਅੱਜ ਤੱਕ ਉਹਨਾਂ ਦੀ ਤਕਰੀਰ ਨਹੀਂ ਸੁਣੀ ਤਾਂ ਜਦ ਮੌਕਾ ਲੱਗੇ ਤਾਂ ਖੁੰਝਣ ਨਾ ਦੇਣਾ, ਪਰ, ਜੇ ਤਹਿਰੀਰ ਦਾ ਹੁਸਨ ਮਾਨਣਾ ਹੈ ਤਾਂ ‘ਮੇਰੇ ਮੇਹਰਬਾਨ’ ਜ਼ਰੂਰ ਪੜ੍ਹੋ।
ਇਹਨਾਂ ਵਿਚੋਂ ਸੱਤ ਲੇਖ ਤਾਂ ਸਭ ਦੀਆਂ ਜਾਣੀਆਂ-ਪਛਾਣੀਆਂ ਸਾਹਿਤਕ ਹਸਤੀਆਂ (ਪ੍ਰੋ ਗੁਲਵੰਤ ਸਿੰਘ, ਅੰਮ੍ਰਿਤਾ ਪ੍ਰੀਤਮ, ਕੁਲਵੰਤ ਸਿੰਘ ਵਿਰਕ, ਦੇਵ, ਤੇਰਾ ਸਿੰਘ ਚੰਨ ਤੇ ਇਕਬਾਲ ਮਾਹਲ) ਬਾਰੇ ਹਨ। ਚਾਰ ਲੇਖ ਕਮਿਊਨਿਸਟ ਲਹਿਰ ਨਾਲ ਜੁੜੇ ਰਹੇ ਆਗੂਆਂ ਤੇ ਬੁੱਧੀਮਾਨਾਂ (ਦਰਸ਼ਨ ਸਿੰਘ ਕਨੇਡੀਅਨ, ਕਰਮ ਸਿੰਘ ਮਾਨ, ਜਗਜੀਤ ਸਿੰਘ ਆਨੰਦ ਤੇ ਨੌ ਨਿਹਾਲ ਬਾਈ) ਬਾਰੇ ਹਨ। ਦੋ ਲੇਖ ਉਹਨਾਂ ਵਿਲੱਖਣ ਸ਼ਖ਼ਸੀਅਤਾਂ (ਗੁਰਮੇਲ ਵੈਲੀ ਤੇ ਭੈਣ ਚਰਨੀ) ਬਾਰੇ ਹਨ, ਜਿਨ੍ਹਾਂ ਦੇ ਦੀਦਾਰ, ਸਾਹਿਤ ਦੇ ਪਾਠਕ ਸ਼ਾਇਦ ਪਹਿਲੀ ਵਾਰ, ਇਸ ਪੁਸਤਕ ਰਾਹੀਂ ਕਰਨਗੇ।

ਇਹ ਸਾਰੇ ਲੇਖ ਸੁੱਚੇ ਮੋਹ ਤੇ ਡੂੰਘੀ ਅਪਣੱਤ ਵਿੱਚ ਭਿੱਜ ਕੇ ਲਿਖੇ ਗਏ ਹਨ। ਮੈਂ ਨਿੱਜੀ ਤੌਰ ’ਤੇ ਇਹਨਾਂ ਵਿਚੋਂ ਪਹਿਲੀ ਵਾਰ ਦੇਵ, ਨੌ ਨਿਹਾਲ ਬਾਈ, ਗੁਰਮੇਲ ਵੈਲੀ ਤੇ ਭੈਣ ਚਰਨੀ ਨੂੰ ਸਾਧੂ ਭਾਅ ਜੀ ਦੀ ਬਦੌਲਤ ਮਿਲਿਆ ਸਾਂ। ਉਹਨਾਂ ਬਾਰੇ ਜਾਣਿਆ-ਸੁਣਿਆ ਸੀ। ਕਰਮ ਸਿੰਘ ਮਾਨ ਨੂੰ ਮੈਂ ਸਿਰਫ਼ ਚੱਠਾ-ਪਰਿਵਾਰ ਦੇ ਕਿਸੇ ਵਿਆਹ ਸਮਾਗਮ ’ਤੇ ਦੋ ਕੁ ਵਾਰ ਵੇਖਿਆ ਹੀ ਹੈ, ਪਰ ਉਹਨਾਂ ਦਾ ਜ਼ਿਕਰ ਨੌ ਨਿਹਾਲ, ਨੇਤਾ ਜੀ ਹਰਦਿਆਲ, ਪ੍ਰੇਮ ਚੱਠਾ ਤੇ ਸਾਧੂ ਸਿੰਘ ਦੀ ਸੰਗਤ ਵਿਚ ਅਕਸਰ ਸੁਣਦਾ ਰਿਹਾਂ। ਇਹਨਾਂ ਲੇਖਾਂ ਰਾਹੀਂ ਇਹਨਾ ਸਭਨਾਂ ਬਾਰੇ ਹੁਣ ਕੁਝ ਹੋਰ ਵਿਸਥਾਰ ਨਾਲ ਜਾਣ ਰਿਹਾਂ।
ਇਸ ਲਿਖਤ ਦੀ ਪਹਿਲੀ ਖ਼ੂਬੀ ਜਿੱਥੇ ਇਸਦੀ ਕਮਾਲ ਦੀ ਪੜ੍ਹਨ-ਯੋਗਤਾ ਵਿੱਚ ਹੈ, ਦੂਜੀ ਵੱਡੀ ਖੂਬੀ ਸਾਧੂ ਭਾਅ ਜੀ ਦੀ ਹੰਸ-ਚੋਗ ਬਿਰਤੀ ਦੀ ਹੈ। ਮੈਨੂੰ ਸਾਧੂ ਭਾਅ ਜੀ ਨਾਲ ਨੇੜਤਾ ਤੇ ਦਿੱਲ ਦੀਆਂ ਗੱਲਾਂ ਆਪਸ ਵਿੱਚ ਸਾਂਝੀਆਂ ਕਰਨ ਦਾ ਸ਼ਰਫ਼ ਹਾਸਲ ਰਿਹਾ ਹੈ ਤੇ ਜਾਣਦਾ ਹਾਂ ਕਿ ਇਹਨਾਂ ਸ਼ਖ਼ਸੀਅਤਾਂ ਵਿਚੋਂ ਇੱਕ-ਦੋ ਨੇ ਉਹਨਾਂ ਨਾਲ ‘ਜ਼ਿਆਦਤੀਆਂ’ ਵੀ ਕੀਤੀਆਂ ਨੇ, ਪਰ ਕਮਾਲ ਹੈ, ਸਾਧੂ ਭਾਅ ਜੀ ਦੀ ਬਿਬੇਕ ਬੁੱਧ ਦੇ,ਕਿ, ਉਸ ਨੇ ਉਹਨਾਂ ਸ਼ਖ਼ਸੀਅਤਾਂ ’ਚੋਂ ਮੋਤੀ ਚੁਗ ਕੇ ਹੀ ਸਾਡੇ ਅੱਗੇ ਪਰੋਸੇ ਹਨ। ਇਹ ਲੇਖਕ-ਮਨ ਦੀ ਸੁਹਿਰਦਤਾ ਤੇ ਡੁੱਲ੍ਹ ਡੁੱਲ੍ਹ ਪੈਂਦੀ ਮੁਹੱਬਤ ਦਾ ਹੀ ਮੋਅਜ਼ਜ਼ਾ ਹੈ। ਇਹ ਲਿਖਤ ਉਸ ਦੇ ਆਪਣੇ ਨਿਰਮਲ ਮਨ ਦੀ ਝਾਕੀ ਹੈ। ਲੇਖਕ ਏਨਾ ਸੁਹਿਰਦ ਹੈ ਕਿ ਤੇਰਾ ਸਿੰਘ ਚੰਨ ਹੁਰਾਂ ਵਾਲੇ ਲੇਖ ਵਿੱਚ ਉਸ ‘ਵੱਡੇ ਲੇਖਕ’, ਜਿਸ ਨੂੰ ਰੂਸੀ ਸਫ਼ਾਰਤਖ਼ਾਨੇ ਵਿੱਚ ਚੰਨ ਹੁਰਾਂ ਦੇ ਕਹਿਣ ’ਤੇ ਹੀ ਨੌਕਰੀ ਮਿਲੀ ਸੀ ਤੇ ਜਿਸ ਨੇ ਬਾਅਦ ਵਿਚ ਚੰਨ ਹੁਰਾਂ ਦੇ ਖ਼ਿਲਾਫ਼ ਹੀ ਗੁਪਤ ਸ਼ਿਕਾਇਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸਨ, ਦਾ ਨਾਂ ਜਾਣਦਿਆਂ ਹੋਇਆਂ ਵੀ, ਉਹਦਾ ਨਾਂ ‘ਗੁਪਤ’ ਹੀ ਰੱਖਿਆ ਹੈ ਕਿਉਂਕਿ ਸੁਹਿਰਦ ਭਾਵੀ ਤੇਰਾ ਸਿੰਘ ਚੰਨ ਨੇ ਜੇ ਆਪ ਕਦੀ ਉਸ ਸੱਜਣ ਦਾ ਨਾਂ-ਥੇਹ ਨਹੀਂ ਸਾਂਝਾ ਕੀਤਾ ਤਾਂ ਉਹ ਕਿਉਂ ਸਾਂਝਾ ਕਰੇ!
ਏਨੀ ਗੁੰਜਾਇਸ਼ ਨਹੀਂ ਕਿ ਅਸੀਂ ਹਰੇਕ ਲੇਖ ਬਾਰੇ ਵਿਸਥਾਰ ਨਾਲ ਟਿੱਪਣੀ ਕਰੀਏ, ਤਦ ਵੀ ‘ਦਾਲ ਵਿਚੋਂ ਦਾਣਾ ਟੋਹ’ ਕੇ ਤਾਂ ਦੱਸ ਹੀ ਸਕਦੇ ਹਾਂ। ਸਾਧੂ ਭਾਅ ਜੀ ਦੇ ਫਗਵਾੜੇ ਵਾਲੇ ਹਿਤੈਸ਼ੀ ਅਧਿਆਪਕ ਪ੍ਰੋ ਗੁਰਨਾਮ ਸਿੰਘ ਨੇ, ਉਹਨੂੰ ਨੇੜੇ ਪੈਂਦਾ ਲਾਇਲਪੁਰ ਖ਼ਾਲਸਾ ਕਾਲਜ ਛੱਡ ਕੇ ਲੁਧਿਆਣੇ ਦੇ ਗੌਰਮਿੰਟ ਕਾਲਜ ਵਿੱਚ ਐੱਮ ਏ ਵਿੱਚ ਦਾਖ਼ਲਾ ਲੈਣ ਲਈ ਇਸ ਕਰ ਕੇ ਪ੍ਰੇਰਿਤ ਕੀਤਾ ਸੀ ਕਿ ਓਥੇ ਉਹ ਪ੍ਰੋ ਗੁਲਵੰਤ ਸਿੰਘ ਹੁਰਾਂ ਦੀ ਵਿਦਵਤਾ ਤੋਂ ਕੁਝ ਸਿੱਖ ਸਕੇਗਾ। ਸਾਧੂ ਭਾਅ ਜੀ ਨੂੰ ਪ੍ਰੋ ਗੁਲਵੰਤ ਸਿੰਘ ਦੀ ਸਿਆਣਪ ਤੇ ਸਾਦਗੀ ਨੇ ਮੋਹ ਲਿਆ। ਪ੍ਰੋ ਸਾਹਿਬ ਵੀ ਹੋਣਹਾਰ ਤੇ ਲਾਇਕ ਵਿਦਿਆਰਥੀ ਕਰ ਕੇ ਉਸ ਨਾਲ ਮੋਹ ਕਰਦੇ। ਪਰ ਪ੍ਰੋ ਗੁਰਨਾਮ ਸਿੰਘ ਨਾਲ ਜਿਨ੍ਹਾਂ ਦੀ ਨਹੀਂ ਸੀ ਬਣਦੀ, ਉਹਨਾਂ ਨੇ ਪ੍ਰੋ ਗੁਲਵੰਤ ਸਿੰਘ ਕੋਲ ਲੂਤੀ ਲਾ ਦਿੱਤੀ ਕਿ ਗੁਰਨਾਮ ਸਿੰਘ ਨੇ ਕਿਸੇ ਸਾਜਿਸ਼ ਤਹਿਤ ਸਾਧੂ ਸਿੰਘ ਨੂੰ ਲਾਇਲਪੁਰ ਖ਼ਾਲਸਾ ਕਾਲਜ ਛੱਡ ਕੇ ਲੁਧਿਆਣੇ ਦਾਖ਼ਲ ਕਰਵਾਇਆ ਹੈ।
ਇਸਤੋਂ ਅਗਲਾ ਬਿਰਤਾਂਤ ਸਾਧੂ ਸਿੰਘ ਹੋਰਾਂ ਦੀ ਜ਼ਬਾਨੀ ਸੁਣੋ:
—
ਪ੍ਰੋ ਗੁਲਵੰਤ ਸਿੰਘ ਹੋਰਾਂ ਨੇ ਆਪਣੇ ਸੁਭਾਅ ਅਨੁਸਾਰ ਬਿਨਾਂ ਕਿਸੇ ਤਮਹੀਦ ਦੇ ਇਹ ਕਿਹਾ, “ਮੈਨੂੰ ਪਤਾ ਲੱਗਾ ਹੈ ਕਿ ਤੈਨੂੰ ਮੇਰੀ ਪਗੜੀ ਉਛਾਲਣ ਲਈ ਏਥੇ ਭੇਜਿਆ ਹੈ।”
“ਮੁਆਫ਼ ਕਰਨਾ ਪ੍ਰੋ ਸਾਹਿਬ, ਤੁਹਾਡਾ ਜੋ ਕੋਈ ਵੀ ਦੋਸਤ ਹੈ, ਉਸ ਵਿੱਚ ਹੋਰ ਕੋਈ ਗੁਣ ਹੋ ਸਕਦੇ ਹਨ ਪਰ ਉਹ ਸਰਾਸਰ ਝੂਠਾ ਤੇ ਚੁਗਲੀਖ਼ੋਰ ਬੰਦਾ ਹੈ।”
ਇਸ ਵਾਰੀ ਚੁੱਪ ਰਹਿਣ ਦੀ ਵਾਰੀ ਪ੍ਰੋ ਸਾਹਿਬ ਦੀ ਸੀ। ਮੈਂ ਇੱਕੋ ਸਾਹੇ ਉਹਨਾਂ ਨੂੰ ਉਸ ਕਾਰਣ ਦੀ ਵਜ਼ਾਹਤ ਕੀਤੀ, ਜਿਸ ਕਰਕੇ ਪ੍ਰੋ ਗੁਰਨਾਮ ਸਿੰਘ ਹੁਰਾਂ ਮੈਨੂੰ ਉਹਨਾਂ ਦੀ ਸ਼ਰਨ ਵਿਚ ਭੇਜਿਆ ਸੀ।
ਮੇਰੇ ਦੁੱਖ ਅਤੇ ਪੀੜ ਦਾ ਕੋਈ ਪਾਰਾਵਾਰ ਨਹੀਂ ਸੀ। ਮੈਂ ਆਪਣੀ ਗੱਲ ਜਾਰੀ ਰੱਖਦਿਆਂ ਕਿਹਾ, “ਪ੍ਰੋ ਸਾਹਿਬ ਤੁਸੀਂ ਮੈਨੂੰ ਏਨਾ ਹੀ ਕੱਦਾਵਰ ਸਮਝਦੇ ਹੋ ਕਿ ਮੇਰੇ ਹੱਥ ਤੁਹਾਡੀ ਪਗੜੀ ਨੂੰ ਛੂਹ ਸਕਣ ਦੀ ਹਿੰਮਤ ਜਾਂ ਹਿਮਾਕਤ ਕਰ ਸਕਣ।”
“ਮੇਰੇ ਹੱਥਾਂ ਵਿੱਚ ਤਾਂ ਤੁਹਾਡੇ ਪੈਰਾਂ ਤੋਂ ਸ਼ੁਰੂ ਕਰ ਕੇ ਗੋਡਿਆਂ ਤੋਂ ਉਪਰ ਜਾਣ ਦੀ ਨਾ ਹਿੰਮਤ ਹੈ ਨਾ…”
ਪ੍ਰੋ ਗੁਲਵੰਤ ਸਿੰਘ ਹੋਰਾਂ ਮੇਰੀ ਗੱਲ ਪੂਰੀ ਹੋਣ ਤੋਂ ਪਹਿਲਾਂ ਹੀ ਮੈਨੂੰ ਆਪਣੇ ਕਲਾਵੇ ਵਿੱਚ ਘੁੱਟ ਲਿਆ।
—
ਇਹ ਬਿਰਤਾਂਤ ਇਹ ਦੱਸਣ ਲਈ ਵੀ ਸਾਂਝਾ ਕੀਤਾ ਗਿਆ ਹੈ ਕਿ ਵਿਦਵਾਨਾਂ ਦੀ ਆਪਸੀ ਖਹਿ-ਬਾਜ਼ੀ ਉਦੋਂ ਵੀ ਚੱਲਦੀ ਸੀ, ਪਰ ਬਹੁਤਾ ਇਹ ਦੱਸਣ ਲਈ ਵੀ ਸਾਂਝਾ ਕੀਤਾ ਹੈ ਕਿ ਉਸਤਾਦ-ਸ਼ਾਗਿਰਦ ਦਾ ਰਿਸ਼ਤਾ ਉਹਨਾਂ ਦਿਨਾਂ ਵਿਚ ਕਿੰਨੇ ਖਲੂਸ, ਮੁਹੱਬਤ ਤੇ ਪਿਆਰ-ਸਤਿਕਾਰ ਵਾਲਾ ਹੁੰਦਾ ਸੀ। ਇਕ ਦਿਨ ਪ੍ਰੋ ਸਾਹਿਬ ਨੇ ਸਾਧੂ ਸਿੰਘ ਨੂੰ ਬੁਲਾ ਕੇ ਇੱਕ ਲਿਫ਼ਾਫ਼ਾ ਉਸ ਵੱਲ ਵਧਾਉਂਦਿਆਂ ਕਿਹਾ, “ਆਪ ਕਾ ਪਾਰਸਲ ਆਇਆ ਹੈ। ਲੇ ਲੇਨਾ, ਬਹਿਸ ਮੱਤ ਕਰਨਾ।”
ਪਾਰਸਲ ਖੋਲ੍ਹ ਕੇ ਵੇਖਿਆ, ਉਸ ਵਿੱਚ ਇੱਕ ਨਵਾਂ-ਨਿਕੋਰ ਸਵੈਟਰ ਸੀ। ਪਰਿਵਾਰ ਦੀ ਆਰਥਕ ਹਾਲਤ ਠੀਕ ਨਾ ਹੋਣ ਕਰ ਕੇ ਸਾਧੂ ਸਿੰਘ ਭਰ ਸਰਦੀਆਂ ਵਿੱਚ ਵੀ ਕਮੀਜ਼ ਪਜਾਮੇ ਵਿੱਚ ਹੀ ਆਉਂਦਾ ਰਿਹਾ ਸੀ।
ਕਿੱਥੇ ਗਏ ਉਹ ਉਸਤਾਦ ਜਿਹੜੇ ਲਾਇਕ ਤੇ ਲੋੜਵੰਦ ਵਿਦਿਆਰਥੀਆਂ ਦੇ ਪਿੰਡੇ ਦੀ ਠੰਢ ਨੂੰ ਆਪਣੀ ਦੇਹ ’ਤੇ ਮਹਿਸੂਸ ਕਰ ਸਕਦੇ ਸਨ!
ਸਾਧੂ ਭਾਅ ਜੀ ਨੇ ਪ੍ਰੋ ਗੁਲਵੰਤ ਸਿੰਘ ਦੀ ਸ਼ਖ਼ਸੀਅਤ ਦੀ ਬੁਲੰਦੀ ਨੂੰ ਤਾਂ ਸਤਿਕਾਰ ਅਤੇ ਮੁਹੱਬਤ ਨਾਲ ਬਿਆਨ ਕੀਤਾ ਹੀ ਹੈ, ਪਰ ਇਹ ਬਿਆਨ ਕਰਦਿਆਂ ਉਹਦੀ ਆਪਣੀ ਸ਼ਖ਼ਸੀਅਤ ਦਾ ਸੁੱਚਾ ਰੰਗ ਵੀ ਸਹਿਜ ਨਾਲ ਉਘੜਦਾ ਦਿਖਾਈ ਦੇ ਜਾਂਦਾ ਹੈ।
ਅੰਮ੍ਰਿਤਾ ਪ੍ਰੀਤਮ ਬਾਰੇ ਲੇਖ ਆਕਾਰ ਵਿੱਚ ਵੀ ਲੰਮਾਂ ਹੈ ਤੇ ਇਸ ਵਿਚ ਲੇਖਕ ਨੇ ਅੰਮ੍ਰਿਤਾ ਪ੍ਰੀਤਮ ਉੱਤੇ ਉਹਨਾਂ ਦੇ ਜਿਊਂਦੇ ਜੀਅ ਤੇ ਮਰਨ ਪਿੱਛੋਂ ਮਲੇ ਚਿੱਕੜ ਨੂੰ ਦਲੀਲਾਂ, ਖ਼ਤਾਂ, ਸਬੂਤਾਂ ਤੇ ਤਰਕ ਨਾਲ ਪੇਸ਼ ਕਰ ਕੇ, ਧੋ ਕੇ ਸਾਫ਼ ਹੀ ਨਹੀਂ ਕੀਤਾ, ਸਗੋਂ ਉਹਦੀ ਲਿਖਤ ਦੀ ਕਰਾਮਾਤ ਹੀ ਹੈ ਕਿ ਉਹ ਚਿੱਕੜ ਉਲਟਾ ਦੋਖੀਆਂ ਦੇ ਮੂੰਹ ’ਤੇ ਚਿਪਕਿਆ ਨਜ਼ਰ ਆਉਣ ਲੱਗਦਾ ਹੈ। ਇਸ ਲੇਖ ਨੂੰ ਅਸੀਂ ਸਭ ਤੋਂ ਪਹਿਲਾਂ ਆਪਣੇ ਪਰਚੇ ‘ਸੀਰਤ’ ਵਿਚ ਤਸਵੀਰਾਂ ਤੇ ਖ਼ਤਾਂ ਦੀਆਂ ਹੂਬਹੂ ਕਾਪੀਆਂ ਛਾਪ ਕੇ ਪ੍ਰਕਾਸ਼ਤ ਕੀਤਾ ਸੀ ਤੇ ਬਾਅਦ ਵਿੱਚ ਮੈਂ ਇਸ ਨੂੰ ਆਪਣੇ ਫੇਸ-ਬੁੱਕ ਪੇਜ ’ਤੇ ਇੱਕ ਤੋਂ ਵੱਧ ਵਾਰ ਸਾਂਝਾ ਵੀ ਕੀਤਾ ਹੈ। ਇਸਨੂੰ ਬੇਹੱਦ ਪਸੰਦ ਕੀਤਾ ਗਿਆ। ਤੁਸੀਂ ਪੜ੍ਹੋਗੇ ਤਾਂ ਅੰਮ੍ਰਿਤਾ ਨਾਲ ਜੁੜੇ ਬਹੁਤ ਸਾਰੇ ਭਰਮ-ਭੁਲੇਖੇ ਦੂਰ ਹੋ ਜਾਣਗੇ। ਉਹਨਾਂ ਨੂੰ ਇੱਕ ਪਾਸੜ ਮੁਹੱਬਤ ਕਰਨ ਵਾਲੇ ਪਰ ਲੋਕਾਂ ਸਾਹਮਣੇ ਦੋਵੱਲੇ ਪਿਆਰ ਦਾ ਢੌਂਗ ਰਚਾਉਣ ਵਾਲੇ ਪ੍ਰੋ ਮੋਹਨ ਸਿੰਘ, ਸੰਤੋਖ ਸਿੰਘ ਧੀਰ, ਸੁਰਿੰਦਰ ਸਿੰਘ ਨਰੂਲਾ ਆਦਿ ਦੀਆਂ ਝੂਠੀਆਂ ਕਹਾਣੀਆਂ ਬਾਰੇ ਨਿੱਤਰਿਆ ਹੋਇਆ ਸੱਚ ਮਿਲੇਗਾ। ਅੰਮ੍ਰਿਤਾ ਦੇ ਸਾਬਕਾ ਪਤੀ ਪ੍ਰੀਤਮ ਸਿੰਘ ਕਵਾਤੜਾ ਤੇ ਇਮਰੋਜ਼ ਨਾਲ ਉਹਦੀ ਰਿਸ਼ਤਗੀ ਦੀਆਂ ਕਈ ਲੁਕਵੀਆਂ ਪਰਤਾਂ ਵੀ ਖੁੱਲ੍ਹਣਗੀਆਂ ਤੇ ਇਹਦੇ ਨਾਲ ਹੋਰ ਵੀ ਕਿੰਨਾਂ ਕੁਝ, ਜੋ ਤੁਸੀਂ ਪਹਿਲੀ ਵਾਰ ਹੀ ਪੜ੍ਹ/ਜਾਣ ਰਹੇ ਹੋਵੋਗੇ।
ਕੁਲਵੰਤ ਸਿੰਘ ਵਿਰਕ ਲੇਖਕ ਤਾਂ ਵੱਡਾ ਹੈ ਹੀ ਸੀ ਪਰ ਇਨਸਾਨ ਵੀ ਲਾਸਾਨੀ ਸੀ। ਸਾਧੂ ਸਿੰਘ ਤੇ ਵਿਰਕ ਨੇ ਇੱਕੋ ਯੂਨੀਵਰਸਿਟੀ ਵਿੱਚ ਵੀ ਕੰਮ ਕੀਤਾ ਤੇ ਇੱਕੋ ਕਾਲੋਨੀ ਵਿੱਚ ਗਵਾਂਢੀ ਬਣ ਕੇ ਵੀ ਰਹੇ। ਮੈਂ ਸਾਧੂ ਭਾਅ ਜੀ ਕੋਲ ਜਾਂਦਾ ਤਾਂ ਅਸੀਂ ਸਵੇਰੇ ਸੈਰ ਕਰਦਿਆਂ ਅੱਗੋਂ ਵਿਰਕ ਨੂੰ ਸੈਰ ਕਰ ਕੇ ਪਰਤਦਿਆਂ ਵੇਖਦੇ/ਮਿਲਦੇ। ਇੱਕ ਦੋ ਵਾਰ ਵਿਰਕ ਸਾਹਿਬ ਦੇ ਘਰ ਵੀ ਮਿਲਣ ਗਏ। ਵਿਰਕ ਸਾਹਿਬ ਵਾਲੇ ਲੇਖ ਵਿੱਚ ਵਿਰਕ ਦੀ ਸ਼ਖ਼ਸੀਅਤ ਦੇ ਸੁਰਖ ਰੰਗ ਦੇ ਦੀਦਾਰ ਹੁੰਦੇ ਨੇ। ਉਹ ਆਪਣੇ ਨੇੜਲਿਆਂ ’ਤੇ ਕਿੰਨਾ ਭਰੋਸਾ ਕਰਦੇ ਸਨ, ਉਹਦੀਆਂ ਦੋ ਮਿਸਾਲਾਂ ਦੇਣੀਆਂ ਚਾਹਾਂਗਾ।
ਵਿਰਕ ਸਾਹਿਬ ਦੀ ਧੀ ਦਾ ਵਿਆਹ ਸੀ ਤੇ ਉਹਨਾਂ ਨੇ ਧੀ ਦੀ ਜੰਜ ਦੀ ਆਉ-ਭਗਤ ਤੇ ਹੋਰ ਕੰਮਾਂ ਦੀ ਜ਼ਿੰਮੇਵਾਰੀ ਭੁਗਤਾਉਣ ਲਈ ਆਪਣੇ ਪੀਏ ਵਿਰਦੀ ਦੇ ਹੱਥ ’ਤੇ ਪੈਸਿਆਂ ਦਾ ਥੱਬਾ ਰੱਖ ਦਿੱਤਾ ਤੇ ਆਪ ਸੁਰਖ਼ਰੂ ਹੋ ਗਏ। ਵਿਆਹ ਭੁਗਤ ਗਿਆ ਤਾਂ ਵਿਰਦੀ ਪੂਰੀ ਤਰਤੀਬ ਨਾਲ ਸਾਂਭ ਕੇ ਰੱਖੀਆਂ ਖ਼ਰਚੇ ਦੀਆਂ ਰਸੀਦਾਂ ਵਾਲੀ ਫ਼ਾਈਲ ਦਾ ਮੂੰਹ ਖੋਲ੍ਹ ਕੇ ਵਿਰਕ ਸਾਹਿਬ ਵੱਲ ਘੁਮਾਉਣ ਹੀ ਲੱਗਾ ਸੀ ਤਾਂ ਉਹ ਕਹਿੰਦੇ, “ਵਿਰਦੀ ਤੂੰ ਮੇਰਾ ਬੜਾ ਭਾਰ ਵੰਡਾਇਆ ਹੈ। ਵੰਡਾਇਆ ਵੀ ਕੀ, ਸਾਰਾ ਖ਼ੁਦ ਹੀ ਚੁੱਕਿਆ ਹੈ।”
“ਉਹ ਤਾਂ ਸਾਡਾ ਫ਼ਰਜ਼ ਸੀ ਜੀ।”
“ਕਿੱਦਾਂ, ਪੈਸਿਆਂ ਦਾ ਸਰ ਗਿਆ ਸੀ। ਥੁੜੇ ਤਾਂ ਨੀਂ?”
“ਨਹੀਂ ਜੀ, ਸਗੋਂ ਬਚੇ ਨੇ ਬਹੁਤ ਸਾਰੇ।”
ਵਿਰਦੀ ਨੇ ਬਚੇ ਪੈਸਿਆਂ ਵਾਲਾ ਲਿਫ਼ਾਫ਼ਾ ਪੇਸ਼ ਕਰ ਦਿੱਤਾ।
ਵਿਰਕ ਨੇ ਬਿਨਾਂ ਗਿਣਿਆਂ ਲਿਫ਼ਾਫ਼ਾ ਦਰਾਜ਼ ਵਿੱਚ ਰੱਖਿਆ, “ਰਸੀਦਾਂ ਦੀ ਕੋਈ ਲੋੜ ਨਹੀਂ। ਸ਼ਾਮ ਨੂੰ ਸਾਰੇ ਮੁੰਡਿਆਂ ਨੂੰ ਨਾਲ ਲੈ ਕੇ ਘਰ ਆ ਜਾਈਂ। ਗੱਲ-ਸ਼ੱਪ ਮਾਰਾਂਗੇ।”
ਏਨੇ ਵੱਡੇ ਦਿਲ ਵਾਲਾ ਸੀ ਕੁਲਵੰਤ ਸਿੰਘ ਵਿਰਕ।
ਇੱਕ ਹੋਰ ਬਿਰਤਾਂਤ ਮੁਲਾਹਜ਼ਾ ਹੋਵੇ। ਵਿਰਕ ਨੇ ਸਾਧੂ ਸਿੰਘ ਹੁਰਾਂ ਦੀ ਕਾਲੋਨੀ ਵਿੱਚ ਘਰ ਲੈਣ ਦਾ ਨਿਰਣਾ ਕਰ ਲਿਆ। ਸਾਧੂ ਸਿੰਘ ਨੇ ਇੱਕ ਮਕਾਨ ਦੇ ਪੈਂਹਠ ਹਜ਼ਾਰ ਵਿਚ ਬਣਦੇ ਸੌਦੇ ਦੀ ਦੱਸ ਪਾਈ ਤਾਂ ਵਿਰਕ ਸਾਹਿਬ ਨੇ ਅਲਮਾਰੀ ਖੋਲ੍ਹ ਕੇ ਪੰਜ ਹਜ਼ਾਰ ਰੁਪਏ ਉਹਦੇ ਹੱਥ ਫੜਾ ਕੇ ਕਿਹਾ, “ਜਾਹ, ਸਾਈ ਦੇ ਆ। ਪੰਦਰਾਂ ਦਿਨਾਂ ਦੀ ਮੋਹਲਤ ਲੈ ਆਈਂ। ਉਦੋਂ ਬਾਕੀ ਬਚਦੇ ਪੈਸੇ ਵੀ ਦੇ ਆਵਾਂਗੇ।”
“ਵਿਰਕ ਸਾਹਿਬ ਮਕਾਨ ’ਤੇ ਇੱਕ ਵਾਰ ਨਿਗਾਹ ਤਾਂ ਮਾਰ ਲੈਂਦੇ।”
“ਮੈਂ ਕੀ ਨਿਗਾਹ ਮਾਰਨੀ ਹੈ। ਤੂੰ ਮਾਰੀ ਹੋਈ ਆ ਨਿਗਾਹ।”
ਸੋਚਣਾ ਹੀ ਔਖਾ ਲੱਗਦਾ ਹੈ ਕਿ ਆਪਣਾ ਘਰ ਖ਼ਰੀਦਣਾ ਹੋਵੇ ਤਾਂ ਉਹਨੂੰ ਵੇਖਣ ਦੀ ਵੀ ਲੋੜ ਨਾ ਸਮਝੀ ਜਾਵੇ ਕਿਉਂਕਿ ਮਕਾਨ ਉਹਦੇ ਕਿਸੇ ਅਜ਼ੀਜ਼ ਨੇ ਹੀ ਵੇਖ ਤੇ ਪਸੰਦ ਕਰ ਲਿਆ ਹੈ।
ਕਿੱਥੇ ਲੱਭਦੇ ਨੇ ਅਜਿਹੇ ਵੱਡੇ ਦਿਲਾਂ ਵਾਲੇ ਬੰਦੇ!
ਇਸ ਲੇਖ ਵਿੱਚ ਹੋਰ ਵੀ ਬਹੁਤ ਕੁਝ ਹੈ ਪੜ੍ਹਨ ਜਾਨਣ ਵਾਲਾ। ਪਿਛਲੇਰੀ ਉਮਰ ਵਿੱਚ ਵਿਰਕ ਸਾਹਿਬ ਨੂੰ ਲੈ ਕੇ ‘ਬਹਿ ਜਾਣ’ ਵਾਲੇ ਇਸ਼ਕ ਬਾਰੇ ਵੀ ਤੇ ਉਹਨਾਂ ਦੀ ਸ਼ਖ਼ਸੀਅਤ ਦੇ ਹੋਰ ਰੰਗਾਂ ਬਾਰੇ ਵੀ।
ਅੱਜ ਵਿਰਕ ਸਾਹਿਬ ਨੂੰ ਪੰਜਾਬੀ ਦਾ ਸਭ ਤੋਂ ਵੱਡਾ ਕਥਾਕਾਰ ਮੰਨਿਆਂ ਜਾਂਦਾ ਹੈ, ਪਰ, ਉਹ ਕਿਹਾ ਕਰਦੇ ਸਨ, “ਲੇਖਕ ਕੋਈ ਬਹੁਤ ਵੱਡੇ ਲੋਕ ਨਹੀਂ ਹੁੰਦੇ। ਆਪਣੇ ਭਾਈਚਾਰੇ ਦੇ ਮਿਰਾਸੀ ਹੀ ਤਾਂ ਹੁੰਦੇ ਨੇ। ਬੱਸ ਥੋੜ੍ਹਾ ਜਿਹਾ ਹੀ ਫ਼ਰਕ ਹੁੰਦਾ ਹੈ ਲੇਖਕਾਂ ਦਾ ਮਿਰਾਸੀਆਂ ਨਾਲੋਂ। ਮਿਰਾਸੀ ਆਪਣਾ ਕੰਮ ਲਾਗ ਲੈਣ ਖ਼ਾਤਰ ਕਰਦੇ ਹਨ ਤੇ ਲੇਖਕ ਮੁਫ਼ਤ ਹੀ, ਬੱਸ, ਆਪਣੇ ਸ਼ੌਕ ਵਜੋਂ।”
ਇਹ ਵਿਰਕ ਸਾਹਿਬ ਦੀ ਵਡਿਆਈ ਸੀ ਕਿ ਉਹ ਆਪਣੇ ਆਪ ਨੂੰ ਲੋਕਾਂ ਦਾ ਮਿਰਾਸੀ ਆਖਦੇ ਸਨ ਤੇ ਇਹ ਸਾਧੂ ਸਿੰਘ ਦੀ ਵਡਿਆਈ ਹੈ ਕਿ ਵਿਰਕ ਸਾਹਿਬ ਦੀ ਨਿਮਰਤਾ ਨੂੰ ਆਪਣੇ ਖਿੱਤੇ ਦੇ ਮਹਾਂ ਕਵੀ ਬਾਬਾ ਨਾਨਕ ਤੋਂ ਬਖ਼ਸ਼ਿਸ਼ ਵਿੱਚ ਪ੍ਰਾਪਤ ਹੋਈ ਮੰਨਦਾ ਹੈ, ਜਿਸ ਬਾਬੇ ਨੂੰ ਜਗਤ ਗੁਰੂ ਦੇ ਲਕਬ ਨਾਲ ਯਾਦ ਕੀਤਾ ਜਾਂਦਾ ਹੈ, ਪਰ ਉਹ ਆਪਣੇ ਆਪ ਨੂੰ ‘ਬੇਕਾਰ ਢਾਡੀ’ ਆਖਿਆ ਹੀ ਪ੍ਰਸੰਨ ਹੋ ਜਾਇਆ ਕਰਦੇ ਸਨ।
ਰੂਹ ਤੱਕ ਭਿੱਜ ਕੇ ਲਿਖੇ ਸ਼ਾਇਰ ਤੇ ਚਿਤਰਕਾਰ ਦੇਵ ਵਾਲੇ ਲੇਖ ਵਿੱਚ ਉਹ ਦੇਵ ਨੂੰ ‘ਉਮਰਾਂ ਲੰਮੇ ਸਫ਼ਰਾਂ ਦਾ ਸਾਥੀ’ ਆਖ ਕੇ ਯਾਦ ਕਰਦਾ ਹੈ। ਇਸ ਲਿਖਤ ਵਿਚ ਦੇਸ਼-ਵਿਦੇਸ਼ ਵਿਚ ਦੋਵਾਂ ਵੱਲੋਂ ਕੀਤੇ ਸਾਂਝੇ ਸਫ਼ਰਾਂ ਦਾ ਵੇਰਵਾ ਦਰਜ ਹੈ। ਸਾਂਝੀਆਂ ਮੁਲਾਕਾਤਾਂ, ਸਾਂਝੀਆਂ ਯਾਰੀਆਂ ਤੇ ਮਨੋ-ਸਾਂਝੀਆਂ ਅੰਤਰੀਵ ਸੁਰਾਂ ਦਾ ਸੁਹਜਾਤਮਕ ਬਿਆਨ ਹੈ।
ਇਹ ਵੇਰਵਾ ਭਾਵੇਂ ਪੁਸਤਕ ਵਿੱਚ ਦਰਜ ਨਹੀਂ, ਪਰ ਮੈਨੂੰ ਕਦੀ ਨਹੀਂ ਭੁੱਲਣ ਵਾਲਾ ਕਿ ਦੇਵ ਤੇ ਭਾਅ ਜੀ ਦੋਵੇਂ ਮੇਰੇ ਪਿੰਡ ਸੁਰ ਸਿੰਘ ਵੀ ਮੈਨੂੰ ‘ਤਾਰਨ’ ਲਈ ਪਹੁੰਚੇ ਸਨ। ਸਾਡੇ ਖੇਤਾਂ ਵਿੱਚ ਉਹਨਾਂ ਦੀਆਂ ਪੈੜਾਂ ਅੱਜ ਵੀ ਜਾਗਦੀਆਂ ਪਈਆਂ ਹਨ।
ਦੋਵਾਂ ਦੋਸਤਾਂ ਦਾ ਰਿਸ਼ਤਾ ਧੁਰ ਰੂਹਾਂ ਦਾ ਰਿਸ਼ਤਾ ਹੈ। ਇਹ ਦੇਵ ਹੀ ਹੈ ਜਿਸ ਨੇ ਸਾਧੂ ਸਿੰਘ ਨੂੰ ਪਹਿਲੀ ਵਾਰ ‘ਸਾਧੂ ਭਾਅ ਜੀ’ ਆਖ ਕੇ ਆਪਣੀ ਮੁਹੱਬਤ ਦਾ ਪ੍ਰਗਟਾਵਾ ਕੀਤਾ ਸੀ। ਉਸਤੋਂ ਬਾਅਦ ਇਹ ਸੰਬੋਧਨ ਐਸਾ ਪ੍ਰਚੱਲਿਤ ਹੋਇਆ ਕਿ ਸਾਧੂ ਸਿੰਘ ਹੁਰੀਂ ਸਭ ਦੇ ‘ਸਾਧੂ ਭਾਅ ਜੀ’ ਬਣ ਗਏ। ਇਸ ਲੇਖ ਵਿੱਚ ਉਹਨੇ ਦੇਵ ਦੀਆਂ ਅਸਫ਼ਲ ਮੁਹੱਬਤਾਂ ਦਾ ਦਿਲ-ਛੂਹਵਾਂ ਬਿਰਤਾਂਤ ਸਿਰਜਿਆ ਹੈ। ਦੇਵ ਨੇ ਕਦੀ ਸੁਝਾਇਆ ਸੀ ਕਿ ਜੇ ਸਾਧੂ ਭਾਅ ਜੀ ਕਦੇ ਉਸ ਬਾਰੇ ਲਿਖਣਗੇ ਤਾਂ ਉਹ ਆਪਣੀ ਗੱਲ ਕੁਝ ਇੰਝ ਸ਼ੁਰੂ ਕਰਨਗੇ, “ਆਪ ਦੀ ਤਬੀਅਤ ਬਚਪਨ ਤੋਂ ਹੀ ਆਸ਼ਕਾਨਾ ਸੀ। ਕੁੜੀਆਂ ਵੱਲੋਂ ਆਪ ਜੀ ਦਾ ਹੱਥ ਸਦਾ ਹੀ ਖੁੱਲ੍ਹਾ ਰਿਹਾ ਹੈ।”
ਇਹ ਹਾਲਾਤ ਦੀ ਵਿਡੰਬਨਾਂ ਹੀ ਆਖ ਸਕਦੇ ਹਾਂ ਕਿ ਆਸ਼ਕਾਨਾਂ ਤਬੀਅਤ ਵਾਲੇ ਇਸ ਕੋਮਲ-ਭਾਵੀ ਕਵੀ-ਚਿਤਰਕਾਰ ਨੂੰ ਰਜਵੀਂ ਮੁਹੱਬਤ ਤੇ ਵਫ਼ਾ ਕਦੀ ਨਸੀਬ ਨਾ ਹੋ ਸਕੀ। ਅਜਿਹੇ ਕਈ ਪ੍ਰਸੰਗ ਕਿਤਾਬ ਵਿਚੋਂ ਹੀ ਪੜ੍ਹਨ ਨੂੰ ਮਿਲਣਗੇ। ਯਾਰਾਂ ਦੇ ਯਾਰ ਤੇ ਸ਼ਾਹ-ਖ਼ਰਚ ਦੇਵ ਦੀ ਮਾਣਮੱਤੀ ਹਸਤੀ ਨੂੰ ਜਿੰਨੀ ਅਪਣੱਤ ਤੇ ਮੋਹ ਨਾਲ ਸਾਧੂ ਭਾਅ ਜੀ ਨੇ ਯਾਦ ਕੀਤਾ ਹੈ, ਉਹ ਤਾਂ ਆਪਣੀ ਥਾਂ ’ਤੇ ਜ਼ਿਕਰਯੋਗ ਹੈ ਹੀ, ਪਰ ਜਿਨ੍ਹਾਂ ਸ਼ਬਦਾਂ ਤੇ ਵਾਕਾਂ ਦੀ ਸੁਹਜੀਲੀ ਜੜਤ ਦੇ ਦੀਦਾਰ ਇਸ ਲਿਖਤ ਵਿਚੋਂ ਹੁੰਦੇ ਹਨ, ਉਹ ਉੱਤਮ ਪੰਜਾਬੀ ਵਾਰਤਕ ਦਾ ਨਮੂਨਾ ਹੋ ਨਿੱਬੜੇ ਹਨ। ਦੇਵ ਨਾਲ ਡੁਲ੍ਹ ਡੁੱਲ੍ਹ ਪੈਂਦੀ ਮੁਹੱਬਤ ਦੇ ਏਨੇ ਵੇਰਵੇ ਸਾਧੂ ਭਾਅ ਜੀ ਕੋਲ ਹਨ ਕਿ ਲੱਗਦਾ ਹੈ ਕਿ ਅਜੇ ਤਾਂ ਉਹਨਾਂ ਨੇ ਇਸ ਬਹੁ-ਦਿਸ਼ਾਵੀ ਬਿਰਤਾਂਤ ਦੀ ਪੂਣੀ ਹੀ ਛੋਹੀ ਹੈ, ‘ਮੇਰੇ ਲਈ ਦੇਵ ਦੀ ਦੋਸਤੀ ਦੀ ਕਮਾਈ ਦਾ ਕੋਈ ਪਾਰਾਵਾਰ ਨਹੀਂ। ਕਈ ਬੰਦਿਆਂ ਦਾ ਪਿਆਰ ਸਤਿਕਾਰ ਹਾਸਲ ਕਰਨ ਲਈ ਇਹ ਪਹਿਲੋਂ ਪੜ੍ਹਿਆ ਸੁਣਿਆ ਹਵਾਲਾ ਹੀ ਕਾਫ਼ੀ ਹੁੰਦਾ ਸੀ ਕਿ ਮੈਂ ਦੇਵ ਦਾ ਦੋਸਤ ਸਾਂ।’
ਅੰਮ੍ਰਿਤਾ ਨਾਲ ਸਾਧੂ ਭਾਅ ਜੀ ਦੀ ਰਿਸ਼ਤਗੀ ਦੇ ਡੂੰਘ ਦਾ ਆਧਾਰ ਹੀ ਇਹ ਸੱਚ ਬਣਿਆ ਸੀ ਕਿ ਦੇਵ ਨੇ ਪਤਾ ਨਹੀਂ ਕਿੰਨੀ ਵਾਰ ਅੰਮ੍ਰਿਤਾ ਕੋਲ ਸਾਧੂ ਸਿੰਘ ਦੇ ਸੋਹਿਲੇ ਗਾਏ ਸਨ।
ਆਪਣੇ ਜਿਗਰੀ ਯਾਰਾਂ ਦੇ ਸੋਹਿਲੇ ਕਿਵੇਂ ਗਾਏ ਜਾਂਦੇ ਨੇ, ਇਹ ਜਾਨਣ ਲਈ ਇਸ ਲਿਖਤ ਨੂੰ ਪੜ੍ਹਣਾ ਜ਼ਰੂਰੀ ਹੈ।
ਤੇਰਾ ਸਿੰਘ ਚੰਨ ਦਰਵੇਸ਼ ਸ਼ਖ਼ਸੀਅਤ ਸਨ। ਸਾਦਾ ਦਿਲ। ਮਧੁਰ ਭਾਸ਼ੀ। ਪ੍ਰਗਤੀਵਾਦੀ ਲਹਿਰ ਨਾਲ ਜੁੜੀ ਮਾਣ-ਯੋਗ ਹਸਤੀ। ਸਕੂਲਾਂ ਵਿੱਚ ਦਹਾਕਿਆਂ ਤੱਕ ਸਵੇਰ ਦੀ ਪ੍ਰਾਰਥਨਾ ਵਿਚ ਗਾਈ ਜਾਣ ਵਾਲੀ ਲਿਖਤ, ‘ਹੇ ਪਿਆਰੀ ਭਾਰਤ ਮਾਂ, ਅਸੀਂ ਤੈਨੂੰ ਸੀਸ ਨਿਵਾਂਦੇ ਹਾਂ, ਤੇਰੇ ਤੋਂ ਸਦਕੇ ਜਾਂਦੇ ਹਾਂ’ ਦੇ ਮਾਣ-ਮੱਤੇ ਸਿਰਜਕ। ਪੰਜਾਬ ਵਿੱਚ ਇਪਟਾ ਦੀ ਮੋਢੀ ਸ਼ਖ਼ਸੀਅਤ। ਉਹਨਾਂ ਦੇ ਲਿਖੇ ਉਪੇਰੇ ਤੇ ਗੀਤ ਕਮਿਊਨਿਸਟ ਸਟੇਜਾਂ ਦੀ ਸ਼ਾਨ ਹੁੰਦੇ। ਉਹਨਾਂ ਦਾ ਲਿਖਿਆ ਗੀਤ, “ਕਾਗ ਸਮੇਂ ਦਾ ਬੋਲਿਆ, ਅਮਨਾਂ ਦੀ ਬੋਲੀ’ ਜਦੋਂ ਅਮਰਜੀਤ ਗੁਰਦਾਸਪੁਰੀ ਦੀ ਟੁਣਕਦੀ ਬੁਲੰਦ ਆਵਾਜ਼ ਵਿਚ ਗਾਇਆ ਜਾਂਦਾ ਤਾਂ ਸਰੋਤੇ ਸਰਸ਼ਾਰੇ ਜਾਂਦੇ। ਉਹਨਾਂ ਨੇ ਕਈ ਫਰੰਟਾਂ ’ਤੇ ਕੰਮ ਕੀਤਾ, ਪੂਰੀ ਤਨਦੇਹੀ ਤੇ ਸੁਹਿਰਦਤਾ ਨਾਲ। ਪਰ ਕਦੀ ਆਪਣੇ ਕੰਮ ਦਾ ਵਿਖਾਲਾ ਨਾ ਪਾਇਆ। ਸਾਧੂ ਸਿੰਘ ਨੂੰ ਚੰਨ ਹੁਰਾਂ ਦੀ ਧੀ ਬੀਬੀ ਸੁਲੇਖਾ ਤੋਂ ਪਤਾ ਲੱਗਾ ਕਿ ਪੰਜਾਬ ਦੇ ਬਹੁਤ ਵੱਡੇ ਲੇਖਕ, ਸਿਆਸਤਦਾਨ ਤੇ ਮੁੱਖ-ਮੰਤ੍ਰੀ ਰਹਿ ਚੁੱਕੇ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਉਹਨਾਂ ਦੇ ਨਜ਼ਦੀਕੀ ਰਿਸ਼ਤੇ ਵਿਚੋਂ ਸਾਂਢੂ ਲੱਗਦੇ ਸਨ। ਪਰ ਕਿਸੇ ਨੂੰ ਵੀ ਇਸ ਗੱਲ ਦਾ ਪਤਾ ਨਹੀਂ ਸੀ ਕਿਉਂਕਿ ਚੰਨ ਹੁਰੀਂ ਅਜਿਹੀ ਰਿਸ਼ਤਗੀ ਦੀ ਫੜ੍ਹ ਮਾਰਨ ਵਾਲਿਆਂ ਵਿਚੋਂ ਨਹੀਂ ਸਨ। ਇਹ ਤਾਂ ਅਸੀਂ ਪਿੱਛੇ ਦੱਸ ਹੀ ਆਏ ਹਾਂ ਕਿ ਜਿਸ ਲੇਖਕ ਨੂੰ ਉਹਨਾਂ ਦੀ ਸਿਫ਼ਾਰਿਸ਼ ਨਾਲ ਰੂਸੀ ਸਫ਼ਾਰਤਖ਼ਾਨੇ ਵਿਚ ਨੌਕਰੀ ਮਿਲੀ ਸੀ, ਉਹੋ ਹੀ ਚੰਨ ਹੁਰਾਂ ਖ਼ਿਲਾਫ਼ ਗੁਪਤ ਚਿੱਠੀਆਂ ਲਿਖਦਾ ਰਿਹਾ। ਚੰਨ ਹੁਰਾਂ ਨੇ ਜਨਤਕ ਤੌਰ ’ਤੇ ਉਸ ਲੇਖਕ ਬਾਰੇ ਕਦੀ ਵੀ ਸ਼ਿਕਾਇਤ ਨਾ ਕੀਤੀ। ਅਜਿਹੇ ਦਰਵੇਸ਼ ਇਨਸਾਨ, ਸਾਧੂ ਲੇਖਕ ਤੇ ਸਰਗਰਮ ਕਾਰਕੁਨ ਵੀ ਕਿੱਥੇ ਲੱਭਦੇ ਅੱਜ ਕੱਲ੍ਹ। ਸਤਜੁਗੀ ਰੂਹਾਂ ਸਨ ਉਹ ਤਾਂ।
ਇੱਕ ਛੋਟਾ ਜਿਹਾ ਲੇਖ ਮੀਡੀਆ ਕਰਮੀ ਤੇ ਲੇਖਕ ਇਕਬਾਲ ਮਾਹਲ ਬਾਰੇ ਵੀ ਹੈ, ਜਿਸ ਵਿਚ ਉਸ ਵੱਲੋਂ ਟੀਵੀ ’ਤੇ ਪੇਸ਼ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਮਾਹਲ ਦੀ ਭਾਸ਼ਾਈ ਕੌਸ਼ਲਤਾ, ਵਿਸ਼ਾਲ ਗਿਆਨ ਦੇ ਜ਼ਿਕਰ ਦੇ ਨਾਲ ਨਾਲ ਗਾਇਕਾਂ ਬਾਰੇ ਲਿਖੀ ‘ਸੁਰਾਂ ਦੇ ਸੌਦਾਗਰ’ ਵਾਰਤਕ ਪੁਸਤਕ ਦੀ ਵੀ ਵਡਿਆਈ ਕੀਤੀ ਗਈ ਹੈ ਤੇ ਉਹਦੇ ਇਕਲੌਤੇ ਨਾਵਲ ‘ਡੌਗੀ ਟੇਲ ਡਾਰੀੲਵ’ ਦਾ ਜ਼ਿਕਰ ਬੜੇ ਚੰਗੇ ਸ਼ਬਦਾਂ ਵਿੱਚ ਕੀਤਾ ਗਿਆ ਹੈ।
‘ਤੇਜੱਸਵੀ ਮੱਥੇ, ਰੁਸ਼ਨਾਈ ਨਜ਼ਰ, ਧੁਰ ਅੰਦਰ ਤੱਕ ਲਹਿ ਜਾਣ ਵਾਲੀ ਬੋਲ-ਬਾਣੀ, ਖ਼ੂਬਸੂਰਤ ਦਿੱਖ, ਸਾਦ-ਮੁਰਾਦੀ ਰਹਿਤਲ ਅਤੇ ਮਨ-ਬਚਨ-ਕਰਮ ਵਿਚਕਾਰ ਉਮਰ ਭਰ ਦੀ ਕਮਾਈ ਨਾਲ ਸਿਰਜੇ ਸਹਿਜ ਸੁਮੇਲ ਵਾਲੀ ਬੇਨਜ਼ੀਰ ਸ਼ਖ਼ਸੀਅਤ ਵਾਲਾ ਦਰਸ਼ਨ ਸਿੰਘ ਕਨੇਡੀਅਨ ਸਚਮੁੱਚ ਇੱਕ ਦਰਸ਼ਨੀ ਇਨਸਾਨ ਸੀ।’
ਇਸ ਸੁਗਠਿਤ ਤੇ ਸੁਹਜਾਤਮਕ ਲੰਮੇ ਵਾਕ ਰਾਹੀਂ ਸਾਧੂ ਭਾਅ ਜੀ ਨੇ ਦਰਸ਼ਨ ਸਿੰਘ ਕਨੇਡੀਅਨ ਵਾਲੀ ਲਿਖਤ ਦੀ ਸ਼ੁਰੂਆਤ ਕਰ ਕੇ ਕਨੇਡੀਅਨ ਨਾਲ ਹੀ ਨਹੀਂ, ਆਪਣੀ ‘ਬੇਨਜ਼ੀਰ’ ਵਾਰਤਕ ਨਾਲ ਵੀ ਸਾਡੀ ਸਾਂਝ ਪੁਆ ਕੇ ਗੱਲ ਅੱਗੇ ਤੋਰੀ ਹੈ। ਲੋਕ ਇਨਕਲਾਬ ਲਈ ਜੀਵਨ ਭਰ ਜੂਝਦਿਆਂ ਤੇ ਸੱਚ ਦੀ ਬਾਣੀ ਬੋਲਦਿਆਂ ਜੀਵਨ ਨੂੰ ਕੁਰਬਾਨ ਕਰ ਜਾਣ ਵਾਲੇ, ‘ਮਹਾਨਤਾ’ ਦੇ ਰੁਤਬੇ ਤੱਕ ਪਹੁੰਚਣ ਵਾਲੇ ਦਰਸ਼ਨ ਸਿੰਘ ਕਨੇਡੀਅਨ ਦੀ ਪ੍ਰਤੀਬੱਧਤਾ, ਕੁਰਬਾਨੀ ਤੇ ਕਿਰਤ-ਕਮਾਈ ਦੀ ਬਾਤ ਪਾਉਂਦੀ ਇਹ ਲਿਖਤ ਕਨੇਡੀਅਨ ਦੇ ਜੀਵਨ ਸੰਘਰਸ਼ ਦੀ ਅਜਿਹੀ ਸੁਗਠਿਤ ਤੇ ਸਜਿੰਦ ਬਾਤ ਪਾਉਂਦੀ ਹੈ ਕਿ ਸੁਣਦਿਆਂ ਸਾਡੇ ਲੂੰ-ਕੰਡੇ ਵੀ ਖੜੇ ਹੁੰਦੇ ਹਨ ਤੇ ਅਜਿਹੀ ਬੁਲੰਦ ਸ਼ਖ਼ਸੀਅਤ ਅੱਗੇ ਨੱਤ-ਮਸਤਕ ਹੋਣ ਨੂੰ ਵੀ ਜੀਅ ਕਰਦਾ ਹੈ। ਸਾਧੂ ਸਿੰਘ ਹੁਰਾਂ ਕਨੇਡੀਅਨ ਦੀ ਭਾਸ਼ਾਈ ਅਮੀਰੀ, ਅਖੁੱਟ ਗਿਆਨ-ਭੰਡਾਰ, ਪੰਜਾਬੀ ਸਭਿਆਚਾਰ ਤੇ ਇਤਿਹਾਸ ਦੀ ਤਰਕਸ਼ੀਲ ਤੇ ਵਿਗਿਆਨਕ ਸਮਝ ਅਤੇ ਲੋਕ-ਮਨਾਂ ’ਤੇ ਛਾ ਜਾਣ ਵਾਲੀ ਦਰਿਆਈ ਰਵਾਨੀ ਵਾਲੀ ਭਾਸ਼ਨ ਕਲਾ ਦਾ ਬਿਆਨ ਕਰਦਿਆਂ ਦੱਸਿਆ ਹੈ ਕਿ ਉਹਦੇ ਬੋਲ ਕਿਵੇਂ ਭੀੜਾਂ ਨੂੰ ਕੀਲ ਲੈਂਦੇ ਸਨ। ਕਨੇਡੀਅਨ ਚਾਹੁੰਦਾ ਤਾਂ ਕਨੇਡਾ ਵਿੱਚ ਰਹਿ ਕੇ ਸੁਖੀ ਜੀਵਨ ਭੋਗ ਸਕਦਾ ਸੀ। ਪਰ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਉਹਨੇ ਦੇਸ਼ ਵਿੱਚ ਆ ਕੇ ਆਪਣੇ ਆਪ ਨੂੰ ਲੋਕ-ਲਹਿਰ ਦੇ ਸਪਰਪਿਤ ਕਰ ਦਿੱਤਾ। ਲੋਕਾਂ ਲਈ ਉਮਰ ਭਰ ਲੜਦਾ ਰਿਹਾ, ਬੋਲਦਾ ਰਿਹਾ ਤੇ ਪੰਜਾਬ ਦੇ ਕਾਲੇ ਦੌਰ ਵਿਚ ਗੁਰੂ ਨਾਨਕ ਦੀ ਦਿੱਤੀ ਸਿਖਿਆ ’ਤੇ ਚੱਲਦਿਆਂ, ‘ਸੱਚ ਸੁਣਾਇਸੀ ਸੱਚ ਕੀ ਬੇਲਾ’ ਦਾ ਪਾਲਣ ਕਰਦਿਆਂ ਗੁਰੂ ਦੇ ਨਕਲੀ ਸਿੱਖਾਂ ਵੱਲੋਂ ਚਲਾਈਆਂ ਗੋਲੀਆਂ ਦਾ ਸ਼ਿਕਾਰ ਹੋ ਗਿਆ। ਇਸ ਹੀਰੇ ਇਨਸਾਨ ਤੇ ਕਰਮ-ਯੋਗੀ ਬਾਰੇ ਹੋਰ ਜਾਨਣ ਲਈ ਵੀ ਇਹ ਕਿਤਾਬ ਪੜ੍ਹਨੀ ਜ਼ਰੂਰੀ ਹੈ।
ਕਰਮ ਸਿੰਘ ਮਾਨ ਵਲਾਇਤ ਤੋਂ ਬਾਰ ਐਟ ਲਾਅ ਕਰ ਕੇ ਦੇਸ਼ ਪਰਤਿਆ ਅੰਗਰੇਜ਼ੀ ਪਹਿਰਾਵੇ ਤੇ ਦਿੱਖ ਵਾਲਾ ਅਜਿਹਾ ਸੁਨੱਖਾ ਨੌਜਵਾਨ ਸੀ, ਜਿਸ ਨੇ ਵਕਾਲਤ ਕਰਨ ਦੀ ਥਾਂ ਦਰਸ਼ਨ ਸਿੰਘ ਕਨੇਡੀਅਨ ਵਾਂਗ ਹੀ ਇਨਕਲਾਬ ਲਈ ਲੜਨ ਦਾ ਦ੍ਰਿੜ੍ਹ ਇਰਾਦਾ ਕਰ ਕੇ ਕਮਿਊਨਿਸਟ ਲਹਿਰ ਨਾਲ ਜੁੜਨ ਤੇ ਜੀਵਨ ਲੇਖੇ ਲਾਉਣ ਦਾ ਫ਼ੈਸਲਾ ਕੀਤਾ। ਕਰਮ ਸਿੰਘ ਮਾਨ ਵਾਂਗ ਹੀ ਵਲਾਇਤ ਪੜ੍ਹਨ ਗਏ ਕਾਮਰੇਡ ਨੌਨਿਹਾਲ ਦੇ ਪਿਤਾ ਗੁਰਪਾਲ ਸਿੰਘ ਚੱਠਾ ਨਾਲ ਮਾਨ ਦਾ ਯਾਰਾਨਾ ਸੀ। ਨੌਨਿਹਾਲ ਹੁਰਾਂ ਦੀ ਮਾਤਾ ਦਾ ਗੋਤ ‘ਮਾਨ’ ਹੋਣ ਕਰ ਕੇ ਉਹ ਉਹਨੂੰ ਆਪਣੀ ਭੈਣ ਮੰਨ ਕੇ ਸਦਾ ‘ਬੀਬੀ ਜੀ’ ਆਖ ਕੇ ਸਤਿਕਾਰ ਦਿੰਦਾ ਰਿਹਾ ਸੀ। ਇਸ ਲਈ ਨੌਨਿਹਾਲ ਹੁਰੀਂ ਤੇ ਸਾਧੂ ਸਿੰਘ ਹੁਰੀਂ ਉਹਨੂੰ ‘ਮਾਮਾ ਜੀ’ ਕਹਿ ਕੇ ਸਤਿਕਾਰ ਦਿੰਦੇ ਸਨ। ਇਸ ਲਿਖਤ ਵਿਚ ਕਰਮ ਸਿੰਘ ਮਾਨ ਦੀ ਸ਼ਖ਼ਸੀਅਤ ਤੇ ਸੁਭਾਅ ਦੀਆਂ ਵਿਭਿੰਨ ਪਰਤਾਂ ਦ੍ਰਿਸ਼ਟੀਗੋਚਰ ਹੁੰਦੀਆਂ ਨੇ। ਦੇਸ਼ ਪਰਤ ਕੇ ਵਕਾਲਤ ਕਰਨ ਦੀ ਥਾਂ ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਲ ਹੋ ਗਿਆ ਤੇ ਕੁਲਵਕਤੀ ਕਾਰਕੁਨ ਬਣ ਕੇ ਵਿਚਰਨ ਲੱਗਾ। ਜ਼ਹੀਨ ਏਨਾ ਕਿ ਜਗਜੀਤ ਸਿੰਘ ਆਨੰਦ ਵਰਗੇ ਮੰਨਦੇ ਸਨ ਕਿ ਦਵੰਦਵਾਦੀ ਪਦਾਰਥਵਾਦ ਬਾਰੇ ਮੁਢਲੀ ਜਾਣਕਾਰੀ ਉਹਨੂੰ ਮਾਨ ਵੱਲੋਂ ਲਾਏ ਪਾਰਟੀ ਸਕੂਲ ਵਿਚੋਂ ਹੀ ਹਾਸਲ ਹੋਈ ਸੀ। ਉਹਨਾਂ ਵੇਲਿਆਂ ਵਿੱਚ ਵੱਡੇ ਕਮਿਊਨਿਸਟ ਨੇਤਾ ਵਜੋਂ ਜਾਣੇ ਜਾਂਦੇ ਮਾਨ ਨੂੰ ਕਿਸੇ ਕਾਰਨ ਕਮਿਊਨਿਸਟ ਪਾਰਟੀ ਦੀ ਕੁਲਵਕਤੀ ਸੇਵਾ ਨੂੰ ਤਿਆਗਣਾ ਪਿਆ, ਪਰ ਕਮਿਊਨਿਸਟ ਵਿਚਾਰਧਾਰਾ ਨਾਲ ਉਹ ਤਾਅ-ਉਮਰ ਜੁੜਿਆ ਰਿਹਾ। ਤੁਸੀਂ ਪੜ੍ਹ ਕੇ ਹੈਰਾਨ ਹੋ ਜਾਉਗੇ ਕਿ ਵਲਾਇਤ ਪਾਸ ਕਰ ਕੇ ਪਰਤਿਆ ਸੋਹਲ ਜਿਹਾ ਗੱਭਰੂ ਕਿਸੇ ਵੇਲੇ ਜ਼ਮੀਨ ਠੇਕੇ ’ਤੇ ਲੈ ਕੇ ਸੰਢਾਂ ਨਾਲ ਵੀ ਵਾਹੀ ਕਰਦਾ ਰਿਹਾ। ਪਰ ਇਹ ਵੀ ਸੱਚ ਹੈ ਕਿ ਬਾਅਦ ਵਿਚ ਉਹਨੇ ਵੱਡੇ ਸੌਦੇ ਕਰ ਕੇ ਵੱਡੀਆਂ ਕਮਾਈਆਂ ਕੀਤੀਆਂ ਤੇ ਬਹੁਤ ਵੱਡੀ ਜਾਇਦਾਦ ਵੀ ਬਣਾਈ। ਇਹ ਜਾਨਣਾ ਵੀ ਦਿਲਚਸਪ ਹੋਵੇਗਾ ਕਿ ਕਮਿਊਨਿਸਟ ਵਿਚਾਰਧਾਰਾ ਨਾਲ ਜੁੜਿਆ ਹੋਣ ਦੇ ਬਾਵਜੂਦ ਉਹ ਜੋਤਸ਼ੀ ਕੋਲੋਂ ‘ਤੰਤਰ’ ਬਣਵਾ ਕੇ ਜ਼ਮੀਨ ਵਿੱਚ ਵੀ ਦੱਬ ਸਕਦਾ ਹੈ ਤਾਕਿ ਉਸ ਵੱਲੋਂ ਖ਼ਰੀਦੀ ਹੋਈ ਕੀਮਤੀ ਜ਼ਮੀਨ ਸਰਕਾਰ ਕਿਸੇ ਸਕੀਮ ਅਧੀਨ ਕਬਜ਼ੇ ਵਿੱਚ ਨਾ ਲੈ ਲਵੇ। ਕਮਿਊਨਿਸਟ ਪਾਰਟੀ ਦੀ ਸਦਾ ਆਰਥਕ ਮਦਦ ਕਰਦੇ ਰਹਿਣ ਵਾਲੇ ਮਾਨ ਨੇ ਦਹਾਕਿਆਂ ਤੋਂ ਅਗਾਂਹਵਧੂ ਪੱਤਰਕਾਰਤਾ ਦੀ ਅਨੋਖੀ ਤੇ ਇਕੱਲੀ ਆਵਾਜ਼ ‘ਨਵਾਂ ਜ਼ਮਾਨਾ’ ਨੂੰ ਜਦੋਂ ਘੋਰ ਸੰਕਟ ਵਿੱਚ ਵੇਖਿਆ ਤਾਂ ਉਹੋ ਹੀ ਉਹਨੂੰ ਡੁੱਬਣੋਂ ਬਚਾਉਣ ਲਈ ਅੱਗੇ ਆਇਆ। ਇਸ ਲਿਖਤ ਨੂੰ ਪੜ੍ਹਨਾ ਅਨੂਠੇ ਅਨੁਭਵ ਵਿਚੋਂ ਗੁਜ਼ਰਨ ਵਾਂਗ ਹੈ।
ਜਗਜੀਤ ਸਿੰਘ ਆਨੰਦ ਸਰੋਤਿਆਂ ’ਤੇ ਜਾਦੂ ਧੂੜ ਦੇਣ ਵਾਲਾ ਬਾ-ਕਮਾਲ ਬੁਲਾਰਾ ਸੀ, ਬੇਮਿਸਾਲ ਅਨੁਵਾਦਕ ਸੀ। ਪੰਜਾਬੀ ਜ਼ਬਾਨ ਦੀ ਅਮੀਰੀ ਉਹਦੇ ਬੋਲੇ ਬੋਲਾਂ ਤੇ ਲਿਖੇ ਸ਼ਬਦਾਂ ਵਿਚੋਂ ਡੁੱਲ੍ਹ ਡੁੱਲ੍ਹ ਪੈਂਦੀ ਸੀ। ਕਮਿਊਨਿਸਟ ਆਗੂ ਵੀ ਰਿਹਾ ਤੇ ਵੱਡਾ ਪੱਤਰਕਾਰ ਵੀ। ਪੱਤਰਕਾਰੀ ਵੀ ਅਜਿਹੀ ਜਿਸ ਨੂੰ ਕੁਲਵੰਤ ਸਿੰਘ ਵਿਰਕ, ‘ਛੋਹਲੇ ਪੈਰੀਂ ਕੀਤੀ ਸਾਹਿਤਕਾਰੀ’ ਕਿਹਾ ਕਰਦਾ ਸੀ। ਕਲਮ ਦੀ ਨੋਕ ਵਿਚੋਂ ਛਲਕ-ਛਲਕ ਤੇ ਡੁੱਲ੍ਹ-ਡੁੱਲ੍ਹ ਪੈਂਦੀਆਂ ਪੱਤਰਕਾਰੀ ਤੇ ਸਾਹਿਤਕ ਰਚਨਾਵਾਂ ਵਿਚੋਂ ਸਹਿਜੇ ਹੀ ਇਹ ਅਨੁਮਾਨ ਲਾਇਆ ਜਾ ਸਕਦਾ ਹੈ ਕਿ ਉਹਦੇ ਮਨ ਦੀਆਂ ਤਹਿਆਂ ਅੰਦਰ ਧੁਰ ਡੂੰਘਾਣਾਂ ਵਿੱਚ ਸੰਵੇਦਨਸ਼ੀਲਤਾ ਤੇ ਸਾਹਿਤਕਤਾ ਦਾ ਜੋ ਰੰਗ-ਬ-ਰੰਗਾ ਸਰ-ਚਸ਼ਮਾ ਝਰ ਝਰ ਕਰਦਾ, ਝੰਮ ਝੰਮ ਲਿਸ਼ਕਦਾ ਤੇ ਕਲ ਕਲ ਵਗਦਾ ਪਿਆ ਹੈ, ਉਹਦੇ ਰੰਗਾਂ ਦੀ ਬਦੌਲਤ ਹੀ ਉਹਦੇ ਖੁਸ਼ਕ ਸਿਧਾਂਤਕ ਪ੍ਰਵਚਨ ਵੀ ਸੁਣਨ-ਯੋਗ ਤੇ ਪੜ੍ਹਣ-ਯੋਗ, ਮਾਨਣ-ਯੋਗ ਤੇ ਮੰਨਣ-ਯੋਗ ਬਣ ਜਾਂਦੇ ਸਨ। ਜਗਜੀਤ ਸਿੰਘ ਆਨੰਦ ਦੀ ਬਹੁਪਾਸਾਰੀ ਅਲੋਕਾਰ ਸ਼ਖ਼ਸੀਅਤ ਦੀਆਂ ਰੁਚੀਆਂ, ਝੁਕਾਵਾਂ ਤੇ ਜੀਵਨ ਸਰਗਰਮੀਆਂ ਦੀ ਤਰਤੀਬ ਭਾਵੇਂ ਸਿਆਸਤ ਤੋਂ ਤੁਰ ਕੇ, ਪੱਤਰਕਾਰੀ ਵਿਚੋਂ ਹੁੰਦੀ ਹੋਈ ਸਾਹਿਤਕਾਰੀ ਤੱਕ ਪੁੱਜਦੀ ਹੈ ਪਰ ਇਹ ਤਰਤੀਬ ਵੱਖੋ-ਵੱਖ ਖਾਨਿਆਂ ਵਿੱਚ ਵੰਡੀ ਹੋਈ ਨਹੀਂ ਸਗੋਂ ਇਸ ਦੇ ਰੰਗ ਇੱਕ ਖੇਤਰ ਤੋਂ ਦੂਜੇ ਖੇਤਰ ਵਿੱਚ ਪਿਘਲਦੇ, ਘੁਲਦੇ ਤੇ ਲਿਸ਼ਕਦੇ ਨਜ਼ਰ ਆਉਂਦੇ ਹਨ। ਵਿਭਿੰਨ ਖੇਤਰਾਂ ਵਿੱਚ ਜੁੜਵਾਂ ਤੇ ਜਾਨਦਾਰ ਕੰਮ ਕਰਕੇ ਆਪਣੀ ਕਿਰਤ ਕਮਾਈ ਨਾਲ ਉਸ ਨੇ ਅਜਿਹਾ ਬੁਲੰਦ ਆਪਾ ਸਿਰਜ ਲਿਆ ਕਿ ਪੰਜਾਬੀ ਜਨ-ਜੀਵਨ ਵਿੱਚ ਉਸ ਜਿਹੀ ਬਹੁ-ਬਿਧ ਪ੍ਰਤਿਭਾ ਵਾਲਾ ਉਹ ‘ਅਨੋਖਾ ਤੇ ਇਕੱਲਾ’ ਹੋ ਨਿਬੜਿਆ।
‘ਨਵਾਂ ਜ਼ਮਾਨਾਂ’ ਨੂੰ ਹੁਣ ਤੱਕ ਜਿਊਂਦਿਆਂ ਰੱਖਣ ਲਈ ਆਨੰਦ ਦੇ ਲਾਸਾਨੀ ਯੋਗਦਾਨ ਨੂੰ ਸਾਰਾ ਸਾਹਿਤਕ ਤੇ ਪੱਤਰਕਾਰੀ ਜਗਤ ਭਲੀ-ਭਾਂਤ ਜਾਣਦਾ ਹੈ। ਸਾਧੂ ਸਿੰਘ ਨੇ ਕੁਝ ਸਮਾਂ ‘ਨਵਾਂ ਜ਼ਮਾਨਾ’ ਵਿੱਚ ਕੰਮ ਵੀ ਕੀਤਾ ਸੀ ਤੇ ਆਨੰਦ ਦੀ ਨੇੜਤਾ ਵੀ ਮਾਣੀ ਤੇ ਉਹਦੀ ਸ਼ਖ਼ਸੀਅਤ ਦੇ ਬਦਲਦੇ ਰੰਗ ਵੀ ਨੇੜਿਉਂ ਵੇਖੇ। ਕਦੀ ਗੁੱਸੇ ਵਿੱਚ ਉੱਬਲਦਾ ਆਨੰਦ। ਕਦੇ ਇੱਕਦਮ ਪਿਘਲ ਕੇ ਅੱਥਰੂ ਬਣ ਜਾਣ ਵਾਲਾ ਆਨੰਦ। ਮੈਂ ਨਿੱਜੀ ਤੌਰ ’ਤੇ ਦੋਵਾਂ ਦੀ ਪੀਚਵੀਂ ਰਿਸ਼ਤਗੀ ਬਾਰੇ ਜਾਣਦਾ ਹੋਣ ਕਰ ਕੇ ਆਸ ਕਰਦਾ ਸਾਂ ਕਿ ਆਨੰਦ ਵਾਲੀ ਲਿਖਤ ਕੁਝ ਵਧੇਰੇ ਵਿਸਥਾਰ ਵਿੱਚ ਹੁੰਦੀ। ਤਦ ਵੀ, ਭਾਵੇਂ ਸੰਖੇਪ ਵਿਚ ਹੀ ਸਹੀ, ਸਾਧੂ ਸਿੰਘ ਨੇ ਆਨੰਦ ਹੁਰਾਂ ਦੇ ਜੀਵਨ ਤੇ ਸੋਚ ਦੇ ਬਹੁਤ ਸਾਰੇ ਪ੍ਰਸੰਗ ਸੰਕੇਤਿਕ ਰੂਪ ਵਿੱਚ ਪੇਸ਼ ਕਰ ਦਿੱਤੇ ਨੇ। ਆਪ ਗੁਰਬਖ਼ਸ਼ ਸਿੰਘ ਪ੍ਰੀਤਲੜੀ ਦੀ ਧੀ ਉਰਮਿਲਾ ਨਾਲ ਮੁਹੱਬਤ ਦਾ ਵਿਆਹ ਕਰਨ ਵਾਲੇ ਆਨੰਦ ਸਾਹਵੇਂ ਜਦੋਂ ਇਹ ਮਸਲਾ ਆਇਆ ਕਿ ਉਹਦੀ ਧੀ ਆਪਣੇ ਮੁਸਲਮਾਨ ਪ੍ਰੇਮੀ ਨਾਲ ਵਿਆਹ ਕਰਵਾ ਲਵੇ ਜਾਂ ਨਾ ਕਰਵਾਏ ਤਾਂ ਇਹ ਆਨੰਦ ਦੀ ਫ਼ਰਾਖ਼ਦਿਲੀ ਦਾ ਕਮਾਲ ਹੀ ਸੀ ਕਿ ਉਹਨੇ ਧੀ ਨੂੰ ਆਗਿਆ ਦਿੱਤੀ ਕਿ ਪਹਿਲਾਂ ਉਹ ਕੁਝ ਦਿਨ ਉਸ ਲੜਕੇ ਦੇ ਪਰਿਵਾਰ ਵਿਚ ਰਹਿ-ਵਿਚਰ ਕੇ ਵੇਖੇ ਤੇ ਉਸਤੋਂ ਬਾਅਦ ਜੋ ਵੀ ਫ਼ੈਸਲਾ ਦੇਵੇ ਉਹਨੂੰ ਮਨਜ਼ੂਰ ਹੋਵੇਗਾ। ਕੁੜੀ ਨੇ ਕਸ਼ਮੀਰ ਜਾ ਕੇ ਉਸ ਮੁਸਲਿਮ ਪਰਿਵਾਰ ਵਿਚ ਰਹਿ ਕੇ ਅਨੁਭਵ ਕੀਤਾ ਕਿ ਇਹ ਰਿਸ਼ਤਾ ਉਸ ਲਈ ਸੁਖਾਂਵਾਂ ਨਹੀਂ ਰਹੇਗਾ ਤੇ ਉਸ ਮੁੰਡੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਅਜਿਹਾ ਸੀ ਜਗਜੀਤ ਸਿੰਘ ਆਨੰਦ!
ਨੌਨਿਹਾਲ ਬਾਈ ਸਾਧੂ ਸਿੰਘ ਦਾ ਜਿਗਰੀ ਯਾਰ ਸੀ। ਸਾਧੂ ਸਿੰਘ ਰਾਹੀਂ ਹੀ ਮੇਰੀ ਨੌਨਿਹਾਲ ਤੇ ਸਾਰੇ ਚੱਠਾ ਪਰਿਵਾਰ ਨਾਲ ਗੂੜ੍ਹੀ ਸਾਂਝ ਪਈ। ਨੌਨਿਹਾਲ ਅਮੀਰ ਬਾਪ ਦਾ ਵੱਡਾ ਪੁੱਤ। ਐਮ ਏ ਪਾਸ। ਪਰ ਚੜ੍ਹਦੀ ਉਮਰੇ ਕਮਿਊਨਿਸਟ ਲਹਿਰ ਨਾਲ ਜੁੜ ਗਿਆ। ਘਰ ਦੀ ਅਮੀਰੀ ਤਿਆਗ ਕੇ ਗਰੀਬਾਂ ਵਿੱਚ ਰਹਿ ਕੇ, ਗਰੀਬਾਂ ਵਾਂਗ ਜੀ-ਵਿਚਰ ਕੇ ਉਹਨਾਂ ਦੇ ਜੀਵਨ ਨੂੰ ਬਦਲਣ ਲਈ ਜੂਝਣ ਵਾਲਾ ਨੌਜਵਾਨ। ਰਾਜ ਤੇ ਸਮਾਜ ਨੂੰ ਬਦਲਣ ਦਾ ਸੁਪਨਾ ਅੱਖਾਂ ਵਿੱਚ ਤਰਦਾ। ਸਾਧੂ ਸਿੰਘ ਨਾਲ ਉਹਦੀ ਯਾਰੀ ਉਹਨਾਂ ਦਿਨਾਂ ਵਿਚ ਹੀ ਗੂੜ੍ਹੀ ਹੋ ਗਈ ਸੀ ਜਦੋਂ ਫ਼ਗਵਾੜੇ ਦੀ ਜਗਤਜੀਤ ਮਿੱਲ ਦੇ ਮਜ਼ਦੂਰਾਂ ਵਿਚ ਕੰਮ ਕਰਨ ਲਈ ਨੌਨਿਹਾਲ ਨੂੰ ਭੇਜਿਆ ਗਿਆ। ਉਹਦੇ ਫ਼ਗਵਾੜੇ ਵਿੱਚ ਰਹਿਣ ਦਾ ਬੰਦੋਬਸਤ ਸਾਧੂ ਸਿੰਘ ਨੇ ਹੀ ਕੀਤਾ। ਉਦੋਂ ਦਾ ਬਣਿਆਂ ਇਹ ਰਿਸ਼ਤਾ ਤਾਅ-ਉਮਰ ਨਿਭਿਆ। ਚੱਠਾ-ਪਰਿਵਾਰ ਤੇ ਸਾਧੂ ਸਿੰਘ ਹੁਰਾਂ ਦਾ ਪਰਿਵਾਰ ਕਿਵੇਂ ਇੱਕ ਦੂਜੇ ਦੀ ਦੇਹ-ਜਾਨ ਸਨ, ਇਸਦੇ ਹਵਾਲੇ ਤੁਹਾਨੂੰ ਇਸ ਲਿਖਤ ਵਿਚੋਂ ਤਾਂ ਭਲੀ-ਭਾਂਤ ਮਿਲ ਹੀ ਜਾਣਗੇ, ਮੈਂ ਖ਼ੁਦ ਵੀ ਇਹਨਾਂ ਰਿਸ਼ਤਿਆਂ ਦੇ ਹੁਸਨ ਦੇ ਰੰਗ ਨੇੜਿਉਂ ਮਾਣੇ ਹੋਏ ਨੇ। ਫ਼ਗਵਾੜੇ ਵਿਚ ਚੱਲਦੀ ਐਜੀਟੇਸ਼ਨ ਤੋਂ ਦੁਖੀ ਹੋ ਕੇ ਮਾਲਕਾਂ ਨੇ ਘਿਨੌਣੀ ਚਾਲ ਖੇਡੀ ਸੀ। ਮਾਲਕਾਂ ਵੱਲੋਂ ਮਿੱਲ ਦੇ ਗੇਟ ’ਤੇ ਧਰਨੇ ’ਤੇ ਬੈਠੇ ਨੌਨਿਹਾਲ ਨੂੰ ਮਾਰਨ ਲਈ ਪਾਰਸਲ-ਬੰਬ ਭੇਜਿਆ ਗਿਆ। ਬੰਬ ਦੇ ਫਟਣ ਨਾਲ ਕੁਝ ਮੌਤਾਂ ਹੋਈਆਂ। ਨੌਨਿਹਾਲ ਜ਼ਖ਼ਮੀ ਤਾਂ ਹੋਇਆ,ਪਰ, ਬਚ ਗਿਆ। ਇਸ ਬਾਰੇ ਸਾਧੂ ਸਿੰਘ ਨੇ ਇੱਕ ਯਾਦਗਾਰੀ ਕਹਾਣੀ ਲਿਖੀ ਸੀ, ‘ਮਿੱਲ ਗੇਟ ਦਾ ਮਸੀਹਾ’। ਦੋਵਾਂ ਯਾਰਾਂ ਦੀ ਦੋਸਤੀ ਦੀ ਬਹੁ-ਰੰਗਤਾ ਦੇ ਦੀਦਾਰ ਹੁੰਦੇ ਨੇ ਇਸ ਲਿਖਤ ਵਿਚੋਂ। ‘ਨਵਾਂ ਜ਼ਮਾਨਾਂ’ ਨੂੰ ਚਾਲੂ ਰੱਖਣ ਵਿੱਚ ਪਾਏ ਅਣਮੁੱਲੇ ਯੋਗਦਾਨ ਤੋਂ ਇਲਾਵਾ ਦੇਸ਼ ਭਗਤ ਯਾਦਗਾਰ ਕਮੇਟੀ ਵਿਚ ਪ੍ਰਧਾਨ ਤੇ ਜਨਰਲ ਸਕੱਤਰ ਵਜੋਂ ਕੰਮ ਕਰ ਕੇ ਨੌਨਿਹਾਲ ਨੇ ਚੋਖੀ ਪ੍ਰਸੰਸਾ ਖੱਟੀ ਸੀ। ਸਰੀਰਕ ਹਾਲਤ ਠੀਕ ਨਾ ਹੋਣ ਕਰ ਕੇ ਉਹ ਆਪਣੀ ਧੀ ਕੀਰਤ ਕੋਲ ਧਰਮਸਾਲਾ ਗਿਆ ਹੋਇਆ ਸੀ ਕਿ ਓਥੇ ਹੀ ਸਰੀਰ ਤਿਆਗ ਗਿਆ। ਪਰ ਹਾਲਾਤ ਦੀ ਵਿਡੰਬਨਾਂ ਵੇਖੋ ਹਜ਼ਾਰਾਂ ਲੋਕਾਂ ਦਾ ਚਹੇਤਾ ਆਗੂ ਤੇ ਪਿਆਰਾ ਇਨਸਾਨ , ਕਾਰੋਨਾ ਦੀਆਂ ਪਾਬੰਦੀਆਂ ਕਾਰਨ, ਕੁਝ ਕੁ ਜੀਆਂ ਦੀ ਹਾਜ਼ਰੀ ਵਿਚ ਸਪੁਰਦ-ਏ-ਖ਼ਾਕ ਹੋ ਗਿਆ।
ਗੁਰਮੇਲ ਵੈਲੀ ਨੂੰ ਮੈਂ ਇੱਕ ਤੋਂ ਵੱਧ ਵਾਰ ਮਿਲਿਆ ਹੋਇਆ ਹਾਂ। ਉਹਦੀਆਂ ਗੱਲਾਂ ਵੀ ਸੁਣੀਆਂ ਹੋਈਆਂ ਨੇ। ਉਹਦੀਆਂ ਅੱਖਾਂ ਦੀ ਚਮਕ, ਕਦਮਾਂ ਦੀ ਛੋਹਲੀ ਤੇ ਬੋਲਾਂ ਦੀ ਲਿਸ਼ਕ ਮਾਣੀ ਹੋਈ ਹੈ। ਸਵੈ-ਮਾਣ ਨਾਲ ਭਰਿਆ ਰੰਗ-ਰੱਤਾ ਤੇ ਮੋਹ-ਵੰਤਾ ਇਨਸਾਨ। ਆਖਣ ਨੂੰ ਦਰਜਾ ਚਾਰ ਮੁਲਾਜ਼ਮ ਸਾਧੂ ਸਿੰਘ ਵਾਸਤੇ ਪਹਿਲੇ ਦਰਜੇ ਦਾ ਬੰਦਾ ਸੀ। ਐਵੇਂ ਤਾਂ ਨਹੀਂ, ਪੰਜਾਬ ਦੀਆਂ ਵਿਭਿੰਨ ਖ਼ੇਤਰਾਂ ਦੀਆਂ ਨਾਮਵਰ ਹਸਤੀਆਂ ਵਿਚ ਬਰਾਬਰ ਰੱਖ ਕੇ ਉਹਦਾ ਜ਼ਿਕਰ ਕੀਤਾ ਗਿਆ।
ਸਾਧੂ ਸਿੰਘ ਹੁਰਾਂ ਦੀ ਵੱਡੀ ਭੈਣ ਚਰਨੀਂ ਦੇ ਪਿੰਡ ਸਾਧੂ ਸਿੰਘ ਦੇ ਨਾਲ ਜਾ ਕੇ ਮੈਨੂੰ ਉਹਦੇ ਵੀ ਚਰਨ ਪਰਸਨ ਦਾ ਮੌਕਾ ਨਸੀਬ ਹੋਇਆ ਹੈ। ਭੈਣ ਚਰਨੀ ਦੇ ਜੀਵਨ-ਬਿਰਤਾਂਤ ਦਾ ਇੱਕ ਵੇਰਵਾ ਇਸ ਲਿਖਤ ਵਿਚ ਦਰਜ ਹੈ। ਪਿੰਡ ਦੇ ਦਰਜੀ ਸਾਧੂ ਦੀ ਧੀ ਦਾ ਵਿਆਹ ਹੈ। ਦਸ ਹਜ਼ਾਰ ਉਸ ਕੋਲ ਹੈ ਤੇ ਦਸ ਹਜ਼ਾਰ ਦੀ ਮੰਗ ਉਹ ਭੈਣ ਚਰਨੀ ਦੇ ਪੁੱਤ ਸੀਤਲ ਕੋਲੋਂ ਕਰਦਾ ਹੈ। ਸੀਤਲ ਰਾਜ਼ੀ ਹੈ, ਪਰ ਪੈਸੇ ਮਾਂ ਦੇ ਕਹਿਣ ਤੋਂ ਬਿਨਾਂ ਦੇ ਨਹੀਂ ਸਕਦਾ। ਦੋਵੇਂ ਸਲਾਹ ਕਰਦੇ ਹਨ ਤੇ ਪਹਿਲਾਂ ਮਿਥੇ ਅਨੁਸਾਰ ਸਾਧੂ ਉਦੋਂ ਘਰ ਆਉਂਦਾ ਹੈ, ਜਦੋਂ ਸੀਤਲ ਵੀ ਘਰ ਵਿੱਚ ਹੈ। ਸਾਧੂ ਭੈਣ ਚਰਨੀ ਕੋਲ ਆਪਣੀ ਬੇਨਤੀ ਕਰਦਾ ਹੈ ਤਾਂ ਭੈਣ ਆਪਣੇ ਪੁੱਤ ਨੂੰ ਚੌਦਾਂ ਹਜ਼ਾਰ ਆੜ੍ਹਤੀਏ ਕੋਲੋਂ ਦਿਵਾ ਦੇਣ ਲਈ ਆਖਦੀ ਹੈ। ਪਰ ਸਾਧੂ ਦਰਜ਼ੀ ਲੁਧਿਆਣੋਂ ਤੋਂ ਪਰਤਦਿਆਂ ਕਿਸੇ ਤੀਵੀਂ ਦੇ ਬੈਗ ਨਾਲ ਆਪਣਾ ਬੈਗ ਵਟਾ ਬੈਠਦਾ ਹੈ। ਧੀ ਦਾ ਵਿਆਹ ਸਿਰ ’ਤੇ ਹੈ ਤੇ ਉਹ ਲੁੱਟਿਆ-ਪੁੱਟਿਆ ਗਿਆ ਹੈ। ਵਿੱਚੇ ਭੈਣ ਦੇ ਦਸ ਹਜ਼ਾਰ ਵੀ ਗਏ। ਪਰ ਭੈਣ ਚਰਨੀ ਫੇਰ ਵੀ ਹੌਂਸਲਾ ਦਿੰਦੀ ਹੈ, “ਤੂੰ ਬਹੁਤਾ ਦਿਲ ਨੂੰ ਨਾ ਲਾ। ਇਉਂ ਸੋਚ ਕਿ ਦਸ ਹਜ਼ਾਰ ਤਾਂ ਗਵਾਚ ਗਿਆ ਤੇਰਾ ਤੇ ਦਸ ਗੁਆਚ ਗਿਆ ਸੀਤਲ ਸੂੰਹ (ਭੈਣ ਦੇ ਲੜਕੇ) ਦਾ। ਆਪਾਂ ਹੁਣ ਗਾਂਹ ਦੀ ਸੋਚੀਏ। ਜਾਉ ਮੇਰੇ ਮੱਲ! ਰਲ-ਮਿਲ ਕੇ ਅਗਲੀ ਸੋਚੋ। ਮੈਂ ਵੀ ਐਵੇਂ ਖ਼ਾਲੀ ਹੱਥੀਂ ਨਹੀਂ ਬੈਠੀ। ਜੋ ਬਣਿਆ ਧੀ-ਧਿਆਣੀ ਦੇ ਸੁਦ ਵਿਚ ਬਣਦਾ ਹਿੱਸਾ ਮੈਂ ਵੀ ਪਾ ਦਊਂ।”
ਇਹ ਤਾਂ ਸੀ ਦਰਿਆ ਦਿਲ ਭੈਣ ਤੇ ਉਹਦੇ ਪੁੱਤ ਸੀਤਲ ਸੁੰਹ ਦੀ ਦਾਸਤਾਨ। ਪਰ ਦੂਜੇ ਪਾਸੇ ਵੀ ਐਸੇ ਹੀ ਸਤਿਜੁਗੀ ਲੋਕ ਸਨ। ਜਦ ਤੀਵੀਂ ਨੇ ਵੇਖਿਆ ਕਿ ਬੈਗ ਤਾਂ ਕਿਸੇ ਨਾਲ ਬਦਲ ਗਿਆ। ਕਿਸੇ ਗਰੀਬ ਦੇ ਪੈਸੇ ਉਸ ਕੋਲ ਆ ਗਏ ਨੇ। ਬੈਗ ਵਿੱਚ ਸਾਧੂ ਦੀ ਬੈਂਕ ਦੀ ਕਾਪੀ ਤੋਂ ਸਾਧੂ ਦਾ ਪਤਾ ਮਿਲ ਜਾਂਦਾ ਹੈ। ਉਹ ਓਸੇ ਵੇਲੇ ਘਰਵਾਲੇ ਨੂੰ ਨਾਲ ਲੈ ਕੇ ਸਾਧੂ ਦੇ ਘਰ ਪਹੁੰਚਦੀ ਹੈ ਤੇ ਪੈਸਿਆਂ ਵਾਲਾ ਬੈਗ ਵਾਪਸ ਕਰ ਕੇ ਸੁਖ ਦਾ ਸਾਹ ਲੈਂਦੀ ਹੈ।
ਸਤਿਜੁਗੀ ਲੋਕਾਂ ਦੀ ਅਜਿਹੀ ਕਥਾ ਨਾਲ ਸਾਧੂ ਸਿੰਘ ਅਖ਼ੀਰ ’ਤੇ ਆਪਣੀ ਪਤਨੀ ਤੇ ਧੀਆਂ ਦੇ ਯੋਗਦਾਨ ਲਈ ਮੁਹੱਬਤਾਂ ਦਿੰਦਾ ਹੋਇਆ ਲਿਖਤ ਨੂੰ ਵਿਰਾਮ ਦਿੰਦਾ ਹੈ।
ਇਸ ਪੁਸਤਕ ਦੇ ਸਾਰੇ ਪਾਤਰ ਬਹੁਤ ਪਿਆਰੇ ਹਨ, ਪਰ ਪੁਸਤਕ ਪੜ੍ਹਨ ਤੋਂ ਬਾਅਦ ਤੁਹਾਨੂੰ ਹੋਰ ਵੀ ਪਿਆਰੇ ਲੱਗਣ ਲੱਗ ਜਾਂਦੇ ਨੇ। ਇਸ ਵਿਚ ਕਮਾਲ ਉਹਨਾਂ ਪਾਤਰਾਂ ਦੀ ਸ਼ਖ਼ਸੀਅਤ ਦਾ ਵੀ ਹੈ ਤੇ ਸਾਧੂ ਸਿੰਘ ਦੀ ਵਾਰਤਕ ਸਿਰਜਣ ਦੀ ਹੁਨਰਮੰਦੀ ਤੇ ਪੁਰ-ਖ਼ਲੂਸ ਨਜ਼ਰੀਏ ਦਾ ਵੀ।
ਪੁਸਤਕ ਸਾਧੂ ਭਾਅ ਜੀ ਦੇ ਪ੍ਰਸੰਸਕ ਸਤੀਸ਼ ਗੁਲਾਟੀ ਨੇ ‘ਚੇਤਨਾ ਪ੍ਰਕਾਸ਼ਨ’ ਵੱਲੋਂ ਛਾਪੀ ਹੈ।
-0-¬
(punjabtimesusa.com ਵਿਚੋਂ ਧੰਨਵਾਦ ਸਹਿਤ)