ਸ਼ਮਸੁਲ ਇਸਲਾਮ ਵੱਲੋਂ ਲਿਖੀ ਗਈ ਕਿਤਾਬ ‘ਸਾਵਰਕਰ-ਹਿੰਦੂਤਵ ਮਿਥਕ ਅਤੇ ਸੱਚ’ ਵਿਚ ਸਾਵਰਕਰ ਦੀ ਵਿਚਾਰਧਾਰਾ, ਉਨ੍ਹਾਂ ਦਾ ਮਾਫੀਨਾਮਾ, ਸੈਲੁਲਰ ਜੇਲ ਦੀਆਂ ਯਾਤਨਾਵਾਂ, ਹਿੰਦੂ ਅਤੇ ਹਿੰਦੂਤਵ ਨਾਲ ਜੁੜੀਆਂ ਕਈ ਗੱਲਾ ’ਤੇ ਮੰਧਨ ਕਰਦੀ ਹੈ। ਇਸ ਨਾਲ ਇਕ ਗੱਲ ਸਾਫ ਹੁੰਦੀ ਹੈ ਕਿ ਮਾਫੀਨਾਮੇ ਨੇ ਸਾਵਰਕਰ ਦੇ ਸਾਰੇ ਚੰਗੇ ਕੰਮਾਂ ਨੂੰ ਕਿਵੇਂ ਧੋ ਦਿੱਤਾ। ਉਨ੍ਹਾਂ ਦਾ ਅੰਗਰੇਜ਼ਾਂ ਅੱਗੇ ਗੋਡੇ ਟੇਕਣਾ, ਰਿਹਾਈ ਲਈ ਅੰਗਰੇਜ਼ਾਂ ਨੂੰ ਲਿਖੇ ਗਏ ਮਾਫੀਨਾਮੇ ਅਤੇ ਜੇਲ੍ਹੋਂ ਨਿਕਲਣ ਤੋਂ ਬਾਅਦ ਅੰਗਰੇਜ਼ਾਂ ਅੱਗੇ ਨਤਮਸਤਕ ਰਹਿਣਾ ਉਨ੍ਹਾਂ ਦੇ ਦੇਸ਼ਭਗਤੀ ਦੇ ਕੰਮਾ ’ਤੇ ਵੀ ਪਾਣੀ ਫੇਰ ਦਿੰਦਾ ਹੈ।
ਸਾਵਰਕਰ ਇਕ ਹਿੰਦੂ ਰਾਸ਼ਟਰ ਦਾ ਨਿਰਮਾਣ ਕਰਨਾ ਚਾਹੁੰਦੇ ਸਨ। ਮੁਗ਼ਲਕਾਲ ਵਿਚ ਚਾਕੂ ਤੇ ਬੰਦੂਕ ਦੀ ਨੋਕ ’ਤੇ ਹਿੰਦੂਆਂ ਤੋਂ ਮੁਸਲਮਾਨ ਬਣਾਏ ਗਏ ਲੋਕਾ ਨੁੰ ਹਿੰਦੂ ਹੀ ਮੰਨਦੇ ਸਨ ਤੇ ਉਨ੍ਹਾਂ ਦਾ ਸ਼ੁੱਧੀਕਰਨ ਕਰਨਾ ਚਾਹੁੰਦੇ ਸਨ। ਜੋ ਆਪਣੇ ਧਰਮ ਵਿਚ ਆਪਣੀ ਮਰਜ਼ੀ ਨਾਲ ਵਾਪਸ ਆਉਣਾ ਚਾਹੇ, ਆ ਸਕਦਾ ਹੈ। ਇਸ ਵਿਚ ਕੁਝ ਵੀ ਗਲਤ ਨਹੀਂ। ਸਾਵਰਕਰ ਬੱਸ ਉਨ੍ਹਾਂ ਦੀ ਮਦਦ ਕਰਨਾ ਚਾਹੁੰਦੇ ਸਨ। ਜੇਕਰ ਸਾਵਰਕਰ ਹਿੰਦੂ ਰਾਸ਼ਟਰ ਬਣਾਉਣ ਦਾ ਸੁਪਨਾ ਵੀ ਵੇਖਦੇ ਨੇ ਤਾਂ ਇਸ ਵਿਚ ਕੀ ਗਲਤ ਹੈ? ਇਸਨੂੰ ਸਮਝਣ ਲਈ ਉਨ੍ਹਾਂ ਦੀ ਹਿੰਦੂ ਰਾਸ਼ਟਰ ਦੀ ਅਵਧਾਰਨਾ ਨੂੰ ਸਮਝਣਾ ਜ਼ਰੂਰੀ ਹੈ ਕਿ ਆਖਿਰ ਉਨ੍ਹਾਂ ਦਾ ਹਿੰਦੂ ਰਾਸ਼ਟਰ ਕਿਹੋ ਜਿਹਾ ਹੈ।
ਇਸ ਦੁਨੀਆਂ ਵਿਚ ਧਰਮ ਦੇ ਨਾਂਅ ’ਤੇ ਰਾਸ਼ਟਰ ਪਹਿਲਾਂ ਹੀ ਹਨ। ਇਸ ਵਿਚ ਕੁਝ ਵੀ ਨਵਾਂ ਨਹੀਂ। ਸਾਵਰਕਰ ਦੀ ਗਲਤੀ ਬੱਸ ਹਿੰਨੀ ਹੈ ਕਿ ਹਿੰਦੂ ਰਾਸ਼ਟਰ ਦੇ ਨਿਰਮਾਣ ਲਈ ਉਨ੍ਹਾਂ ਜਿਹੜਾ ਤਰੀਕਾ ਅਪਣਾਇਆ ਉਹ ਗਲਤ ਸੀ। ਆਪਣਾ ਲਕਸ਼ ਸਾਧਣ ਲਈ ਉਨ੍ਹਾਂ ਅੰਗਰੇਜ਼ਾਂ ਦਾ ਸਾਥ ਦਿੱਤਾ। ਉਹ ਕਾਂਗਰਸ ਯਾਨੀ ਮਹਾਤਮਾ ਗਾਂਧੀ ਤੇ ਪੰਡਿਤ ਜਵਾਹਰਲਾਲ ਨੇਹਰੂ ਦਾ ਵਿਰੋਧ ਕਰਦੇ-ਕਰਦੇ ਅੰਗਰੇਜ਼ਾਂ ਦਾ ਸਮਰਥਨ ਕਰਨ ਲੱਗੇ। ਉਹ ਚਾਹੁੰਦੇ ਤਾਂ ਕੋਈ ਤੀਜਾ ਰਸਤਾ ਕੱਢ ਸਕਦੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ। ਇਸਦੀ ਵਜ੍ਹਾ ਕੁਝ ਹੱਦ ਤੱਕ ਉਨ੍ਹਾਂ ਦਾ ਆਪਣੇ ਪ੍ਰਤੀ ਸਵਾਰਥ ਹੋ ਸਕਦਾ ਹੈ। ਉਹ ਸੈਲੁਲਰ ਜੇਲ੍ਹ ਵਿਚ ਕਾਲਾਪਾਣੀ ਦੀ ਸਜ਼ਾ ਕੱਟ ਰਹੇ ਹੋਰਨਾਂ ਕ੍ਰਾਂਤੀਕਾਰੀਆਂ ਵਾਂਗ ਅੰਗਰੇਜ਼ੀ ਹਕੂਮਤ ਵੱਲੋਂ ਦਿੱਤੀਆਂ ਜਾਣ ਵਾਲੀਆਂ ਯਾਤਨਾਵਾਂ ਨਹੀਂ ਸਹਿਣਾ ਚਾਹੁੰਦੇ ਸਨ। ਉਨ੍ਹਾਂ ਨੂੰ 50 ਸਾਲ ਦੀ ਸਜ਼ਾ ਹੋਈ ਸੀ ਪਰ ਅੰਗਰੇਜ਼ਾਂ ਦੇ ਪੈਰਾਂ ’ਚ ਡਿੱਗਦੇ ਹੋਏ ਉਹ 13 ਸਾਲ ਤੋਂ ਵੀ ਘੱਟ ਸਮੇਂ ’ਚ ਬਾਹਰ ਆ ਗਏ। ਆਰਐਸਐਸ ਦਾ ਕਹਿਣਾ ਹੈ ਕਿ ਅੰਗਰੇਜ਼ਾਂ ਕੋਲੋਂ ਸਾਵਰਕਰ ਦਾ ਮਾਫੀਨਾਮਾ ਮਹਿਜ਼ ਇਕ ਚਾਲ ਸੀ। ਉਹ ਆਪਣੀ ਜ਼ਿੰਦਗੀ, ਏਥੇ ਬਿਤਾ ਕੇ ਖਰਾਬ ਕਰਨ ਦੀ ਜਗ੍ਹਾ, ਹਿੰਦੂ ਰਾਸ਼ਟਰ ਨਿਰਮਾਣ ਵਿਚ ਲਾਉਣਾ ਚਾਹੁੰਦੇ ਸਨ। ਇਸ ਲਈ ਉਨ੍ਹਾਂ ਨੇ ਅਜਿਹਾ ਕੀਤਾ। ਇਸ ਗੱਲ ਨੂੰ ਸੱਚ ਅਤੇ ਝੂਠ ਸਾਬਤ ਕਰਨ ਵਿਚ ਦੋਹਾਂ ਧਿਰਾਂ ਵੱਲੋਂ ਕਈ ਤੱਥ ਅਤੇ ਸਬੂਤ ਪੇਸ਼ ਕੀਤੇ ਜਾਂਦੇ ਨੇ ਪਰ ਇਹਦੀ ਅਸਲ ਸੱਚਾਈ ਸਿਰਫ ਸਾਵਰਕਰ ਹੀ ਜਾਣਦੇ ਸਨ।
ਇਸ ਕਿਤਾਬ ਵਿਚ ਦਿੱਤੇ ਗਏ ਸਾਵਰਕਰ ਦੇ ਮਾਫੀਨਾਮੇ ਦੇ ਸਬੂਤਾਂ ਦੀ ਰੌਸ਼ਨੀ ਵਿਚ ਵੇਖੀਏ ਤਾਂ ਅਜਿਹਾ ਲੱਗਦਾ ਹੈ ਕਿ ਉਹ ਜੇਲ੍ਹ ਤੋਂ ਰਿਹਾ ਹੋਣਾ ਚਾਹੁੰਦੇ ਸਨ। ਇਸਦੇ ਲਈ ਉਹ ਕੁਝ ਵੀ ਕਰਨ ਨੂੰ ਤਿਆਰ ਸਨ। ਇਸ ਕਿਤਾਬ ਮੁਤਾਬਿਕ ਸਾਵਰਕਰ ਨੂੰ ਮੌਕਾਪ੍ਰਸਤ ਕਿਹਾ ਜਾ ਸਕਦਾ ਹੈ। ਉਨ੍ਹਾਂ ਦਾ ਲਕਸ਼ ਹਿੰਦੂ ਰਾਸ਼ਟਰ ਨਿਰਮਾਣ ਦਾ ਸੀ ਪਰ ਇਸ ਲਈ ਉਹ ਸਹੀ ਅਤੇ ਗਲਤ ਦੋਵੇਂ ਤਰੀਕੇ ਅਜ਼ਮਾਉਣ ਤੋਂ ਗੁਰੇਜ਼ ਨਹੀਂ ਕਰਦੇ। ਉਹ ਸ਼ਹੀਦ ਭਗਤ ਸਿੰਘ, ਚੰਦਰਸ਼ੇਖਰ ਆਜ਼ਾਦ ਵਰਗੇ ਕ੍ਰਾਂਤੀਕਾਰੀਆਂ ਵਾਂਗ ਆਪਣੀਆਂ ਕਹੀਆਂ ਗੱਲਾਂ ’ਤੇ ਅਡਿੱਗ ਰਹਿਣ ਵਾਲੇ, ਜਾਨ ਦੀ ਬਾਜ਼ੀ ਲਾਉਣ ਵਾਲੇ ਯੋਧਾ ਨਹੀਂ ਬਲਕਿ ਖੁੱਦ ਨੂੰ ਸੁਰੱਖਿਅਤ ਕਰਦੇ ਹੋਏ ਆਪਣੇ ਲਕਸ਼ ’ਤੇ ਪਹੁੰਚਣਾ ਚਾਹੁੰਦੇ ਸਨ।
ਹੁਣ ਗੱਲ ਲੇਖਕ ਦੀ
ਇਸ ਕਿਤਾਬ ਨੂੰ ਪੜ੍ਹਦੇ ਹੋਏ ਲੇਖਕ ਦਾ ਰਵਈਆ ਪੱਖਪਾਤੀ ਨਜ਼ਰ ਆਉਂਦਾ ਹੈ। ਆਪਣੀ ਲੇਖਣੀ ਅਤੇ ਭਾਸ਼ਾ ਦੁਆਰਾ ਸ਼ਮਸੁਲ ਇਸਲਾਮ ਬਹੁਤ ਬਰੀਕੀ ਨਾਲ ਸਾਵਰਕਰ ਦਾ ਵਿਰੋਧ ਕਰਦੇ ਹੋਏ ਮੁਸਲਮਾਨਾ ਦੀ ਪ੍ਰਸ਼ੰਸਾ ਕਰਦੇ ਦਿਖਾਈ ਦਿੰਦੇ ਹਨ। ਅਜਿਹਾ ਉਨ੍ਹਾਂ ਦਾ ਇਕ ਧਰਮ ਵਿਸ਼ੇਸ਼ ਨਾਲ ਜੁੜੇ ਹੋਣ ਕਾਰਨ ਵੀ ਹੋ ਸਕਦਾ ਹੈ। ਕਿਸੇ ਦਾ ਵੀ ਆਪਣੇ ਧਰਮ ਪ੍ਰਤੀ ਝੁਕਾਅ ਹੋਣਾ ਸੁਭਾਵਿਕ ਹੈ। ਇਸਦੇ ਬਾਵਜੂਦ ਕਿਤਾਬ ਵਿਚ ਸ਼ਮਸੁਲ ਇਸਲਾਮ ਦੀਆਂ ਕੁਝ ਗੱਲਾਂ ਸਹੀ ਲੱਗਦੀਆਂ ਨੇ। ਹਾਲਾਂਕਿ ਜ਼ਿਆਦਾਤਰ ਗੱਲਾਂ ਹਿੰਦੂ ਵਿਰੋਧੀ ਹੀ ਹਨ। ਜਿਵੇਂ- ਸਾਵਰਕਰ ਨਹੀਂ ਚਾਹੁੰਦੇ ਸਨ ਕਿ ਈਸਾਈ ਮਿਸ਼ਨੀਰੀ ਦੇਸ਼ ਵਿਚ ਪ੍ਰਚਾਰ ਕਰਲ ਅਤੇ ਲੋਕਾਂ ਨੂੰ ਈਸਾਈ ਬਣਾਉਣ। ਉਨ੍ਹਾਂ ਨੇ ਈਸਾਈ ਬਣੇ ਕਈ ਨੌਜਵਾਨਾਂ ਨੂੰ ਮੁੜ ਹਿੰਦੂ ਬਣਾਇਆ ਸੀ। ਇਸ ਗੱਲ ਲੂੰ ਲੇਖਕ ਨੇ ਸਹੀ ਨਹੀਂ ਗਰਦਾਨਿਆ। ਮੇਰੀ ਨਜ਼ਰ ਵਿਚ ਸਾਵਰਕਰ ਏਥੇ ਸਹੀ ਸਨ। ਕੀ ਅਸੀਂ ਅੱਜ ਪਾਕਿਸਤਾਨ ਜਾਂ ਹੋਰਨਾਂ ਮੁਸਲਿਮ ਰਾਸ਼ਟਰਾਂ ਵਿਚ ਲੋਕਾਂ ਨੂੰ ਹਿੰਦੂ ਧਰਮ ਅਪਣਾਉਣ ਲਈ ਪ੍ਰੇਰਿਤ ਕਰ ਸਕਦੇ ਹਾਂ! ਅਸੀਂ ਅਜਿਹਾ ਕਰੀਏ ਤਾਂ ਕੋਈ ਵੀ ਰਾਸ਼ਟਰ ਇਸਨੂੰ ਬਰਦਾਸ਼ਤ ਨਹੀਂ ਕਰੇਗਾ। ਇਸ ਤੱਥ ਦੇ ਆਧਾਰ ’ਤੇ ਵੇਖੀਏ ਤਾਂ ਸਾਵਰਕਰ ਨੂੰ ਇਹ ਬਰਦਾਸ਼ਤ ਨਹੀਂ ਸੀ ਕਿ ਕੋਈ ਹਿੰਦੂ ਕਿਸੇ ਦੂਜੇ ਧਰਮ ਨੂੰ ਅਪਣਾਏ। ਲੇਖਕ ਦੀ ਇਸ ਸੋਚ ਦੇ ਆਧਾਰ ’ਤੇ ਇਸ ਕਿਤਾਬ ਨੂੰ ਨਿਰਪੱਖ ਨਹੀਂ ਕਿਹਾ ਜਾ ਸਕਦਾ। ਜੇਕਰ ਸ਼ਮਸੁਲ ਇਸਲਾਮ ਸਿਰਫ ਲੇਖਕ ਹੋ ਕੇ ਨਿਰਪੱਖ ਰੂਪ ਨਾਲ ਇਹ ਕਿਤਾਬ ਲਿਖਦੇ ਤਾਂ ਇਸ ਵਿਚ ਦੋਵੇਂ ਪਹਿਲੂ ਉੱਭਰ ਕੇ ਸਾਹਮਣੇ ਆਉਂਦੇ।
■ ਸ਼ਿਵਾਨੀ ਸਿੰਘ