ਹੁਣ ਜਦ ਚੀਜ਼ਾਂ ਖੋਲ੍ਹ ਕੇ ਰੱਖ ਰਹੇ ਸੀ ਤਾਂ ਸਭ ਤੋਂ ਪਹਿਲਾਂ ਇਹੀ ਕਿਤਾਬ ਹੱਥ ਆਈ। ਦਸਵੀਂ ਵਿੱਚ ਮੇਰੇ ਮੰਮੀ ਨੇ ਇਤਿਹਾਸ ਦੀ ਤਿਆਰੀ ਕਰਵਾਈ ਸੀ – ਜਦ ਉਨ੍ਹਾਂ ਨੇ ਹਿਸਟਰੀ ਵਿਚ ਐੱਮ.ਏ. ਕੀਤੀ ਤਾਂ ਉਨ੍ਹਾਂ ਨੇ ਮੈਨੂੰ ਆਪਣੀਆਂ ਕਿਤਾਬਾਂ ਪੜ੍ਹਨ ਲਈ ਕਿਹਾ – ਮੈਂ ਛੋਟੀ ਸੀ ਤੇ ਕਿਤਾਬਾਂ ਇੰਗਲਿਸ਼ ਵਿਚ। ਪਰ ਮੈਂ ਪੜ੍ਹੀਆਂ ਸਾਰੀਆਂ। ਪੰਜਾਬ ਦੇ ਇਤਿਹਾਸ ਤੋਂ ਸ਼ੁਰੂ ਕਰ ਕੇ- ਕੁਝ ਸਮਝ ਪਈਆਂ ਤੇ ਕੁਝ ਨਹੀ; ਜਾਂ ਕੁਝ ਯਾਦ ਰਿਹਾ ਤੇ ਕੁਝ ਭੁੱਲ ਗਿਆ। ਪਰ ਮੱਮੀ ਕਰ ਕੇ ਮੈਨੂੰ ਇਤਿਹਾਸ ਚੰਗਾ ਲੱਗਣ ਲੱਗ ਪਿਆ – ਭਾਵੇਂ ਕਾਲਜ ਸਾਇੰਸ ਦੇ ਹੀ ਵਿਸ਼ੇ ਸਨ। ਮੈਨੂੰ ਹੁਣ ਤੱਕ ਯਾਦ ਹੈ ਮੁਗਲਾਂ ਦੇ ਸਮੇਂ ਵਿੱਚ ਮੱਮੀ ਦਾ ਮਨਪਸੰਦ ਰਾਜਾ ਸ਼ੇਰ ਸ਼ਾਹ ਸੂਰੀ ਸੀ।
ਇਹ ਨਾਵਲ ਬਹੁਤ ਚੰਗਾ ਲੱਗਿਆ ਤੇ ਕਿੰਨਾ ਕੁਝ ਯਾਦ ਆ ਗਿਆ। ਜਿਨ੍ਹਾਂ ਨੇ ਨਹੀਂ ਪੜ੍ਹੀ ਉਨ੍ਹਾਂ ਲਈ ਇਹ ਕਿਤਾਬ ਬਹੁਤ ਹੀ ਦਿਲਕਸ਼ ਰਹੇਗੀ। ਠੀਕ ਹੈ ਕਿ ਕੁਝ ਗੱਲਾਂ ਕਾਲਪਨਿਕ ਹੁੰਦੀਆਂ ਹਨ ਪਰ ਘਟਨਾਵਾਂ ਸੱਚੀਆਂ ਹੀ ਹੁੰਦੀਆਂ ਹਨ। ਕਿਤਾਬ ਪੜ੍ਹਦਿਆਂ ਇਹੀ ਸੋਚ ਰਹੀ ਸੀ ਲਿਖਾਰੀ ਨੇ ਕਿਨ੍ਹੀ ਮਿਹਨਤ ਕੀਤੀ ਹੋਵੇਗੀ ਤੇ ਉਸ ਸਮੇਂ ਦੇ ਰੀਤੀ ਰਿਵਾਜਾਂ ਤੇ ਉਸ ਸਮੇਂ ਦੀ ਰੂਹ ਨੂੰ ਪੂਰਾ ਜਜ਼ਬ ਕਰਦੀ ਹੈ ਕਿਤਾਬ। ਤਿੰਨ ਮਹੀਨੇ ਮੈਂ Henry David Thoreu ਨਾਲ ਕਿੰਡਲ ਤੇ ਬਿਤਾਉਣ ਤੋਂ ਬਾਦ ਹੱਥ ਵਿੱਚ ਕਿਤਾਬ ਨੂੰ ਲੈ ਕੇ ਸਫ਼ਿਆਂ ਨੂੰ ਪਰਤਣ ਦਾ ਸੁਆਦ ਤਿੰਨ ਮਹੀਨਿਆਂ ਬਾਅਦ ਲਿਆ।
-ਗੁਲਸ਼ਨ ਦਿਆਲ