ਦੇਸ਼ ਭਗਤ ਯਾਦਗਾਰ ਕਮੇਟੀ, ਜਲੰਧਰ ਵੱਲੋਂ ਛਾਪੀ ਗਈ ਕਿਤਾਬ ‘ਗਦਰ ਪਾਰਟੀ ਦਾ ਇਤਿਹਾਸ ‘ ਭਾਗ ਪਹਿਲਾ ਪੜ੍ਹ ਰਹੀ ਹਾਂ – ਕਿੰਨਾ ਕੁਝ ਨਵਾਂ ਪਤਾ ਲੱਗ ਰਿਹਾ ਹੈ – ਪੜ੍ਹਦਿਆਂ-ਪੜ੍ਹਦਿਆਂ ਹੈਰਾਨ ਹੋ ਜਾਂਦੀ ਹੈ ਕਿ ਕਿਵੇਂ ਮੁਠੀ ਭਰ ਲੋਕਾਂ ਨੇ ਜਿਨ੍ਹਾਂ ਵਿਚੋਂ ਬਹੁਤੇ ਸਿਰਫ 5-6 ਜਮਾਤਾਂ ਹੀ ਪੜ੍ਹੇ ਹੋਏ ਸਨ- ਕਿੰਨੀ ਜ਼ਬਰਦਸਤ ਪਾਰਟੀ ਖੜ੍ਹੀ ਕਰ ਲਈ ਸੀ। ਕਹਿੰਦੇ ਨੇ ਜਦ ਬੜੋਦਾ ਦਾ ਰਾਜਾ ਸੈਰ ਕਰਨ ਆਇਆ ਤਾਂ ਉਸ ਨੂੰ ਗਦਰੀ ਬਾਬਿਆਂ ਨੇ ਸੱਦਿਆ ਤੇ ਉਹ ਆਕੇ ਉਨ੍ਹਾਂ ਨੂੰ ਮਿਲਿਆ ਵੀ ਤੇ ਬੋਲਿਆ ਵੀ – ਉਨ੍ਹਾਂ ਹੀ ਦਿਨਾਂ ਵਿੱਚ ਕਾਂਗਰਸ ਦਾ ਗੋਖਲੇ ਵੀ ਆਇਆ ਤੇ ਜਦ ਉਸ ਨੂੰ ਸੱਦਿਆ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ।
ਲਾਲਾ ਹਰਦਿਆਲ ਜਦ ਅਮਰੀਕਾ ਆਕੇ ਇਸ ਪਾਰਟੀ ਨਾਲ ਕੰਮ ਕਰਨ ਲੱਗੇ ਤਾਂ ਉਹ ਇਨ੍ਹਾਂ ਤੋਂ ਇੰਨੇ ਮੁਤਾਸਿਰ ਸਨ ਕਿ ਕੋਈ ਨਿੱਕਾ ਜਿਹਾ ਕੰਮ ਵੀ ਇਨ੍ਹਾਂ ਲੋਕਾਂ ਤੋਂ ਬਿਨਾ ਪੁੱਛਿਆ ਨਹੀਂ ਸੀ ਕਰਦੇ। ਗਦਰੀ ਬਾਬਿਆਂ ਵਿਚ ਜਦੋਂ ਮੈਂ ਬਾਬਾ ਪਾਲਾ ਸਿੰਘ ਤੇ ਬਾਬਾ ਪਾਖਰ ਸਿੰਘ ਦੇ ਨਾਮ ਇਸ ਕਿਤਾਬ ਵਿਚ ਪੜ੍ਹੇ ਤਾਂ ਬਹੁਤ ਮਾਣ ਮਹਿਸੂਸ ਹੋਇਆ ਕਿਉਂਕਿ ਸਾਡੇ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਹਨ ਤੇ ਚੂਹੜ ਚੱਕ ਦੇ ਬਾਬਾ ਰੂੜ੍ਹ ਸਿੰਘ ਬਾਰੇ ਪੜ੍ਹਕੇ ਵੀ ਮਾਣ ਮਹਿਸੂਸ ਹੋਇਆ ਕਿਓਂਕਿ ਉਨ੍ਹਾਂ ਦੇ ਸਪੁੱਤਰ ਮੇਰੇ ਕੁਲੀਗ ਤੇ ਚੰਗੇ ਮਿੱਤਰ ਸਨ – ਮਾਣ ਕਰਨ ਵਾਲੇ ਤਾਂ ਸਾਰੇ ਹੀ ਹਨ -ਕਿਤਾਬ ਹੱਥੋਂ ਛੱਡਣ ਨੂੰ ਦਿਲ ਨਹੀਂ ਕਰਦਾ।
ਇਹ ਪਾਰਟੀ ਕਿਵੇਂ ਬਣੀ ਤੇ ਕਿਵੇਂ ਜੁਆਨ ਹੋਈ – ਸਾਰੀ ਕਹਾਣੀ ਇਕ ਜਾਦੂ ਵਾਂਗ ਲੱਗਦੀ ਹੈ -ਯਕੀਨ ਨਹੀਂ ਆਉਂਦਾ ਕਿ ਅਜਿਹੇ ਲੋਕ ਪੰਜਾਬ ਦੀ ਧਰਤੀ ਤੇ ਪੈਦਾ ਹੋਏ ਤੇ ਇਸ ਮਿੱਟੀ ਵਿਚ ਮਿਲ ਗਏ। ਆਪਣਾ ਸਾਹਿਤ ਤੇ ‘ਗਦਰ ‘ ਵਰਗੇ ਅਖਬਾਰ ਇਹ ਲੋਕ ਦੁਨੀਆਂ ਵਿਚ ਕਿਵੇਂ ਫੈਲਾਉਂਦੇ ਤੇ ਵੰਡਦੇ ਸਨ – it is an amazing story -unbelievable -ਇਹ ਵੀ ਸੋਚ ਰਹੀ ਹਾਂ ਕਿ ਕੁਰਬਾਨੀਆਂ ਕੋਈ ਦਿੰਦਾ ਹੈ ਤੇ ਉਸ ਦਾ ਫਾਇਦਾ ਕੋਈ ਹੋਰ ਉਠਾਉਂਦਾ ਹੈ।
ਇਹ ਕਿਤਾਬ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ ਚਾਹੇ ਉਹ ਸਿੱਖ, ਹਿੰਦੂ ਜਾਂ ਮੁਸਲਿਮ ਹੈ। ਪੰਜਾਬ ਤੇ ਸਾਡੇ ਪੁਰਖਿਆਂ ਨਾਲ ਸਰਾਸਰ ਬੇਇਨਸਾਫ਼ੀ ਹੈ ਕਿ ਉਨ੍ਹਾਂ ਦੀ ਕਹਾਣੀ ਅਸੀਂ ਸਕੂਲੀ ਇਤਿਹਾਸ ਵਿਚ ਨਾ ਤਾਂ ਭਾਰਤ ਤੇ ਨਾ ਹੀ ਪਾਕਿਸਤਾਨ ਵਿਚ ਪੜ੍ਹਨ ਦਿੱਤੀ ਜਾਂਦੀ ਹੈ। ਸੋਹਣ ਸਿੰਘ ਭਕਨਾ, ਕਰਤਾਰ ਸਿੰਘ ਸਰਾਭਾ ਵਰਗੇ ਲੋਕ ਇਸ ਧਰਤੀ ਤੇ ਪੈਦਾ ਹੋਏ ਤੇ ਇਸ ਧਰਤੀ ਤੇ ਪੈਰ ਰੱਖਿਆ ਹੈ – ਯਕੀਨ ਨਹੀਂ ਹੁੰਦਾ। ਮੈਨੂੰ ਯਾਦ ਹੈ ਜਦ ਚਮਨ ਲਾਲ ਜੀ ਅਮਰੀਕਾ ਆਏ ਤਾਂ ਖਾਸ ਤੌਰ ਤੇ ਬਰਕਲੇ ਯੂਨੀਵਰਸਟੀ ਗਏ ਗ਼ਦਰ ਪਾਰਟੀ ’ਤੇ ਲਿਖੀਆਂ ਹੋਈਆਂ ਅਖਬਾਰਾਂ ਤੇ ਹੋਰ ਕਿੰਨਾ ਕੁਝ ਫੋਟੋ ਕਾਪੀਆਂ ਬਣਾ ਕੇ ਲੈ ਕੇ ਗਏ ਸਨ। ਉਨ੍ਹਾਂ ਕਰਕੇ ਹੀ ਅਸੀਂ ਸਾਨ ਫ੍ਰਾਂਸਸਿਸਕੋ ‘ਯੁਗਾਂਤਰ ਆਸ਼ਰਮ ਦੇਖ ਕੇ ਆਏ ਸੀ।
ਕੀ ਕੋਈ ਦੱਸ ਸਕਦਾ ਹੈ ਕਿ ਲੁਧਿਆਣੇ ਵਿੱਚ 1947 ਤੋਂ ਪਹਿਲਾਂ ਜੋ ਇਸਲਾਮੀਆ ਸਕੂਲ ਸੀ – ਹੁਣ ਉਸ ਦਾ ਕੀ ਨਾਮ ਹੈ ?
• ਗੁਲਸ਼ਨ ਦਿਆਲ