ਸ਼੍ਰੀ ਜੰਗ ਬਹਾਦਰ ਗੋਇਲ ਪੰਜਾਬੀ ਸਾਹਿੱਤ ਚ ਬਹੁਤ ਇੱਜ਼ਤ ਨਾਲ ਲਿਆ ਜਾਣ ਵਾਲਾ ਨਾਂ ਹੈ। ਰਿਟਾਇਰਮੈਂਟ ਤੋਂ ਬਾਅਦ ਜੀਊਣਾ ਗੋਇਲ ਸਾਹਿਬ ਤੋਂ ਸਿੱਖਿਆ ਜਾ ਸਕਦਾ ਹੈ। ਉਨ੍ਹਾਂ ਨੇ ਸਾਰਾ ਸਮਾਂ ਵਿਸ਼ਵ -ਪ੍ਰਸਿੱਧ ਸਾਹਿੱਤ ਨੂੰ ਪੰਜਾਬੀ ਪਾਠਕਾਂ ਤੱਕ ਪਹੁੰਚਾਉਣ ਦਾ ਨਿੱਗਰ ਉਪਰਾਲਾ ਕੀਤਾ ਹੈ। ਉਂਨ੍ਹਾਂ ਦੇ ਕੀਤੇ ਕੰਮ ਦੀ ਲਿਸਟ ਬਹੁਤ ਲੰਬੀ ਹੈ ਜੋ ਵਿਸ਼ਵ ਸਾਹਿੱਤ ਦੇ ਸ਼ਾਹਕਾਰ ਤੋਂ ਸ਼ੁਰੂ ਹੋ ਕੇ ਮਹਾਨ ਲੇਖਕ ਮਿਲ਼ਾਈਲ ਨਈਮੀ ਦੀ ਦੁਰਲੱਭ ਪੁਸਤਕ Memoirs of a Vagrant soul or The pitted face ਤੱਕ ਪੁੱਜਦੀ ਹੈ ਜਿਸ ਦਾ ਪੰਜਾਬੀ ਅਨੁਵਾਦ ‘ਇਕ ਆਵਾਰਾ ਰੂਹ ਦਾ ਰੋਜ਼ਨਾਮਚਾ ‘ਅਧੀਨ ਛਪਿਆ ਹੈ। ਇਸ ਪੁਸਤਕ ਦੀ ਬਹੁਤ ਉਡੀਕ ਕਰਨੀ ਪਈ ਜਸਵੀਰ ਬੇਗਮਪੁਰੀ ਨੇ ਦੋ ਦਿਨ ਲੇਟ ਭੇਜੀ।
ਪਿਟਡ ਫੇਸ ਇੱਕ ਸਦਾ ਚੁੱਪ ਰਹਿਣ ਵਾਲਾ ਪਾਤਰ ਹੈ ਜੋ ਇਕ ਕਾਫ਼ੀ ਹਾਊਸ ਚ ਵੇਟਰ ਦੇ ਤੌਰ ਤੇ ਕੰਮ ਕਰਦਾ ਹੈ। ਉਹਦਾ ਚਿਹਰਾ ਚੇਚਕ ਨਾਲ ਭਰੇ ਦਾਗਾਂ ਨਾਲ ਭਰਿਆ ਹੋਣ ਕਾਰਨ ਲੋਕ ਉਸਨੂੰ ਪਿੱਟਡ ਫੇਸ ਕਹਿ ਕੇ ਬੁਲਾਉਂਦੇ ਹਨ ਪਰ ਉਹ ਕੁੱਝ ਵੀ ਨਹੀਂ ਬੋਲਦਾ। ਉਹਦੇ ਚੁੱਪ ਰਹਿਣ ਤੋਂ ਕਾਫ਼ੀ ਹਾਊਸ ਦਾ ਲਾਲਚੀ ਮਾਲਕ ਕੇ ਪੀ ਬਹੁਤ ਦੁਖੀ ਹੈ। ਪਰ ਹੈਰਾਨੀ ਹੁੰਦੀ ਹੈ ਕਿ ਇੰਨਾ ਤ੍ਰਿਸਕਾਰ ਸਹਿ ਕੇ ਵੀ ਉਹ ਚੁੱਪ ਹੈ ਪਰ ਉਸ ਦੇ ਅੰਦਰ ਇੱਕ ਫ਼ਿਲਾਸਫ਼ਰ ਬੈਠਾ ਹੈ ਜ਼ਿੰਦਗੀ ਨੂੰ ਪਿਆਰ ਕਰਨ ਵਾਲਾ ਜਿਸ ਦਾ ਪਤਾ ਉਸ ਦੀ ਡਾਇਰੀ ਤੋਂ ਲੱਗਦਾ ਹੈ ਜੋ ਉਸ ਦੇ ਕਾਫ਼ੀ ਹਾਊਸ ਤੋਂ ਚੁੱਪ-ਚਾਪ ਚਲੇ ਜਾਣ ਤੋਂ ਬਾਅਦ ਲੇਖਕ ਨੂੰ ਮਿਲਦੀ ਹੈ। ਇਸ ਪਾਤਰ ਦੇ ਜੀਵਨ ਚ ਬਹੁਤ ਇਕੱਲਤਾ ਹੈ ਸਿਰਫ ਇੱਕ ਬਿੱਲਾ ਹੀ ਉਸਦਾ ਸਾਥੀ ਹੈ ਪਰ ਉਸ ਨਾਲ ਵੀ ਉਹ ਨਾਰਾਜ਼ ਹੋ ਜਾਂਦਾ ਹੈ ਜਦੋਂ ਉਹ ਚੂਹੇ ਨੂੰ ਮਾਰ ਦਿੰਦਾ ਹੈ। ਇਹ ਪਿੱਟਡ ਫੇਸ ਦੇ ਜੀਵਨ ਦਾ ਫ਼ਲਸਫ਼ਾ ਹੈ ਉਹ ਧਰਤੀ ਤੇ ਹੋਣ ਵਾਲੀਆਂ ਲੜਾਈਆਂ ਦੇ ਖ਼ਿਲਾਫ਼ ਹੈ। ਈਮਾਨਦਾਰ ਇੰਨਾ ਕਿ ਇਕ ਗਾਹਕ ਦਾ ਗੁਆਚਿਆ ਪਰਸ ਉਸ ਨੂੰ ਮੋੜ ਦਿੰਦਾ ਹੈ ਜਿਸ ਚ ਤੀਹ ਹਜ਼ਾਰ ਡਾਲਰ ਹਨ ਜੋ ਉਸ ਦੀ ਗੁੰਮਨਾਮ ਜ਼ਿੰਦਗੀ ਚ ਵੱਡੀ ਤਬਦੀਲੀ ਲਿਆ ਸਕਦੇ ਸਨ ਭਾਵੇਂ ਉਹਦਾ ਮਾਲਕ ਇਸ ਗੱਲ ਦਾ ਬਹੁਤ ਬੁਰਾ ਮਨਾਉਂਦਾ ਹੈ ਕਿਉਂਕਿ ਇੱਕ ਬੈਂਕ ਫ਼ੇਲ੍ਹ ਹੋਣ ਕਾਰਨ ਉਸਦਾ ਤਿੰਨ ਹਜ਼ਾਰ ਡਾਲਰ ਡੁੱਬ ਚੁੱਕਾ ਹੈ।
ਭਾਵੇਂ ਮਿਖਾਈਲ ਨਈਮੀ ਆਪਣੀ ਪੁਸਤਕ The book of Mirdad ਕਾਰਨ ਜਾਣਿਆਂ ਜਾਂਦਾ ਹੈ ਪਰ ਉਸ ਤੋਂ ਲਿਖੀ ਗਈ ਇਹ ਪੁਸਤਕ ਕਿਸੇ ਸ਼ਾਹਕਾਰ ਤੋਂ ਘੱਟ ਨਹੀਂ ਤੇ ਇਸ ਤੇ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਅਨੁਵਾਦ ਬਹਤ ਹੀ ਵਧੀਆ ਜੋ ਮੌਲਿਕ ਜਾਪਦਾ ਹੈ। ਗੋਇਲ ਸਾਹਿਬ ਦਾ ਇਹ ਕਾਰਜ ਆਰੰਭ ਕਰਕੇ ਪੰਜਾਬੀ ਮਾਂ- ਬੋਲੀ ਦੀ ਬਹੁਤ ਵੱਡੀ ਸੇਵਾ ਕੀਤੀ ਹੈ। ਇਹ ਬਾਅਦ ਆਮ ਨਾਵਲਾਂ ਵਾਂਗ ਨਹੀਂ ਸਗੋਂ ਬਹੁਤ ਸਹਿਜ ਨਾਲ ਪੜ੍ਹਣ ਚ ਅਨੰਦ ਆਉਂਦਾ ਹੈ। ਪਹਿਲੀ ਵਾਰ ਕਾਹਲੀ ਕਰਨ ਕਰਕੇ ਦੂਜੀ ਵਾਰ ਨਿੱਠ ਕੇ ਪੜ੍ਹਿਆ ਹੈ। ਇਹ ਨਾਵਲ ਡਾਇਰੀ ਰੂਪ ਚ ਲਿਖਿਆ ਗਿਆ ਹੈ।
ਲੋਕਾਂ ਵਿੱਚ ਇਕੱਲਿਆਂ ਰਹਿਣਾ ਜੰਗਲ਼ ਵਿੱਚ ਇਕੱਲਿਆਂ ਰਹਿਣ ਨਾਲ਼ੋਂ ਕਿਤੇ ਵੱਧ ਔਖਾ ਹੈ।
ਉਨ੍ਹਾਂ ਨੇ ਮੇਰੇ ਚਿਹਰੇ ਤੇ ਚੇਚਕ ਦੇ ਦਾਗ ਵੇਖ ਕੇ ਮੈਨੂੰ ‘ ਪਿਟਡ ਫੇਸ’ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ,ਪਰ ਉਹ ਖ਼ਾਮੋਸ਼ੀ ਚ ਲਿਪਟੀ ਮੇਰੀ ਆਤਮਾ ਨੂੰ ਆਪਣੀਆਂ ਅੱਖਾਂ ਨਾਲ ਵੇਖਣ ਤੋਂ ਅਸਮਰਥ ਹਨ। ਸੁਪਨੇ ਚ ਉਸ ਨੂੰ ਇੱਕ ਔਰਤ ਮਿਲਣ ਆਉਂਦੀ ਹੈ ਜੋ ਉਸ ਨੂੰ ਕਹਿੰਦੀ ਹੈ -ਪਿੱਟਡ ਫੇਸ ਜ਼ਰਾ ਸਬਰ ਰੱਖ -ਆਖਰਵਾਰ ਧੀਰਜ ਅਤੇ ਖ਼ਾਮੋਸ਼ੀ ਕਿਸੇ ਦਿਨ ਤੇਰੇ ਲਈ ਸਭ ਦਰਵਾਜ਼ੇ ਖੋਲ੍ਹ ਦੇਵੇਗੀ
ਸਮੁੰਦਰ ਕੰਢੇ ਜਵਾਨ ਉਹਦੇ ਮੂਕ ਉੱਤਰ ਦਾ ਮੂਕ ਜਵਾਬ ਦਿੰਦੀ ਹੈ
ਲੋਕ ਸਮੁੰਦਰ ਚ ਨਹਾ ਰਹੇ ਹਨ ਤੇ ਮੈਂ ਆਪਣੇ ਗ਼ਮਾਂ ਚ।
ਰੌਸ਼ਨੀ ਭਾਵੇਂ ਮਾਚਿਸ ਦੀ ਤੀਲੀ ਦੀ ਹੋਵੇ,ਭਾਵੇਂ ਮੋਮਬੱਤੀ ਦੀ,ਭਾਵੇਂ ਬਿਜਲੀ ਦੀ ਤੇ ਭਾਵੇਂ ਸੂਰਜ ਦੀ-ਰੌਸ਼ਨੀ ਇੱਕ ਹੈ
ਜ਼ਿੰਦਗੀ ਤਾਂ ਰੂਹਾਨੀ ਪਾਠਸ਼ਾਲਾ ਹੈ ਜਿਸ ਦਾ ਮਕਸਦ ਹੈ-ਪਵਿੱਤਰ ਰੂਹਾਂ ਨੂੰ ਤਿਆਰ ਕਰਨਾ।
ਪਿੱਟਡ ਫੇਬਸ ਦੀ ਆਪਣੀਆਂ ਅੱਖਾਂ,ਕੰਨ ਦੀ ਵਸੀਅਤ ਕਰਦਾ ਹੈ
ਆਪਣੀਆਂ ਅੱਖਾਂ ਦਾ ਮੈਂ ਜਿੰਨਾ ਵੀ ਧੰਨਵਾਦ ਕਰਾਂ,ਥੋੜ੍ਹਾ ਹੈ। ਤੁਸੀਂ ਮੈਨੂੰ ਕੁਦਰਤ ਦੀ ਹਰ ਸ਼ੈਅ ਦੀ ਆਵਾਜ਼ ਸੁਣਨ ਦੀ ਤੌਫ਼ੀਕ ਬਖ਼ਸ਼ੀ ਅਤੇ ਤੁਸੀਂ ਮੈਨੂੰ ਆਪਣੀ ਜ਼ਮੀਰ ਦੀ ਆਵਾਜ਼ ਸੁਣਨ ਦੇ ਯੋਗ ਬਣਾਇਆ ਹੈ
ਆਦਮੀ ਦਾ ਜਨਮ ਜ਼ਿੰਦਗੀ ਲਈ ਹੁੰਦਾ ਹੈ ,ਮੌਤ ਲਈ ਨਹੀਂ ;
ਗਿਆਨ ਪ੍ਰਾਪਤੀ ਲਈ ਹੁੰਦਾ ਹੈ,ਅਗਿਆਨਤਾ ਦੇ ਹਨੇਰੇ ਚ ਭਟਕਣ ਲਈ ਨਹੀਂ ;ਆਜ਼ਾਦੀ ਲਈ ਹੁੰਦਾ ਹੈ,ਗੁਲਾਮੀ ਲਈ ਨਹੀਂ।
ਅਜਿਹੀ ਪੁਸਤਕ ਦਾ ਅਨੁਵਾਦ ਖ਼ੁਦ ਪੁਸਤਕ ਨਾਲ ਇਕ-ਸੁਰ ਹੋਏ ਸੰਭਵ ਨਹੀਂ ਸੀ। ਅਜਿਹੀਆਂ ਪੁਸਤਕਾਂ ਵਾਰ ਵਾਰ ਪੜ੍ਹੀਆਂ ਜਾਂਦੀਆਂ ਤੇ ਹਰ ਵਾਰ ਅਰਥ ਬਦਲ ਜਾਂਦੇ ਹਨ। ਗੋਇਲ ਸਾਹਿਬ ਨੂੰ ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕਾਂ। ਆਪਣੇ ਦੋਸਤਾਂ ਨੂੰ ਇਹ ਪੁਸਤਕ ਪੜ੍ਹਨ ਲਈ ਕਿਹਾ ਹੈ।
—ਜਗਤਾਰ ਮਿਸਤਰੀ