ਨੌਜਵਾਨਾਂ ਦੇ ਮੰਚ ੳ ਅ ਅੱਖਰਾਂ ਦੇ ਆਸ਼ਿਕ ਸਾਹਿਤਕ ਮੰਚ ਵੱਲੋਂ ਨੌਜਵਾਨਾਂ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਲਈ ਸਮੇਂ ਸਮੇਂ ਤੇ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਕੀਤੇ ਜਾਂਦੇ ਹਨ। ਪਿਛਲੇ ਦਿਨੀਂ ਮੰਚ ਵੱਲੋਂ ਪੰਜਾਬੀ ਸੱਥ ਮੈਲਬੌਰਨ ਆਸਟ੍ਰੇਲੀਆ ਦੇ ਸਹਿਯੋਗ ਨਾਲ ਇੱਕ ਕਵੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਪੰਜਾਬੀ ਦੀ ਮਕਬੂਲ ਸ਼ਾਇਰਾ ਮਨਜੀਤ ਇੰਦਰਾ ਨੇ ਮੁੱਖ ਮਹਿਮਾਨ ਵਜੋਂ ਅਤੇ ਇਲਾਕੇ ਦੇ ਯੁਵਾ ਨਾਵਲਕਾਰ ਯਾਦਵਿੰਦਰ ਸੰਧੂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਹ ਸਮਾਗਮ ਡਾ. ਕੁਲਵਿੰਦਰ ਸਿੰਘ ਸਰਾਂ ਦੀ ਪ੍ਰਧਾਨਗੀ ਹੇਠ ਹੋਇਆ।

ਸਮਾਗਮ ਵਿੱਚ ਮਕਬੂਲ ਸ਼ਾਇਰਾਂ ਅਤੇ ਯੁਵਾ ਕਲਮਾਂ ਨੇ ਆਪਣੀਆਂ ਕਵਿਤਾਵਾਂ ਨਾਲ ਖ਼ੂਬ ਰੰਗ ਬੰਨਿਆ।ਯਾਦਵਿੰਦਰ ਸੰਧੂ ਨੇ ਬੋਲਦਿਆ ਮੰਚ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਖੂਬ ਸਹਾਰਨਾ ਕੀਤੀ ਅਤੇ ਕਿਹਾ ਕਿ ਨੌਜਵਾਨਾਂ ਨੂੰ ਸਾਹਿਤ ਦੀ ਚੇਟਕ ਲਾਉਣ ਲਈ ਅਜਿਹੇ ਸਮਾਗਮ ਉਲੀਕਣੇ ਚਾਹੀਦੇ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ਆਪਣੇ ਆਉਣ ਵਾਲੇ ਨਾਵਲ ਨੂੰ ਇਸੇ ਪ੍ਰੋਗਰਾਮ ਵਿੱਚ ਰੀਲੀਜ਼ ਕਰਨਗੇ। ਸਮਾਗਮ ਦੇ ਅੰਤ ਵਿੱਚ ਗੁਰੂ ਕਾਸ਼ੀ ਸਾਹਿਤ ਅਕਾਦਮੀ ਦੇ ਪ੍ਰਧਾਨ ਡਾ ਹਰਗੋਬਿੰਦ ਸ਼ੇਖਪੁਰੀਆ ਵੱਲੋਂ ਆਏ ਹੋਏ ਸਾਰੇ ਹੀ ਪਤਵੰਤੇ ਸੱਜਣਾਂ ਦਾ ਧੰਨਵਾਦ ਕੀਤਾ ਗਿਆ ਅਤੇ ਮੰਚ ਵੱਲੋਂ ਮੁੱਖ ਮਹਿਮਾਨਾਂ ਅਤੇ ਹਾਜ਼ਰੀਨ ਕਵੀਆਂ ਦਾ ਸਨਮਾਨ ਕੀਤਾ ਗਿਆ।
ਸਮਾਗਮ ਦੀ ਸ਼ੁਰੂਆਤ ਵਿੱਚ ਗੁਰੂ ਕਾਸ਼ੀ ਸਾਹਿਤ ਅਕਾਦਮੀ ਦੇ ਮੀਤ ਪ੍ਰਧਾਨ ਪ੍ਰੋ ਗੁਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆ ਨੂੰ ਜੀ ਆਇਆਂ ਆਖਿਆ ਅਤੇ ਸਟੇਜ ਦਾ ਸੰਚਾਲਨ ਕਹਾਣੀਕਾਰ ਜਸਵੀਰ ਸਿੱਧੂ ਤੇ ਯੁਵਾ ਸ਼ਾਇਰ ਕੰਵਰਜੀਤ ਵੱਲੋਂ ਬਾਖੂਬੀ ਢੰਗ ਨਾਲ ਕੀਤਾ ਗਿਆ।
ਇਸ ਮੌਕੇ ਮੰਚ ਦੇ ਪ੍ਰਧਾਨ ਕੰਵਰਜੀਤ ਸਿੰਘ, ਸਕੱਤਰ ਗੁਰੀ ਆਦੀਵਾਲ, ਕੁਲਦੀਪ ਦੀਪ, ਜਸਵੀਰ ਸਿੱਧੂ ਬੁਰਜ ਸੇਮਾ, ਦਿਲਜੀਤ ਸਿੰਘ ਬੰਗੀ, ਐਡਵੋਕੇਟ ਹਰਦੀਪ ਸਿੰਘ ਸ਼ੇਰਗਿੱਲ, ਰਾਜਨਦੀਪ ਕੌਰ ਮਾਨ, ਖੁਸ਼ ਦਵਿੰਦਰ ਧਾਲੀਵਾਲ, ਜਸ ਬਠਿੰਡਾ, ਪ੍ਰੀਤ ਕੈਂਥ, ਗਗਨ ਫੂਲ ਅਤੇ ਹੋਰ ਮੰਚ ਦੇ ਆਹੁਦੇਦਾਰ ਸ਼ਾਮਲ ਸਨ। ਗੁਰੀ ਆਦੀਵਾਲ ਅਤੇ ਕੰਵਰਜੀਤ ਸਿੰਘ ਨੇ ਦੱਸਿਆ ਕਿ ਸਮਾਗਮ ਨੂੰ ਸਫ਼ਲ ਬਣਾਉਣ ਵਿੱਚ ਮੈਡਮ ਕੁਲਜੀਤ ਕੌਰ ਗ਼ਜ਼ਲ ਆਸਟ੍ਰੇਲੀਆ ਅਤੇ ਗੁਰੂ ਕਾਸ਼ੀ ਸਾਹਿਤ ਅਕਾਦਮੀ ਦਾ ਵਿਸ਼ੇਸ਼ ਸਹਿਯੋਗ ਰਿਹਾ।