ਮਾਹਿਲਪੁਰ: ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਵੱਲੋਂ ਲੇਖਕ ਬਲਜਿੰਦਰ ਮਾਨ ਦੀ ਪੁਸਤਕ ‘ਮਾਹਿਲਪੁਰ ਦਾ ਫੁੱਟਬਾਲ ਸੰਸਾਰ’ 59 ਵੇਂ ਪ੍ਰਿੰਸੀਪਲ ਹਰਭਜਨ ਸਿੰਘ ਆਲ ਇੰਡੀਆ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਮੌਕੇ ਜਾਰੀ ਕੀਤੀ ਗਈ। ਇਸ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਡਾ ਜਸਪਾਲ ਸਿੰਘ ਅਤੇ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਪੁਸਤਕ ਦੇ ਪ੍ਰਕਾਸ਼ਨ ਨਾਲ ਆਪਣੀ ਅਮੀਰ ਖੇਡ ਵਿਰਾਸਤ ਨੂੰ ਸੰਭਾਲਣ ਦਾ ਉਪਰਾਲਾ ਕੀਤਾ ਗਿਆ ਹੈ; ਜਿਸ ਵਿਚ ਭਾਰਤੀ ਫੁਟਬਾਲ ਦਾ ਇਤਿਹਾਸ ਅਤੇ ਮਾਹਿਲਪੁਰ ਦੀ ਨਰਸਰੀ ਦੇ ਦੋ ਸੌ ਦੇ ਕਰੀਬ ਖਿਡਾਰੀਆਂ ਦੀ ਜਾਣਕਾਰੀ ਹੈ। ਬਲਜਿੰਦਰ ਮਾਨ ਨੇ ਦੋ ਸਾਲ ਦੀ ਸਖ਼ਤ ਮਿਹਨਤ ਤੋਂ ਬਾਅਦ ਇਸਦੀ ਸਿਰਜਣਾ ਕੀਤੀ।
ਇਸ ਮੌਕੇ ਖੇਡ ਲੇਖਕ ਤੇ ਕੋਚ ਸੀਤਲ ਸਿੰਘ ਪਲਾਹੀ ਨੇ ਕਿਹਾ ਕਿ ਖੇਡ ਸਾਹਿਤ ਰਾਹੀਂ ਹੀ ਨਰੋਆ ਸਮਾਜ ਸਿਰਜਿਆ ਜਾ ਸਕਦਾ ਹੈ। ਜੇਕਰ ਸਾਡੀ ਸਿਹਤ ਨਰੋਈ ਹੋਵੇਗੀ ਤਦ ਹੀ ਕੌਮ ਤੰਦਰੁਸਤ ਬਣ ਸਕੇਗੀ। ਆਰਟ ਪੇਪਰ ਤੇ ਛਾਪੀ ਇਹ ਕੌਫ਼ੀ ਟੇਬਲ ਬੁੱਕ ਇੱਕ ਇਤਿਹਾਸਕ ਦਸਤਾਵੇਜ਼ ਹੈ।
ਡਾ. ਜੰਗ ਬਹਾਦਰ ਸੇਖੋਂ ਨੇ ਕਿਹਾ ਕਿ ਪੰਜਾਬੀ ਭਾਸ਼ਾ ਵਿੱਚ ਰਚੀ ਇਹ ਪੁਸਤਕ ਅੰਗਰੇਜ਼ੀ ਪੁਸਤਕਾਂ ਦਾ ਮੁਕਾਬਲਾ ਕਰਦੀ ਹੈ। ਇੱਥੋਂ ਸਿੱਧ ਹੁੰਦਾ ਹੈ ਕਿ ਮਾਂ ਬੋਲੀ ਪੰਜਾਬੀ ਵਿੱਚ ਸਿਰਜਣਾ ਅੰਤਰਰਾਸ਼ਟਰੀ ਪੱਧਰ ਦੀ ਹੋ ਰਹੀ ਹੈ। ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਸ਼ਵਿੰਦਰਜੀਤ ਸਿੰਘ ਬੈਂਸ ਰਿਟਾਇਰਡ ਐੱਸ ਪੀ,ਅਰਜੁਨ ਐਵਾਰਡੀ ਗੁਰਦੇਵ ਸਿੰਘ ਗਿੱਲ ਅਤੇ ਅਰਜੁਨ ਐਵਾਰਡੀ ਮਾਧੁਰੀ ਏ ਸਿੰਘ ਨੇ ਕਿਹਾ ਕਿ ਅਜਿਹੀਆਂ ਪੁਸਤਕਾਂ ਦੀ ਸਾਡੇ ਸਮਾਜ ਨੂੰ ਵਿਸ਼ੇਸ਼ ਲੋੜ ਹੈ।
ਚਿੰਤਕ ਵਿਜੈ ਬੰਬੇਲੀ ਦਾ ਕਹਿਣਾ ਸੀ ਕਿ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣਾ ਪੁੰਨ ਦਾ ਕੰਮ ਹੈ। ਇਸ ਉਪਰਾਲੇ ਵਾਸਤੇ ਬਲਜਿੰਦਰ ਮਾਨ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਮਾਨ ਨੇ ਜਿਸ ਨਿਰਸਵਾਰਥੀ ਭਾਵਨਾ ਨਾਲ ਇਸ ਪੁਸਤਕ ਦੀ ਸਿਰਜਣਾ ਕੀਤੀ ਉਸੇ ਤਰ੍ਹਾਂ ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਨੇ ਪੂਰੀ ਤਨਦੇਹੀ ਨਾਲ ਇਸ ਦੇ ਪ੍ਰਕਾਸ਼ਨ ਨੂੰ ਕੌਮਾਂਤਰੀ ਪੱਧਰ ਦਾ ਬਣਾਉਣ ਵਿਚ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਪ੍ਰਿੰਸੀਪਲ ਜਸਪਾਲ ਸਿੰਘ ਨੇ ਫਖ਼ਰ ਮਹਿਸੂਸ ਕਰਦਿਆਂ ਕਿਹਾ ਕਿ ਬਲਜਿੰਦਰ ਮਾਨ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦਾ ਹੀਰਾ ਵਿਦਿਆਰਥੀ ਰਿਹਾ ਹੈ। ਜਿਸ ਨੇ ਸਾਹਿਤ, ਖੇਡ ਸਾਹਿਤ, ਖ਼ਾਸਕਰ ਬਾਲ ਸਾਹਿਤ ਦੇ ਖੇਤਰ ਵਿਚ ਅਨੇਕਾਂ ਮਾਣ ਸਨਮਾਨ ਪ੍ਰਾਪਤ ਕਰਕੇ ਮਾਹਿਲਪੁਰ ਦਾ ਨਾਂ ਰੌਸ਼ਨ ਕੀਤਾ ਹੈ। ਇਸ ਕਾਰਜ ਵਾਸਤੇ ਬਲਜਿੰਦਰ ਮਾਨ ਨੇ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਕਾਰਜ ਕਰਕੇ ਹੀ ਅਸੀਂ ਆਪਣੇ ਭਵਿੱਖ ਨੂੰ ਸੁਚੱਜਾ ਬਣਾ ਸਕਦੇ ਹਾਂ। ਇਸ ਮੌਕੇ ਅਵਤਾਰ ਲੰਗੇਰੀ, ਪੰਮੀ ਖੁਸ਼ਹਾਲਪੁਰੀ, ਬੱਗਾ ਸਿੰਘ ਆਰਟਿਸਟ, ਚੈਂਚਲ ਸਿੰਘ ਬੈਂਸ, ਕੁੰਦਨ ਸਿੰਘ ਸੱਜਣ, ਹਰਦੇਵ ਸਿੰਘ ਢਿਲੋਂ, ਅਨੂਪ ਸਿੰਘ ਲੁੱਡੂ,ਦਲਜੀਤ ਸਿੰਘ ਬੈਂਸ,ਸੁਖਮਨ ਸਿੰਘ ਅਤੇ ਹਰਨੰਦਨ ਸਿੰਘ ਖਾਬੜਾ ਸਮੇਤ ਹਜ਼ਾਰਾਂ ਦਰਸ਼ਕ, ਫੁਟਬਾਲਰ ਅਤੇ ਖੇਡ ਪ੍ਰੇਮੀ ਹਾਜ਼ਰ ਸਨ।