Friday, January 27, 2023
Punjabi Phulwari
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
Subscribe
No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
No Result
View All Result
Punjabi Phulwari
No Result
View All Result

‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ – ਅਫ਼ਜ਼ਲ ਤੌਸੀਫ਼

PunjabiPhulwari by PunjabiPhulwari
January 29, 2022
Reading Time: 3 mins read
331 4
0
‘ਮੈਂ ਮਰੀਅਮ ਹੁੰਦੀ, ਆਪਣਾ ਪੁੱਤ ਆਪੇ ਜੰਮ ਲੈਂਦੀ‘ – ਅਫ਼ਜ਼ਲ ਤੌਸੀਫ਼
92
SHARES
485
VIEWS
Share on FacebookShare on TwitterShare on WhatsAppShare on Telegram

ਮੁਲਾਕਾਤੀ : ਅਜਮੇਰ ਸਿੱਧੂ

ਲਾਹੌਰ ਦੀ ਅਦੀਬਾ ਅਫ਼ਜ਼ਲ ਤੌਸੀਫ਼ ਨੂੰ ਚੜ੍ਹਦੇ ਪੰਜਾਬ ਵਾਲੇ ਕਥਾਕਾਰ ਵਜੋਂ ਜਾਣਦੇ ਹਨ। ਉਸ ਦੇ ਕਹਾਣੀ ਸੰਗ੍ਰਹਿਾਂ ‘ਟਾਹਲੀ ਮੇਰੇ ਬੱਚੜੇ‘ ਅਤੇ ‘ਪੰਝੀਵਾਂ ਘੰਟਾ‘ ਨੇ ਉਸ ਨੂੰ ਕਥਾਕਾਰ ਵਜੋਂ ਸਥਾਪਿਤ ਕੀਤਾ ਹੈ। ਸੰਨ 2000 ਵਿੱਚ ਛਪੀ ਸਵੈ-ਜੀਵਨੀ ‘ਮਨ ਦੀਆਂ ਬਸਤੀਆਂ‘ ਨੇ ਸੰਤਾਲੀ ਦੇ ਹੌਲਨਾਕ ਕਾਂਡ ਨੂੰ ਪੰਜਾਬੀ ਸਾਹਿਤ ਜਗਤ ਅੱਗੇ ਰੱਖਿਆ ਹੈ।ਅਫ਼ਜ਼ਲ ਤੌਸੀਫ਼ ਦਾ ਪਰਿਵਾਰਕ ਪਿਛੋਕੜ ਇਸ ਪੰਜਾਬ ਨਾਲ ਜੁੜਿਆ ਹੋਇਆ ਹੈ। ਉਸ ਦਾ ਜਨਮ ਜ਼ੁਬੈਦਾ ਬੀਬੀ ਦੀ ਕੁੱਖੋਂ 18 ਮਈ, 1936 ਨੂੰ ਨਾਨਕਾ ਪਿੰਡ ਕੂਮਕਲਾਂ, ਜਿਲ੍ਹਾ ਲੁਧਿਆਣਾ ਵਿੱਚ ਹੋਇਆ ਸੀ। ਉਸਦੇ ਅੱਬਾ ਚੌਧਰੀ ਮਹਿੰਦੀ ਖਾਂ ਪਿੰਡ ਸਿੰਬਲੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਸਨ। ਹਰ ਬੰਦੇ ਦੇ ਅੰਦਰ ਕਈ-ਕਈ ਬਸਤੀਆਂ ਹੁੰਦੀਆਂ ਹਨ।

ਮੁਲਾਕਾਤੀ ਅਜਮੇਰ ਸਿੱਧੂ ਲੇਖਿਕਾ ਦੇ ਨਾਲ

ਅਫ਼ਜ਼ਲ ਤੌਸੀਫ਼ ਦੇ ਮਨ ਦੀਆਂ ਕਈ ਬਸਤੀਆਂ ਉਜੜ ਗਈਆਂ ਤੇ ਹਾਲੇ ਕਈ ਵਸਦੀਆਂ ਹਨ। ਉਸ ਦਾ ਖਾਸ ਦਰਿਆ ਸਤਲੁਜ, ਜਿਸ ਦੇ ਇਕ ਕੰਢੇ ‘ਤੇ ਨਾਨਕਾ ਤੇ ਦੂਜੇ ‘ਤੇ ਦਾਦਕਾ ਪਿੰਡ ਸੀ, ਸੰਤਾਲੀ ਦੀ ਵੰਡ ਨੇ ਖੋਹ ਲਿਆ। ਸਿੰਬਲੀ ਤੇ ਕੂਮਕਲਾਂ ਉਨ੍ਹਾਂ ਦੇ ਪੱਕੇ ਘਰ, ਚੁਬਾਰੇ, ਖੂਹ, ਹਵੇਲੀਆਂ, ਬਾਗ, ਜ਼ਮੀਨਾਂ, ਫਸਲਾਂ ਤੇ ਮੋਰਾਂ ਦੀਆਂ ਡਾਰਾਂ ਉਹਦੀਆਂ ਕਹਾਣੀਆਂ ਜੋਗੇ ਹੋ ਕੇ ਰਹਿ ਗਏ। ਇਨ੍ਹਾਂ ਸਤਰਾਂ ਦੇ ਲੇਖਕ ਨੇ ਉਸ ਦੇ ‘ਮਨ ਦੀਆਂ ਬਸਤੀਆਂ‘ ਵਿੱਚੋਂ ਇਕ ਬਸਤੀ ਸਿੰਬਲੀ ਦੇ ਸੰਤਾਲੀ ਦੇ ਲਹੂ-ਲੁਹਾਨ ਇਤਿਹਾਸ ਦੇ ਪੱਤਰਾਂ ਨੂੰ 1997 ਵਿੱਚ ਫਰੋਲਿਆ ਤਾਂ ਉਹ ਸੱਤ-ਅੱਠ ਪੀੜ੍ਹੀਆਂ ਤੋਂ ਵੀ ਪਹਿਲਾਂ ਦੇ ਰਹਿ ਰਹੇ ਖਾਨਦਾਨ ਦੀਆਂ ਜੜ੍ਹਾਂ ਲੱਭਣ ਲਈ ਭਾਰਤ ਆਈ। ਉਹ 1997 ਵਿੱਚ ਕਲਕੱਤਾ ਤੇ ਦਿੱਲੀ ਦੀਆਂ ੜਕਾਂ ਵਿੱਚ ਵਾਰਿਸ ਸ਼ਾਹ, ਸਆਦਤ ਹਸਨ ਮੰਟੋ, ਕ੍ਰਿਸ਼ਨ ਚੰਦਰ, ਰਾਜਿੰਦਰ ਸਿੰਘ ਬੇਦੀ ਅਤੇ ਅੰਮ੍ਰਿਤਾ ਪ੍ਰੀਤਮ ਨੂੰ ਆਵਾਜ਼ਾਂ ਮਾਰਦੀ ਅੰਮ੍ਰਿਤਸਰ ਯੂਨੀਵਰਸਿਟੀ ਆ ਗਈ। ਪਰ ਸਿੰਬਲੀ ਜਾਣ ਲਈ ਉਹਦੀ ਰੂਹ ਕੀਲੀ ਗਈ। ਉਹਨੂੰ ਉਹ ਬੱਤਖਾਂ ਯਾਦ ਆ ਗਈਆਂ, ਜੋ ਰੋਜ਼ ਵਾਂਗ ਹਵੇਲੀ ਤੋਂ ਉਸ ਸ਼ਾਮ ਵੀ ਘਰ ਮੁੜੀਆਂ ਪਰ ਲਹੂ ਦੇ ਛੱਪੜ ਵਿੱਚ ਨਹਾਤੀਆਂ ਗਈਆਂ। ਉਹ ਪੱਥਰ ਹੋਣੋ ਡਰਦੀ ਵਾਪਸ ਮੁੜ ਗਈ। 53 ਵਰ੍ਹੇ ਉਹ ਕਤਲ ਹੋਏ ਜੀਆਂ ਤੇ ਸੁਪਨਿਆਂ ਦਾ ਭਾਰ ਢੋਂਹਦੀ ਰਹੀ। ਫੇਰ ਉਹਨੇ 2000 ਵਰ੍ਹੇ ਦੀ ਆਮਦ ‘ਤੇ ‘ਮਨ ਦੀਆਂ ਬਸਤੀਆਂ‘ ਸਵੈ-ਜੀਵਨੀ ਲਿਖ ਕੇ 53 ਵਰ੍ਹਿਆਂ ਦਾ ਬੋਝ ਲਾਹ ਦਿੱਤਾ ਤੇ ਆਪਣੇ ਮਤਬੰਨੇ ਪੁੱਤਰ ਰਾਣਾ ਨਵੀਦ ਇਕਬਾਲ (ਚੀਫ਼ ਨਿਊਜ਼ ਐਡੀਟਰ, ‘ਦੀ ਪਾਕਿਸਤਾਨ ਟਾਈਮਜ਼‘ ਨੂੰ ਨਾਲ ਲੈ ਕੇ ਆਪਣੇ ਪੁਰਖਿਆਂ ਦੀ ਜਨਮ ਭੋਇੰ ‘ਤੇ ਆ ਗਈ। ਸਿੰਬਲੀ ਘੋੜੇਵਾਹ ਮੁਸਲਮਾਨ ਰਾਜਪੂਤਾਂ ਦਾ ਪਿੰਡ ਸੀ। ਸੰਤਾਲੀ ਤੋਂ ਪਹਿਲਾਂ ਉਹਦੇ ਵੱਡੇ ਵਡਾਰੂ ਜ਼ਮੀਨਾਂ ਜ਼ਾਇਦਾਦਾਂ ਦੇ ਮਾਲਕ ਸਨ। ਦਾਦਾ ਗੁਲਾਮ ਗੌਂਸ ਤੇ ਦਾਦੇ ਦਾ ਭਰਾ ਫਤਹਿ ਖਾਂ 30 ਘੁਮਾਂ ਦੇ ਮਾਲਕ ਸਨ। ਗੁਲਾਮ ਗੌਂਸ ਦੇ ਤਿੰਨ ਮੁੰਡੇ ਨਿਆਮਤ ਖਾਂ, ਫੱਜਲ ਮੁਹੰਮਦ ਤੇ ਮਹਿੰਦੀ ਖਾਂ ਸਨ। ਅਫ਼ਜ਼ਲ ਤੌਸੀਫ਼ ਮਹਿੰਦੀ ਖਾਂ ਦੀ ਧੀ ਸੀ। ਮਹਿੰਦੀ ਖਾਂ ਕੋਇਟੇ ਪੁਲਿਸ ਅਫ਼ਸਰ ਸੀ। ਸੰਤਾਲੀ ਦੇ ਦੰਗਿਆਂ ਨੇ ਸਿੰਬਲੀ ਵੀ ਆਪਣੀ ਲਪੇਟ ਵਿੱਚ ਲੈ ਲਿਆ ਸੀ। ਅਫ਼ਜ਼ਲ ਤੌਸੀਫ਼ ਦੇ ਪਿਤਾ ਮਹਿੰਦੀ ਖਾਂ ਤੇ ਛੋਟਾ ਤਾਇਆ ਫੱਜਲ ਮੁਹੰਮਦ ਬਾਹਰ ਗਏ ਹੋਣ ਕਰਕੇ ਬੱਚ ਗਏ। ਅਫ਼ਜ਼ਲ ਤੌਸੀਫ਼ ਆਪਣੀ ਮਾਂ ਨਾਲ ਨਾਨਕੇ ਪਿੰਡ ਤੋਂ ਬੱਚ ਕੇ ਲਾਹੌਰ ਪੁੱਜ ਗਈ ਪਰ ਸਿੰਬਲੀ ਹਨੇਰੀ ਝੁੱਲ ਗਈ ਸੀ। ਉਸ ਦੇ ਘਰ ਦੇ 12 ਜੀਅ ਵੱਢ ਦਿੱਤੇ ਗਏ। ਤਾਏ ਦੀਆਂ ਚਾਰ ਧੀਆਂ ਵਿਚੋਂ ਦੋ ਧੀਆਂ ਸਰਵਰੀ ਤੇ ਸਦੀਕਣ ਅਗਵਾ ਕਰ ਲਈਆਂ ਗਈਆਂ। ਆਂਢ-ਗੁਆਂਢ ਦੀਆਂ ਕੁੜੀਆਂ ਵਲੋਂ ਖੂਹ ਵਿੱਚ ਛਾਲਾਂ ਮਾਰ ਦਿੱਤੀਆਂ ਗਈਆਂ। ਪਿੰਡ ਵਾਸੀ ਪੰਡਤ ਰੱਖਾ ਰਾਮ ਅਨੁਸਾਰ ਗੜ੍ਹਸ਼ੰਕਰ ਥਾਣੇ ‘ਚੋਂ ਥਾਣੇਦਾਰ ਸਰਦਾਰੀ ਲਾਲ ਨੇ 101 ਲਾਸ਼ਾਂ ਕਾਗਜ਼ਾਂ ਵਿੱਚ ਦਰਸਾਈਆਂ ਸਨ। ਪਰ ਉਸ ਅਨੁਸਾਰ 250 ਦੀ ਗਿਣਤੀ ਸੀ। ਕਤਲੇਆਮ ਵਾਲੀ ਜਗ੍ਹਾ ‘ਤੇ ਇਨ੍ਹਾਂ ਸਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਤੇ ਰਾਣਾ ਨਵੀਦ ਇਕਬਾਲ ਨੂੰ ਲੈ ਕੇ ਪੁੱਜਾ ਤਾਂ ਉਸਨੂੰ ਉਹਦੇ ਵੱਡੇ ਵਡਾਰੂ ਸ਼ਮਲਿਆਂ ਵਾਲੇ ਕਿਤੇ ਦਿਖਾਈ ਨਾ ਦਿੱਤੇ। ਖੰਡਰਬਣੀਆਂ ਇਮਾਰਤਾਂ ਦੇਖ ਕੇ ਉਸ ਹਉਕਾ ਲਿਆ। ਅੱਗੇ ਉਹ ਖੂਹ ਸੀ ਜਿਸ ਵਿੱਚ ਕੁੜੀਆਂ ਨੇ ਆਬਰੂ ਬਚਾਉਣ ਲਈ ਛਾਲਾਂ ਮਾਰੀਆਂ ਸਨ। ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਹਨੂੰ ਆਪਣਾ ਵਿਹੜਾ ਲਾਸ਼ਾਂ ਨਾਲ ਭਰਿਆ ਦਿਖਿਆ। ਅਗਵਾ ਹੁੰਦੀਆਂ ਭੈਣਾਂ ਦਿਖੀਆਂ। ਲਹੂ ਵਿੱਚ ਤੈਰਦੀਆਂ ਬੱਤਖ਼ਾਂ। ਉਹ ‘ਆਪਣੇ ਘਰ‘ ਸੁੰਨ ਹੋਈ ਖੜ੍ਹੀ ਸੀ। ਉਹਦੇ ਵੱਡੇ ਵਡਾਰੂਆਂ ਦੇ ਵਾਕਫ ਮਰਦ ਔਰਤਾਂ ਉਹਦੇ ਨਾਲ ਯਾਦਾਂ ਸਾਂਝੀਆਂ ਕਰਦੇ ਰਹੇ। ਇਨ੍ਹਾਂ ਸੱਤਰਾਂ ਦਾ ਲੇਖਕ ਬੀਬੀ ਅਫ਼ਜ਼ਲ ਤੌਸੀਫ਼ ਦੇ ਪੰਜਾਬ ਦੇ ਘੱਟੋ-ਘੱਟ ਦਸ ਦੌਰਿਆਂ ਦੌਰਾਨ ਵੱਖ ਵੱਖ ਥਾਵਾਂ ‘ਤੇ ਉਨ੍ਹਾਂ ਨਾਲ ਰਿਹਾ ਹੈ। ਉਨ੍ਹਾਂ ਨਾਲ ਕੀਤੀ ਮੁਲਾਕਾਤ ਦੇ ਕੁੱਝ ਅੰਸ਼ ਪੇਸ਼ ਹਨ।

■ ਤੁਸੀਂ ਸਾਹਿਤ ਨੂੰ ਕਿਥੋਂ ਤੱਕ ਮਾਨਤਾ ਦਿੰਦੇ ਹੋ?

0 ਸਾਹਿਤ ਹੀ ਮੇਰੀ ਪੂੰਜੀ ਹੈ। ਸਾਹਿਤ ਦੀ ਸ਼ਕਤੀ ਹੀ ਮੈਨੂੰ ਇਧਰ ਲੈ ਕੇ ਆਈ ਹੈ।

■ ਤੁਸੀਂ ਇਸ ਪਾਸੇ ਕਿਸ ਲੇਖ਼ਕ ਤੋਂ ਪ੍ਰਭਾਵਿਤ ਹੋ?

0 ਅੰਮ੍ਰਿਤਾ ਪ੍ਰੀਤਮ ਤੋਂ। ਪਾਕਿਸਤਾਨ ਦਾ ਅਵਾਮ ‘ਅੱਜ ਆਖਾਂ ਵਾਰਿਸ ਸ਼ਾਹ ਨੂੰ..‘ ਵਾਲੀ ਅੰਮ੍ਰਿਤਾ ਪ੍ਰੀਤਮ ਤੋਂ ਪ੍ਰਭਾਵਿਤ ਹੈ। ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਤੋਂ ਪ੍ਰਭਾਵਿਤ ਹਨ। ਉਨ੍ਹਾਂ ਨੂੰ ਚੰਗਾ ਸਮਝਦੇ ਹਨ।

■ ਪਾਕਿਸਤਾਨ ਵਿੱਚ ਕੀ ਲਿਖਿਆ ਜਾ ਰਿਹਾ ਹੈ ?

0 ਕਹਾਣੀ, ਕਵਿਤਾ, ਨਾਵਲ, ਨਾਟਕ ਸਕਰਿਪਟ। ਕੁੱਝ ਜ਼ਿਆਦਾ ਨਹੀਂ ਲਿਖਿਆ ਜਾ ਰਿਹਾ। ਕਿਉਂਕਿ ਕੋਈ ਇਨਕਲਾਬੀ ਲਹਿਰ ਨਹੀਂ ਹੈ। ਲਹਿਰਾਂ ਨੇ ਹੀ ਚੰਗਾ ਸਾਹਿਤ ਅਵਾਮ ਨੂੰ ਦੇਣਾ ਹੁੰਦਾ ਹੈ। ਬੱਸ ਰਪੀਟ ਹੋ ਰਿਹਾ ਹੈ।

■ ਤੁਸੀਂ ਆਪਣੀ ਕਹਾਣੀ ‘25ਵਾਂ ਘੰਟਾ‘ ਨੂੰ ਸ਼ਾਹਕਾਰ ਰਚਨਾ ਮੰਨਦੇ ਹੋ ਜਾਂ ਅਜੇ ਲਿਖੀ ਜਾਣੀ ਹੈ?

0 ਇਸ ਕਹਾਣੀ ਤੇ ਮਾਣ ਕਰ ਸਕਦੀ ਹਾਂ ਬਾਕੀ ਤਾਂ ਸਮਾਂ ਹੀ ਦੱਸੇਗਾ।

■ ਸੰਤਾਲੀ ਤੋਂ ਪਹਿਲਾਂ ਲਾਹੌਰ ਸਾਹਿਤ ਤੇ ਪ੍ਰੈੱਸ ਦਾ ਕੇਂਦਰ ਹੁੰਦਾ ਸੀ। ਸਾਰੀਆਂ ਅਖ਼ਬਾਰਾਂ ਇੱਧਰ ਆ ਗਈਆਂ ਉੱਧਰ ਕੀ ਹਾਲਤ ਹੈ?

0 ਰਾਣਾ ਨਵੀਦ ਇਕਵਾਲ : ਨਵੀਆਂ ਅਖ਼ਬਾਰਾਂ ਛਪਣੀਆਂ ਸ਼ੁਰੂ ਹੋਈਆਂ ਨੇ। ਅਖ਼ਬਾਰਾਂ ਪੜ੍ਹਨ ਵਾਲਿਆਂ ਦੀ ਗਿਣਤੀ ਘੱਟ ਹੈ। ਅਖ਼ਬਾਰ ਮਹਿੰਗੇ ਹਨ। 8-10 ਰੁਪਏ ਉਰਦੂ ਦੇ ਤੇ 12 ਰੁਪਏ ਦਾ ਅੰਗਰੇਜ਼ੀ ਅਖ਼ਬਾਰ ਮਿਲਦਾ ਹੈ। ਜੇ ਅਖ਼ਬਾਰਾਂ ਜਾਂ ਕਿਤਾਬਾਂ ਨੂੰ ਮਹਿੰਗੇ ਕਰ ਦਿਓਗੇ ਤਾਂ ਲੋਕਾਂ ਤੱਕ ਨਹੀਂ ਪੁੱਜਣਗੇ।

■ ਤੁਹਾਨੂੰ ਭਾਰਤ ਤੇ ਪਾਕਿਸਤਾਨ ਵਿੱਚ ਕੀ ਅੰਤਰ ਲੱਗਦਾ ਹੈ?

0 ਕੁੱਝ ਵੀ ਨਹੀਂ। ਦੋਨਾਂ ਪਾਸਿਆਂ ਦੇ ਲੋਕ ਇਕੋ ਜਿਹੇ ਨੇ। ਮਾਸੂਮ ਚਿੜੀਆਂ ਤੇ ਘੁਗੀਆਂ ਵਰਗੇ। ਦੋਹਾਂ ਮੁਲਕਾਂ ਦੀਆਂ ਸਰਕਾਰਾਂ ਦਾ ਰੂਪ ਇਕੋ ਜਿਹਾ ਹੈ। ਚਿਹਰੇ ਅਲੱਗ ਨੇ। ਪਹਿਰਾਵੇ ਅਲੱਗ ਨੇ। ਅੰਦਰੋਂ ਇਕ ਏ। ਦੋਨੋਂ ਪਾਸੇ ਅਵਾਮ ਨੂੰ ਪੁਛਣ ਦਾ, ਉਨ੍ਹਾਂ ਦੀ ਇੱਛਾ ਅਨੁਸਾਰ ਕੰਮ ਕਰਨ ਦਾ ਰਿਵਾਜ਼ ਨਹੀਂ ਹੈ। ਲੋਕਾਂ ਤੇ ਠੋਸਿਆ ਜਾਂਦਾ ਹੈ।

■ ਸੰਤਾਲੀ ਦੀ ਵੰਡ ਨਾਲ ਪੰਜਾਬ ਦਾ ਕੀ ਨੁਕਸਾਨ ਹੋਇਆ ?

0 ਪੰਜਾਬ ਨੂੰ ਖੂਹ ਬਣਾ ਦਿੱਤਾ ਗਿਆ। ਸਾਹਿਤ ਵੇਖੋ, ਫਿਲਮਾਂ ਵੇਖੋ, ਜਿਹੜੇ ਮਰਜ਼ੀ ਖੇਤਰ ਵਿੱਚ ਦੇਖੋ। ਪੰਜਾਬੀਆਂ ਨੇ ਡੋਮੀਨੇਟ ਕਰਨਾ ਸੀ। ਪਰ ਕੁੱਝ ਲੋਕਾਂ ਨੇ ਪੰਜਾਬ ਨੂੰ ਵੰਡ ਕੇ ਪੰਜਾਬ ਦੇ ਸੱਭਿਆਚਾਰ ਤੇ ਸਾਹਿਤ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਵੰਡ ਨੇ ਪੰਜਾਹ ਸਾਲ ਪੰਜਾਬ ਪਿਛੇ ਪਾ ਦਿੱਤਾ। ਹੁਣ ਮਿਲਣ ਨਹੀਂ ਦੇਣਾ ਚਾਹੁੰਦੇ। ਫਿਲਮਾਂ ਵਿੱਚ ਪੰਜਾਬ ਦਾ ਸੱਭਿਆਚਾਰ ਜਾਂ ਕਰੈਕਟਰ ਵਿਗਾੜ ਕੇ ਪੇਸ਼ ਕਰਦੇ ਨੇ।

■ ਤੁਸੀਂ ਵਿਆਹ ਕਿਉਂ ਨਹੀਂ ਕਰਵਾਇਆ?

0 ਹੀਰ ਅਜੇ ਵੀ ਖੇੜਿਆਂ ਦੇ ਵੱਸ ਪਈ ਹੋਈ ਆ। ਆਦਮੀ ਦੇ ਬਣਾਏ ਹੋਏ ਸਮਾਜ ਵਿੱਚ ਜ਼ਨਾਨੀ ਦੇ ਖਵਾਬ ਅੰਨ੍ਹੇ ਨਿਆਂ ਵਰਗੇ ਹੁੰਦੇ ਨੇ।

■ “ਸੀਤੇ ਨੀ ਸੀਤੇ ! ਰਾਣੀ ਬਣ ਕੇ ਕੀ ਖੱਟਿਆ ਤੂੰ ਚੰਗਾ ਹੁੰਦਾ ਮਰੀਅਮ ਹੁੰਦੀ ਆਪਣੇ ਪੁੱਤਰ ਆਪੇ ਜੰਮ ਲੈਂਦੀ।” ਤੁਸੀਂ ਇਸ ਕਵਿਤਾ ਰਾਹੀਂ ਕੀ ਕਹਿਣਾ ਹਾਹੁੰਦੇ ਹੋ?

0 ਮੈਨੂੰ ਸੀਤਾ ਵਰਗੀਆਂ ਜ਼ਨਾਨੀਆਂ ਮਰਦਾਂ ਦੀਆਂ ਜ਼ਨਾਨੀਆਂ ਲਗਦੀਆਂ ਨੇ। ਮੇਰੀ ਖਾਹਿਸ਼ ਹੈ ਮੈਂ ਮਰੀਅਮ ਹੁੰਦੀ। ਆਪਣਾ ਪੁੱਤ ਆਪੇ ਜੰਮ ਲੈਂਦੀ।

■ ਇਸ ਮਰਦ ਸਮਾਜੀ ਵਿਦਰੋਹ ਪਿਛੇ ਕਾਰਨ ਨਿੱਜੀ ਜਾਂ ਘਰੇਲੂ ਤਾਂ ਨਹੀਂ?

0 ਸਾਡੇ ਘਰਾਂ ਵਿੱਚ ਔਰਤਾਂ ਤੇ ਬਹੁਤ ਸਾਰੀਆਂ ਪਾਬੰਦੀਆਂ ਸਨ। ਬੁਰਕੇ ਵਿੱਚ ਰਹਿਣਾ। ਘਰੋਂ ਬਾਹਰ ਨਾ ਨਿਕਲਣਾ। ਮੈਂ ਜੇਠੀ ਸਾਂ। ਤੇ ਆਪਣੇ ਨਾਨਕੇ ਕੂਮ ਕਲਾਂ (ਲੁਧਿਆਣਾ) ਵਿਖੇ ਜੰਮੀ। ਕੁੜੀ ਹੋਣ ਕਰਕੇ ਸਿੰਬਲੀ ਵਾਲੇ ਮੈਨੂੰ ਪਿੰਡ ਨਹੀਂ ਲੈ ਕੇ ਗਏ ਸੀ। ਨਾਨਕੇ ਪਿੰਡ ਇੱਕ ਵਿਧਵਾ ਬੇ-ਸਹਾਰਾ ਔਰਤ (ਘਰਾਂ ਵਿਚੋਂ ਮਾਸੀ ਲੱਗਦੀ ਸੀ) ਨੇ ਮੈਨੂੰ ਪਾਲਿਆ। ਉਹ ਮੇਰੀ ਕਾਕੀ ਮਾਂ ਸੀ। ਜਦੋਂ ਉਹ ਮਰੀ ਤੇ ਘਰ ਮੁੰਡੇ ਜੰਮੇ ਤਾਂ ਸਿੰਬਲੀ ਵਾਲੇ

ਮੈਨੂੰ ਪਿੰਡ ਲੈ ਕੇ ਗਏ ਸਨ।

■ ਤੁਹਾਡੇ ਘਰਾਂ ਵਿੱਚ ਐਨੀਆਂ ਪਾਬੰਦੀਆਂ ਪਰ ਤੁਸੀਂ ਲੈਕਚਰਾਰ ਦੇ ਅਹੁਦੇ ਤੋਂ ਰਿਟਾਇਰ ਹੋਏ । ਇਥੋਂ ਤੱਕ ਕਿਵੇਂ ਪੁੱਜੇ?

0 ਮੇਰੀ ਮਾਂ ਨੇ ਆਪਣੀ ਸ਼ਹਿਰਨ ਚਾਚੀ ਤਾਈ ਕੋਲੋਂ ਇਲਮ ਗ੍ਰਹਿਣ ਕੀਤਾ ਸੀ। ਉਹ ਮੈਨੂੰ ਚੋਰੀ ਪੜ੍ਹਾਉਂਦੇ। ਫੱਟੀ ਲਿਖਵਾਉਂਦੇ। ਇਹ ਕੰਮ ਘਰ ਵਿੱਚ ਦੁਪਹਿਰ ਸਮੇਂ ਜਾਂ ਰਾਤ ਨੂੰ ਲੁਕ ਕੇ ਹੁੰਦਾ ਸੀ। ਘਰ ਵਿੱਚ ਫੱਟੀ ਬਸਤੇ ਲੁਕਾ ਦਿੱਤੇ ਜਾਂਦੇ। ਮੇਰੇ ਅੱਬਾ ਕੋਇਟੇ ਪੁਲਿਸ ਅਫ਼ਸਰ ਸਨ। ਉਥੇ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ। ਉਹ ਵੀ ਘਰਦਿਆਂ ਤੋਂ ਚੋਰੀ। ਮੇਰੇ ਅੱਬਾ ਨੇ ਪੜ੍ਹਾਈ ਕਰਾਈ।

■ ਇਕ ਪਾਸੇ ਸਿੰਬਲੀ ਦੀ ਧਰਤੀ ‘ਤੇ ਸੁੰਦਰ ਸਿੰਘ, ਗੋਕਲ ਸਿੰਘ, ਗੇਂਦਾ ਸਿੰਘ ਵਰਗੇ ਗਦਰੀ ਦੇਸ਼ ਭਗਤਾਂ ਦਾ ਕਾਮਾਗਾਟਾਮਾਰੂ ਜਹਾਜ਼ ਵਿੱਚ ਆਉਣਾ ਤੇ ਜੇਲ੍ਹ ਜਾਣਾ। ਗੋਪਾਲ ਸਿੰਘ ਵਰਗੇ ਦੇਸ਼ ਭਗਤ ਗੁਰੂ ਕਾ ਬਾਗ ਮੋਰਚੇ ਵਿੱਚ ਦੁਨੀਆਂ ਨੂੰ ਅਲਵਿਦਾ ਕਹਿ ਗਏ। ਦੂਜੇ ਪਾਸੇ ਤੁਹਾਡੇ ਪਰਿਵਾਰ ਦਾ ਕਤਲੇਆਮ। ਪਿੰਡ ਦੇ ਲੋਕਾਂ ਬਾਰੇ ਕੀ ਰਾਇ ਬਣੀ?

0 ਇਹ ‘ਤੇ ਧਰਮ ਨਿਰਪੱਖ ਲੋਕ ਸਨ। ਪਰ ਸਾਰੇ ਲੋਕ ਨਾ ਧਰਮ ਨਿਰਪੱਖ ਹੁੰਦੇ ਹਨ ਤੇ ਨਾ ਹੀ ਦੇਸ਼ ਭਗਤ। ਹਰ ਥਾਂ ਹਰ ਤਰ੍ਹਾਂ ਦੇ ਲੋਕ ਮਿਲ ਜਾਂਦੇ ਹਨ। ਮਾਰਨ ਵਾਲੇ ਵੀ ਤੇ ਬਚਾਉਣ ਵਾਲੇ ਵੀ। ਬਾਕੀ ਇਹ ਸਿੰਬਲੀ ਵਾਲੇ ਹਮਲਾਵਰਾਂ ਅੱਗੇ ਬੇਬੱਸ ਹੋ ਗਏ ਹੋਣਗੇ।

■ ਸਿੰਬਲੀ ਆਉਣ ਤੋਂ ਬਾਅਦ ‘ਮਨ ਦੀਆਂ ਬਸਤੀਆਂ‘ ਵਿੱਚ ਕੁੱਝ ਵੱਸਿਆ ਉਜੜਿਆ ਹੋਵੇ?

0 53 ਵਰ੍ਹਿਆਂ ਦਾ ਬੋਝ ਸਵੈ ਜੀਵਨੀ ਲਿਖ ਕੇ ਲਾਹ ਦਿੱਤਾ ਸੀ। ਪਰ ਹੁਣ ਸਿੰਬਲੀ ਨੇ ਹੋਰ ਵੀ ਬਹੁਤ ਕੁੱਝ ਦਿੱਤਾ ਹੈ। ਨਵੇਂ ਆਡੀਸ਼ਨ ਵਿੱਚ ਤਬਦੀਲੀਆਂ ਕਰਾਂਗੀ।

■ ਤੁਹਾਡੇ ਪਰਿਵਾਰ ਦੇ ਕਤਲੇਆਮ ਦੀ ਪਿੰਡ ਵਾਸੀਆਂ ਤੇ ਸਾਹਿਤ ਸਭਾਵਾਂ ਨੇ ਮਾਫ਼ੀ ਮੰਗੀ ਹੈ। ਕੀ ਤੁਸੀਂ ਮਾਫ਼ ਕਰ ਦਿੱਤਾ ਹੈ?

0 ਹਾਂ, ਮੇਰੇ ਅੰਦਰ ਇਕ ਜਵਾਲਾ ਭੜਕ ਰਹੀ ਸੀ। ਉਹ ਕੁੱਝ ਸ਼ਾਂਤ ਹੋਈ ਹੈ। ਇਹ ਇਕ ਅੱਛੀ ਪਿਰਤ ਹੈ। ਪਰ ਮਾਫ਼ੀ ਮੰਗਣ ਵਾਲੇ ਮੇਰੇ ਆਪਣੇ ਨੇ। ਜਿਨ੍ਹਾਂ ਕਤਲੇਆਮ ਕੀਤਾ ਜਾਂ ਕਰਵਾਇਆ ਉਨ੍ਹਾਂ ਥੋੜਾ ਮਾਫ਼ੀ ਮੰਗੀ ਹੈ।

■ ਪਿੰਡ ਆ ਕੇ ਕੀ ਮਿਲਿਆ?

0 ਆਪਣੇ ਪੁਰਖਿਆਂ ਦੀ ਜਨਮ ਭੋਇੰ ‘ਤੇ ਆ ਕੇ ਆਪਣੇ ਅੰਦਰਲਾ ਗੁਬਾਰ ਕੱਢ ਲਿਆ। ਇਥੇ ਆ ਕੇ ਮੈਨੂੰ ਉਹ ਸਕੂਨ ਮਿਲਿਆ ਜਿਸ ਨੂੰ ਪ੍ਰਭਾਸ਼ਿਤ ਨਹੀਂ ਕੀਤਾ ਜਾ ਸਕਦਾ। ਜਦੋਂ ਇਥੋਂ ਉਜੜ ਕੇ ਗਏ ਸਾਂ ਤਦ 11-12 ਸਾਲਾਂ ਦੀ ਹੋਵਾਂਗੀ। ਜ਼ਿਹਨ ਤੇ ਜੋ ਨਕਸ਼ੇ ਬਣੇ ਹੋਏ ਸਨ, ਉਹ ਦੇਖ ਕੇ ਪ੍ਰਸੰਨ ਹੋਈ ਹਾਂ। ਮੈਨੂੰ ਪਰਿਵਾਰ ਦੇ ਮੈਂਬਰ ਜਾਂ ਘਰ ਨਹੀਂ ਮਿਲਿਆ। ਪਰ ਘਰ ਵਰਗਾ ਮੋਹ ਜ਼ਰੂਰ ਮਿਲਿਆ। ਤੁਹਾਡੇ ਵਰਗੇ ਬੰਦੇ ਜਿਨ੍ਹਾਂ ਮੇਰੇ ਜੀਵਨ ਨਾਲ ਜੁੜੀਆਂ, ਖੌਫਨਾਕ ਯਾਦਾਂ, ਗਲੀਆਂ, ਵਿਹੜੇ, ਚੁਬਾਰੇ, ਖੂਹ, ਮਸਜਿਦਾਂ, ਖੇਤ ਰੂ-ਬ-ਰੂ ਕਰਵਾ ਕੇ ਮੈਨੂੰ ਸ਼ਾਂਤ ਕੀਤਾ। ਤੁਹਾਨੂੰ ਜਾਂ ਸਾਰਾ ਕੁੱਝ ਦੇਖਕੇ ਲੱਗਾ ਕਿ ਧਾੜਵੀ ਮੇਰੇ ਘਰ ਦੇ ਜੀਆਂ ਨੂੰ ਵੱਢ ਨਹੀਂ ਸਕੇ। ਉਹ ਜਿਉਂਦੇ ਨੇ। ਤੁਸੀਂ ਜਿਉਂਦੇ ਹੋ ਨਾ। ਮਾਨਵਤਾ ਦਾ ਸੁਨੇਹਾ ਦੇਣ ਵਾਲੇ।

■ ਸੱਭ ਤੋਂ ਵੱਡੀ ਪ੍ਰਾਪਤੀ ਕੀ ਹੈ?

0 ਮੇਰੇ ਬਜ਼ੁਰਗਾਂ ਦਾਦਾ ਜਾਨ ਗੁਲਾਮ ਗੌਂਸ ਖਾਂ ਤੇ ਉਨ੍ਹਾਂ ਦੇ ਭਰਾ ਫਤਹਿ ਖਾਂ ਵਲੋਂ ਲਿਖੀ ਰਜਿਸਟਰੀ, ਰਜਿਸਟਰੀ ‘ਤੇ ਉਨ੍ਹਾਂ ਦੇ ਲੱਗੇ ਹੋਏ ਅੰਗੂਠੇ ਬਜ਼ੁਰਗ ਸ. ਅਮਰ ਸਿੰਘ ਕੋਲੋਂ ਮਿਲੀ ਹੈ।

■ ਤੁਸੀ ਇਥੇ ਆ ਕੇ ਨਿਰਾਸ਼ ਤਾਂ ਨਹੀਂ ਹੋਏ।ਥੱਕੇ ਤਾਂ ਨਹੀਂ?

0 ਮੈਂ ਥੱਕੀ ਨਹੀਂ ਉਂਝ ਵਕਤ ਨੂੰ ਯਾਦ ਕੀਤਾ ਹੈ। ਕਿਤੇ ਨਾਨਕੇ-ਦਾਦਕੇ, ਕਿਤੇ ਨਹਿਰਾਂ, ਖੇਤ, ਹਵੇਲੀਆਂ, ਉਹ ਖੂਹ ਦੇਖੇ ਜਿਥੇ ਮਾਂ ਜਾਈਆਂ ਡੁੱਬੀਆਂ। ਚਾਚਿਆਂ, ਤਾਇਆਂ, ਭਰਾਵਾਂ, ਭੈਣਾਂ, ਚਾਚੀਆਂ, ਤਾਈਆਂ, ਮਾਵਾਂ ਤੇ ਬੱਚਿਆਂ ਦੇ ਖੂਨ ਦੇ ਨਿਸ਼ਾਨ ਲੱਭੇ ਨੇ।

■ ਜਦੋਂ ਕਾਰਗਿਲ ਦਾ ਯੁੱਧ ਚੱਲ ਰਿਹਾ ਸੀ ਤਾਂ ਲੋਕਾਂ ਵਿੱਚ ਕੀ ਪ੍ਰਤੀਕਿਰਿਆ ਸੀ?

0 ਕੋਈ ਖਾਸ ਨਹੀਂ ਪਹਿਲੀਆਂ ਜੰਗਾਂ ਵੇਲੇ ਕੁੜੱਤਣ ਜ਼ਿਆਦਾ ਸੀ।

■ ਕਾਰਨ?

0 ਨਵੀਂ ਪੀੜੀ ਮਜ਼ੇ ਵਿੱਚ ਰਹਿਣਾ ਚਾਹੁੰਦੀ ਹੈ। ਉਂਝ ਵੀ ਆਵਾਮ ਨੂੰ ਨਾਹਰਿਆਂ ਦੀ ਅਸਲੀਅਤ ਪਤਾ ਲੱਗ ਗਈ ਹੈ।

■ ਪਾਕਿਸਤਾਨ ਦੇ ਲੋਕ ਭਾਰਤੀ ਲੋਕਾਂ ਬਾਰੇ ਕੀ ਸੋਚਦੇ ਹਨ?

0 ਅਵਾਮ ਵਿੱਚ ਮਿਲਣ ਦੀ ਬੜੀ ਚਾਹਤ ਏ। ਉਹ ਚਾਹੁੰਦੇ ਨੇ ਮਿਲਣ ਲਈ ਸਰਹੱਦਾਂ ਖੋਲ੍ਹ ਦੇਣੀਆਂ ਚਾਹੀਦੀਆਂ ਨੇ।

■ ਜੇ ਸਰਹੱਦਾਂ ਖੋਲ੍ਹ ਦਿੱਤੀਆਂ ਜਾਣ ਤਾਂ ਕੀ ਤਬਦੀਲੀ ਆਵੇਗੀ?

0 ਕਲਾਸ ਕਰੈਕਟਰ ਬਦਲੇਗਾ। ਧਾਰਮਿਕ ਅਸਹਿਣਸ਼ੀਲਤਾ ਘਟੇਗੀ। ਲੋਕੀਂ ਆਪਸ ਵਿੱਚ ਮਿਲਣਗੇ। ਭਾਈਚਾਰਾ ਵਧੇਗਾ। ਦੂਰੀਆਂ ਘਟਣਗੀਆਂ। ਆਪਸ ਵਿੱਚ ਵਿਆਹ ਹੋਣਗੇ।

■ ਜਿਵੇਂ ਲਾਹੌਰ ਦਿੱਲੀ ਬੱਸ ਸੇਵਾ ਸ਼ੁਰੂ ਹੋਈ ਹੈ। ਇਹ ਕਿਹੋ ਜਿਹਾ ਉਪਰਾਲਾ ਲੱਗਾ?

0 ਅਵਾਮ ਨੇ ਸਵਾਗਤ ਕੀਤਾ ਹੈ। ਪਰ ਇਹ ਬੱਸ ਪਹਿਲਾਂ ਦਿੱਲੀ ਪੁਜਦੀ ਹੈ। ਵੰਡ ਤਾਂ ਪੰਜਾਬੀਆਂ ਦੀ ਹੋਈ ਹੈ। ਇਹ ਕਿੱਡੀ ਹਾਸੋਹੀਣੀ ਗੱਲ ਹੈ ਕਿ ਪਹਿਲਾਂ ਅਸੀਂ ਦਿੱਲੀ ਜਾਈਏ। ਮੁੜ ਕੇ ਪੰਜਾਬ ਆਈਏ। ਇਹ ਬੱਸ ਪਹਿਲਾਂ ਪੰਜਾਬ ਵਿੱਚ ਰੁਕਣੀ ਚਾਹੀਦੀ ਹੈ।

■ ਪਾਕਿਸਤਾਨ ਵਿੱਚ ਪ੍ਰੋਗ੍ਰੈਸਿਵ ਜਥੇਬੰਦੀਆਂ ਖਾਸ ਤੌਰ ‘ਤੇ ਕਮਿਊਨਿਸਟਾਂ ‘ਤੇ ਪਾਬੰਦੀ ਹੈ। ਕਿਵੇਂ ਜੂਝ ਰਹੇ ਨੇ ਉਹ ਲੋਕ?

0 ਸੰਸਾਰ ਪੱਧਰ ‘ਤੇ ਪ੍ਰੋਗ੍ਰੈਸਿਵ ਫੋਰਸਜ਼ ਕਮਜ਼ੋਰ ਹੋ ਗਈਆਂ ਨੇ। ਪਰ ਐਨੀਆਂ ਵੀ ਨਹੀਂ। ਲੜਨਾ ਤੇ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਹਿੱਸਾ ਹੈ।

■ ਫ਼ੌਜੀ ਹਕੂਮਤ ਦੇ ਖਿਲਾਫ਼ ਪਾਕਿਸਤਾਨ ਦੇ ਲੋਕ ਜਥੇਬੰਦ ਕਿਉਂ ਨਹੀਂ ਹੋਏ?

0 ਇਕ ਤੇ ਇਹ ਮਾਰਸ਼ਲ ਫ਼ੌਜੀ ਰਾਜ ਨਹੀਂ ਹੈ। ਦੂਜਾ ਬੇਨਜ਼ੀਰ ਭੁੱਟੋ ਜਾਂ ਸ਼ਰੀਫ ਦੀਆਂ ਸਰਕਾਰਾਂ ਵਿੱਚ ਕਿਹੜੀ ਜਮਹੂਰੀਅਤ ਸੀ। ਉਨ੍ਹਾਂ ਨੇ ਲੋਕਾਂ ਨੂੰ ਮਾਯੂਸ ਕੀਤਾ। ਸਰਮਾਏਦਾਰੀ ਵਧੀ। ਜਮਹੂਰੀਅਤ ਦਾ ਕਤਲ ਹੋਇਆ। ਤੀਜਾ ਪ੍ਰੋਗ੍ਰੈਸਿਵ ਫੋਰਸਜ਼ ਜ਼ਿਆਦਾ ਕਮਜ਼ੋਰ ਨੇ।

■ ਫੇਰ ਵੀ ਜਮਹੂਰੀਅਤ ਅਤੇ ਫੌਜੀ ਰਾਜ ਵਿੱਚ ਫ਼ਰਕ ਤਾਂ ਹੋਏਗਾ ਹੀ?

0 ਲਿਹਾਜ਼ਾ ਜਮਹੂਰੀਅਤ ਅਵਾਮ ਨੂੰ ਇਲਮ ਨਹੀਂ ਦਿੰਦੀ। ਰੋਟੀ ਨਹੀਂ ਦਿੰਦੀ। ਐਟਮ ਬੰਬ ਚਲਾਉਣ ਨਾਲ ਸ਼ਾਂਤੀ ਨਹੀਂ ਹੁੰਦੀ। ਤੇ ਇਹ ਦੋਨਾਂ ਮੁਲਕਾਂ ਦੀ ਹੋਣੀ ਹੈ।

■ ਆਉਣ ਵਾਲੇ ਸਾਲਾਂ ਵਿੱਚ ਭਾਰਤ-ਪਾਕਿਸਤਾਨ ਜੰਗ ਲੱਗਣ ਦਾ ਖਤਰਾ ਹੈ?

0 ਕੋਈ ਜੰਗ ਨਹੀਂ ਲੱਗੇਗੀ। ਐਟਮ ਬੰਬ ਲੀਡਰਾਂ ਨੇ ਬਣਾਏ ਹਨ, ਲੋਕਾਂ ਨੇ ਨਹੀਂ। ਜਿੰਨਾਂ ਚਿਰ ਲੋਕ ਜਿਊਂਦੇ ਨੇ ਜੰਗਾਂ ਨਹੀਂ ਹੋਣਗੀਆਂ।

■ ਪਰ ਪਹਿਲਾਂ ਜੰਗਾਂ ਹੋਈਆਂ ਨੇ। ਕਾਰਗਿਲ ਦਾ ਯੁੱਧ ਹੋਇਆ ਹੈ?

0 ਉਹ ਲੋਕਾਂ ਦੀਆਂ ਜੰਗਾਂ ਨਹੀਂ ਸਨ। ਹਾਕਮਾਂ ਦੀ ਇੱਛਾ ਸੀ। ਜਦੋਂ ਲੋਕ ਲੜਨਗੇ ਤਾਂ ਰੋਟੀ ਤੇ ਵਧੀਆ ਜ਼ਿੰਦਗੀ ਦੀ ਮੰਗ ਲਈ ਲੜਨਗੇ। ਕਾਣੀ ਵੰਡ ਵਾਲੇ ਸਿਸਟਮ ਵਿਰੁੱਧ ਲੜਣਗੇ।

■ ਲੋਕ ਲੜੇ ਤਾਂ ਸਨ। ਸੰਤਾਲੀ ਦੇ ਦੰਗਿਆਂ ਵੇਲੇ 10 ਲੱਖ ਪੰਜਾਬੀਆਂ ਦਾ ਕਤਲ ਹੋਇਆ। ਤੁਹਾਡੇ ਘਰ ਦੇ 12 ਜੀਅ ਵੱਢ ਦਿੱਤੇ ਗਏ। ਹੁਣ ਵੀ ਸੰਘ ਪਰਿਵਾਰ ਵਲੋਂ ਧਾਰਮਿਕ ਅਤੇ ਸੱਭਿਆਚਰਕ ਦਹਿਸ਼ਤਗਰਦੀ ਹੇਠ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?

0 ਸਾਡੇ ਲੋਕ ਭੋਲੇ ਨੇ। ਕਈ ਵਾਰ ਹਾਕਮਾਂ ਦੇ ਕਹਿਣੇ ਵਿੱਚ ਆ ਜਾਂਦੇ ਨੇ। ਧਰਮ ਤੇ ਰਾਜਨੀਤੀ ਦੀ ਰਲਗੱਡ ਵੀ ਪੰਗਾ ਪਾਉਂਦੀ ਹੈ। ਪਰ ਮੇਰਾ ਅਟੱਲ ਵਿਸ਼ਵਾਸ਼ ਹੈ ਕਿ ਲੋਕ ਆਪਸ ਵਿੱਚ ਨਹੀਂ ਲੜਣਗੇ ਸਗੋਂ ਲੜਾਉਣ ਵਾਲਿਆਂ ਨਾਲ ਟੱਕਰ ਲੈਣਗੇ।

■ ਸਮਾਜਵਾਦੀ ਦਿਨੋਂ ਦਿਨ ਸੁੰਘੜੀ ਜਾ ਰਹੇ ਨੇ। ਤੁਸੀ ਸਮਾਜਵਾਦੀ ਹੋਣ ਦੇ ਨਾਤੇ ਕੀ ਕਹਿਣਾ ਚਾਹੁੰਦੇ ਹੋ?

0 ਵਕਤ ਸੱਭ ਕੁੱਝ ਬਦਲ ਦਿੰਦਾ ਹੈ। ਵਕਤ ਜ਼ਰੂਰ ਬਦਲੇਗਾ। ਕਮਿਊਨਿਸਟਾਂ ‘ਤੇ ਬਹੁਤ ਸਾਰੀਆਂ ਭਾਰੀਆਂ ਪਈਆਂ। ਪਰ ਉਂਝ ਸੰਸਾਰ ਪੱਧਰ ‘ਤੇ ਲੋਕਾਂ ਵਿੱਚ ਇਨਕਲਾਬ ਦੀ ਪਿਆਸ ਹੈ। ਇਨਕਲਾਬ ਤਾਂ ਸੂਰਜਾਂ ਦਾ ਨਾਂ ਹੈ। ਸੂਰਜਾਂ ਨੂੰ ਚੜ੍ਹਨੋਂ ਕੋਣ ਰੋਕੇਗਾ।

■ ਤੁਸੀਂ ਬਗਾਵਤੀ ਸੁਰ ਕਿਥੋਂ ਲਈ?

0 ਮੇਰੇ ਇਲਮ ਨੇ ਮੈਨੂੰ ਆਵਾਜ਼ ਦਿੱਤੀ। ਤਵਾਰੀਖ ਦੀ ਚੇਤਨਾ ਨੇ ਦਿੱਤੀ। ਇਸ ਚੇਤਨਾ ਨਾਲ ਮਾੜੇ ਤੇ ਦੱਬੇਕੁਚਲੇ ਲੜ ਸਕਦੇ ਨੇ। ਇਲਮ ਨੇ ਮੈਨੂੰ ਮਾਰਕਸ ਦੀ ਸ਼ਾਗਿਰਦਨੀ ਬਣਾਇਆ। ਮੈਂ ਜ਼ੁਲਮ, ਬਦੀ, ਬੇਇਨਸਾਫੀ ਤੇ ਝੂਠ ਦੇ ਖਿਲਾਫ਼ ਲੜਦੀ ਪਈ ਹਾਂ।

■ ਲੋਕਾਂ ਨੂੰ ਇਨਕਲਾਬੀ ਲਹਿਰ ਦੀ ਲੋੜ ਬੜੀ ਹੈ। ਪਰ ਲਹਿਰ ਕਿਉਂ ਨਹੀਂ ਹੈ?

0 ਲੀਡਰਸ਼ਿਪ ਨਹੀਂ ਹੈ।

■ ਪਾਕਿਸਤਾਨ ਵਿੱਚ ਪ੍ਰੈੱਸ ‘ਤੇ ਹਮਲੇ ਬੜੇ ਹੋ ਰਹੇ ਨੇ?

0 ਤੁਸੀਂ ਮੈਨੂੰ ਦੱਸੋ ਤੀਜੀ ਦੁਨੀਆਂ ਦੇ ਦੇਸ਼ਾਂ ਵਿੱਚ ਪ੍ਰੈੱਸ ਨੂੰ ਕਿੰਨੀ ਕੁ ਆਜ਼ਾਦੀ ਹੈ। ਭਾਰਤ ਦੀ ਪ੍ਰੈੱਸ ਨੂੰ ਕਿੰਨੀ ਕੁ ਆਜ਼ਾਦੀ ਹੈ?

■ ਭਾਰਤ ਵਾਂਗ ਪਾਕਿਸਤਾਨ ਵਿੱਚ ਵੀ ਬਹੁ-ਕੌਮੀ ਵਿਦੇਸ਼ੀ ਕੰਪਨੀਆਂ ਨੂੰ ਖੁਲ੍ਹੀਆਂ ਬਾਰੀਆਂ ਦੀ ਰੋਸ਼ਨੀ ਕਿਹਾ ਜਾ ਰਿਹਾ ਹੈ?

0 ਬਰਜੂਆ ਕਲਾਸ ਹੀ ਵੈਲਕਮ ਕਰ ਰਹੀ ਹੈ। ਆਵਾਮ ਲਈ ਵਿੰਡੋ ਬੰਦ ਹੀ ਹੈ।

■ ਜਿਸ ਸ਼ਿਦਤ ਤੇ ਨਿਡਰਤਾ ਨਾਲ ਸੰਤਾਲੀ ਦੀ ਵੱਡ ਟੁੱਕ ਦੇ ਕਾਰਨਾਂ ਨੂੰ ਇਧਰ ਲਿਖਿਆ ਗਿਆ ਹੈ। ਉਧਰ ਨਹੀਂ। ਇਹਦਾ ਕਾਰਨ ਤਾਨਾਸ਼ਾਹੀ ਰਾਜ ਜਾਂ ਕੋਈ ਹੋਰ ਕਾਰਨ?

0 ਕਾਕਾ ਜੀ, ਲਿਖਿਆ ਗਿਆ ਹੈ ਪਰ ਤੁਹਾਡੇ ਤੱਕ ਪੁੱਜਾ ਨਹੀਂ ਹੈ। ਸਾਆਦਤ ਹਸਨ ਮੰਟੋ ਉਸ ਧਰਤੀ ਤੇ ਰਹਿ ਕੇ ਹੀ ਲਿਖ਼ਦਾ ਰਿਹਾ ਹੈ। ਹੁਣ ਤੂੰ ਸੰਤਾਲੀ ‘ਤੇ ਬਥੇਰਾ ਕੰਮ ਕੀਤਾ ਹੈ। ਬਹੁਤ ਥੋੜ੍ਹਾ ਉਧਰ ਪੁੱਜਿਆ ਹੈ।

■ ਸਾਡੀ ਹਿੱਕ ਤੇ ਵਾਘੇ ਦੀ ਵਾਹੀ ਲੀਕ ਕਦੋਂ ਮਿਟੇਗੀ?

0 ਜਦੋਂ ਸਾਡੇ ਲੋਕ ਸੌੜੀ ਸਿਆਸਤ ਵਾਲੇ ਸਿਆਸਤਦਾਨਾਂ ਵਲੋਂ ਇਸਤੇਮਾਲ ਹੋਣ ਤੋਂ ਨਾਂਹ ਕਰ ਦੇਣਗੇ।

■ ਲੋਕਾਂ ਨੂੰ ਕੁੜੱਤਣ ਘਟਾਉਣ ਲਈ ਕੀ ਕਰਨਾ ਚਾਹੀਦਾ ਹੈ?

0 ਆਪਣੀ ਪੰਜਾਬੀ ਮਾਂ ਬੋਲੀ ਨੂੰ ਬਚਾਉਣਾ ਚਾਹੀਦਾ ਹੈ। ਬੋਲੀ ਦੀ ਸਾਂਝ ਹੀ ਲੋਕਾਂ ਨੂੰ ਮਿਲਾਏਗੀ।

■ ਤੁਹਾਨੂੰ ਇੰਡੀਆ ਦੇ ਕਿਹੜੇ ਲੋਕ ਚੰਗੇ ਲੱਗਦੇ ਨੇ ?

0 ਪ੍ਰੋਗ੍ਰੈਸਿਵ। ਲਤਾ ਮੰਗੇਸ਼ਕਰ, ਮੀਨਾ ਕੁਮਾਰੀ, ਚੰਗੀਆਂ ਲਗਦੀਆਂ ਹਨ। ਸ਼ਹੀਦ ਭਗਤ ਸਿੰਘ ਮੇਰਾ ਖਾਸ ਹੀਰੋ ਹੈ।

■ ਪੰਜਾਬੀ ਸੱਥ ਲਾਂਬੜਾ (ਜਲੰਧਰ) ਵਲੋਂ ਬਾਬਾ ਫ਼ਰੀਦ ਪੁਰਸਕਾਰ (ਸਾਂਝਾਂ ਦਾ ਪੁਲ) ਲੈ ਕੇ ਕੀ ਮਹਿਸੂਸ ਕਰ ਰਹੇ ਹੋ?

0 ਇਹ ਤੇ ਮੇਰੇ ਆਪਣਿਆਂ ਨੇ ਮੇਰਾ ਮਾਣ ਕੀਤਾ ਹੈ। ਸਿੰਬਲੀ ਵਾਲਿਆਂ ਨੇ ਮੈਨੂੰ ਧੀ ਧਿਆਣੀ ਜਾਣ ਕੇ ਮੈਨੂੰ ਬਾਬਾ ਬੁੱਲ੍ਹੇ ਸ਼ਾਹ ਐਵਾਰਡ ਦਿੱਤਾ ਹੈ।

■ ਜੋ ਪਾਕਿਸਤਾਨ ਤੋਂ ਉੱਜੜ ਕੇ ਇਥੇ ਅਏ। ਉਹ ਅੱਜ ਵੀ ਪਨਾਹਗੀਰ, ਲਾਹੌਰੀਏ, ਸਿਆਲਕੋਟੀਏ ਕਹਾਉਂਦੇ ਨੇ। ਇਥੋਂ ਦੇ ਕਹਾ ਨਹੀਂ ਪਾਏ। ਤੁਸੀਂ ਲਾਹੌਰ ਰਹਿੰਦੇ ਹੋ। ਲਾਹੌਰ ਤੁਹਾਡਾ ਆਪਣਾ ਸ਼ਹਿਰ ਬਣ ਗਿਆ ਹੈ ਜਾਂ ਨਹੀਂ?

0 ਜਦੋਂ ਮੈਂ ਲਾਹੌਰ ਰਹਿਣ ਲੱਗੀ ਸੀ ਤਾਂ ਲੱਗਦਾ ਸੀ ਕਿਸੇ ਪਰਾਏ ਸ਼ਹਿਰ ਕਿਰਾਏ ‘ਤੇ ਰਹਿ ਰਹੀ ਹਾਂ। ਕਈ ਸਾਲ ਉਹਨੂੰ ਬੇਗਾਨਾ ਸ਼ਹਿਰ ਕਹਿੰਦੀ ਰਹੀ। ਪਰ ਹੁਣ ਉਹ ਸ਼ਹਿਰ ਮੇਰਾ ਹੈ। ਜੇ ਉਸ ਸ਼ਹਿਰ ਨੇ ਇਨਕਲਾਬੀ ਹੋਣ ਕਰਕੇ ਕੈਦਾਂ ਕੌੜੇ ਬਖ਼ਸ਼ੇ ਤਾਂ ਉਸ ਸ਼ਹਿਰ ਨੇ ਮੇਰੇ ਦਰਦ ਵੀ ਵੰਡਾਏ। ਮੈਨੂੰ ਸਾਂਭਿਆ। ਘਰ ਦਿੱਤਾ। ਸਹਾਰਾ ਦਿੱਤਾ। ਪੀੜਾਂ ਸਾਂਝੀਆਂ ਕੀਤੀਆਂ। ਉਸ ਸ਼ਹਿਰ ਦੀ ਤਵਾਰੀਖ਼ ਬੜੀ ਅਮੀਰ ਏ। ਸ਼ਹੀਦ ਭਗਤ ਸਿੰਘ ਤੇ ਦੁੱਲੇ ਭੱਟੀ ਵਰਗੇ ਯੋਧੇ ਮੇਰੇ ਅੰਗ ਸੰਗ ਰਹਿੰਦੇ ਹਨ।

■ ਜ਼ਿੰਦਗੀ ਵਿੱਚ ਜਿੱਤਾਂ ਹਾਰਾਂ ਦਾ ਵਰਨਣ ਕਰੋ?

0 ਜਦੋਂ ਦਰੱਖਤ ਕੱਟੇ ਜਾਂਦੇ ਨੇ, ਜਾਨਵਰਾਂ ਦਾ ਸ਼ਿਕਾਰ ਹੁੰਦਾ ਹੈ, ਮੰਦਰ ਮਸਜਿਦਾਂ ਢਾਏ ਜਾਂਦੇ ਨੇ, ਬਾਲ ਮਜ਼ਦੂਰੀ ਕਰਦੇ ਨੇ, ਇਲਮ ਦੇਣ ਦੀ ਜਗ੍ਹਾ ਐਟਮ ਬੰਬ ਬਣਦੇ ਨੇ, ਭੁੱਖੇ ਢਿੱਡ ਮੰਗਦੇ ਫਿਰਦੇ ਨੇ, ਧੀਆਂ ਦੇ ਸੌਦੇ ਹੁੰਦੇ ਨੇ, ਜਾਤ ਤੇ ਧਰਮ ਦੇ ਨਾਂ ਤੇ ਸ਼ੋਸ਼ਣ ਹੁੰਦਾ ਹੈ, ਹੀਰ ਨੂੰ ਖੇੜੇ ਵਿਆਹ ਕੇ ਲੈ ਜਾਂਦੇ ਨੇ, ਤਿਤਲੀ ਕਿਸੇ ਦੇ ਪਰ੍ਹਾਂ ਥੱਲੇ ਮਧੋਲੀ ਜਾਂਦੀ ਹੈ, ਮਾਨਵ ਨੂੰ ਦਾਨਵ ਕਤਲ ਕਰਦੇ ਨੇ, ਤੇ ਬੰਦੇ ਨੂੰ ਬੰਦਾ ਨਹੀਂ ਸਮਝਿਆ ਜਾਂਦਾ, ਉਦੋਂ ਮੇਰੀ ਹਾਰ ਹੁੰਦੀ ਹੈ। ਜਿੱਤ ਮੇਰੀ ਇਹੀ ਹੈ ਕਿ ਮੈਂ ਮੋਰਚਾ ਨਹੀਂ ਛੱਡਦੀ। ਜੇਲ੍ਹ ਵਿੱਚ ਰਹਿ ਕੇ ਵੀ ਤੇ ਕੌੜੇ ਖਾ ਕੇ ਵੀ।

■ ਤੁਹਾਡੀ ਇੱਛਾ ਕੀ ਏ?

0 ਮੈਂ ਮਰਨ ਮੱਗਰੋਂ ਥਾਂ ਨਹੀਂ ਮੱਲਣਾ ਚਾਹੁੰਦੀ। ਜ਼ਮੀਨਾਂ ਘੱਟ ਰਹੀਆਂ ਨੇ। ਮੇਰਾ ਸਰੀਰ ਕਿਸੇ ਤਜ਼ਰਬਾਗਾਹ ਨੂੰ ਦਿੱਤਾ ਜਾਵੇ ਜਾਂ ਸਾੜ ਕੇ ਉਹਦੀ ਅੱਧੀ ਸੁਆਹ ਖਾਦ ਵਜੋਂ ਖਿਲਾਰ ਦਿੱਤੀ ਜਾਵੇ ਜਿਥੋਂ ਮੇਰੇ ਮਨ ਦੀਆਂ ਬਸਤੀਆਂ ਦੇ ਦਰਸ਼ਨ ਆਮ ਲੋਕ ਵੀ ਕਰਨ। ਪਰ ਇਹ ਅਸੰਭਵ ਹੈ। ਇਥੇ ਤਾਂ ਬੰਦਾ ਮਰਜ਼ੀ ਨਾਲ ਜੀਅ ਨਹੀਂ ਸਕਦਾ ਮਰਜ਼ੀ ਦੀ ਮੌਤ ਤਾਂ ਦੂਰ ਦੀ ਗੱਲ ਹੈ।

(ਸਾਹਿਤ ਰਚਨਹਾਰੇ ’ਚੋ ਧੰਨਵਾਦ ਸਹਿਤ)

Tags: afza; taiseefpunjabi writerਅਫ਼ਜ਼ਲ ਤੌਸੀਫ਼ਪੰਜਾਬੀ ਲੇਖਕ ਅਫ਼ਜ਼ਲ ਤੌਸੀਫ਼
Share37Tweet23SendShare
PunjabiPhulwari

PunjabiPhulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।ਰਚਨਾਵਾਂ ਇਸ ਪਤੇ ’ਤੇ ਭੇਜੋ : punjabiphulwariindia@gmail.com

Related Posts

ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

ਗੁਰਬਖ਼ਸ਼ ਸਿੰਘ ਫ਼ਰੈਂਕ ਨੂੰ ਯਾਦ ਕਰਦਿਆਂ

May 14, 2022
ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

ਚੇਤਿਆਂ ਵਿਚ ਲਿਸ਼ਕਦਾ ਪਾਸ਼-ਨਿੱਜੀ ਯਾਦਾਂ

March 28, 2022
ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

February 19, 2022

ਜਿੱਥੇ ਪਾਸ਼ ਨਹੀਂ ਰਹਿੰਦਾ

ਲਾਤੀਨੀ ਲੋਕਾਂ ਦੇ ਦਿਲਾਂ ਦੀ ਧੜਕਣ – ਪਾਬਲੋ ਨੈਰੂਦਾ

ਇਹੋ ਜਿਹੇ ਸਨ ਪ੍ਰਤਾਪ ਸਿੰਘ ਕੈਰੋਂ

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ਰਚਨਾਵਾਂ ਇਸ ਪਤੇ ’ਤੇ ਭੇਜੋ :

punjabiphulwariindia@gmail.com

  • ਸਨਮਾਨ
  • ਕਵੀ ਦਰਬਾਰ
  • ਸੈਮੀਨਾਰ
  • ਪੁਸਤਕ ਰਿਲੀਜ਼
  • ਸਾਹਿਤਕ ਪੌਡਕਾਸਟ
  • ਕਾਰਜ
  • ਵਰਕਸ਼ਾਪਸ
  • ਅਕਾਦਮਿਕ ਕੰਮ
  • ਖੋਜ
  • ਲਾਇਬ੍ਰੇਰੀ
  • ਲੇਖਕ
  • ਖੋਜਾਰਥੀ
  • ਅਨੁਵਾਦਕ
  • ਸਪਾਂਸਰ
  • ਕਮਿਊਨਿਟੀ
  • About Us
  • Contact
  • Privacy Policy
  • Jobs

© 2022 www.punjabiphulwari.com

Home

Chat

Login

No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ

© 2022 punjabiphulwari.com - All Rights Reserved. Powered By SRF (NGO)

Welcome Back!

Sign In with Facebook
Sign In with Google
OR

Login to your account below

Forgotten Password?

Retrieve your password

Please enter your username or email address to reset your password.

Log In

Add New Playlist

Are you sure want to unlock this post?
Unlock left : 0
Are you sure want to cancel subscription?