ਕਵਿਤਾ
■ ਮਨਜੀਤ ਇੰਦਰਾ

ਮਨਜੀਤ ਇੰਦਰਾ ਪੰਜਾਬੀ ਦੀ ਚਰਚਿਤ ਕਵਿੱਤਰੀ ਹੈ। ਪੰਜਾਬੀ ਕਵਿਤਾ ਨੂੰ ਨਵਾਂ ਮੁਹਾਵਰਾ ਦੇਣ ਵਾਲੀ ਮਨਜੀਤ ਇੰਦਰਾ ਅੱਜਕੱਲ ਚੰਡੀਗੜ੍ਹ ਰਹਿੰਦੇ ਨੇ।
ਜਲ੍ਹਿਆਂ ਵਾਲੇ ਬਾਗ਼ ਦੀਆਂ ਯਾਦਾਂ
ਹੋਈਆਂ ਹਰੀਆਂ
ਨਿਰੇ ਨਿਹੱਥਿਆਂ ਉੱਤੇ ਓਦੋਂ
ਗੋਲ਼ੀਆਂ ਵਰ੍ਹੀਆਂ
ਤੇ ਹੁਣ ਡਾਂਗਾਂ
ਤੇਜ਼ ਧਾਰ ਤਲਵਾਰਾਂ ਚੱਲਦੀਆਂ
ਉਸ ਵੇਲੇ ਹਾਕਮ ਗੋਰੇ ਸਨ
ਤੇ ਹੁਣ ਮੁਲਕ ਮੇਰੇ ਦੇ
ਡਾਢੇ ਹਾਕਮ
ਲੋਕਰਾਜ ਦੇ ਏਸ ਦੇਸ਼ ਵਿੱਚ
ਹੱਕ ਸੱਚ ਮਨਫ਼ੀ ਨੇ ਹੋਏ
ਲੋਕ ਆਵਾਜ਼ ਦਬਾਵਣ ਖਾਤਰ
ਹਾਕਮ ਦੇ ਹਜ਼ੂਰੀਏ ਕੂਕਰ
ਕਿਸੇ ਵੀ ਹੱਦ ਤੱਕ ਜਾ ਸਕਦੇ ਨੇ
ਜਿਸ ਕਿਸਾਨ ਦੀ ਜੈ ਜੈ ਹੋਈ
ਅੱਖੀਆਂ ਤੇ ਬਿਠਾਇਆ ਜਿਸ ਨੂੰ
ਆਪਣਾ ਵਿਰੋਧ ਜਤਾਵਣ ਖਾਤਰ
ਅੱਜ ਉਹੀ ਸੜਕਾਂ ਤੇ ਰੁਲ਼ਦਾ
ਹੱਕੀ ਉਹਦੀ ਆਵਾਜ਼ ਦਬਾਵਣ
ਵੱਡੀ ਛੋਟੀ ਨੌਕਰਸ਼ਾਹੀ
ਮੀਂਹ ਵਾਂਗਰ ਡਾਂਗਾਂ ਬਰਸਾਵੇ
ਲਹੂ-ਲੁਹਾਣ ਅੰਨਦਾਤਾ ਫਿਰ ਵੀ
ਆਪਣਾ ਸਿਦਕ ਵਿਖਾਲੀ ਜਾਵੇ
ਹੇ ਹਾਲ਼ੀ ਖੇਤਾਂ ਦੇ ਜਾਏ
ਤੇਰੀ ਆਵਾਜ਼ ਦਬਾ ਨਹੀਂ ਹੋਣੀ
ਤੇਰੇ ਨਾਲ ਦੇਸ਼ ਹੈ ਸਾਰਾ
ਦਾਦੇ ਬਾਪੂ ਤਾਏ ਚਾਚੇ ਵੀਰੇ ਪੁੱਤਰ
ਮਾਵਾਂ ਧੀਆਂ ਨੱਢੀਆਂ ਬੱਚੀਆਂ
ਪਰਦੇਸਾਂ ਦੇ ਲੋਕ ਤੇ ਹਾਕਮ
ਸੱਚ ਦਾ ਸੂਰਜ ਵਿੱਚ ਅਸਮਾਨੀਂ
ਹੱਕ ਦਾ ਚਾਨਣ ਰੁਸ਼ਨਾਏਗਾ
ਕੁੱਲ ਦੁਨੀਆਂ ਵਿੱਚ ਹੱਕ-ਸੱਚ ਦੀ
ਕਿਰਤ ਦਾ ਪ੍ਰਚਮ ਲਹਿਰਾਏਗਾ…
ਤੇਰੇ ਇੱਕ ਹੰਝੂ ਨੇ ਸਾਗਰ ਛਲਕਾਏ
ਦੇਸ਼ ਦੇਸ਼ਾਂਤਰ ਤੋਂ ਜਲ ਦੇ ਤੋਹਫ਼ੇ ਆਏ
ਗ਼ਮ ਨਾ ਕਰ ਰੋਕਾਂ ਪਾਬੰਦੀਆਂ ਥੋੜ੍ਹਾਂ ਦਾ
ਚਿੱਤ ਵਿੱਚ ਚੇਤਾ ਰੱਖੀਂ ਕੇਵਲ ਲੋੜਾਂ ਦਾ
ਰੱਖੀਂ ਯਾਦ ਸਲੀਬਾਂ ਸੀਸ ਤਲੀ ਤੇ ਵੀ
ਡੰਡੇ ਤਲਵਾਰਾਂ ਜੇ ਲੈਣ ਬਲੀ ਤਾਂ ਵੀ
ਲਹੂ ਤੇਰੇ ਦਾ ਡੁਲ੍ਹਿਆ ਇੱਕ ਇੱਕ ਕਤਰਾ
ਬਣੇ ਜਾਏਗਾ ਸਾਸ਼ਨ ਦੇ ਲਈ ਵੱਡਾ ਖ਼ਤਰਾ