•ਦੇਸ਼ ਭਗਤ ਯਾਦਗਾਰ ਹਾਲ ਜਲੰਧਰ ’ਚ ਮੇਲਾ ਗਦਰੀ ਬਾਬਿਆਂ ਦਾ 31 ਅਕਤੂਬਰ ਤੋਂ
•ਪੁਸਤਕ ਪ੍ਰਦਰਸ਼ਨੀ ਅਤੇ ਨਾਟਕਾਂ ਭਰੀ ਰਾਤ ਹੋਣਗੇ ਵਿਸ਼ੇਸ਼ ਖਿੱਚ ਦਾ ਕੇਂਦਰ
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਲੰਧਰ ਦੇ ਦੇਸ਼ ਭਗਤ ਯਾਦਗਾਰ ਹਾਲ ਵਿੱਖੇ ‘ਮੇਲਾ ਗਦਰੀ ਬਾਬਿਆਂ ਦਾ’ ਮਨਾਇਆ ਜਾ ਰਿਹਾ ਹੈ। ਇਸ ਵਾਰ ਦਾ ਮੇਲਾ ਬੱਬਰ ਅਕਾਲੀ ਲਹਿਰ ਦੀ ਸ਼ਤਾਬਦੀ ਨੂੰ ਯਾਦ ਕਰਦਿਆਂ ਕਿਸਾਨ ਅੰਦੋਲਨ ਨੂੰ ਸਮਰਪਿਤ ਕੀਤਾ ਗਿਆ ਹੈ।
ਮੇਲ 31 ਅਕਤੂਬਰ ਨੂੰ ਸ਼ਰੂ ਹੋ ਕੇ 1 ਨਵੰਬਰ ਪੂਰੀ ਰਾਤ ਚੱਲੇਗਾ, ਜਿਸ ਦੌਰਾਨ ਕਈ ਸਮਾਗਮ ਹੁੰਦੇ ਰਹਿਣਗੇ। ਮੇਲੇ ਦੀ ਖ਼ਾਸ ਖਿੱਚ ਇਸ ਦੌਰਾਨ ਲੱਗਣ ਵਾਲੀ ਪੁਸਤਕ ਪ੍ਰਦਰਸ਼ਨੀ ਹੁੰਦੀ ਹੈ। ਦੂਜਾ ਆਕਰਸ਼ਣ ਨਾਟਕਾਂ ਭਰੀ ਰਾਤ ਹੁੰਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਜਾਰੀ ਸੱਦਾ ਪੱਤਰ ਅਨੁਸਾਰ 31 ਅਕਤੂਬਰ ਸਵੇਰੇ 10.45 ਵਜੇ ਸ਼ਮਾਂ ਰੌਸ਼ਨ ਕਰਕੇ ਮੇਲੇ ਦੀ ਰਸਮੀ ਸ਼ੁਰੂਆਤ ਕੀਤੀ ਜਾਵੇਗੀ। ਉਸ ਤੋਂ ਬਾਅਦ ਵਿਚਾਰ ਚਰਚਾ ਸੈਸ਼ਨ 11 ਤੋਂ 1 ਵਜੇ ਦੁਪਹਿਰ ਤੱਕ ਚੱਲੇਗਾ। ਇਸਦਾ ਵਿਸਾ ਕਿਸਾਨ ਅੰਦੋਲਨ ਹੋਵੇਗਾ।
ਦੂਜਾ ਸੈਸ਼ਨ 2 ਤੋਂ 4 ਵਜੇ ਤੱਕ ਹੋਵੇਗਾ, ਜਿਸ ਵਿੱਚ ‘ਬੱਬਰ ਅਕਾਲੀ ਲਹਿਰ ਅਤੇ ਅੱਜ’ ਵਿਸ਼ੇ ’ਤੇ ਵਿਚਾਰ ਚਰਚਾ ਕੀਤੀ ਜਾਵੇਗੀ। ਸ਼ਾਮ ਨੂੰ 6 ਵਜੇ ਪੀਪਲਸ ਵਾਇਸ ਵੱਲੋਂ ਫਿਲਮ ਸ਼ੋ ਦਾ ਆਯੋਜਨ ਕੀਤਾ ਜਾਵੇਗਾ।
1 ਨਵੰਬਰ ਨੂੰ ਸਵੇਰੇ 10 ਵਜੇ ਝੰਡਾ ਲਹਿਰਾਉਣ ਦੀ ਰਸਮ ਕਮੇਟੀ ਦੀ ਸੀਨੀਅਰ ਮੈਂਬਰ ਭਗਤ ਸਿੰਘ ਝੁੰਗੀਆਂ ਨਿਭਾਉਣਗੇ। ਜਨਰਲ ਸਕੱਕਤਰ ਗੁਰਮੀਤ ਸਿੰਘ ਜੀ ਆਇਆਂ ਨੂੰ ਕਹਿਣਗੇ ਅਤੇ ਪ੍ਰਧਾਨ ਅਜਮੇਰ ਸਿੰਘ ਪ੍ਰਧਾਨਗੀ ਭਾਸ਼ਨ ਦੇਣਗੇ। ਅਮੋਲਕ ਸਿੰਘ ਦਾ ਰਚਿਆ ਝੰਡੇ ਦਾ ਗੀਤ ਪੇਸ ਕੀਤਾ ਜਾਵੇਗਾ। ਮੁੱਖ ਬੁਲਾਰੇ ਪ੍ਰੋ ਪੀ ਸਾਈਨਾਥ ਹੋਣਗੇ।
1 ਨਵੰਬਰ ਦੀ ਰਾਤ ਨਾਟਕਾਂ ਭਰੀ ਰਾਤ ਹੋਵੇਗੀ। ਇਸ ਦੋਰਾਨ ਪ੍ਰੋ ਅਜਮੇਰ ਸਿੰਘ ਔਲਖ ਦੀ ਨਾਟਕ ਟੀਮ ਲੋਕ ਕਲਾ ਮੰਚ, ਮਾਨਸਾ ਵੱਲੋਂ ‘ਐਂ ਕਿਵੇਂ ਖੋਹ ਲੈਣਗੇ ਜ਼ਮੀਨਾਂ ਸਾਡੀਆਂ’ ਪੇਸ਼ ਕੀਤਾ ਜਾਵੇਗਾ।’ ਕੇਵਲ ਧਾਲੀਵਾਲ ਦੇ ਮੰਚ ਰੰਗ ਮੰਚ ਅੰਮ੍ਰਿਤਸਰ ਵੱਲੋਂ ‘ਖ਼ੂਨੀ ਵਿਸਾਖੀ’, ਪ੍ਰੋ ਸਾਹਿਬ ਸਿੰਘ ਦੇ ਅਕਾਦਾਰ ਮੰਚ ਮੁਹਾਲੀ ਵੱਲੋਂ ‘ਧੰਨ ਲਿਖਾਰੀ ਨਾਨਕਾ’, ਅਨੀਤਾ ਸ਼ਬਦੀਸ਼ ਦੇ ਸੁਚੇਤਕ ਰੰਗ ਮੰਚ ਮੁਹਾਲੀ ਵੱਲੋਂ ‘ਏਦਾਂ ਤਾਂ ਫਿਰ ਏਦਾਂ ਹੀ ਸਈ’ ਅਤੇ ਅਵਾਮੀ ਰੰਗ ਮੰਚ ਸਿਹੌੜਾ ਲੁਧਿਆਣਾ ਵੱਲੋਂ ‘ਘਸਿਆ ਹੋਇਆ ਆਦਮੀ’ ਨਾਟਕ ਪੇਸ਼ ਕੀਤਾ ਜਾਵੇਗਾ।