ਸਰਗੋਸ਼ੀਆ-1
—ਗੁਲਜ਼ਾਰ ਸਿੰਘ ਸੰਧੂ
1954 ਵਿਚ ਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ,ਵਿਖੇ ਸਾਡੀ ਕਨਵੋਕੇਸ਼ਨ ਸੀ। ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਵਿਕਾਸ ਮੰਤਰੀ ਹੋਣ ਦੇ ਨਾਤੇ ਕਨਵੋਕੇਸ਼ਨ ਦੇ ਮੁੱਖ ਮਹਿਮਾਨ ਸਨ। ਉਹਨਾਂ ਕੋਲ ਇਲਾਕਾ ਨਿਵਾਸੀਆਂ ਨੇ ਜਿਹੜੀਆਂ ਮੰਗਾਂ ਪੇਸ਼ ਕੀਤੀਆਂ ਉਹਨਾਂ ਵਿਚੋਂ ਜੇਜੋਂ ਵਾਲੀ ਰੇਲਵੇ ਲਾਈਨ ਨੂੰ ਹੁਸ਼ਿਆਰਪੁਰ ਨਾਲ ਜੋੜਨਾ ਤੇ ਮਾਹਿਲਪੁਰ ਤੋਂ ਫਗਵਾੜਾ ਵਾਲੀ ਕੱਚੀ ਸੜਕ ਨੂੰ ਪੱਕੀ ਕਰਨਾ ਸ਼ਾਮਿਲ ਸੀ। ਕੋਨਵੋਕੇਸ਼ਨ ਐਡਰੈਸ ਵਿਚ ਕੈਰੋਂ ਸਾਹਿਬ ਰੇਲਵੇ ਲਾਈਨ ਵਾਲੀ ਗੱਲ ਕੇਂਦਰ ਸਰਕਾਰ ਨਾਲ ਤੋਰਨ ਦਾ ਵਚਨ ਦੇ ਕੇ ਮਾਹਿਲਪੁਰ- ਫਗਵਾੜਾ ਸੜਕ ਦੀ ਉਸਾਰੀ ਦੇ ਮਸਲੇ ਵੱਲ ਹੋ ਤੁਰੇ। ਉਹ ਉਸੇ ਤਰਾਂ ਜੋਸ਼ ਵਿਚ ਸਨ ਜਿਵੇਂ ਉਹਨਾਂ ਨੇ ਆਪਣੇ ਘਰ ਦੀ ਗਲੀ ਪੱਕੀ ਕਰਾਉਣੀ ਹੋਵੇ। ਕਹਿਣ ਲੱਗੇ ‘ ਤੁਹਾਡੀ ਇਹ ਮੰਗ ਮੇਰੇ ਦਿਲ ਦੀ ਮੰਗ ਹੈ। ਮੈਂ ਤਾਂ ਸਦਾ ਚਾਹੁੰਦਾ ਹਾਂ ਕਿ ਜੱਟ ਦਾ ਗੱਡਾ ਲਾਲੇ ਦੀ ਕਾਰ ਨਾਲੋਂ ਅੱਗੇ ਜਾਵੇ ਪਰ ਇਹ ਤਦ ਹੀ ਹੋ ਸਕਦਾ ਹੈ ਜੇ ਸੜਕ ਸਾਫ ਤੇ ਪੱਕੀ ਹੋਵੇ। ਇਹ ਔਖਾ ਕੰਮ ਨਹੀਂ। ਤੁਹਾਡੇ ਆਪਣੇ ਕੋਲ ਬੜੀ ਸ਼ਕਤੀ ਹੈ। ਤੁਸੀਂਪਿੰਡਾਂ ਵਾਲੇ ਇਕੱਠੇ ਹੈ ਕੇ ਮਿੱਟੀ ਪਾ ਦਿਓ ਤੇ ਇਸ ਨੂੰ ਪੱਕੀ ਕਰਨਾ ਮੇਰਾ ਕੰਮ ਹੈ। ਇਹ ਗੱਲ ਕੇਵਲ ਮਾਹਿਲਪੁਰ- ਫਗਵਾੜਾ ਸੜਕ ਬਾਰੇ ਨਹੀਂ ਪੰਜਾਬ ਦੀ ਹਰ ਸੜਕ ਬਾਰੇ ਕਹਿੰਦਾ ਹਾਂ। ਜਿਹੜਾ ਵੀ ਜਿੱਥੇ ਮਿੱਟੀ ਪਵੇਗਾ ਉਸ ਉੱਤੇ ਇੱਟਾਂ,ਬਜਰੀ ਤੇ ਲੁੱਕ ਪ੍ਰਤਾਪ ਸਿੰਘ ਫੇਰੇਗਾ। ਪ੍ਰਤਾਪ ਸਿੰਘ ਦੀ ਇਹ ਟਿੱਪਣੀ ਭਾਵੇਂ ਰਾਜਨੀਤਿਕ ਸੀ ਪਰ ਇਸ ਦੀ ਰਾਜਨੀਤੀ ਐਨੀ ਮਨ ਨੂੰ ਮੋਹਣ ਵਾਲੀ ਸੀ ਕਿ ਇਹ ਗੱਲ ਪੰਜ ਦਹਾਕੇ ਪਿੱਛੋਂ ਬੀ ਮੈਨੂੰ ਕੱਲ੍ਹ ਵਾਂਗ ਚੇਤੇ ਹੈ।
ਕੈਰੋਂ ਦੇ ਮੰਤਰੀ ਹੁੰਦਿਆਂ ਡਾ.ਐਮ.ਐਸ.ਰੰਧਾਵਾ ਪੰਜਾਬ ਦੇ ਡਿਵੈਲਪਮੈਂਟ ਕਮਿਸ਼ਨਰ ਸਨ। ਗ੍ਰਾਮ ਵਿਕਾਸ ਲਈ ਵਿੱਢੇ ਗਏ ਉਨ੍ਹਾਂ ਦੇ ਕੰਮ,ਜਿਨ੍ਹਾਂ ਵਿਚ ਪਿੰਡਾਂ ਵਿਚ ਲਾਇਬ੍ਰੇਰੀਆਂ ਸਥਾਪਤ ਕਰਨਾ ਵੀ ਸ਼ਾਮਿਲ ਸੀ, ਕਿਸੇ ਨੂੰ ਭੁੱਲੇ ਹੋਏ ਨਹੀਂ। ਦੋਵੇਂ ਉੱਦਮੀ ਸਨ। ਧਰਤੀ ਧੱਕ ਤੇ ਇੱਕ ਦੂੱਜੇ ਦੇ ਨੇੜੇ। ਕੈਰੋਂ ਨੇ ਰੰਧਾਵਾ ਦੀ ਨੇੜਤਾ ਰੰਧਾਵਾ ਸਾਹਿਬ ਦੇ ਦਿੱਲੀ ਜਾ ਕੇ ਖੇਤੀਬਾੜੀ ਖੋਜ ਕੌਂਸਿਲ ਦਾ ਮੀਤਪ੍ਰਧਾਨ ਬਣਨ ਉਪਰੰਤ ਵੀ ਕਾਈਮ ਰਹੀ। ਕੈਰੋਂ ਨੇ ਕੇਂਦਰ ਦੇ ਖੇਤੀ ਮੰਤਰਾਲੇ ਤੋਂ ਕੋਈ ਸਕੀਮ ਲੈਣੀ ਹੁੰਦੀ ਤਾਂ ਡਾ.ਰੰਧਾਵਾ ਨੂੰ ਸੌਂਪ ਦੇਂਦੇ ਤੇ ਡਾ.ਰੰਧਾਵਾ ਨੇ ਪੰਜਾਬ ਵਿਚ ਕੁਝ ਕਰਨਾ ਹੁੰਦਾ ਤਾਂ ਕੈਰੋਂ ਤੋਂ ਮੰਗ ਲੈਂਦੇ। ਡਾ.ਰੰਧਾਵਾ ਕੇਂਦਰ ਵਿਚ ਪਹੁੰਚਣ ਤੋਂ ਪਿੱਛੋਂ ਭਾਰਤ ਦੀ ਸਮੁੱਚੀ ਕਿਰਸਾਨੀ ਦੇ ਹਿੱਤਾਂ ਦੀ ਰਾਖੀ ਕਰਦੇ ਸਮੇਂ ਬਹੁਤਾ ਦਮ ਪੰਜਾਬੀ ਕਿਸਾਨ ਦਾ ਹੀ ਭਰਦੇ ਸਨ। ਉਹਨਾਂ ਨੂੰ ਬਹੁਤ ਸਾਰੇ ਨੁਕਤੇ ਸੁਝਦੇ ਹੀ ਆਪਣੀ ਮਿੱਟੀ ਦੇ ਮੋਹ ਵਿਚੋਂ ਸਨ ਪਰ ਲਾਗੂ ਕਰਨ ਵੇਲੇ ਉਹ ਇਹਨਾ ਦਾ ਛਿੱਟਾ ਸਮੁੱਚੇ ਭਾਰਤ ਉੱਤੇ ਛੱਡਦੇ ਸਨ। ਕੇਂਦਰੀ ਪੱਧਰ ਉੱਤੇ ਖੇਤੀ ਦੀ ਖੋਜ ਨੂੰ ਪੰਜਾਬੀ ਸਮੇਤ ਭਾਰਤ ਦੀਆਂ ਹੋਰ ਬੋਲੀਆਂ ਵਿਚ ਪ੍ਰਚਾਰਨ ਦੀ ਇੱਛਾ ਨੇ ਹੀ ਮੈਨੂੰ ਉਹਨਾਂ ਦੇ ਨੇੜੇ ਲਿਆਂਦਾ ਸੀ। 60ਵਿਆਂ ਦੇ ਸ਼ੁਰੂ ਵਿਚ ਇੰਟੇਨਸਿਵ ਅਗਰੀਕਲਚਰਲ ਏਰੀਆਪ੍ਰੋਗਰਾਮ ਵੀ ਇਸੇ ਤਰਾਂ ਹੋਂਦ ਵਿਚ ਆਇਆ ਸੀ। ਭਾਰਤ ਵਿਚ ਸੰਘਣੀ ਖੇਤੀ ਪ੍ਰੋਗਰਾਮ ਦਾ ਨੀਂਹ ਪੱਥਰ ਉਸ ਵੇਲੇ ਰੱਖਿਆ ਗਿਆ।
ਪੰਜ ਮਈ 1965ਨੂੰ ਜਦੋਂ ਦਿੱਲੀ ਤੋਂ ਤੀਹ ਕਿਲੋਮੀਟਰ ਦੀ ਦੂਰੀ ਉੱਤੇ ਪ੍ਰਤਾਪ ਸਿੰਘ ਕੈਰੋਂ ਦਾ ਦਿਨਦੇ ਇਕ ਵਜੇ ਕਤਲ ਹੋਇਆ ਤਾਂ ਇਹ ਖ਼ਬਰ ਪਲਾਂ – ਛਿਣਾਵਿਚ ਜੰਗਲ ਦੀ ਅੱਗ ਵਾਂਗ ਸਾਰੇ ਭਾਰਤ ਵਿਚ ਫੈਲ ਗਈ।ਕੈਰੋਂ ਦੇ ਕਤਲ ਦੀ ਖਬਰ ਤੋਂ ਦੀ ਕਉ ਘੰਟੇ ਪਿੱਛੇ ਜਦੋਂ ਰੰਧਾਵਾ ਸਾਹਿਬ ਦੇ ਲੰਚ ਕਰਕੇ ਮੁੜ ਦਫ਼ਤਰਆਉਣ ਦਾ ਸਮਾਂ ਸੀ ਉਨ੍ਹਾਂ ਨੇ ਮੈਨੂੰ ਸੱਦ ਭੇਜਿਆ। ਉਦੋਂ ਭਾਵੇਂ ਮੈਂਨੂੰ ਦਫ਼ਤਰੀ ਤੌਰ ਤੇ ਐਮ.ਐਸ.ਰੰਧਾਵਾ ਨਾਲੋਂ ਜੁਦਾ ਹੋਇਆਂ ਸੱਤ ਸਾਲ ਹੋ ਚੁੱਕੇ ਸਨ ਪਰ ਕਿਸੇ ਨਾ ਕਿਸੇ ਰੂਪ ਵਿਚ ਕਲਾ ਅਤੇ ਸਾਹਿਤ ਨਾਲ ਸਾਂਝ ਹੋਣ ਦੇ ਨਾਤੇ ਉਹ ਮੈਨੂੰ ਬੁਲਾ ਕੇ ਛੋਟਾ ਮੋਟੇ ਕੰਮ ਦਿੰਦੇ ਰਹਿੰਦੇ ਸਨ।
ਮੈਂ ਹੱਥ ਵਿਚ ਪੈਂਸਿਲ ਤੇ ਨੋਟਬੁੱਕਲੈ ਕੇ ਉਨ੍ਹਾਂ ਵੱਲ ਤੁਰ ਪਿਆ। ਮੈਨੂੰ ਦੁੱਖ ਸੀ ਕਿ ਇਸ ਤਰ੍ਹਾਂ ਦਾ ਭਾਣਾ ਵਰਤਣ ਵਾਲੇ ਦਿਨ ਵੀ ਰੰਧਾਵਾ ਸਾਹਿਬ ਮੈਨੂੰ ਸਾਹਿਤ ਨਾਲ ਸੰਬੰਧਿਤ ਛੋਟਾ ਮੋਟਾ ਕੰਮ ਦੱਸਣ ਲਈ ਸੱਦ ਰਹੇ ਹਨ।
ਮੈਂ ਦਰਵਾਜ਼ਾ ਖੋਲ ਕੇ ਉਹਨਾਂ ਦੇ ਕਮਰੇ ਵਿਚ ਪ੍ਰਵੇਸ਼ ਕੀਤਾ ਤਾਂ ਉਹ ਬਹੁਤ ਉਦਾਸ ਅਵਸਥਾ ਵਿਚ ਕੰਧ ਵੱਲ ਵੇਖੀ ਜਾ ਰਹੇ ਸਨ। ਮੈਂ ਉਹਨਾਂ ਨੂੰ ਪਹਿਲਾਂ ਕਦੀ ਵੀ ਇਸ ਮੁਦਰਾ ਵਿਚ ਨਹੀਂ ਸੀ ਦੇਖਿਆ ਹੈ। ਸੱਚ ਪੁੱਛੋ ਤਾਂ ਮੈਂ ਉਹਨਾਂ ਨੂੰ ਕਦੀ ਵੇਹਲੇ ਬੈਠੇ ਹੀ ਨਹੀਂ ਸੀ ਵੇਖਿਆ। ਮੈਨੂੰ ਬੈਠਣ ਦਾ ਇਸ਼ਾਰਾ ਕਰਦੇ ਹੋਏ ਬੋਲੇ, ‘ਬਹੁਤ ਬੁਰਾ ਹੋਇਆ। ਬਹੁਤ ਵੱਡਾ ਬੰਦਾ ਮਾਰ ਤਾ। ਕਮਾਲ ਦਾ ਮਨੁੱਖ ਸੀ।’ ਤੇ ਇੰਨਾ ਕਹਿਣ ਤੋਂ ਪਿੱਛੋਂ ਉਨ੍ਹਾਂਤੋਂ ਬੋਲਿਆ ਨਹੀਂ ਗਿਆ।
ਮੈਂ ਇਹਨਾਂ ਵਾਕਾਂ ਲਈ ਤਿਆਰ ਨਹੀਂ ਸਾਂ। ਮੈਂ ਡਾ.ਰੰਧਾਵਾ ਨੂੰ ਐਨੇ ਦੁੱਖ ਵਿਚ ਉਦੋਂ ਵੀ ਨਹੀਂ ਸੀ ਵੇਖਿਆ ਜਦੋਂ ਉਹਨਾਂ ਦੇ ਭਰਾ ਦੀ ਮੌਤ ਹੋਈ ਸੀ। ਕੈਰੋਂ ਉਨ੍ਹਾਂ ਦਾ ਬੌਸ ਰਹਿ ਚੁੱਕਾ ਸੀ ਤੇ ਰਹਿ ਚੁੱਕੇ ਬੌਸ ਲਈ ਇੰਨਾ ਆਦਰ ਤੇ ਮਾਣ ਕਿਸੇ ਬਹੁਤ ਡੂੰਘੇ ਸਤਿਕਾਰ ਵਿਚੋਂ ਹੀ ਪੈਦਾ ਹੋ ਸਕਦਾ ਸੀ। ਫੇਰ ਕਿੰਨਾ ਹੀ ਚਿਰ ਨਾ ਉਨ੍ਹਾਂ ਨੇ ਕੋਈ ਗੱਲ ਕੀਤੀ ਤੇ ਨਾ ਹੀ ਮੈਂ। ਅਸੀਂ ਚੁੱਪ-ਚਾਪ ਬੈਠੇ ਰਹੇ ਤੇ ਥੋੜੀ ਦੇਰਤੋਂ ਪਿੱਛੋਂ ਮੈਂ ਬਿਨਾ ਕੁਝ ਬੋਲੇ ਹੀ ਉੱਠ ਕੇ ਆ ਗਿਆ।
ਮੈਨੂੰ ਇਸ ਗੱਲ ਦਾ ਅਹਿਸਾਸ ਬਹੁਤ ਪਿੱਛੋਂ ਹੋਇਆ ਕਿ ਐਮ.ਐਸ.ਰੰਧਾਵਾ ਨੇ, ਜਿਸਦੇ ਸੈਕੜੇ ਮਾਤਹਿਤ ਤੇ ਅਨੇਕਾਂ ਮਿੱਤਰ ਦਿੱਲੀ ਵਿਚ ਰਹਿੰਦੇ ਸਨ ਆਪਣੇ ਦਿਲ ਦਾ ਦਰਦ ਸਾਂਝਾ ਕਰਨ ਦਾ ਮਾਣ ਕੇਵਲ ਮੈਨੂੰ ਹੀ ਦਿੱਤਾ ਸੀ।ਸ਼ਾਇਦ ਇਸ ਲਈ ਕਿ ਉਹ ਸਮਝਦੇ ਸਨ ਕਿ ਇਸ ਦੁੱਖ ਨੂੰ ਇਕ ਪੰਜਾਬੀ ਹੀ ਸਮਝ ਸਕਦਾ ਸੀ ਤੇ ਅਜਿਹਾ ਪੰਜਾਬੀ ਜਿਸ ਦੇ ਮਨ ਵਿਚ ਕੈਰੋਂ ਲਈ ਉਸ ਤਰ੍ਹਾਂ ਦਾ ਸਤਿਕਾਰ ਸੀ ਜਿਸ ਤਰ੍ਹਾਂ ਦਾ ਰੰਧਾਵਾ ਦੇ ਮਨ ਵਿਚ।
1977 ਵਿਚ ਡਾ.ਅਮਰੀਕ ਸਿੰਘ ਚੀਮਾ ਪੰਜਾਬ ਖੇਤੀਬਾੜੀ ਯੂਨਵਰਸਿਟੀ ਦੇ ਵਾਇਸ ਚਾਂਸਲਰ ਬਣੇ ਤੇ ਯੂਨੀਵਰਸਿਟੀ ਦੇ ਕਮਿਊਨਿਕੇਸ਼ਨ ਸੈਂਟਰ ਦੇ ਮੁਖੀ ਦੀ ਵੀ ਪਦਵੀ ਉੱਤੇ ਮੈਨੂੰ ਵੀ ਯੂਨੀਵਰਸਿਟੀ ਸੱਦ ਲਿਆ। ਉਧਰ ਯੂਨੀਵਰਸਿਟੀ ਦੀ ਕਨਵੋਕੇਸ਼ਨ ਆ ਗਈ ਜਿਸਦੇ ਮੁੱਖ ਮਹਿਮਾਨ ਐੱਚ.ਐਨ.ਬਹੁਗੁਣਾ ਸਨ। ਉਹ ਜਨਤਾ ਸਰਕਾਰ ਵੇਲੇ ਕੇਂਦਰ ਵਿਚ ਮਨਿਸਟਰ ਸਨ। ਕਨਵੋਕੇਸ਼ਨ ਦੀ ਸਮਾਪਤੀ ‘ਤੇ ਬਹੁਗੁਣਾ ਨੇ ਪ੍ਰਧਾਨਗੀ ਭਾਸ਼ਣ ਦੇਣਾ ਸੀ। ਯੂਨੀਵਰਸਿਟੀ ਵੱਲੋਂ ਇਸ ਮੰਤਵ ਲਈ ਉਨ੍ਹਾਨੂੰ ਲੋੜੀਂਦਾ ਭਾਸ਼ਣ ਲਿਖ ਕੇ ਵੀ ਦਿੱਤਾ ਗਿਆ ਸੀ ਪਰ ਬਹੁਗੁਣਾ ਨੇ ਆਪਣਾ ਪ੍ਰਧਾਨਗੀ ਭਾਸ਼ਣ ਯੂਨੀਵਰਸਿਟੀ ਵੱਲੋਂ ਦਿੱਤੀ ਸਪੀਚ ਨੂੰ ਲਾਂਭੇ ਰੱਖ ਕੇ ਸ਼ੁਰੂ ਕੀਤਾ ਜਿਹੜਾ ਕੁਝ ਇਸ ਤਰਾਂ ਸੀ —
“ਮੈਂ ਯੂ.ਪੀ.ਦਾ ਰਹਿਣ ਵਾਲਾ ਹਾਂ ਤੇ ਪੰਜਾਬੀਆਂ ਲਈ ਮੇਰੇ ਮਨ ਵਿਚ ਬਹੁਤ ਆਦਰ ਹੈ। ਮੈਂ ਤੁਹਾਨੂੰ ਕੀ ਸਿੱਖਿਆ ਦੇ ਸਕਦਾ ਹਾਂ, ਜਿਨ੍ਹਾਂ ਦੀ ਧਰਤੀ’ਤੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਵਰਗੇ ਮਹਾਨ ਪੁਰਸ਼ ਹੋ ਗੁਜ਼ਰੇ ਹਨ। ਮੈਨੂੰ ਪੰਜਾਬ ਆ ਕੇ ਇਕ ਘਟਨਾ ਚੇਤੇ ਆ ਗਈ ਹੈ। ਸਭ ਤੋਂ ਪਹਿਲਾਂ ਮੈਂ ਉਸੇ ਘਟਨਾ ਦੀ ਗੱਲ ਕਰਾਂਗਾ।

ਪ੍ਰਤਾਪ ਸਿੰਘ ਕੈਰੋਂ ਪੰਜਾਬ ਦੇ ਮੁੱਖ ਮੰਤਰੀ ਸਨ। ਜੈਪੁਰ ਵਿਚ ਉਦਯੋਗ ਮੰਤਰੀਆਂ ਦੀ ਆਲ ਇੰਡੀਆ ਲੈਵਲ ਦੀ ਕਾਨਫਰੰਸ ਸੀ। ਮੈਂ ਉਥੇ ਯੂ.ਪੀ.ਤੋਂ ਡਿਪਟੀ ਮਨਿਸਟਰ ਉਦਯੋਗ ਹੋਣ ਦੇ ਨਾਤੇ ਪਹੁੰਚਿਆ ਹੋਇਆ ਸਾਂ ਤੇ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਉਥੇ ਉਦਯੋਗ ਮੰਤਰਾਲੇ ਦੇ ਸਿੱਧੇ ਇੰਚਾਰਜ ਹੋਣ ਦੇ ਨਾਤੇ ਪਹੁੰਚੇ ਹੋਏ ਸਨ। ਮੀਟਿੰਗ ਵਿਚ ਉਨ੍ਹਾਂ ਨੇ ਪੰਜਾਬ ਵੱਲੋਂ ਉਦਯੋਗ ਵਿੱਚ ਪਾਏ ਯੋਗਦਾਨ ਦਾ ਵੇਰਵਾ ਦਿੱਤਾ ਜਿਸਨੇ ਮੈਨੂੰ ਬਹੁਤ ਪ੍ਰਭਾਵਿਤ ਕਿੱਤਾ। ਚਾਹ ਪਾਣੀ ਵੇਲੇ ਜਦੋਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੂੰ ਇਕ ਪਸੇ ਲੈ ਜਾਕੇ ਪੁੱਛਿਆ ਕਿ ਉਦਯੋਗ ਵਿਚ ਪੰਜਾਬ ਦੀ ਇਸ ਪ੍ਰਾਪਤੀ ਦਾ ਰਾਜ਼ ਕੀ ਹੈ ਤਾਂ ਉਹਨਾਂ ਦਾ ਉੱਤਰ ਕੁਝ ਏਸ ਤਰ੍ਹਾਂ ਸੀ।
“ਰਾਜ਼ ਵਾਲੀ ਗੱਲ ਤਾਂ ਇਸ ਵਿੱਚ ਕੋਈ ਨਹੀਂ। ਅਸੀਂ ਹਜ਼ਾਰਾਂ ਫਾਰਮ ਨਵੀਂ ਇੰਡਸਟਰੀ ਲਾਉਣ ਵਾਸਤੇ ਕਰਜ਼ਾ ਦੇਣ ਲਈ ਛਾਪ ਕੇ ਸਿਨੇਮਾ ਘਰਾਂ,ਰੇਲਵੇ ਸਟੇਸ਼ਨਾਂ ਤੇ ਬੱਸ ਅੱਡਿਆਂ ਉੱਤੇ ਸੁੱਟ ਦਿੱਤੇ ਸਾਂ। ਲੋਕ ਫਾਰਮ ਭਰ ਕੇ ਦੇ ਈਜਾ ਰਹੇ ਹਨ ਅਤੇ ਸਰਕਾਰ ਪੜਤਾਲ ਉਪਰੰਤ ਕਰਜ਼ੇ ਦੇ ਰਹੀ ਹੈ ਤੇ ਕੰਮ ਹੋ ਰਿਹਾ ਹੈ।
“ਉਹਨਾਂ ਦੀ ਇਹ ਬੇਪਰਵਾਹੀ ਸੁਣ ਕੇ ਮੇਰੇ ਮੂੰਹੋਂ ਅਚਾਨਕ ਹੀ ਨਿੱਕਲ ਗਿਆ, ਇੱਦਾਂ ਤਾਂ ਗ਼ਲਤ ਲੋਕਾਂ ਨੂੰ ਵੀ ਪ੍ਰਵਾਨਗੀ ਮਿਲ ਸਕਦੀ ਹੈ ਤੇ ਖ਼ੁਦਾ ਨਾ ਕਰੇ ਸਰਕਾਰ ਫਸ ਵੀ ਸਕਦੀ ਹੈ।
ਸਰਦਾਰ ਕੈਰੋਂ ਮੇਰੀ ਗੱਲ ਸੁਣ ਕੇ ਪਹਿਲਾਂ ਥੋੜਾ ਜਿਹਾ ਮੁਸਕਰਾਏ ਫੇਰ ਮੈਨੂੰ ਮੋਢੇ ਤੋਂ ਫੜ ਕੇ ਬੋਲੇ, ਓ ਮੁੰਡਿਆ! ਲੋਕ ਸੇਵਾ ਕਰਦੇ ਵੇਲੇ ਫਸਣ ਤੋਂ ਡਰਦੇ ਰਹੀਏ ਤਾਂ ਲੋਕ ਸੇਵਾ ਨਹੀਂ ਹੁੰਦੀ ਲੋਕ ਕੰਮਾਂ ਵਿਚ ਕੁਝ ਰਿਸਕ ਲੈਣਾ ਹੀ ਪੈਂਦਾ ਹੈ।
“ਉਸ ਤੋਂ ਪਿੱਛੋਂ ਮੈਂ ਯੂ.ਪੀ.ਵਿਚ ਵੀ ਤੇ ਕੇਂਦਰ ਵਿਚ ਵੀ ਕਈ ਅਸਾਮੀਆਂ’ਤੇ ਕੰਮ ਕੀਤਾ ਹੈ ਪਰ ਕੰਮ ਕਰਦੇ ਸਮੇਂ ਮੈਨੂੰ ਕੈਰੋਂ ਸਾਹਿਬ ਦੇ ਇਸ ਵਾਕ ਤੋਂ ਬਹੁਤ ਬਲ ਮਿਲਦਾ ਰਿਹਾ ਹੈ। ਤੁਸੀਂ ਆਪ ਹੀ ਦੱਸੋ ਮੈਂ ਉਸ ਧਰਤੀ ਦੇ ਲੋਕਾਂ ਨੂੰ ਕਿਹੜੀ ਸੇਧ ਦੇ ਸਕਦਾ ਹਾਂ ਜਿਸ ਵਿਚ ਕੈਰੋਂ ਵਰਗੇ ਮਹਾਨ ਪੁਰਸ਼ਾਂ ਨੇ ਜਨਮ ਦੇਣ ਦੀ ਸਮਰੱਥਾ ਹੈ।”
ਜਦੋਂ ਸੀ ਸੁਬਰਮਨਿਅਮ ਨੂੰ ਭਾਰਤ ਰਤਨ ਦਾ ਖਿਤਾਬ ਮਿਲਣ ਉੱਤੇ ਭਾਰਤ ਵਿਚ ਇਨਕਲਾਬ ਦਾ ਸਿਹਰਾ ਉਨ੍ਹਾ ਦੇ ਸਿਰ ਬੰਨ੍ਹਿਆਜਾ ਰਿਹਾ ਸੀ ਤਾਂ ਮੈਨੂੰ ਸਰਦਾਰ ਪ੍ਰਤਾਪ ਸਿੰਘ ਕੈਰੋਂ ਤੇ ਡਾ. ਐਮ.ਐਸ.ਰੰਧਾਵਾ ਦਾ ਪੰਜਾਬ ਤੇ ਭਾਰਤ ਦੇ ਪੇਂਡੂ ਜੀਵਨ ਵਿਚ ਪਾਇਆ ਯੋਗਦਾਨ ਚੇਤੇ ਆ ਰਿਹਾ ਸੀ। ਹਰੇ ਇਨਕਲਾਬ ਵਿਚ ਕਿਸਦਾ ਯੋਗਦਾਨ ਕਿੰਨਾ ਸੀ ਇਹ ਗੱਲ ਵਿਚਾਰਨ ਵਾਲੀ ਹੈ। ਹਰੇ ਇਨਕਲਾਬ ਦੇ ਅਸਲ ਜਨਮਦਾਤਾ ਉਹ ਪੰਜਾਬੀ ਜੀਊੜੇ ਸਨ ਜਿਨ੍ਹਾਂ ਨੇ ਉਸਾਰੂ ਸਕੀਮਾਂ ਦੀ ਨੀਂਹ ਰੱਖੀ। ਅੱਜ ਵੀ ਦੇਸ਼ ਦੇ ਅੰਨਦਾਤਾ ਪੰਜਾਬੀ ਹੀ ਹਨ, ਇਹ ਗੱਲ ਕਿਸੇ ਨੂੰ ਭੁੱਲੀ ਹੋਈ ਨਹੀਂ।