■ ਗੁਰਬਚਨ
ਕੀ ਪਾਸ਼ ਦੀ ਕਵਿਤਾ ਪੰਜਾਬ ਦੀਆਂ ਸਭਿਆਚਾਰਕ ਜੜਾਂ ਤੋਂ ਟੁੱਟੀ ਹੋਈ ਹੈ ਤੇ ਪੰਜਾਬ ਦੇ ਇਤਿਹਾਸ ਨਾਲ ਇਹਦਾ ਨਾਤਾ ਨਹੀਂ ਹੈ? ਜਿਹੜੇ ਏਦਾਂ ਸੋਚਦੇ ਹਨ, ਸਭਿਆਚਾਰ ਜਾਂ ਇਤਿਹਾਸ ਬਾਰੇ ਉਨਾਂ ਦੀ ਉਹੀ ਸਮਝ ਹੈ ਜਿਸ ‘ਚੋਂ ਪਾਸ਼ ਦੇ ਕਤਲ ਦਾ ਇਰਾਦਾ ਪੈਦਾ ਹੋਇਆ। ਇਹ ਕਿੱਦਾਂ ਦੀ ਸਮਝ ਹੈ ਜੋ ਆਪਣੀ ਭੋਇੰ ਦੇ ਜ਼ਹੀਨ ਕਵੀ ਨੂੰ ਖਤਮ ਕਰਨ ਦੀ ਸੋਚਦੀ ਹੈ?
ਪਾਸ਼ ਨੂੰ ਉਸ ਦੌਰ ਦੇ ਪ੍ਰਸੰਗਾਂ ਰਾਹੀਂ ਸਮਝਿਆ ਜਾ ਰਿਹਾ ਹੈ ਜਦੋਂ ਸਿਆਸਤ ਮਨੋਵੇਗਾਂ ਦੇ ਅਧੀਨ ਸੀ ਅਤੇ ਪੰਜਾਬੀ ਬੰਦਾ ਦੋਪਾਸੀ ਆਤੰਕ ਦੀ ਮਾਰ ਸਹਿਣ ਕਰ ਰਿਹਾ ਸੀ। ਸਥਿਤੀ ਦੀ ਪਛਾਣ ਉਦੋਂ ਅਤੇ ਅੱਜ ਦੀ ਮਿਲਵੀਂ ਵਿੱਥਸੂਝ ਤੋਂ ਨਹੀਂ ਹੋ ਰਹੀ। ਗੱਲ ਅੱਜ ਦੀ ਤਰੀਕ ‘ਚ ਹੋ ਰਹੀ ਹੈ ਪਰ ਚਿੰਤਨ ਬੀਤ ਚੁੱਕੇ ਪ੍ਰਸੰਗਾਂ ‘ਚ ਖੜੋਤਾ ਹੈ। ਇਹਦੇ ਨਾਲ ਸਿਰਫ਼ ਇਕ ਦੂਜੇ ਵਿਰੁੱਧ ਕੁੜਿੱਤਨ ਅਦਾ ਕਰਨ ਦਾ ਮੌਕਾ ਮਿਲ ਰਿਹਾ ਹੈ।
ਕਿਤਾਬ ਜਿੱਥੇ ਪਾਸ਼ ਰਹਿੰਦਾ ਹੈ’ ਦੇ ਆਰੰਭ ‘ਚ ਰਾਜਿੰਦਰ ਰਾਹੀ ਉਸ ਸਪੇਸ ਨੂੰ ਲੱਭਦਾ ਹੈ ਜਿਹੜੀ ਪਾਸ਼ ਨੇ ਆਪਣੀ ਕਵਿਤਾ ਰਾਹੀਂ ਸਿਰਜੀ। ਇਨਾਂ ਸਫ਼ਿਆਂ ਵਿਚ ਲੇਖਕ ਬੜੇ ਕਸਬ ਨਾਲ ਉਸ ਭੋਇੰ ਦੀ ਪਛਾਣ ਕਰਦਾ ਹੈ ਜੋ ਪਾਸ਼ ਦੀ ਜ਼ਿੰਦਗੀ/ਕਵਿਤਾ ਦੀ ਰਣਭੂਮੀ ਬਣੀ। ਫਿਰ ਅਚਾਨਕ ਕਿਤਾਬ ਦੇ ਬਿਰਤਾਂਤ ਨਾਲ ਹਿੰਸਾ ਵਾਪਰਦੀ ਹੈ। ਕਵਿਤਾ ਨਾਲ ਹਿੰਸਾ ਵਾਪਰਦੀ ਹੈ। ਇਹ ਹਿੰਸਾ ਉਸੇ ਤਰਾਂ ਵਾਪਰਦੀ ਹੈ ਜਿਵੇਂ ਪਿਛਲੇ ਦੌਰ ਵਿਚ ਇਹ ਪੰਜਾਬ ਦੇ ਪਿੰਡੇ ਨਾਲ ਵਾਪਰੀ ਸੀ। ਪਾਸ਼ ਨੂੰ ਉਹਦੇ ਹੋਣ ਦੀ ਭੂਮੀ ਤੋਂ ਤੋੜ ਕੇ ਦੇਖਿਆ ਜਾਂਦਾ ਹੈ। ਉਹਨੂੰ ਉਸ ਸਪੇਸ ਦੇ ਪ੍ਰਸੰਗਾਂ ਤੋਂ ਦੇਖਿਆ ਜਾਂਦਾ ਹੈ ਜਿਸ ਦੇ ਵਿਰੋਧ ‘ਚ ਉਹਦੀ ਹਯਾਤੀ ਗੁਜ਼ਰੀ ਸੀ। ਏਦਾਂ ਪਾਸ਼ ਦੇ ਬਿੰਬ ਨਾਲ ਹਿੰਸਾ ਵਾਪਰਦੀ ਹੈ ਅਤੇ ਉਨਾਂ ਪ੍ਰਤਿਧੁਨੀਆਂ ਦਾ ਹਨਨ ਹੁੰਦਾ ਹੈ ਜੋ ਉਹਦੀ ਕਵਿਤਾ ਰਾਹੀਂ ਪੈਦਾ ਹੁੰਦੀਆਂ ਰਹੀਆਂ। ਸਥਿਤੀ ਦੇ ਇਸ ਪਲਟਾਓ ਦਾ ਆਧਾਰ ਪਾਸ਼ ਦੇ ਮੌਖਿਕ ਬਿਆਨ ਹਨ ਜੋ ਉਹਨੇ ਇਕ ਮਿਤਰ ਨੂੰ ਓਪ੍ਰੇਸ਼ਨ ਬਲੂ ਸਟਾਰ ਬਾਦ ਦਿੱਤੇ। ਸੂਤਰਧਾਰ ਰਾਜਿੰਦਰ ਰਾਹੀ ਝਟਕੇ ਨਾਲ ਬਿਰਤਾਂਤ ਵਿਚ ਪੈਦਾ ਹੋਏ ਮੋੜ ਅੱਗੇ ਹਥਿਆਰ ਸੁੱਟ ਦੇਂਦਾ ਹੈ। ਬਿਰਤਾਂਤ ‘ਚ ਗੋਬਿੰਦਰ ਸਿੰਘ ਪ੍ਰਵੇਸ਼ ਕਰ ਚੁੱਕਾ ਹੈ। ਪਾਸ਼ ਦੇ ਕਤਲ ਦੇ ਕਾਰਨਾਂ ਦੀ ਪਛਾਣ ਹੋਣ ਲੱਗਦੀ ਹੈ। ਗੋਬਿੰਦਰ ਸਿੰਘ ਮੰਨਦਾ ਹੈ ਕਿ ਪਾਸ਼ ਦਾ ਕਤਲ ਗਲਤ ਕਦਮ ਸੀ। ਉਹ ਕਵੀਆਂ/ਬੁੱਧੀਜੀਵੀਆਂ ਦੀ ਵਿਚਾਰ ਪ੍ਰਗਟ ਕਰਨ ਦੀ ਖੁਲ ਨੂੰ ਸਵੀਕਾਰ ਕਰਦਾ ਹੈ। ਉਹ ਇਹ ਵੀ ਸਵੀਕਾਰ ਕਰਦਾ ਹੈ ਕਿ ਖਾੜਕੂ ਲਹਿਰ ‘ਚ ਵਿੰਗ-ਟੇਢ ਪੈਦਾ ਹੋ ਚੁੱਕੀ ਸੀ। ਫਿਰ ਵੀ ਉਹ ਪਾਸ਼ ਵਿਰੁੱਧ ਕਟਾਰੀ ਤਰਜ਼ ਦੀਆਂ ਦਲੀਲਾਂ ਦਿੰਦਾ ਹੈ, ਤੇ ਪਾਸ਼ ਦਾ ਬਿੰਬ ਲਹੂ-ਲੁਹਾਣ ਹੋ ਜਾਂਦਾ ਹੈ। ਤਦ ਪਤਾ ਚਲਦਾ ਕਿ ਸਥਿਤੀ ਦਾ ਅਜਿਹਾ ਪਲਟਾਓ ਰਾਜਿੰਦਰ ਰਾਹੀ ਦੀ ਪਾਠਗਤ ਨੀਤੀ (textual strategy) ਹੈ; ਅਤੇ ਇਹਦੇ ਪਿੱਛੇ ਸੁਚੇਤ ਸੋਚ ਕੰਮ ਕਰ ਰਹੀ ਹੈ।
ਗੱਲ ਉਦੋਂ ਦੀ ਹੋ ਰਹੀ ਹੈ ਜਦ ਪੰਜਾਬੀ ਬੰਦਾ ਦੋਪਾਸੀ ਆਤੰਕ ਦਾ ਸ਼ਿਕਾਰ ਸੀ। ਏਦਾਂ ਦੇ ਹਿੰਸਕ ਧੁੰਧੂਕਾਰੇ ਬਾਰੇ ਜਦ ਪਾਸ਼ ਆਪਣਾ ਆਕ੍ਰੋਸ਼ ਪ੍ਰਗਟ ਕਰਦਾ ਹੈ ਅਤੇ ਦੋ-ਪਾਸੀ ਆਤੰਕ ਪੈਦਾ ਕਰਨ ਵਾਲੀਆਂ ਧਿਰਾਂ ਦੇ ਖਿਲਾਫ਼ ਲਿਖਦਾ ਹੈ ਤਾਂ ਗੋਬਿੰਦਰ ਸਿੰਘ ਉਹਦੇ ਪੈਂਤੜੇ ਨੂੰ ਸਟੇਟ ਦੇ ਹੱਕ ਵਿਚ ਭੁਗਤਨਾ ਦੱਸਦਾ ਹੈ। ਇਹਦੇ ਉਲਟ ਦੇਖੋ ਪਾਸ਼ ਐਂਟੀ-’47 ਦੇ 26 ਅਕਤੂਬਰ 1986 ਵਾਲੇ ਅੰਕ ਵਿਚ ਉਦੋਂ ਦੀ ਸਥਿਤੀ ਦੇ ਪ੍ਰਸੰਗ ‘ਚ ਕੀ ਲਿਖਦਾ ਹੈ: ”ਅਪਰਾਧੀ ਹੈ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ (ਇੰਦਰਾ ਗਾਂਧੀ) ਦਾ ਵਿਗੜਿਆ ਹੋਇਆ ਸੋਚ ਪ੍ਰਬੰਧ ਜਿਸ ਨੇ ‘ਗਰੀਬੀ ਹਟਾਓ’, ‘ਸਮਾਜਵਾਦ ਲਿਆਓ’’, ‘ਗਵਾਂਢੀ ਮੁਲਕਾਂ ਨੂੰ ਢਾਓ’’ ਆਦ ਨਾਹਰਿਆਂ ਦਾ ਹੀਜ ਪਿਆਜ ਖੁੱਲ੍ਹਦਾ ਤੇ ਅਸਰ ਮੁੱਕਦਾ ਦੇਖ ਕੇ ਚੋਣਾਂ ਜਿੱਤਣ ਲਈ ਨਵਾਂ ਢੰਗ ਇਹ ਅਪਣਾ ਲਿਆ :
ਵੋਟਰਾਂ ਦੇ ਸਾਰੇ ਧਰਮਾਂ ਨੂੰ ਮੁੜਸੁਰਜੀਤੀਵਾਦ ਪੜਾਓ
ਘੱਟ ਗਿਣਤੀ ਦੇ ਧਰਮਾਂ ਮੂਹਰੇ ਹਿੰਦੂ ਧਰਮ ਨੂੰ ਬਾਘ ਦਿਖਾਓ
ਖਤਰਿਆਂ ਵਾਲਾ ਬਿਗ਼ਲ ਵਜਾਓ, ਲੋਕਾਂ ਵਿਚ ਘਮਸਾਣ ਮਚਾਓ,
ਦੱਬ ਕੇ ਪਾਲੋ ਬਲੀ ਦੇ ਬੱਕਰੇ, ਲੋੜ ਪੈਣ ਤੇ ਫੜ ਝਟਕਾਓ
ਝਟਕਾ ਕਰ ਕੇ ਬਾਹਲੀਆਂ ਵੋਟਾਂ ਵਾਲੇ ਧਰਮ ‘ਚ ਪੈਂਠ ਬਣਾਓ”
ਜ਼ਾਹਿਰ ਹੈ ਪਾਸ਼ ਹਰ ਤਰਾਂ ਦੇ ਤਸ਼ੱਦਦ ਦੇ ਖਿਲਾਫ਼ ਸੀ; ਤੇ ਹਰ ਤਰਾਂ ਦੀ ਸਥਾਪਨਾ ਨੂੰ ਲੋਕਾਈ ਦਾ ਵਿਰੋਧੀ ਮੰਨਦਾ ਸੀ। ਉਹਦਾ ਸਟੇਟ ਦੇ ਹੱਕ ਵਿਚ ਭੁਗਤਨ ਦਾ ਸਵਾਲ ਪੈਦਾ ਹੀ ਨਹੀਂ ਸੀ ਹੁੰਦਾ। ਦਲੀਲ ਨੂੰ ਮਨੋਵੇਗੀ ਮੋੜ ਦੇਣ ਨਾਲ ਵੀ ਉਹਨੂੰ ਸਟੇਟ ਦੇ ਹੱਕ ਵਿਚ ਖੜਾ ਨਹੀਂ ਕੀਤਾ ਜਾ ਸਕਦਾ। ਉਹਨੂੰ ਕੇਂਦਰੀ ਸਿਆਸਤ ਦੇ ਤਸ਼ੱਦਦੀ ਚਿਹਰੇ ਦੀ ਪਛਾਣ ਸੀ। ਇਹ ਸਿਆਸਤ ਸੈਕੁਲਰ ਭਾਸ਼ਾ ਦੀ ਆੜ ਵਿਚ ਬਹੁ-ਗਿਣਤੀ ਦੀ ਧਰਮ-ਪ੍ਰਸਤੀ ਤੋਂ ਤਾਕਤ ਪ੍ਰਾਪਤ ਕਰਦੀ ਸੀ। ਪਾਸ਼ ਨੂੰ ਹਿੰਸਕ ਧੁੰਧੂਕਾਰਾ ਫੈਲਾਣ ਵਾਲਿਆਂ ‘ਤੇ ਗੁੱਸਾ ਸੀ ਕਿਉਂਕਿ ਇਹਦੇ ਰਾਹੀਂ ਮਾਸੂਮ ਬੰਦਾ ਪਿੱਸ ਰਿਹਾ ਸੀ ਜੋ ਪਹਿਲਾਂ ਹੀ ਸਟੇਟ ਦੇ ਤਸ਼ੱਦਦ ਦਾ ਸ਼ਿਕਾਰ ਸੀ। ਇਸ ਸਥਿਤੀ ਨੇ ਪੰਜਾਬੀ ਬੰਦੇ ਨੂੰ ਤੰਤਹੀਣ ਕੀਤਾ ਹੋਇਆ ਸੀ। ਪਾਸ਼ ਆਪਣੇ ਵਿਚਾਰਾਂ ਦੀ ਖਾਤਰ ਤਕੜਾ ਜੋਖ਼ਮ ਸਹੇੜ ਰਿਹਾ ਸੀ। ਫਿਰ ਵੀ ਉਹ ਸਮੁੱਚੇ ਪਰਿਪੇਖ ਨੂੰ ਪਾਰਟੀ ਕਮਿਊਨਿਸਟਾਂ ਵਾਂਗ ਅੱਖੋਂ ਓਹਲੇ ਨਹੀਂ ਸੀ ਕਰ ਰਿਹਾ। ਉਹ ਸੱਚ ਦੀ ਥਾਹ ਪਾਉਣਾ ਚਾਹੁੰਦਾ ਸੀ। ਐਂਟੀ–47 ਦੇ ਉਕਤ ਅੰਕ ‘ਚ ਉਹ ਲਿਖਦਾ ਹੈ: ”ਸਭ ਤੋਂ ਵੱਡੀ ਅਪਰਾਧੀ ਹੈ ਦੇਸ਼ ਦੀ ਹਾਕਮ ਜਮਾਤ ਤੇ ਉਸ ਦੀ ਰਖਵਾਲੀ ਕਾਂਗਰਸ। ਅਪਰਾਧੀ ਹੈ ਕਾਂਗਰਸ ਦਾ ਲਗੜਦਾਦਾ ਮੋਹਨਦਾਸ ਗਾਂਧੀ ਜਿਸ ਨੇ ਬ੍ਰਿਟਸ਼ ਸਾਮਰਾਜ ਵਿਰੁੱਧ ਲੋਕ ਰੋਹ ਨੂੰ ‘ਰਘੂਪਤ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ’’ ਵਿਚ ਬਦਲ ਦੇਣ ਦੀਆਂ ਕਰਤੂਤਾਂ ਕੀਤੀਆਂ।”
ਅਜਿਹਾ ਲਿਖਦਿਆਂ ਪਾਸ਼ ਨੇ ਸਟੇਟ ਦੇ ਅੰਤ੍ਰੀਵੀ ਖਾਸੇ ਦੀ ਨਿਸ਼ਾਨਦੇਈ ਕੀਤੀ ਸੀ। ਕੀ ਇਹ ਸਟੇਟ ਦੇ ਹੱਕ ਵਿਚ ਭੁਗਤਣਾ ਸੀ?
ਪਾਸ਼ ਆਪਣੀ ਜ਼ਮੀਰ ਦਾ ਬੋਲਾਰਾ ਸੀ। ਇਹ ਹਰ ਤਰਾਂ ਦੇ ਤੁਅੱਸਬ ਵਿਰੁੱਧ ਖੜਨ ਵਾਲੀ ਜ਼ਮੀਰ ਸੀ। ਇਹ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਵਾਲੀ ਜ਼ਮੀਰ ਸੀ। ਇਹ ਜ਼ਮੀਰ ਸਿਆਸੀ ਚੇਤਨਾ ਵਾਲੀ ਸੀ ਜੋ ਪੰਜਾਬ ਨੂੰ ਸਮੇਂ ਦੀ ਗਤੀ ਅਨੁਕੂਲ ਢੱਲਦਾ ਦੇਖਣਾ ਚਾਹੁੰਦੀ ਸੀ, ਨਾ ਕਿ ਬੀਤ ਚੁੱਕੇ ਦੇ ਮਨੋਵੇਗਾਂ ਵਿਚ ਨਸ਼ਟ ਹੋਣਾ। ਉਹ ਚੀਜ਼ਾਂ ਦਾ ਸਿੱਧਾ ਸਾਹਮਣਾ ਕਰਨ ਵਾਲਾ ਕਵੀ ਸੀ। ਉਹ ਹਰ ਮੋੜ ‘ਤੇ ਸੁਆਲ ਪੁੱਛਣ ਵਾਲਾ ਮਨੁੱਖ ਸੀ। ਉਹ ਆਪਣੀ ਸੋਚ ‘ਤੇ ਵੀ ਸੰਦੇਹ ਕਰਨ ਵਾਲਾ ਚਿੰਤਕ ਸੀ। ਉਹਨੂੰ ਪ੍ਰਸੰਸਕਾਂ ਦੀ ਨਿਯਤ ‘ਤੇ ਸ਼ੱਕ ਹੁੰਦਾ। ਉਹ ਜਾਣਦਾ ਸੀ ਕਿ ਕੁਝ ਸਵਾਰਥੀ ਉਹਦੇ ਨਾਂ ਨੂੰ ਵਰਤ ਰਹੇ ਹਨ। ਬੇਸ਼ੱਕ ਉਹਨੂੰ ਦੋਸਤੀਆਂ ਪਿਆਰੀਆਂ ਸਨ। ਉਹ ਭਾਵੁਕ ਹੋ ਜਾਂਦਾ, ਪਰ ਉਹਨੇ ਵਿਵੇਕ ਦਾ ਪੱਲਾ ਨਾ ਛੱਡਿਆ। ਉਹ ਗਿਆਨ ਦੇ ਪਥ ਦਾ ਪਾਂਧੀ ਸੀ। ਇਹਦਾ ਪਤਾ ਉਹਦੀ ਡਾਇਰੀ ਅਤੇ ਚਿੱਠੀਆਂ ਤੋਂ ਲੱਗਦਾ ਹੈ। ‘ਹੋਣ’’ ਦੇ ਅਮਲ ‘ਚੋਂ ਜੋ ਉਹਨੇ ਸਪੇਸ ਸਿਰਜੀ ਉਹ ਉੱਦਾਂ ਦੀ ਨਹੀਂ ਸੀ ਜਿਵੇਂ ਰਾਹੀ ਦੀ ਕਿਤਾਬ ਵਿਚ ਗੋਬਿੰਦਰ ਸਿੰਘ ਅਤੇ ਬਾਦ ਵਿਚ ਰਾਹੀ ਦੀ ਕਰਮਜੀਤ ਸਿੰਘ ਨਾਲ ਗੱਲਬਾਤ ਤੋਂ ਪ੍ਰਗਟ ਹੁੰਦੀ ਹੈ। ਉਹ ਉਸ ਭੂਮੀ ‘ਤੇ ਨਹੀਂ ਸੀ ਰਹਿੰਦਾ ਜਿੱਥੇ ਰਾਜਿੰਦਰ ਰਾਹੀ ਅਤੇ ਗੋਬਿੰਦਰ ਸਿੰਘ ਉਹਨੂੰ ਲਿਆ ਘਸੀਟਦੇ ਹਨ।
ਮੌਖਿਕ ਤੇ ਸੁਣੀਆਂ ਗੱਲਾਂ ਦੇ ਆਧਾਰ ‘ਤੇ ਕਹਿਣਾ ਕਿ ਉਹਨੂੰ ਸਿੱਖ ਪੀੜ ਦੀ ਸਮਝ ਨਹੀਂ ਸੀ, ਮਨੋਵੇਗੀ ਤਰਜ਼ ਦਾ ਪ੍ਰਤੱਖਣ’ ਹੈ। ਬੇਸ਼ੱਕ ਉਹ ਧਰਮ ਦੇ ਨਾਂ ‘ਤੇ ਉੱਸਰੀ ਸਿਆਸਤ ਦੇ ਵਿਰੁੱਧ ਸੀ ਪਰ ਉਹ ਸਿੱਖੀ ਦੇ ਇਲਾਹੀ ਸ਼ਬਦ ਸੰਸਾਰ, ਇਤਿਹਾਸ ‘ਚ ਸਿੱਖੀ ਦੇ ਕ੍ਰਾਂਤੀਕਾਰੀ ਕਿਰਦਾਰ, ਤੋਂ ਕਦੇ ਵੀ ਮੁਨਕਰ ਨਹੀਂ ਸੀ। ਉਹ ਸਿੱਖੀ ਦੇ ਨਾਂ ‘ਤੇ ਪੈਦਾ ਹੋਣ ਵਾਲੇ ਸਿਆਸੀ ਵਿਗਾੜਾਂ ਦਾ ਵਿਰੋਧੀ ਸੀ। ਐਂਟੀ–47 ਪਰਚੇ ਵਿਚ ਉਹ ਲਿਖਦਾ ਹੈ: ”ਪੂਰੇ ਪੰਜਾਬ ਦੇ ਇਤਿਹਾਸ ਵਿਚ ਇਹ ਕਦੀ ਨਹੀਂ ਹੋਇਆ ਕਿ ਆਪਣੇ ਆਪ ਨੂੰ ਰਾਜ ਵਿਰੁੱਧ ਬਾਗ਼ੀ ਕਹਿਣ ਵਾਲੀ ਧਿਰ ਨੇ ਕਦੀ ਇੱਕ ਵਾਰ ਵੀ ਨਿਹੱਥੀ ਲੋਕਾਈ ਦਾ ਖੂਨ ਡੋਹਲਿਆ ਹੋਵੇ। ਜਾਂ ਉਨਾਂ ਅਸਹਿਮਤ ਲੋਕਾਂ ਉਤੇ ਵਾਰ ਕੀਤਾ ਹੋਵੇ ਜੋ ਰਾਜ-ਮਸ਼ੀਨਰੀ ਦਾ ਅੰਗ ਨਾ ਹੋਣ।” ਜ਼ਾਹਿਰ ਹੈ ਕਿ ਉਹ ਪੰਜਾਬ ਦੇ ਸਿਆਸੀ ਅਵਚੇਤਨ ਨੂੰ ਸਿੱਖੀ ਆਦਰਸ਼ਾਂ ਦਾ ਅਨੁਸਾਰੀ ਹੋਇਆ ਦੇਖਣਾ ਚਾਹੁੰਦਾ ਸੀ।
ਪਾਸ਼ ਵਲੋਂ ਵਰਤੀ ਜਾਣ ਵਾਲੀ ਭਾਸ਼ਾ ਬਾਰੇ ਧਿਆਨ ‘ਚ ਰੱਖਣ ਵਾਲੀ ਗੱਲ ਇਹ ਹੈ ਵੀ ਕਿ ਦੋਪਾਸੀ ਆਤੰਕ ਨੇ ਸਥਿਤੀ ਕਿਸੇ ਧਿਰ ਲਈ ਸਾਂਵੀਂ ਨਹੀਂ ਸੀ ਰਹਿਣ ਦਿੱਤੀ, ਨਾ ਵਰਤੀ ਜਾਣ ਵਾਲੀ ਭਾਸ਼ਾ ਇੰਤਹਾਈ ਲੱਖਣ ਤੋਂ ਮੁਕਤ ਸੀ। ਹਰ ਧਿਰ ਇੰਤਹਾਈ ਭਾਸ਼ਾ ਦੀ ਗ੍ਰਿਫ਼ਤ ‘ਚ ਸੀ। ਇਥੋਂ ਹੀ ਪਤਾ ਚਲਦਾ ਹੈ ਕਿ ਸਥਿਤੀ ਨੇ ਮਨੋ-ਦੂਸ਼ਤ (neurotic) ਮੋੜ ਅਖਤਿਆਰ ਕਰ ਲਿਆ ਸੀ। ਸਹਿਮ ਧੁਰ ਹੱਡਾਂ ‘ਚ ਧੱਸ ਚੁੱਕਾ ਸੀ। ਪੰਜਾਬ ਨੂੰ ਦਿਲੋਂ ਪਿਆਰ ਕਰਨ ਵਾਲੇ ਨਿਤਾਣੇ ਮਹਿਸੂਸ ਕਰ ਰਹੇ ਸਨ। ਇਹਦੇ ਬਾਵਜੂਦ ਪਾਸ਼ ਅੰਦਰ ਪੈਦਾ ਹੋਣ ਵਾਲਾ ਉਬਾਲ ਇਕੋ ਧਿਰ ਵਿਰੁੱਧ ਨਹੀਂ ਸੀ, ਜਦ ਕਿ ਅਜਿਹਾ ਉਦੋਂ ਬਹੁਤਿਆਂ ਨਾਲ ਵਾਪਰ ਰਿਹਾ ਸੀ। ਜਿਹੜਾ ਕਵੀ ਉਸ ਦੇਸ਼ ਤੋਂ ਆਪਣਾ ਨਾਂ ਕਟਵਾਣ ਲਈ ਤਿਆਰ ਹੈ ਜਿਹਦੀ ਨੇਤਾ ਦੀ ਮੌਤ ‘ਤੇ ਦੇਸ ਸੌਗ ਮਨਾਂਦਾ ਹੈ, ਉਹਦੇ ਤੋਂ ਵੱਡਾ ਜ਼ਮੀਰ-ਪ੍ਰਸਤ ਕੌਣ ਹੋ ਸਕਦਾ ਹੈ? ਜਿਵੇਂ ਕਿਹਾ, ਇਹ ਜ਼ਮੀਰ ਸਿਆਸੀ ਚੇਤਨਾ ਵਾਲੀ ਸੀ ਜਿਹਦਾ ਸਿੱਧਾ ਨਾਤਾ ਧਰਤੀ ਦੇ ਮਨੁੱਖ ਨਾਲ ਸੀ। ਸੱਚ/ਸੁੱਚ ਅਤੇ ਵਿਵੇਕ ਦੀ ਬੁਨਿਆਦ ‘ਤੇ ਖੜਨ ਵਾਲਾ ਹੀ ਏਨਾ ਨਿਡਰ ਹੁੰਦਾ ਹੈ।
ਪਾਸ਼ ਮਸਲੇ ਦੀ ਜੜ ਨੂੰ ਉਦੋਂ ਫੜਦਾ ਹੈ, ਜਦ ਉਹ ਐਂਟੀ-47 (ਅਕਤੂਬਰ 1986) ‘ਚ ਮਹਾਤਮਾ ਗਾਂਧੀ ਨੂੰ ਹਿੰਦੂ ਧਰਮ ਨੂੰ ਪ੍ਰੋਤਸਾਹਨ ਕਰਨ ਅਤੇ ਇੰਦਰਾ ਗਾਂਧੀ ਨੂੰ ਹਿੰਦੂਆਂ ਦੇ ਵੋਟ ਬਟੋਰਨ ਵਾਲੀ ਸਿਆਸਤ ਦਾ ਨਿਰਮਾਤਾ ਕਹਿੰਦਾ ਹੈ। ਇਹਦੇ ਨਾਲ ਹੀ ਕੇਂਦਰ ਦੀਆਂ ਨੀਤੀਆਂ ਦੇ ਜੁਆਬ ‘ਚ ਜੋ ਖਾੜਕੂਵਾਦ ਪੈਦਾ ਹੋਇਆ ਉਹਨੂੰ ਪੰਜਾਬ ਦੇ ਹੱਕ ਵਿਚ ਭੁਗਤਨ ਵਾਲਾ ਨਹੀਂ ਮੰਨਦਾ। ਕੀ ਅਜਿਹੀ ਸੋਚ ਰੱਖਣੀ ਗੁਨਾਹ ਹੈ? ਕੀ ਵਿਰੋਧੀ ਸੋਚ ਵਾਲੇ ਦਾ ਸਫ਼ਾਇਆ ਕਰਨਾ ਸਿਵਲ ਸਮਾਜ ਅਨੁਕੂਲ ਹੈ? ਜਾਂ ਅਜਿਹਾ ਕਾਰਾ ਕਿਸੇ ਆਦਰਸ਼ ਦਾ ਅਨੁਸਾਰੀ ਹੈ? ਉਹ ਹਿੰਸਾ ਦੀ ਅਜਿਹੀ ਕਲਚਰ ਦੀ ਨਖੇਧੀ ਕਰ ਰਿਹਾ ਸੀ ਅਤੇ ਇਹਨੂੰ ਸਿੱਖ ਇਤਿਹਾਸ ਦੇ ਆਦਰਸ਼ਾਂ ਦੇ ਉਲਟ ਕਹਿ ਰਿਹਾ ਸੀ। ਪੰਜਾਬ ਦੇ ਬਹੁਤੇ ਖੱਬੇਪੱਖੀ ਆਰੀਆ ਸਮਾਜ ਲੌਬੀ ਅਤੇ ਕੇਂਦਰੀ ਸਿਆਸਤ ਰਾਹੀਂ ਪੰਜਾਬ ਦੀ ਸਥਾਨਿਕਤਾ ਨੂੰ ਕਮਜ਼ੋਰ ਕਰਨ ਦੀ ਸਾਜਿਸ਼ ਬਾਰੇ ਅੱਖਾਂ ਮੀਟਦੇ ਰਹੇ, ਸਿਰਫ਼ ਇਸ ਕਰਕੇ ਕਿ ਉਹ ਕਿਤੇ ਉਹ ਸਿੱਖਪਖੀ ਨਾ ਦਿਸਣ। ਅਜਿਹੀ ਮੌਕਾਪ੍ਰਸਤੀ ਦੇ ਉਲਟ ਪਾਸ਼ ਹੀ ਖੜ ਸਕਦਾ ਸੀ। ਉਹ ਐਂਟੀ-47 ਦੇ ਅਕਤੂਬਰ 1986 ਵਾਲੇ ਅੰਕ ‘ਚ ਲਿਖਦਾ ਹੈ: ”ਅਪ੍ਰਾਧੀ ਹਨ, ਆਰ.ਐਸ.ਐਸ, ਸ਼ਿਵ ਸੈਨਾ, ਸ਼ਿਵ ਸ਼ਕਤੀ ਦਲ, ਆਰੀਆ ਵੀਰ ਦਲ, ਧਾਰਮਕ ਰਖਸ਼ਾ ਸੰਮਤੀ, ਬਜਰੰਗ ਬਰਗੇਡ ਆਦ ਜਨੂੰਨੀ ਹਿੰਦੂ ਸੰਗਠਨਾਂ ਦੇ ਸੰਚਾਲਕ ਜਿਨਾਂ ਅਖੰਡ ਭਾਰਤ ਦੇ ਨਾਂ ਹੇਠ ਹਿੰਦੂ ਸਾਮਰਾਜ’ ਉਸਾਰਨ ਦੀ ਕਰੁਖੀ ਬਿਰਤੀ ਨੂੰ ਪੱਠੇ ਪਾਉਣ ਤੇ ਫ਼ਿਰਕੂ ਹਨੇਰੀ ਝੁਲਾਉਣ ਵਿਚ ਸਿੱਧੀ ਸਿੱਧੀ ਕਾਂਗਰਸ ਦੀ ਸਹਾਇਤਾ ਕੀਤੀ।” ਇਸ ਤੋਂ ਬਾਅਦ ਉਹ ਇਨਾਂ ਅਪ੍ਰਾਧੀਆਂ ‘ਚ ਲਾਲਾ ਜਗਤ ਨਾਰਾਇਣ ਦਾ ਨਾਂ ਵੀ ਲੈਂਦਾ ਹੈ।
ਪਾਸ਼ ਅਜਿਹਾ ਇਸ ਕਰਕੇ ਲਿਖ ਸਕਿਆ ਕਿਉਂਕਿ ਉਹ ਸੁਤੰਤਰ ਹੋ ਕੇ ਸੋਚਦਾ ਸੀ। ਉਹਨੂੰ ਕਾਂਗਰਸ-ਪ੍ਰਸਤ ਅਤੇ ਸੋਵੀਅਤ ਯੂਨੀਅਨ ਤੋਂ ਫ਼ਾਇਦੇ ਬਟੋਰਨ ਵਾਲੇ ਕਮਿਊਨਿਸਟਾਂ ਦੀ ਕਤਾਰ ‘ਚ ਖੜਾ ਕਰਨਾ ਬੱਜਰ ਅਨਿਆਂ ਹੈ। ਉਹ ਕੁਝ ਹੋਰ ਨਕਸਲੀਆਂ ਵਾਂਗ ਕੱਰੀਅਰਵਾਦੀ ਨਹੀਂ ਬਣਿਆ। ਉਹਨੂੰ ਨਾ ਆਪਣੇ ਬਿੰਬ ਨੂੰ ਵੱਡਾ ਕਰਨ ਦਾ ਲੋਭ ਸੀ ਅਤੇ ਨਾ ਕਿਤੋਂ ਸਨਮਾਨਿਤ ਹੋਣ ਦਾ ਚਾਅ। ਖਾੜਕੂ ਲਹਿਰ ਵੇਲੇ ਉਹ ਆਪਣੇ ਆਪ ਨੂੰ ਪ੍ਰਸੰਗਹੀਣ ਹੋਇਆ ਸਮਝਦਾ ਸੀ। ਇਹ ਆਪਣੇ ਆਪ ‘ਚ ਹੀ ਡਿਸਟ੍ਰਬ ਕਰਨ ਵਾਲੀ ਗੱਲ ਸੀ। ਉਹ ਪਸ਼ੇਮਾਨ ਸੀ ਕਿ ਪੰਜਾਬ ‘ਚ ਇਹ ਵਾਪਰ ਕੀ ਰਿਹਾ ਹੈ। ਉਹਨੂੰ ਆਪਣੀ ਸਿਰਜੀ ਸਪੇਸ ਪਲੀਤ ਹੁੰਦੀ ਦਿਖਾਈ ਦੇ ਰਹੀ ਸੀ। ਉਹ ਆਪਣੀ ਕਵਿਤਾ ਦੀ ਸਾਰਥਿਕਤਾ ਬਾਰੇ ਵੀ ਸਵਾਲ ਖੜੇ ਕਰਨ ਲੱਗ ਪਿਆ ਸੀ। ਇਹ ਗ਼ੈਰ-ਮਾਮੂਲੀ ਤਰਜ਼ ਦਾ ਉਖਾੜ ਸੀ ਜਿਸ ਬਾਰੇ ਪਾਸ਼ ਜਿਹਾ ਕਵੀ/ਚਿੰਤਕ ਚੁੱਪ ਨਹੀਂ ਸੀ ਬੈਠ ਸਕਦਾ।
ਜਿਵੇਂ ਕਿਹਾ, ਉਸ ਦੌਰ ਵਿਚ ਸਥਿਤੀ ਸਿਆਸੀ ਟ੍ਰੈਕ ਤੋਂ ਉਖੜ ਕੇ ਮਨੋ-ਦੂਸ਼ਤ ਦਵੰਦ (dialectic of neurosis) ਵਿਚ ਤਬਦੀਲ ਹੋ ਚੁੱਕੀ ਸੀ, ਜਿਹਦੇ ਲਈ ਸਿੱਧੀ ਜ਼ਿੰਮੇਵਾਰ ਕੇਂਦਰੀ ਸਿਆਸਤ ਸੀ। ਇਹ ਸਿਆਸਤ ਪੰਜਾਬ ਦੇ ਪ੍ਰਸੰਗ ‘ਚ ਹਿੰਸਕ ਸੁਭਾਅ ਦੀ ਸੀ। ਇਹਨੇ ਪ੍ਰਤਿ-ਹਿੰਸਾ ਉਪਜਾਣੀ ਹੀ ਸੀ। ਪਾਸ਼ ਇਹਦੀ ਪਛਾਣ ਕਰਨ ਕਰਕੇ ਹੀ ਕੇਂਦਰੀ ਸਿਆਸਤ ਨੂੰ ਲ•ਾਨਤਾਂ ਪਾ ਰਿਹਾ ਸੀ। ਇਸ ਸਿਆਸਤ ਨੇ ਪੰਜਾਬ ਨੂੰ ਬਲਦੀ ਦੇ ਬੂਥੇ ‘ਤੇ ਲਿਆ ਖੜਾ ਕੀਤਾ ਸੀ। ਇਹਨੇ ਮਨੋ-ਦੂਸ਼ਤ ਦਵੰਦ ਦੀ ਗਤੀ ਨੂੰ ਤੇਜ਼ ਕਰ ਦਿੱਤਾ ਸੀ। ਇਹਨੇ ਸਰਲ-ਚਿੱਤ ਬੰਦੇ ਨੂੰ ਲਾਚਾਰ ਕਰ ਦਿੱਤਾ ਸੀ। ਆਮ ਬੰਦਾ ਜੇ ਚੁੱਪ ਸੀ ਤਾਂ ਇਹ ਚੁੱਪ ਵੀ ਇੰਤਹਾਈ ਪੱਧਰ ਦੀ ਸੀ। ਜੇ ਸਹਿਮ ਸੀ ਤਾਂ ਇਹ ਹੱਡਾਂ ‘ਚ ਧੱਸ ਚੁੱਕਾ ਸੀ। ਜੇ ਇਕ ਦੂਜੇ ਦੀ ਨਿਯਤ ਬਾਰੇ ਸ਼ੱਕ ਸੀ ਤਾਂ ਇਹ ਸ਼ੱਕ ਵੀ ਗ਼ੈਰ-ਮਾਮੂਲੀ ਪੱਧਰ ਦਾ ਸੀ। ਪੰਜਾਬ ‘ਚ ਏਦਾਂ ਕਦੇ ਨਹੀਂ ਸੀ ਵਾਪਰਿਆ। ਸਥਾਨਿਕ ਪੱਧਰ ਦਾ ਸੰਕਟ ਮਿੱਥਕ/ਅਧਿਆਤਮਕ ਚਰਮ ਸੀਮਾ ਤੱਕ ਪੁੱਜ ਚੁੱਕਾ ਸੀ।
ਮਨੋ-ਦੂਸ਼ਤ ਦਵੰਦ ਕੀ ਹੈ? ਇਹ ਜ਼ਹਿਰੀਲਾ ਦਵੰਦ ਹੈ ਜਿਸ ਦੀ ਲਪੇਟ ਵਿਚ ਆਉਣ ਵਾਲੇ ਵਿਵੇਕਹੀਣ ਹੋ ਜਾਂਦੇ ਹਨ। ਜ਼ਖ਼ਮੀ ਉਹ ਭੋਇੰ ਅਤੇ ਇਹਦੀ ਲੋਕਾਈ ਹੁੰਦੀ ਹੈ ਜਿੱਥੇ ਇਹ ਦਵੰਦ ਵਾਪਰ ਰਿਹਾ ਹੁੰਦਾ ਹੈ। ਇਸ ਦਵੰਦ ਦੀ ਸਿਖਰ ‘ਓਪ੍ਰੇਸ਼ਨ ਬਲੂ ਸਟਾਰ’ ਦੇ ਰੂਪ ਵਿਚ ਪ੍ਰਗਟ ਹੋਈ। ਪਾਸ਼ ਦੇ ਮੌਖਿਕ ਪ੍ਰਤਿਕਰਮ, ਜਿਨ•ਾਂ ਦਾ ਹਵਾਲਾ ਕਿਤਾਬ ‘ਚ ਹੈ, ਸੰਦੇਹ ਤੋਂ ਮੁਕਤ ਨਹੀਂ ਕਹੇ ਜਾ ਸਕਦੇ। ਇਹ ਉਹ ਦਿਨ ਸਨ ਜਦ ਸਿਆਸਤ ਬੇਮਾਅਨੀ ਹੋ ਚੁੱਕੀ ਸੀ। ਇਹਨੇ ਦੋ ਅਧਿਆਤਮਾਂ (ਬ੍ਰਾਹਮਣੀ ਸੁਪਰ-ਮਾਨਸਿਕਤਾ ਬਨਾਮ ਸਿੱਖ ਪ੍ਰਤਿਰੋਧ) ਵਿਚਕਾਰ ਭੇੜ ਦਾ ਰੂਪ ਧਾਰਣ ਕਰ ਲਿਆ ਸੀ। ਪਾਸ਼ ਦੀ ਐਂਟੀ-47 ਵਾਲੀ ਲਿਖਤ ਤੋਂ ਹੀ ਪ੍ਰਗਟ ਸੀ ਕਿ ਉਹਦਾ ਫਿਕਰ ਪੰਜਾਬ ‘ਚ ਪੈਦਾ ਹੋਣ ਵਾਲੀ ਦੋ-ਪਾਸੀ ਹਿੰਸਾ ਸੀ ਜਿਹਦੇ ਕਰਕੇ ਸੰਨ ਸੰਤਾਲੀ ਦੇ ਖੂਨੀ ਸਾਕੇ ਯਾਦ ਆਉਣ ਲੱਗ ਪਏ ਸਨ। ਕੈਲਿਫੋਰਨੀਆ ‘ਚ ਐਂਟੀ-47 ਫਰੰਟ ਦਾ ਪਰਚਾ ਇਸ ਸਥਿਤੀ ਦੇ ਪ੍ਰਤਿਕਰਮ ਵਜੋਂ ਕੱਢਿਆ ਗਿਆ ਸੀ। ਪਾਸ਼ ਅਮਰੀਕਾ ਪੁੱਜਾ ਤਾਂ 26 ਅਕਤੂਬਰ 1986 ਵਾਲਾ ਅੰਕ ਉਹਨੇ ਆਪਣੀ ਹੱਥ-ਲਿਖਤ ਰਾਹੀਂ ਤਿਆਰ ਕੀਤਾ। ਜਿਹੜੇ ਪਾਸ਼ ਨੂੰ ਸਟੇਟ-ਪੱਖੀ ਕਹਿੰਦੇ ਹਨ ਉਨਾਂ ਨੂੰ ਇਸ ਅੰਕ ਦਾ ਹਰੇਕ ਸ਼ਬਦ ਧਿਆਨ ਨਾਲ ਪੜਨਾ ਚਾਹੀਦਾ ਹੈ। ਇਹਦੇ ਵਿਚ ਪਾਸ਼ ਪੰਜਾਬੀ ਬੰਦੇ ਨੂੰ ਜ਼ਹਿਰੀਲੇ ਦਵੰਦ ਤੋਂ ਮੁਕਤ ਹੋਣ ਲਈ ਹੀ ਕਹਿ ਰਿਹਾ ਸੀ। ਉਹਦਾ ਆਕ੍ਰੋਸ਼ ਇਸ ਦਵੰਦ ਨੂੰ ਪੈਦਾ ਕਰਨ ਵਾਲੀ ਸਿਆਸਤ ਅਤੇ ਇਹਦੀ ਭਾਈਵਾਲ ਪੰਜਾਬ ਦੀ ਮਹਾਸ਼ਾ ਲੌਬੀ ਵਿਰੁੱਧ ਕਿਤੇ ਜ਼ਿਆਦਾ ਸੀ। ਉਹਨੇ ਇਨ•ਾਂ ਵਿਰੁੱਧ ਅਤੇ ਪੰਜਾਬ ‘ਚ ਪ੍ਰਤਿ-ਹਿੰਸਾ ਨੇ ਜੋ ਰੂਪ ਲੈ ਰੱਖਿਆ ਸੀ ਉਹਨੂੰ ਪੈਦਾ ਕਰਨ ਵਾਲਿਆਂ ਵਿਰੁੱਧ ਨਿਡਰ ਹੋ ਕੇ ਲਿਖਿਆ। ਅਜਿਹਾ ਕਰਕੇ ਉਹ ਤਕੜਾ ਜੋਖ਼ਮ ਸਹੇੜ ਰਿਹਾ ਸੀ।

ਇਸ ਪ੍ਰਸੰਗ ‘ਚ ਅਮਰੀਕੀ ਪ੍ਰੋਫੈਸਰ ਨੋਰਮਨ ਬਰਾਊਨ ਦੀ ਕਿਤਾਬ Life against 4eath ਦਾ ਹਵਾਲਾ ਦੇਣਾ ਜ਼ਰੂਰੀ ਹੈ ਜਿਸ ਵਿਚ ਉਹ ਲਿਖਦਾ ਹੈ ਕਿ ਇਤਿਹਾਸ ਦਾ ਨਿਰਮਾਨ ਕਰਨ ਵਾਲੀਆਂ ਇਕਾਈਆਂ ਸਿਰਫ਼ ਭੌਤਿਕ ਹੀ ਨਹੀਂ ਹੁੰਦੀਆਂ। ਬਹੁਤ ਕੁਝ ਜੋ ਪਦਾਰਥਿਕ ਪੱਧਰ ‘ਤੇ ਵਾਪਰਦਾ ਦਿਖਾਈ ਦੇਂਦਾ ਹੈ ਉਹਦੀ ਤੈਹ ‘ਚ ਦੂਸ਼ਤ ਮਾਨਸਿਕਤਾ ਹੁੰਦੀ ਹੈ। ਇਹ ਕਈ ਵੇਰ ਇਤਿਹਾਸ ਦੀ ਤੋਰ ਨੂੰ ਨਿਰਧਾਰਿਤ ਕਰਦੀ ਹੈ। ਬਰਾਊਨ ਇਸ ਨੂੰ ਹੀ dialectic of neurosis ਕਹਿੰਦਾ ਹੈ। ਸੋਵੀਅਤ ਰੂਸ ‘ਚ ਸਟਾਲਨੀ neurosis ਨੇ ਹੀ ਸੈਂਕੜੇ ਨਿਧੜਕ ਬੁੱਧੀਜੀਵੀਆਂ ਦਾ ਘਾਣ ਕਰ ਦਿੱਤਾ ਅਤੇ ਮਾਰਕਸਵਾਦ ਦੇ ਨਾਂ ‘ਤੇ ਸਟੇਟਵਾਦ ਪੈਦਾ ਹੋ ਗਿਆ।
ਬੰਦੂਕ ਦਾ ਪ੍ਰਵਚਨ’ ਜਦ ਸੰਵਾਦੀ ਸੋਚ ਵਾਲੀ ਸਪੇਸ ‘ਤੇ ਛਾਅ ਜਾਂਦਾ ਹੈ ਤਾਂ ਨੁਕਸਾਨ ਉਸ ਭੂਖੰਡ ਦਾ ਹੁੰਦਾ ਜਿੱਥੇ ਇਹ ਵਾਪਰ ਰਿਹਾ ਹੁੰਦਾ ਹੈ। ਬੰਦੂਕ ਪ੍ਰਵਚਨ ਅਦਾ ਕਰਨ ਲੱਗਦੀ ਹੈ ਤਦ ਇਹਨੂੰ ਵਰਤਣ ਵਾਲੀ ਊਰਜਾ ਦਾ ਸਰੋਤ ਚਿੰਤਨ ਨਹੀਂ ਮਨੋਵੇਗ ਹੁੰਦਾ ਹੈ। ਬਿਨਾਂ ਮਨੋਵੇਗ ਦੇ ਬੰਦੂਕ ਪ੍ਰਵਚਨ ਅਦਾ ਕਰ ਨਹੀਂ ਸਕਦੀ। ਲਾਭ ਉਨਾਂ ਨੂੰ ਹੁੰਦਾ ਜੋ ਇਸ ਭੂਖੰਡ ਦੀ ਆਤਮਾ ਨੂੰ ਕਬਜ਼ੇ ‘ਚ ਕਰਨਾ ਚਾਹੁੰਦੇ ਹਨ, ਜੋ ਮਨੋਵੇਗੀ ਬੰਦੂਕ ਨੂੰ ਸੱਤਾ ਦੀ ਬੰਦੂਕ ਰਾਹੀਂ ਪਸਤ ਕਰਨ ਦੇ ਸਮਰਥ ਹਨ। ਕੇਂਦਰੀ ਸਿਆਸਤ ਨੇ ਪਹਿਲਾਂ ਪੰਜਾਬ ‘ਚ ਮਨੋਵੇਗ ਪੈਦਾ ਕੀਤਾ, ਫਿਰ ਮਨੋਵੇਗੀ ਬੰਦੂਕ ਨੂੰ ਉੜਾ ਦਿੱਤਾ। ਲਹੂ-ਲੁਹਾਣ ਪੰਜਾਬ ਹੋਇਆ। ਹਜ਼ਾਰਾਂ ਦੀ ਗਿਣਤੀ ‘ਚ ਮੁੰਡੇ ਇਸ ਘਮਸਾਣ ‘ਚ ਕੁਰਬਾਨ ਹੋ ਗਏ। ਪੰਜਾਬ ਦਾ ਸਿਆਸੀ ਰੁੱਤਬਾ ਮੂਲ ਸਥਾਨਿਕਤਾ ਤੋਂ ਬੇਮੁੱਖ ਹੋ ਗਿਆ। ਸਿਆਸਤ ਉਨਾਂ ਦੇ ਕਬਜ਼ੇ ‘ਚ ਆ ਗਈ ਜੋ ਆਪਣੀਆਂ ਰੋਟੀਆਂ ਸੇਕਣ ਤੋਂ ਅਗਾਂਹ ਦੇਖਣ ਤੋਂ ਅਸਮਰਥ ਸਨ। ਸੰਕਟ ਨਾਲ ਜੁੜੇ ਸਾਰੇ ਸਵਾਲ ਚਿੱਤ/ਚਿੰਤਾ ਤੋਂ ਝੜ ਗਏ। ਉਦੋਂ ਤੋਂ ਅੱਜ ਤੱਕ ਪੰਜਾਬ ਹਰ ਪੱਖੋਂ ਤੰਤਹੀਣ ਹੋ ਚੁੱਕਾ ਹੈ। ਇਹਦੀ ਭਾਸ਼ਾ/ਸਾਹਿਤ ਲਈ ਸਪੇਸ ਨਿਤ ਦਿਨ ਘਟਦੀ ਜਾ ਰਹੀ ਹੈ; ਇਹਦਾ ਸ਼ਹਿਰ ਭੰਬੋਰ ਲੁੱਟਿਆ ਜਾ ਚੁੱਕਾ। ਬੇਸਿਰ ਹਿੰਸਾ ਦੇ ਨਤੀਜੇ ਏਦਾਂ ਦੇ ਹੀ ਨਿਕਲਦੇ ਹਨ। ਅੱਜ ਪੰਜਾਬੀ ਬੰਦੇ ਦੀ ਸਿਆਸਤ ‘ਚੋਂ ਲੋਕ ਮਾਨਸ ਦਾ ਭਵਿੱਖ ਖਾਰਜ ਹੋ ਚੁੱਕਾ ਹੈ।
ਆਤੰਕ ਸਰਵ-ਮਾਨਵ ਨੂੰ ਲੂਸਦਾ ਹੈ। ਇਹਦੇ ਹੋਣ ਦਾ ਤਰਕ ਇਸ ਕਰਕੇ ਹੀ ਤਿੜਕ ਜਾਂਦਾ ਹੈ। ਜਿਸ ਵਿਚਾਰਧਾਰਾ ਨੇ ਇਹਨੂੰ ਜਨਮ ਦਿੱਤਾ ਹੁੰਦਾ, ਉਹਦਾ ਘਾਣ ਆਤੰਕ ਰਾਹੀਂ ਪੈਦਾ ਹੋਣ ਵਾਲੀ ਹਿੰਸਾ ਕਰ ਦਿੰਦੀ ਹੈ। ਆਤੰਕ ਕੋਲ ਇੱਕੋ ਦਲੀਲ ਹੈ ਜਿਹਨੂੰ ਸਾਰਤਰ ਇਨਾਂ ਸ਼ਬਦਾਂ ਵਿਚ ਬਿਆਨ ਕਰਦਾ ਹੈ: ‘“errorism is a terrible weapon, but the oppressed have no other.’ ਇਹ ਸ਼ਬਦ ਸਾਰਤਰ ਨੇ ਉਦੋਂ ਵਰਤੇ ਜਦ ਮੁਨਿਖ ਉਲਿੰਪਕ ਖੇਡਾਂ ‘ਚ ਅੱਠ ਯਹੂਦੀ ਖਿਡਾਰੀਆਂ ਨੂੰ ਫਲਸਤੀਨੀਆਂ ਨੇ ਫੁੰਡ ਦਿੱਤਾ। ਸਾਰਤਰ ਇਹ ਕਥਨ ਸਿਰਫ਼ ਦਲੀਲ ਵਜੋਂ ਵਰਤਦਾ ਹੈ, ਆਤੰਕ ਦੇ ਹੱਕ ਵਿਚ ਨਹੀਂ ਭੁਗਤਦਾ। ਉਹਦਾ ਕਹਿਣਾ ਹੈ ਕਿ ਉਨਾਂ ਪ੍ਰਸਥਿਤੀਆਂ ਦੀ ਨਿਸ਼ਾਨਦੇਈ ਹੋਣੀ ਚਾਹੀਦੀ ਹੈ ਜੋ ਆਤੰਕ ਨੂੰ ਜਨਮ ਦੇਂਦੀਆਂ ਹਨ।
ਪਾਸ਼ ਨੇ ਬੰਦੂਕ ਦਾ ਛੁੱਟਪੁਟ ਪ੍ਰਵਚਨ ਨਕਸਲੀ ਦੌਰ ਵੇਲੇ ਦੇਖ ਲਿਆ ਸੀ, ਅਤੇ ਉਹ ਇਹਦੇ ਮਾਰੂ ਅਸਰਾਂ ਤੋਂ ਜਾਣੂ ਸੀ।
ਕੁੱਲ ਮਿਲਾ ਕੇ, ਪੰਜਾਬ ਦੇ ਪ੍ਰਸੰਗ ‘ਚ ਪਾਸ਼ ਦੀ ਮੀਡੀਏਸ਼ਨ’ ਬਹੁ-ਪਾਸਾਰੀ ਸੀ। ਉਹ ਸੁਤੰਤਰ-ਚਿੱਤ ਭਾਸ਼ਾਕਾਰ ਸੀ ਜਿਸ ਦੀ ਕਾਵਿ-ਭਾਸ਼ਾ ‘ਚੋਂ ਪੰਜਾਬੀ ਬੰਦੇ ਦੀਆਂ ਅਕਾਂਖਿਆਵਾਂ ਬੋਲਦੀਆਂ ਸਨ। ਇਹ ਭਾਸ਼ਾ ਸਮੇਂ ਨਾਲ ਟੱਕਰ ਲੈਣ ਵਾਲੀ ਸੀ। ਉਹਦੀ ਆਵਾਜ਼ ਨੂੰ ਪੰਜਾਬੀ ਸ਼ਬਦਾਂ ਨਾਲ ਵਰੋਸਾਏ ਬੰਦੇ ਨੇ ਸੁਣਿਆ। ਇਸ ਆਵਾਜ਼ ਨੇ ਬਰਫ਼ੀਲੇ ਜ਼ਿਹਨ ਪਿਘਲਾ ਦਿੱਤੇ। ਹਰ ਜ਼ੁਲਮੋ ਸਿੱਤਮ, ਕੂੜ, ਅਨਿਆਂ ਨੂੰ ਨਿਰਵਸਤਰ ਕਰਨ ਵਾਲੀ ਆਵਾਜ਼ ਸੀ ਇਹ।
ਉਹ ਅਮਰੀਕਾ ਨੂੰ ਛੱਡ ਕੇ ਵਾਪਸ ਆਪਣੇ ਪਿੰਡ ਤਲਵੰਡੀ ਸਲੇਮ ਪੁੱਜਾ। ਆਪਣੀ ਭੋਇੰ ‘ਚ ਆ ਕੇ ਉਹ ਨੰਗੇ ਧੜ ਉਸ ਲੋਹੇ ਨਾਲ ਟਕਰਾਇਆ ਜਿਸ ਨੂੰ ਉਹ ਸਮੇਂ ਦੇ ਵਿਪ੍ਰੀਤ ਸਮਝਦਾ ਸੀ। ਉਹਦੇ ਹੋਣੇ ਦੀ ਅਹਿਮੀਅਤ ਇਸ ਟਕਰਾਅ ਵਿਚ ਸੀ। ਅਜਿਹਾ ਉਹੀ ਕਰ ਸਕਦਾ ਸੀ। ਉਹਦੇ ਕੋਲ ਸੱਚ/ਸੁੱਚ ਦੀ ਆਵਾਜ਼ ਦਾ ਕਵਚ ਸੀ। ਏਦਾਂ ਦੀ ਮੌਤ ਸਹੇੜਨ ਵਾਲੇ ਕਵੀ ਜੇ ਮਿਥਕ ਬੁਲੰਦੀ ਤੱਕ ਪੁੱਜਦੇ ਹਨ ਤਾਂ ਹੈਰਾਨੀ ਵਾਲੀ ਗੱਲ ਨਹੀਂ। (2009)
(ਗੁਰਬਚਨ ਦੀ ਪੁਸਤਕ 'ਤਬਸਰਾ' ਵਿੱਚੋਂ ਇੱਕ ਲੇਖ)