—ਮਨਦੀਪ
ਪਾਬਲੋ ਨੈਰੂਦਾ ਆਪਣੇ ਦੌਰ ਦਾ ਪ੍ਰਸਿੱਧ (Legendary) ਲੋਕ ਕਵੀ ਅਤੇ ਰਾਜਨੀਤਿਕ, ਕੂਟਨੀਤਿਕ, ਨਾਟਕਕਾਰ, ਨਿਬੰਧਕਾਰ, ਨਾਵਲਕਾਰ ਤੇ ਅਨੁਵਾਦਕ ਸੀ। ਚਿੱਲੀ ਦੇ ਜੰਮਪਾਲ ਸਪੈਨਿਸ਼ ਭਾਸ਼ਾ ਦੇ ਇਸ ਕਵੀ ਦੀਆਂ ਕਵਿਤਾਵਾਂ ਤੇ ਹੋਰ ਲਿਖਤਾਂ ਦੁਨੀਆਂ ਦੀ ਲਗਭਗ ਹਰ ਭਾਸ਼ਾ ‘ਚ ਅਨੁਵਾਦ ਕੀਤੀਆਂ ਗਈਆਂ ਹਨ। ਸਪੈਨਿਸ਼ ਅਖਬਾਰਾਂ ਦੇ ਇਕ ਸਰਵੇਖਣ ਵਿਚ ਉਸਨੂੰ ‘ਦੁਨੀਆਂ ਭਰ ‘ਚ ਸਭ ਤੋਂ ਵੱਧ ਅਨੁਵਾਦਤ ਕਵੀ’ ਮੰਨਿਆ ਗਿਆ।
ਪਾਬਲੋ ਨੈਰੂਦਾ ਦਾ ਅਸਲ ਨਾਮ ਰਿਕਾਰਦੋ ਏਲੀਸਰ ਨਿਫਤਾਲੀ ਰੇਇਜ ਬਾਸੋਆਲਤੋ ਹੈ ਪਰੰਤੂ ਉਹਨਾਂ ਨੇ ਚੈਕੋਸਲਵਾਕੀਆ ਦੇ ਕਵੀ ਯਾਨ ਨੈਰੂਦਾ ਤੋਂ ਪ੍ਰਭਾਵਿਤ ਹੋ ਕੇ ਆਪਣਾ ਨਾਮ ਪਾਬਲੋ ਨੈਰੂਦਾ ਰੱਖ ਲਿਆ। 12 ਜੁਲਾਈ 1904 ਨੂੰ ਚਿੱਲੀ ਦੇ ਲੀਨਾਰੇ ਸ਼ਹਿਰ ਦੇ ਪਰਾਲ ਕਸਬੇ ਵਿਚ ਉਹਨਾਂ ਦਾ ਜਨਮ ਹੋਇਆ। ਨੈਰੂਦਾ ਦੇ ਪਿਤਾ ਨੇ ਉਹਨਾਂ ਨੂੰ ਸਾਹਿਤ ਅਤੇ ਲੇਖਣੀ ਵੱਲ ਰੁਚਿਤ ਕੀਤਾ। ਤੇਰ੍ਹਾਂ ਸਾਲ ਦੀ ਉਮਰ ਵਿਚ ਨੈਰੂਦਾ ਦੀ ਪਹਿਲੀ ਸਾਹਿਤਿਕ ਲਿਖਤ ‘ਉਤਸ਼ਾਹ ਅਤੇ ਲਗਨ’ ਸਿਰਲੇਖ ਹੇਠ ‘ਸਵੇਰਾ’ ਨਾਮ ਦੇ ਸਪੈਨਿਸ਼ ਅਖਬਾਰ ਵਿਚ ਨਿਫਤਾਲੀ ਰੇਇਜ ਨਾਮ ਹੇਠ ਪ੍ਰਕਾਸ਼ਿਤ ਹੋਈ। ਇਹ ਨੈਰੂਦਾ ਦੇ ਕਵੀ ਬਣਨ ਵੱਲ ਪਹਿਲਾ ਕਦਮ ਸੀ। ਪਰਾਲ ਨੂੰ ਛੱਡਕੇ ਨੈਰੂਦਾ ਨੇ ਅਗਲੀ ਪੜ੍ਹਾਈ ਲਈ ਤੈਮੂਕੋ ਦੇ ਇਕ ਕਾਲਜ ਵਿਚ ਦਾਖਲਾ ਲੈ ਲਿਆ। ਜਿੱਥੇ ਉਸਦੇ ਸਿਅਸੀ ਜੀਵਨ ਦਾ ਮੁੱਢ ਬੱਝਦਾ ਹੈ। ਵਿਦਿਆਰਥੀ ਜੀਵਨ ਦੇ ਮੁੱਢਲੇ ਸਾਲਾਂ ‘ਚ ਨੈਰੂਦਾ ਸਟੂਡੈਂਟਸ ਫੈਡਰੇਸ਼ਨ ਦੀ ਮੈਂਬਰਸ਼ਿੱਪ ਹਾਸਲ ਕਰਕੇ ਉਸਦੇ ਬੁਲਾਰੇ ‘ਕਲਾਰੀਦਾਦ’ (ਸਪੱਸ਼ਟਤਾ) ‘ਚ ਪੱਤਰ ਪ੍ਰੇਰਕ ਦੀ ਭੂਮਿਕਾ ਨਿਭਾਉਂਦਾ ਰਿਹਾ। ਇੱਥੇ ਧਨਾਡ ਵਿਦਿਆਰਥੀਆਂ ਦੀ ਜੱਥੇਬੰਦੀ ‘ਗੋਲਡਨ ਯੂਥ’ ਨਾਲ ਟਕਰਾਅ ‘ਚੋਂ ਉਸਦੇ ਸਿਆਸੀ ਵਿਚਾਰਾਂ ਵਿਚ ਸਪੱਸ਼ਟਤਾ ਜਨਮ ਲੈਂਦੀ ਅਤੇ ਵਿਗਸਦੀ ਹੈ। ਤੈਮੂਕੋ ਵਿਖੇ ਸਟੂਡੈਂਟਸ ਫੈਡਰੇਸ਼ਨ ਦਾ ਹੈੱਡਕੁਆਟਰ ਵਿਦਿਆਰਥੀ ਬਗਾਵਤ ਦੀਆਂ ਗਤੀਵਿਧੀਆਂ ਦਾ ਪ੍ਰਮੁੱਖ ਕੇਂਦਰ ਸੀ। ਇੱਥੇ ਚਿੱਲੀ ਦੀਆਂ ਇਨਕਲਾਬੀ ਹਸਤੀਆਂ ਦਾ ਅਕਸਰ ਆਉਣਾ ਜਾਣਾ ਲੱਗਿਆ ਰਹਿੰਦਾ ਸੀ। ਇੱਥੇ ਨੈਰੂਦਾ ਦੀ ਮੁਲਾਕਾਤ ਇਨਕਲਾਬੀ ਸਾਹਿਤ ਦੀ ਇਕ ਹਸਤੀ ਅਤੇ ਇਨਕਲਾਬੀ ਪਰਚੇ ‘ਨੌਜਵਾਨ’ (Juventud-Youth) ਦੇ ਸੰਪਾਦਕ ਰੋਬੇਰਤੋ ਮੇਸਾ ਫੂਐਨਤੇ ਨਾਲ ਹੁੰਦੀ ਹੈ ਅਤੇ ਉਹ ਉਸਦੀ ਸ਼ਖਸ਼ੀਅਤ ਅਤੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਕੇ ਇਨਕਲਾਬੀ ਵਿਚਾਰਾਂ ਦਾ ਧਾਰਨੀ ਬਣਦਾ ਹੈ। ਸੋਲ੍ਹਾਂ ਸਾਲ ਦੀ ਉਮਰ ‘ਚ ਨੈਰੂਦਾ ਚਿੱਲੀ ਦੀ ਰਾਜਧਾਨੀ ਸਾਂਤਿਆਗੋ ਦੀ ਯੂਨੀਵਰਸਿਟੀ ‘ਚ ਫਰੈਂਚ ਭਾਸ਼ਾ ਦੀ ਪੜ੍ਹਾਈ ਵਿਚ ਦਾਖਲਾ ਲੈ ਲੈਂਦਾ ਹੈ। ਇੱਥੇ ਉਸਨੇ ‘ਪਿਆਰ ਦੀਆਂ ਵੀਹ ਕਵਿਤਾਵਾਂ ਅਤੇ ਨਿਰਾਸ਼ਾ ਦਾ ਇੱਕ ਗੀਤ’ ਨਾਮ ਦੀ ਪੁਸਤਕ ਪ੍ਰਕਾਸ਼ਿਤ ਕਰਵਾਈ ਜੋ ਨੌਜਵਾਨਾਂ-ਵਿਦਿਆਰਥੀਆਂ ‘ਚ ਕਾਫੀ ਚਰਚਿਤ ਹੋਈ।
ਮੁੱਢਲੀਆਂ ਪਿਆਰ ਕਵਿਤਾਵਾਂ ਤੋਂ ਬਾਅਦ ਵੀਹਵੀਂ ਸਦੀ ਦੀਆਂ ਅਹਿਮ ਇਤਿਹਾਸਕ ਸਿਅਸੀ ਘਟਨਾਵਾਂ ਨੈਰੂਦਾ ਦੀਆਂ ਕਵਿਤਾਵਾਂ ਦਾ ਵਿਸ਼ਾ ਰਿਹਾ। ਰੂਸ ਦਾ ਸਮਾਜਵਾਦੀ ਇਨਕਲਾਬ, ਕਿਊਬਾ ਦੀ ਕ੍ਰਾਂਤੀ, ਲਾਤੀਨੀ ਅਮਰੀਕਾ ਅਤੇ ਵੀਅਤਨਾਮ ਉਪਰ ਸਾਮਰਾਜੀ ਹਮਲੇ, ਫਾਸ਼ੀਵਾਦ ਵਿੱਰੁਧ ਸੰਘਰਸ਼, ਸਪੈਨਿਸ਼ ਘਰੇਲੂ ਯੁੱਧ, ਦੂਜੀ ਸੰਸਾਰ ਜੰਗ, ਚਿੱਲੀ ਦਾ ਵਿਦਿਆਰਥੀ ਸੰਘਰਸ਼ (1968), ਆਦਿ। ਨੈਰੂਦਾ ਦਾ ਸਰਗਰਮ ਸਿਆਸੀ ਅਤੇ ਸਾਹਿਤਕ ਸਫਰ ਜਨਰਲ ਫਰਾਂਕੋ ਦੀ ਅਗਵਾਈ ਵਾਲੀ ਫਾਸ਼ੀਵਾਦੀ ਹਕੂਮਤ ਖਿਲਾਫ ਸੰਘਰਸ਼ ਤੋਂ ਸ਼ੁਰੂ ਹੋਇਆ। ਇਹ ਉਹ ਦੌਰ ਸੀ ਜਦੋਂ ਸੰਸਾਰ ਭਰ ਵਿਚ ਵੱਡੀਆਂ ਸਿਆਸੀ ਉਥਲਾਂ-ਪੁੱਥਲਾਂ ਹੋ ਰਹੀਆਂ ਸਨ। ਸਪੇਨ ਦੇ ਮਸ਼ਹੂਰ ਲੋਕ ਕਵੀ ਲੋਰਕਾਂ ਦਾ ਫਾਸ਼ੀਵਾਦੀਆਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਯੂਰਪ ਅੰਦਰ ਨਾਜ਼ੀ ਪਾਰਟੀ ਲਗਾਤਾਰ ਆਪਣੀਆਂ ਜੜ੍ਹਾਂ ਜਮਾਂ ਰਹੀ ਸੀ। ਯੂਰਪ ਦੀਆਂ ਪ੍ਰਗਤੀਸ਼ੀਲ ਤੇ ਕਮਿਊਨਿਸਟ ਤਾਕਤਾਂ ਫਾਸ਼ੀਵਾਦੀ ਹਮਲੇ ਦੇ ਨਿਸ਼ਾਨੇ ਉੱਤੇ ਸਨ। ਆਏ ਦਿਨ ਭਿਆਨਕ ਕਤਲੇਆਮ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਸਨ। ਅਜਿਹੇ ‘ਚ ਨੈਰੂਦਾ ਨੇ ਆਪਣੀ ਕਲਮ ਦਾ ਮੂੰਹ ਫਾਸ਼ੀਵਾਦ ਖਿਲ਼ਾਫ ਮੋੜ ਲਿਆ। ਇਸਤੋਂ ਪਹਿਲਾਂ ਨੈਰੂਦਾ ਆਦਰਸ਼ਕ ਅਮਨਪਸੰਦ ਕਵੀ ਸੀ ਪਰੰਤੂ ਦੂਜੀ ਸੰਸਾਰ ਜੰਗ ਦੀ ਭਿਅੰਕਰਤਾ ਨੇ ਉਸਨੂੰ ਇਹ ਅਹਿਸਾਸ ਕਰਵਾ ਦਿੱਤਾ ਕਿ ਜੰਗ ਨੂੰ ਅਮਨ ਅਤੇ ਪਿਆਰ ਭਰੇ ਸੰਦੇਸ਼ਾਂ ਅਤੇ ਕਵਿਤਾਵਾਂ ਨਾਲ ਨਹੀਂ ਰੋਕਿਆ ਜਾ ਸਕਦਾ। ਅਜਿਹੇ ਸਮੇਂ ਉਸਨੇ ਖੁੱਲ੍ਹ ਕੇ ਸੋਵੀਅਤ ਯੂਨੀਅਨ ਦੀ ਲਾਲ ਫੌਜ ਦਾ ਸਮਰੱਥਨ ਕੀਤਾ। ਇਹੀ ਸਮਾਂ ਸੀ ਜਦੋਂ ਨੈਰੂਦਾ ਸਟਾਲਿਨ ਦੇ ਵਿਅਕਤੀਤਵ ਅਤੇ ਵਿਚਾਰਾਂ ਦਾ ਪ੍ਰਸੰਸਕ ਬਣਕੇ ਸਾਹਮਣੇ ਆਇਆ। ਉਸਨੇ ਸਟਾਲਿਨ ਦੀ ਉਸਤਤ ਕਰਦੀ ਇਕ ਲੰਮੀ ਕਵਿਤਾ ਲਿਖੀ ਜਿਸਦਾ ਸਿਰਲੇਖ ਸੀ ‘ਸਟਾਲਿਨਗਾਰਦ ਦੇ ਨਾਮ ਇਕ ਪਿਆਰ ਗੀਤ’। ਉਸਦੇ ਸੋਵੀਅਤ ਯੂਨੀਅਨ ਨਾਲ ਕਾਫੀ ਨੇੜਲੇ ਸਬੰਧ ਰਹੇ। ਪਿੱਛੋ ਜਾ ਕੇ ਉਸਦੇ ਦੇ ਜੰਗ ਵਿਰੋਧੀ ਸੰਘਰਸ਼ ਅਤੇ ਕਵਿਤਾ ਖੇਤਰ ਵਿਚ ਪਾਏ ਯੋਗਦਾਨ ਕਰਕੇ 1953 ‘ਚ ਨੈਰੂਦਾ ਨੂੰ ‘ਸਤਾਲਿਨ ਸ਼ਾਂਤੀ ਪੁਰਸਕਾਰ’ ਨਾਲ ਨਿਵਾਜਿਆ ਗਿਆ। 1971 ਵਿਚ ਨੈਰੂਦਾ ਨੂੰ ਉਸਦੇ ਸਾਹਿਤਕ ਖੇਤਰ ਵਿੱਚ ਪਾਏ ਯੋਗਦਾਨ ਬਦਲੇ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ। ਨੈਰੂਦਾ ਸਾਹਿਤਕ ਖੇਤਰ ਦਾ ਵੱਡਾ ਨਾਂ ਬਣਕੇ ਲਾਤੀਨੀ ਮਹਾਂਦੀਪ ਦੇ ਅਸਮਾਨ ਉੱਤੇ ਸਿਤਾਰੇ ਵਾਂਗ ਚਮਕਿਆ। ਲਾਤੀਨੀ ਮਹਾਂਦੀਪ ਦੇ ਲੋਕ ਉਸਨੂੰ ਲਾਤੀਨੀ ਦੁਨੀਆਂ ਦੇ ਸਾਹਿਤ ਦੇ ਸਿਰ ਦਾ ਤਾਜ ਸਮਝਦੇ ਹਨ।
ਸੱਠਵਿਆਂ ਅਤੇ ਸੱਤਰਵਿਆਂ ਦੇ ਦਹਾਕੇ ਵਿਚ ਉਸਦੀ ਪ੍ਰਸਿੱਧੀ ਇਸ ਕਦਰ ਵੱਧ ਗਈ ਸੀ ਕਿ ਚਿੱਲੀ ਦੇ ਲੋਕ ਉਸਨੂੰ 1970 ਦੀਆਂ ਚੋਣਾਂ ਸਮੇਂ ਚਿੱਲੀ ਦੇ ਨਵੇਂ ਰਾਸ਼ਟਰਪਤੀ ਵਜੋਂ ਦੇਖਣਾ ਚਾਹੁੰਦੇ ਸਨ। ਨੈਰੂਦਾ ਇਹਨਾਂ ਚੋਣਾਂ ‘ਚ ਰਾਸ਼ਟਰਪਤੀ ਅਹੁਦੇ ਦੇ ਮੁੱਖ ਦਾਅਵੇਦਾਰ ਸਨ ਪਰੰਤੂ ਉਹਨਾਂ ਨੇ ਆਪਣੀ ਇਹ ਦਾਅਵੇਦਾਰੀ ਆਪਣੇ ਮਿੱਤਰ ਸਲਵਾਦੋਰ ਅਲੈਂਦੇ ਹੱਥ ਸੌਂਪ ਦਿੱਤੀ ਅਤੇ ਖੁਦ ਉਸਦੀ ਸਫਲਤਾ ਲਈ ਪ੍ਰਚਾਰ ਮੁਹਿੰਮ ਚਲਾਈ। ਅਮਰੀਕੀ ਸ਼ਹਿ ਪ੍ਰਾਪਤ ਤਾਨਾਸ਼ਾਹ ਅਗਸਤ ਪਿਨੋਚੇ ਖਿਲਾਫ ਇਹਨਾਂ ਚੋਣਾਂ ਵਿਚ ਜਿੱਤ ਹਾਸਲ ਕਰਨੀ ਬਹੁਤ ਮੁਸ਼ਕਲ ਕਾਰਜ ਸੀ। ਪਰੰਤੂ ਇਹਨਾਂ ਚੋਣਾਂ ਵਿਚ ਜਿੱਥੇ ਚਿੱਲੀ ਦੀ ਕਮਿਊਨਿਸਟ ਪਾਰਟੀ ਦਾ ‘ਸਮਾਜਵਾਦੀ’ ਪ੍ਰੋਗਰਾਮ ਲੋਕਾਂ ਨੂੰ ਟੁੰਬਦਾ ਸੀ ਉੱਥੇ ਨੈਰੂਦਾ ਦੀ ਕਵਿਤਾ ਅਤੇ ਭਾਸ਼ਣਾਂ ਨੇ ਵੀ ਇਸ ਜਿੱਤ ਨੂੰ ਮੁਕਾਮ ਤੱਕ ਲਿਜਾਣ ਵਿਚ ਵਿਸ਼ੇਸ਼ ਭੂਮਿਕਾ ਨਿਭਾਈ। 1970 ਦੀਆਂ ਚੋਣਾਂ ਵਿਚ ਅਲੈਂਦੇ ਦੀ ਜਿੱਤ, ਅਮਰੀਕੀ ਸਾਮਰਾਜ ਅਤੇ ਚਿੱਲੀ ਦੇ ਤਾਨਾਸ਼ਾਹ ਅਗਸਤ ਪਿਨੋਚੇ ਲਈ ਇੱਕ ਬਹੁਤ ਵੱਡੀ ਚੁਣੌਤੀ ਸੀ। ਅਲੈਂਦੇ ਨੇ ਸੱਤਾ ਸੰਭਾਲਦਿਆਂ ਚਿੱਲੀ ਅੰਦਰ ‘ਸਮਾਜਵਾਦੀ’ ਕਿਸਮ ਦੇ ਸੁਧਾਰਾਂ ਨੂੰ ਅਮਲੀ ਜਾਮਾ ਪਹਿਣਾਉਣਾ ਸ਼ੁਰੂ ਕਰ ਦਿੱਤਾ। ਉਸਦਾ ਸਭ ਤੋਂ ਵੱਡਾ ਫੈਸਲਾ ਤਾਂਬੇ ਦੀਆਂ ਖਾਣਾ ਉੱਤੋਂ ਵੱਡੇ ਸਰਮਾਏਦਾਰਾਂ ਦੀ ਇਜਾਰੇਦਾਰੀ ਨੂੰ ਖਤਮ ਕਰਕੇ ਉਸਦਾ ਕੌਮੀਕਰਨ ਕਰਨਾ ਸੀ।ਅਮਰੀਕੀ ਸਾਮਰਾਜ ਅਤੇ ਚਿੱਲੀ ਦੇ ਹਾਕਮ ਇਹਨਾਂ ਫੈਸਲਿਆਂ ਤੋਂ ਖਫਾ ਸਨ। ਇਸ ਸਮੇਂ ਨੈਰੂਦਾ ਦੀ ਨਿਯੁਕਤੀ ਸਫੀਰ ਵਜੋਂ ਫਰਾਂਸ ਵਿਚ ਕੀਤੀ ਗਈ ਜਿੱਥੇ ਉਹਨਾਂ ਦੀ ਸਿਹਤ ਦੀ ਸਮੱਸਿਆ ਕਾਰਨ ਉਹਨਾਂ ਨੂੰ ਚਿੱਲੀ ਵਾਪਸ ਪਰਤਣਾ ਪਿਆ। 1973 ਦਾ ਇਹ ਦੌਰ ਚਿੱਲੀ ਦੀ ਅਲੈਂਦੇ ਦੀ ਅਗਵਾਈ ਵਾਲੀ ਖੱਬੇਪੱਖੀ ਸਰਕਾਰ ਲਈ ਬੇਹੱਦ ਚੁਣੌਤੀਆਂ ਭਰਪੂਰ ਸੀ। ਜਨਰਲ ਅਗਸਤ ਪਿਨੋਚੇ ਲਗਾਤਾਰ ਅਲੈਂਦੇ ਸਰਕਾਰ ਖਿਲਾਫ ਬਗਾਵਤੀ ਕਾਰਵਾਈਆਂ ਵਿਚ ਰੁੱਝਿਆ ਹੋਇਆ ਸੀ। ਅਖੀਰ ਸਤੰਬਰ 1973 ਵਿਚ ਅਗਸਤ ਪਿਨੋਚੇ ਅਮਰੀਕੀ ਸਹਿਯੋਗ ਹਾਸਲ ਕਰਕੇ ਚਿੱਲੀ ਅੰਦਰ ਰਾਜਪਲਟਾ ਕਰਨ ਵਿਚ ਕਾਮਯਾਬ ਹੋ ਗਿਆ। ਰਾਸ਼ਟਰਪਤੀ ਸਲਵਾਦੋਰ ਅਲੈਂਦੇ ਦੀ ਭੇਦਭਰੀ ਹਾਲਤ ਵਿਚ ਹੱਤਿਆ ਕਰਕੇ ਉਸਦੀ ਮੌਤ ਨੂੰ ਖੁਦਕਸ਼ੀ ਦਾ ਮਾਮਲਾ ਬਣਾਕੇ ਪੇਸ਼ ਕੀਤਾ ਗਿਆ। ਇਸ ਤਾਨਾਸ਼ਾਹ ਤੇ ਖੂਨੀ ਤਖਤਾਪਲਟ ਤੋਂ ਬਾਅਦ 23 ਸਤੰਬਰ 1973 ਨੂੰ ਪਾਬਲੋ ਨੈਰੂਦਾ ਦੀ ‘ਮੌਤ ਹੋ ਗਈ’। ਉਸ ਲੋਕ ਕਵੀ ਦੇ ਪਿਨੋਚੇ ਦੇ ਫੌਜੀ ਧਾੜਵੀਆਂ ਨੂੰ ਅੰਤਲੇ ਸ਼ਬਦ ਸਨ “ਤੁਹਾਨੂੰ ਮੇਰੇ ਤੋਂ ਇੱਕੋ ਖਤਰਾ ਹੈ, ਉਹ ਹੈ ਮੇਰੀ ਕਵਿਤਾ।” ਇਹਨਾਂ ਥੋੜੇ ਸ਼ਬਦਾਂ ਵਿੱਚ ਕਿੱਡ ਵੱਡੇ ਇਤਿਹਾਸਕ ਅਰਥ ਛੁਪੇ ਹੋਏ ਸਨ !
ਨੈਰੂਦਾ ਦੀ ਮੌਤ ਕੁਦਰਤੀ ਨਹੀਂ ਸੀ ਬਲਕਿ 1973 ‘ਚ ਅਗਸਤ ਪਿਨੋਚੇ ਦੁਆਰਾ ਖੂਨੀ ਢੰਗ ਨਾਲ ਸੱਤਾ ਹਥਿਆਉਣ ਤੋਂ ਬਾਰ੍ਹਾਂ ਦਿਨਾਂ ਬਾਅਦ ਉਸਦੇ ਗੁਰਗਿਆਂ ਨੇ ਨੈਰੂਦਾ ਨੂੰ ਸਾਜਿਸ਼ੀ ਢੰਗ ਨਾਲ ਕਤਲ ਕੀਤਾ। ਉਸਦੇ ਕਤਲ ਨੂੰ ਕੈਂਸਰ ਨਾਲ ਹੋਈ ਮੌਤ ਵਜੋਂ ਪੇਸ਼ ਕੀਤਾ ਗਿਆ ਜਿਸ ਤਰ੍ਹਾਂ ਸਲਵਾਦੋਰ ਅਲੈਂਦੇ ਦੇ ਕਤਲ ਨੂੰ ਖੁਦਕਸ਼ੀ ਬਣਾ ਕੇ ਪੇਸ਼ ਕੀਤਾ ਗਿਆ ਸੀ। ਜਦਕਿ ਸੱਚਾਈ ਇਹ ਹੈ ਕੇ ਸਲਵਾਦੋਰ ਅਲੈਂਦੇ ਨੂੰ ਜਹਿਰ ਦੇ ਕੇ ਮਾਰਿਆ ਗਿਆ ਸੀ। ਨੈਰੂਦਾ ਦੀ ਮੌਤ ਤੋਂ ਬਾਅਦ ਉਸਦੀ ਮੌਤ ਸਬੰਧੀ ਲਾਤੀਨੀ ਅਮਰੀਕਾ ਵਿਚ ਵਿਰੋਧ ਹੁੰਦੇ ਰਹੇ। ਸਾਲ 2011 ਵਿਚ ਚਿੱਲੀ ਦੇ ਇਕ ਮੋਟਰ ਚਾਲਕ ਮਨੂਅਲ ਆਰੀਆ ਨੇ ਜਨਰਲ ਪਿਨੋਚੇ ਨੂੰ ਨੈਰੂਦਾ ਦੀ ਮੌਤ ਦਾ ਜਿੰਮੇਵਾਰ ਦੱਸਦਿਆਂ ਇਕ ਰਿਪੋਰਟ ਦਰਜ ਕਰਵਾਈ ਅਤੇ ਨੈਰੂਦਾ ਦੇ ਅਵਸ਼ੇਸ਼ਾਂ ਦੀ ਜਾਂਚ ਕਰਨ ਦੀ ਮੰਗ ਕੀਤੀ। ਉਸਦਾ ਮੰਨਣਾ ਹੈ ਕਿ 23 ਸਤੰਬਰ 1973 ਨੂੰ ਨੈਰੂਦਾ ਨੂੰ ਇਕ ਜਹਿਰਲਾ ਟੀਕਾ ਲਗਾਇਆ ਗਿਆ ਜਿਸ ਉਪਰੰਤ ਉਹਨਾਂ ਦੀ ਮੌਤ ਹੋ ਗਈ। ਇਸ ਲਈ ਇਹ ਮੰਗ ਜੋਰ ਫੜਨ ਲੱਗੀ ਕਿ ਨੈਰੂਦਾ ਦੇ ਅਵਸ਼ੇਸ਼ਾਂ ਦੀ ਜਾਂਚ ਹੋਵੇ ਪਰੰਤੂ ਚਿੱਲੀ ਦੇ ਹਾਕਮਾਂ ਨੂੰ ਖੂਨੀ ਇਤਿਹਾਸ ਦੇ ਮੁਜਰਮਾਨਾਂ ਪੰਨ੍ਹੇ ਆਪਣੇ ਹੱਡਾਂ ‘ਚ ਸਮੋਈ ਪਏ ਨੈਰੂਦਾ ਦੀ ਕਬਰ ਤੋਂ ਵੀ ਖੌਫ ਹੈ। ਉਹਨਾਂ ਦੇ ਵਿਰੋਧ ਅਤੇ ਚਾਲਾਂ ਦੇ ਬਾਵਜੂਦ ਸਾਲ 2013 ਵਿਚ ਨੈਰੂਦਾ ਦੀ ਦੇਹ ਦੇ ਅਵਸ਼ੇਸ਼ ਕਬਰ ਵਿਚੋਂ ਕੱਢ ਕੇ ਜਾਂਚੇ ਗਏ। ਪਰੰਤੂ ਉਸ ਸਮੇਂ ਤੋਂ ਇਹ ਮਾਮਲਾ ਫਿਰ ਠੰਡੇ ਬਸਤੇ ਪਾ ਦਿੱਤਾ ਗਿਆ ਹੈ।
ਨੈਰੂਦਾ ਵੀਹਵੀਂ ਸਦੀ ਦੀਆਂ ਵੱਡੀਆਂ ਸਮਾਜਿਕ ਉੱਥਲਾਂ-ਪੁੱਥਲਾਂ ਤੇ ਕ੍ਰਾਂਤੀਆਂ ਦਾ ਸਮਕਾਲੀ ਕਵੀ ਸੀ। ਨੈਰੂਦਾ ਦਾ ਰਚਨਾ ਸੰਸਾਰ ਬਹੁਤ ਵੱਡਾ ਹੈ। ਉਸਨੇ ਕਾਵਿ ਅਤੇ ਗਲਪ ਦੇ ਖੇਤਰ ਵਿਚ ਬੇਥਾਹ ਤੇ ਬੇਬਾਕ ਲਿਖਿਆ।
ਨੈਰੂਦਾ ਦੀ ਕਵਿਤਾ ‘ਚੋਂ ਉਸਦੀ ਮਾਤਭੂਮੀ ਚਿੱਲੀ ਸਮੇਤ ਪੂਰੇ ਲਾਤੀਨੀ ਅਮਰੀਕੀ ਮਹਾਂਦੀਪ ਦਾ ਮੁਹਾਂਦਰਾ ਦੇਖਿਆ ਜਾ ਸਕਦਾ ਹੈ। ਨੈਰੂਦਾ ਦਾ ਆਪਣੇ ਦੇਸ਼ ਦੀਆਂ ਜੜ੍ਹਾਂ ਨਾਲ ਜੁੜੇ ਹੋਣ ਤੋਂ ਇਲਾਵਾ ਉਸਦੀ ਕਵਿਤਾ ‘ਚ ਕਲਪਨਾ ਦਾ ਬੜਾ ਮਹੱਤਵ ਹੈ। ਇਹੀ ਨੈਰੂਦਾ ਕਾਵਿ ਦੀ ਵਿਲੱਖਣਤਾ ਹੈ। ਤੇ ਉਸਦੀ ਸਿਆਸੀ ਚੇਤੰਨਤਾ ਉਸਦੀ ਕਵਿਤਾ ਦੀ ਮੁੱਖ ਸ਼ਕਤੀ ਹੈ। ਉਸਦਾ ਕਾਵਿ-ਸਾਹਿਤ ਕਲਪਨਾ ਨੂੰ ਯਥਾਰਥ ਬਣਾਕੇ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਨੈਰੂਦਾ ਇਸੇ ਕਲਾ ਆਸਰੇ ਅਸੰਭਵ ਨੂੰ ਸੰਭਵ ਬਣਾਕੇ ਪੇਸ਼ ਕਰਦਾ ਹੈ। ਇਸੇ ਲਈ ਉਸਦੀ ਸਿਆਸੀ ਕਵਿਤਾ ਸਾਮਰਾਜੀ ਗੁਲਾਮੀ ਖਿਲ਼ਾਫ ਜੂਝ ਰਹੇ ਮਾਤਭੂਮੀ ਦੇ ਨਾਇਕਾਂ (ਲੋਕਾਂ) ਨੂੰ ਲੜਣ ਦੀ ਪ੍ਰੇਰਨਾ ਅਤੇ ਬਲ ਬਖਸ਼ਦੀ ਹੈ। 1970 ਦੀਆਂ ਚਿੱਲੀ ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਜਨਤਕ ਮਜਲਿਸਾਂ ‘ਚ ਗੁਣਗੁਣਾਈਆਂ ਉਸਦੀਆਂ ਕਵਿਤਾਵਾਂ ਨੇ ਚੋਣਾਂ ਦੇ ਨਤੀਜਿਆਂ ਨੂੰ ਜਿੱਤ ‘ਚ ਬਦਲਣ ਦਾ ਕੰਮ ਕੀਤਾ। (ਹੋਰ ਵੀ ਕਾਰਕ ਸਨ ਪਰੰਤੂ ਉਸਦੀ ਕਵਿਤਾ ਦੀ ਭੂਮਿਕਾ ਮਹੱਤਵਪੂਰਨ ਰਹੀ।) ਉਸਦੀ ਕਵਿਤਾ ਨੇ ਲੋਕਾਂ ਸਾਹਮਣੇ ਵੱਡੇ-ਵੱਡੇ ਆਦਰਸ਼ ਸਿਰਜੇ। ਨੈਰੂਦਾ ਨੇ ਪਿੰਡਾਂ, ਗਲੀਆਂ, ਮੁਹੱਲਿਆਂ, ਚੌਕਾਂ ਆਦਿ ‘ਚ ਖੜਕੇ ਲੋਕਾਂ ਨੂੰ ਅਜਾਦੀ, ਬਰਾਬਰੀ, ਨਿਆਂ, ਖੁਸ਼ਹਾਲੀ, ‘ਸਮਾਜਵਾਦ’ ਆਦਿ ਥਾਲੀ ‘ਚ ਪਰੋਸ ਕੇ ਦਿਖਾਇਆ। ਉਸਨੇ ਲੋਕਾਂ ‘ਚ ਇਹ ਵਿਸ਼ਵਾਸ਼ ਅਤੇ ਸ਼ਕਤੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਹੱਥ ਵਧਾਉਣ ਦੀ ਹੀ ਦੇਰ ਹੈ ਅਤੇ ਤੁਸੀਂ ਇਸਨੂੰ ਹਾਸਲ ਕਰ ਸਕਦੇ ਹੋਂ। ਉਸਨੇ ਸੰਸਾਰ ਇਤਿਹਾਸ ਅਤੇ ਸੰਸਾਰ ਇਨਕਲਾਬਾਂ ਦੇ ਇਤਿਹਾਸ ਨੂੰ ਛੋਟੀਆਂ-ਵੱਡੀਆਂ ਕਵਿਤਾਵਾਂ ‘ਚ ਲੈਅਬੱਧ ਕਰਕੇ ਲੋਕਾਂ ਸਾਹਮਣੇ ਲੋਕਾਂ ਦੀ ਭਾਸ਼ਾ ‘ਚ ਪੇਸ਼ ਕੀਤਾ। ਦੇਸ਼ ਦੇ ਕਿਸਾਨਾਂ, ਮਜਦੂਰਾਂ ਤੇ ਨੌਜਵਾਨਾਂ ਨੂੰ ਬਦਲ ਰਹੇ ਸੰਸਾਰ ਸੰਗ ਰਫਤਾਰ ਫੜਨ ਅਤੇ ਇਸਦੇ ਹਿਰਾਵਲ ਦਸਤੇ ਬਣਨ ਦੀ ਵੰਗਾਰ ਦਿੱਤੀ। ਕਵਿਤਾ ਉਸਦੀ ਸਿਆਸੀ ਸਰਗਰਮੀ ਦਾ ਮੁੱਖ ਹਥਿਆਰ ਸੀ
ਲਾਤੀਨੀ ਸਮਾਜ ਵਿਚ ਫੀਦਲ ਕਾਸਤਰੋ, ਚੇ ਗੁਵਾਰਾ, ਊਗੋ ਚਾਵੇਜ਼ ਵੱਡੇ ਇਨਕਲਾਬੀ ਆਗੂ ਸਨ ਅਤੇ ਗਾਬਰੀਅਲ ਗਾਰਸੀਆ ਮਾਰਕੇਜ ਲਾਤੀਨੀ ਸਮਾਜ ਦੇ ਸਿਅਸੀ ਗਲਪ ਦਾ ਵੱਡਾ ਨਾਂ ਸੀ। ਜਦੋਂ ਲਾਤੀਨੀ ਸਮਾਜ ਵਿਚ ਪੂੰਜੀਵਾਦ, ਆਧੁਨਿਕ ਤਕਨੀਕ, ਖੱਪਤਵਾਦੀ ਸੱਭਿਆਚਾਰ ਦਾ ਬਜਾਰ ਪੂਰਾ ਗਰਮ ਸੀ ਅਤੇ ਇਥੋਂ ਦੀ ਨਵੀਂ ਪੀੜ੍ਹੀ ਨੂੰ ਆਪਣੇ ਕਲਾਵੇ ਵਿਚ ਲੈ ਰਿਹਾ ਸੀ ਤਾਂ ਉਸ ਸਮੇਂ ਨੈਰੂਦਾ ਨੇ ਇਸਦੇ ਉਲਟ ਆਪਣੀ ਕਵਿਤਾ ਦੇ ਬਲ ਨਾਲ ਲੋਕਾਂ ਨੂੰ ਇਕ ਨਵੇਂ ਬਰਾਬਰੀ ਤੇ ਖੁਸ਼ਹਾਲੀ ਵਾਲੇ ਸਮਾਜ ਦੇ ਸੁਪਨੇ ਦੇਖਣ ਲਾਇਆ। ਤੇ ਇਸਨੂੰ ਹਾਸਲ ਕਰਨ ਲਈ ਸੰਘਰਸ਼ ਕਰਨ ਦੀ ਪ੍ਰੇਰਨਾ ਦਿੱਤੀ। ਉਸਨੇ ਮਹਿਜ ਪ੍ਰੇਰਨਾ ਹੀ ਨਹੀਂ ਦਿੱਤੀ ਬਲਕਿ ਉਹ ਖੁਦ ਜੰਗ ਦਾ ਸਿਪਾਹੀ ਬਣਕੇ ਮੈਦਾਨ ਅੰਦਰ ਲੜਿਆ। ਇਸੇ ਲਈ ਉਸਦੀ ਕਵਿਤਾ ਸਮਾਜਿਕ ਤਬਦੀਲੀ ਦੀਆਂ ਮੂਲ ਤਾਕਤਾਂ ਦੇ ਦਿਲਾਂ-ਦਿਮਾਗਾਂ ਅੰਦਰ ਵਸਦੀ ਹੈ। ਉਸਦੀ ਕਾਵਿ-ਕਲਾ, ਉਸ ਜਮਾਤ ਦੀ ਕਾਵਿ-ਕਲਾ ਹੈ ਜਿਸਦੀ ਮੁਕਤੀ ਉਸਦੀ ਕਾਵਿ-ਕਲਾ ਦਾ, ਉਸਦੀ ਜਿੰਦਗੀ ਦਾ ਮਨੋਰਥ ਸੀ। ਉਹ ਸੱਚੇ ਅਰਥਾਂ ‘ਚ ਲੋਕਾਂ ਦਾ ਕਵੀ ਸੀ, ਸਨਾਤਨੀ ਜਮਾਤ ਲਈ ਉਸਦੀ ਕਵਿਤਾ ਪਿੰਡੇ ਤੇ ਨਿਕਲੀ ਪਿੱਤ ਵਰਗੀ ਹੈ। ਉਸਦੀ ਕਵਿਤਾ ਦਾ ਘੇਰਾ ਤੇ ਨਾਤਾ ਵਿਅਕਤੀਗਤ ਨਾ ਹੋ ਕੇ ਵਿਸ਼ਾਲ ਲੋਕ ਸਮੂਹ ਨਾਲ ਸੀ। ਨੈਰੂਦਾ ਦੀ ਕਵਿਤਾ ਨੇ ਅੱਧੀ ਸਦੀ ਪੂੰਜੀਵਾਦ ਜਮਾਤ ਤੇ ਉਸਦੇ ਸੱਭਿਆਚਾਰ ਖਿਲਾਫ ਡੱਟਵੀਂ ਜੱਦੋਜਹਿਦ ਕੀਤੀ ਹੈ। ਉਸਨੇ ਲੋਕਾਂ ਦਾ ਸੱਭਿਆਚਾਰ, ਲੋਕਾਂ ਦੀ ਵਿਰਾਸਤ ਨੂੰ ਪੂੰਜੀਪਤੀਆਂ ਹੱਥੋਂ ਖੋਹ ਕੇ ਲੋਕਾਂ ਦੇ ਹੱਥ ਸੌਂਪਣ ਦਾ ਵੱਡਾ ਕਾਰਜ ਕੀਤਾ ਹੈ। ਨੈਰੂਦਾ ਨੇ ਲੋਕ ਵਿਰਾਸਤ ਨੂੰ ਪੂੰਜੀਵਾਦ ਦਾ ਗੁਲਾਮ ਬਣਨ ਤੋਂ ਬਚਾਉਣ ਦਾ ਇਕ ‘ਯੁੱਧ’ ਲੜਿਆ।
ਪਾਬਲੋ ਨੈਰੂਦਾ ਦਾ ਨਾਂ ਉਸਦੇ ਜਿਊਂਦੇ-ਜੀਅ ਹਾਕਮਾਂ ਦੀ ਹਿੱਟ-ਲਿਸਟ ਉੱਤੇ ਸੀ। ਦਹਿਸ਼ਤਪਸੰਦਾਂ ਨੂੰ ਅਮਨਪਸੰਦ ਨੈਰੂਦਾ ਰੜਕਦਾ ਸੀ। ਸਰਮਾਏਦਾਰਾਂ ਨੂੰ ਕਮਿਊਨਿਸਟ, ਪੁਰਾਤਨਪੰਥੀਆਂ ਨੂੰ ਪ੍ਰਗਤੀਵਾਦੀ ਅਤੇ ਦਰਬਾਰੀ ਲੇਖਕਾਂ ਨੂੰ ਬਾਗੀ ਨੈਰੂਦਾ। ਉਸਦੀ ਮੌਤ ਵੀ ਸ਼ੱਕੀ ਹੀ ਸੀ, ਜੋ ਕਿ ਅਸਲ ਵਿਚ ਇੱਕ ਸਿਆਸੀ ਕਤਲ ਸੀ। ਵਾਸ਼ਿੰਗਟਨ ਤੋਂ ਉਸਦੀ ਮੌਤ ਦਾ ਫੁਰਮਾਨ ਤਾਂ ਬਹੁਤ ਸਮਾਂ ਪਹਿਲਾਂ ਹੀ ਜਾਰੀ ਹੋ ਚੁੱਕਾ ਸੀ। ‘ਹੱਤਿਆਰਿਆਂ’ ਲਈ ਅਲੈਂਦੇ ਦੀ ਹੱਤਿਆ ਤੋਂ ਬਾਅਦ ਉਸਦਾ ਕਤਲ ਕਰਨਾ ਬਹੁਤ ਜਰੂਰੀ ਸੀ। ਉਹ ਭਲੀ-ਭਾਂਤ ਜਾਣਦੇ ਸਨ ਕਿ ਅਲੈਂਦੇ ਦੀ ਹੱਤਿਆ ਤੋਂ ਬਾਅਦ ਨੈਰੂਦਾ ਚੁੱਪ ਨਹੀਂ ਬੈਠੇਗਾ।
ਉਸਦੀ ਮੌਤ ਤੋਂ ਲੈ ਕੇ ਅੱਜ ਤੱਕ ਵੀ ਉਸਦੇ ਖਿਲਾਫ ਕੂੜ-ਪ੍ਰਚਾਰ ਬੰਦ ਨਹੀਂ ਹੋਇਆ। ਸਾਲ 2018 ਵਿਚ ਸ਼ੋਸ਼ਲ ਮੀਡੀਆਂ ਤੇ ਤੇਜ ਹੋਈ ‘ਮੀ ਟੂ’ ਮੁਹਿੰਮ ਵੇਲੇ ਦਰਬਾਰੀ ਲੇਖਕਾਂ ਨੇ ਜਿਹੜੇ ਉਸਦੀਆਂ ਕਵਿਤਾਵਾਂ, ਲਿਖਤਾਂ ਨੂੰ ਡੱਕੇ ਨਾਲ ਵੀ ਛੂਹਣ ਤੋਂ ਵਰਜਦੇ ਆ ਰਹੇ ਸਨ, ਨੇ ਉਸਦੀਆਂ ਲਿਖਤਾਂ ਨੂੰ ਦਿਨ-ਰਾਤ ਇੱਕ ਕਰਕੇ ਖੰਖਾਲ ਸੁੱਟਿਆ। ਆਖਰ ਐਨੀ ਮੁਸ਼ੱਕਤ ਤੋਂ ਬਾਅਦ ਉਹ ‘ਸਬੂਤ’ ਲੱਭਣ ਵਿਚ ਕਾਮਯਾਬ ਹੋ ਹੀ ਗਏ। ਸਬੂਤ, ਉਸਦੀਆਂ ਜੀਵਨ-ਯਾਦਾਂ ਦੇ ਇੱਕ ਕਾਂਡ ਦਾ ਇੱਕ ਪੈਰ੍ਹਾ। ਨੈਰੂਦਾ ਅਤੇ ‘ਅਛੂਤ ਜਾਤੀ’ ਦੀ ਇੱਕ ਅਣਜਾਣ ਤਾਮਿਲ ਔਰਤ ਦੀ ਮਿਲਣੀ ਬਾਰੇ। ਜਿਸਨੂੰ ਨੈਰੂਦਾ ਆਪਣੀ ਸਿੰਗਾਪੁਰ ਯਾਤਰਾ ਸਮੇਂ ਮਿਲਿਆ ਸੀ। ਦਰਬਾਰੀ ਅਲੋਚਕਾਂ ਨੇ ਉਸ ਅਣਜਾਣ ਔਰਤ ਨੂੰ (ਜੋ ਸਮੇਂ ਦੇ ਤਕਾਜ਼ੇ ਨਾਲ ਅੱਜ ਜਿੰਦਾ ਨਹੀਂ ਹੋਵੇਗੀ) ਕਿਤਾਬ ਦੇ ਪੰਨ੍ਹਿਆਂ ‘ਚੋਂ, ਸਿਵਿਆਂ ‘ਚੋਂ ਉਠਾਕੇ ਨੈਰੂਦਾ ਖਿਲਾਫ ਲਿਆ ਖੜਾ ਕੀਤਾ। ਉਸ ਸਮੇਂ ਜਦੋਂ ਚਿੱਲੀ ਅੰਦਰ ਉਥੋਂ ਦੇ ਲੋਕ ਇੰਟਰਨੈਸ਼ਨਲ ਏਅਰਪੋਰਟ ਦਾ ਨਾਮ ਨੈਰੂਦਾ ਦੇ ਨਾਮ ਤੇ ਰੱਖਣ ਦੀ ਮੁਹਿੰਮ ਚੱਲਾ ਰਹੇ ਸਨ ਅਤੇ ਉਸਦੀ ਮੌਤ ਦੇ ਕਾਰਨਾਂ ਨੂੰ ਪੜਤਾਲਿਆ ਜਾ ਰਿਹਾ ਸੀ। ਉਧਰ ਅੰਤਰਰਾਸ਼ਟਰੀ ਪੱਧਰ ਤੇ ਸ਼ੋਸ਼ਲ ਮੀਡੀਆ ਉਪਰ ‘ਮੀ ਟੂ’ ਮੁਹਿੰਮ ਛਾਈ ਹੋਈ ਸੀ। ਅਜਿਹੇ ਢੁਕਵੇਂ ਸਮੇਂ ਦਰਬਾਰੀ ਅਲੋਚਕਾਂ ਨੇ ਉਸਦੀ ਮੌਤ ਦੇ ਕਾਰਨਾਂ ਖਿਲਾਫ ਉਮੜ ਰਹੇ ਰੋਹ ਨੂੰ ਅਤੇ ਉਸਦੇ ਨਾਮ ਤੇ ਏਅਰਪੋਰਟ ਦਾ ਨਾਮ ਰੱਖਣ ਦੀ ਅਵਾਜ ਨੂੰ ਕੁਰਾਹੇ ਪਾਉਣ ਲਈ ਇਹ ਮੁੱਦਾ ਗਰਮਾਇਆ।
ਕਵਿਤਾ ਕੀ ਹੈ? ਇਸਦਾ ਜਵਾਬ ਨੈਰੂਦਾ ਤੋਂ ਹੀ ਲਿਆ ਜਾ ਸਕਦਾ ਹੈ। ਨੈਰੂਦਾ ਨੇ ਇੱਕ ਨਿਬੰਧ ਵਿਚ ਕਵਿਤਾ ਬਾਰੇ ਲਿਖਿਆ ਹੈ ਕਿ ‘ਮੈਂ 53 ਸਾਲ ਦਾ ਹੋ ਗਿਆ ਹਾਂ ਤੇ ਮੈਨੂੰ ਕਦੇ ਵੀ ਪਤਾ ਨਹੀਂ ਲੱਗਾ ਕਿ ਕਵਿਤਾ ਕੀ ਹੁੰਦੀ ਹੈ ਜਾਂ ਉਸਦੀ ਕਿਵੇਂ ਪਰਿਭਾਸ਼ਾ ਦੇਣੀ ਹੈ… ਸਮੇਂ ਦੀ ਲੋੜ ਅਨੁਸਾਰ ਮੈਂ ਲੋਕਾਂ, ਗਰੀਬ ਤੇ ਲੁੱਟੇ ਗਏ ਲੋਕਾਂ ਦੀ ਰਾਖੀ ਲਈ ਕਵੀ ਦੀ ਜਿੰਮੇਵਾਰੀ ਸੰਭਾਲੀ ਹੈ।’… ‘ਜੋ ਕਵਿਤਾ ਨੂੰ ਰਾਜਨੀਤੀ ਤੋਂ ਵੱਖ ਕਰਨਾ ਚਾਹੁੰਦੇ ਹਨ ਉਹ ਕਵਿਤਾ ਦੇ ਦੁਸ਼ਮਣ ਹਨ’… ‘ਮੈਂ ਹਮੇਸ਼ਾਂ ਹੀ ਲੋਕਾਂ ਦੇ ਹੱਥਾਂ ਨੂੰ ਕਵਿਤਾ ਰਚਦੇ ਵੇਖਣ ਦੀ ਤਾਂਘ ਕੀਤੀ ਹੈ। ਮੈਂ ਹਮੇਸ਼ਾਂ ਉਸ ਕਵਿਤਾ ਨੂੰ ਪਹਿਲ ਦਿਤੀ ਹੈ, ਜਿਸ ਤੇ ਹੱਥਾਂ ਦੇ ਨਿਸ਼ਾਨ ਲੱਗੇ ਹੋਣ। ਗੁੰਨ੍ਹੀ ਹੋਈ ਚੀਕਨੀ ਮਿੱਟੀ ਦੀ ਕਵਿਤਾ, ਜਿੱਥੇ ਪਾਣੀ ਵੀ ਗਾਉਂਦਾ ਹੈ। ਰੋਟੀ ਦੀ ਕਵਿਤਾ, ਜਿੱਥੇ ਹਰ ਕੋਈ ਖਾ ਸਕੇ…ਸਿਰਫ ਲੋਕਾਂ ਦੀ ਕਵਿਤਾ ਹੀ, ਹੱਥਾਂ ਦੀ ਯਾਦ ਨੂੰ ਜਿਊਂਦਾ ਰੱਖਦੀ ਹੈ।’
ਪਾਬਲੋ ਨੈਰੂਦਾ ਦੀ ਕਵਿਤਾ ਦੀ ਤਾਕਤ ਇਸ ਗੱਲ ਵਿਚ ਹੈ ਕਿ ਸੰਸਾਰ ਭਰ ਵਿਚ ਜਿੱਥੇ-ਜਿੱਥੇ ਵੀ ਲੋਕ ਸੰਘਰਸ਼ ਕਰ ਰਹੇ ਹਨ ਉਸਦੀ ਕਵਿਤਾ ਗਾਈ ਜਾ ਰਹੀ ਹੈ।
mandeepsaddowal@gmail.com