• ਪ੍ਰੋ. ਨਵ ਸੰਗੀਤ ਸਿੰਘ
ਡਾ. ਗੁਰਬਖ਼ਸ਼ ਸਿੰਘ ਫ਼ਰੈਂਕ (1 ਸਤੰਬਰ 1935-14 ਅਪ੍ਰੈਲ 2022) ਨਾਲ ਮੇਰੀ ਜਾਣ-ਪਛਾਣ ਇੱਕ ਅਨੁਵਾਦਕ ਵਜੋਂ ਹੋਈ। ਅਸੀਂ ਦੋਵੇਂ ਇੱਕ ਦੂਜੇ ਦੇ ਨਾਂ ਤੋਂ ਤਾਂ ਵਾਕਿਫ਼ ਸਾਂ, ਪਰ ਮਿਲੇ ਕਦੀ ਨਹੀਂ ਸਾਂ। ਹੋਇਆ ਇਹ ਕਿ ਮੈਂ ਉਦੋਂ ਐਡਹਾਕ ਲੈਕਚਰਾਰ ਵਜੋਂ ਇੱਕ ਤੋਂ ਦੂਜੇ ਕਾਲਜ ਵਿੱਚ ਭਟਕ ਰਿਹਾ ਸਾਂ ਤੇ ਅਜਿਹੇ ਹੀ ਇੱਕ ਤਣਾਓ ਭਰੇ ਸਮੇਂ ਮੇਰੀ ਡਾ. ਫਰੈਂਕ ਨਾਲ ਮੁਲਾਕਾਤ ਹੋਈ।
ਇਹ ਘਟਨਾ 1992 ਦੀ ਹੈ। ਅਗਸਤ ਦਾ ਕੋਈ ਦਿਨ ਹੋਵੇਗਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਨਾਲ ਸਬੰਧਤ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਮੇਰੀ ਇੰਟਰਵਿਊ ਸੀ। ਪ੍ਰਿੰਸੀਪਲ ਦੇ ਦਫਤਰ ਵਿਚ ਇੰਟਰਵਿਊ ਹੋਈ। ਜਿੱਥੇ ਯੂਨੀਵਰਸਿਟੀ ਮਾਹਿਰ ਵਜੋਂ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਆਏ ਸਨ। ਇੰਟਰਵਿਊ ਲਈ ਕਰੀਬ ਪੰਦਰਾਂ ਵਿਦਿਆਰਥੀ ਸਨ- ਇੱਕ-ਦੋ ਲੜਕੀਆਂ ਅਤੇ ਬਾਕੀ ਲੜਕੇ। ਮੈਥੋਂ ਬਿਨਾਂ ਸਾਰੇ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕਾਲਜਾਂ/ਯੂਨੀਵਰਸਿਟੀ ਤੋਂ ਐੱਮ ਏ, ਐੱਮ ਫਿਲ ਕਰ ਚੁੱਕੇ ਵਿਦਿਆਰਥੀ ਸਨ।
ਮੈਂ ਸਪਸ਼ਟ ਕਰ ਦਿਆਂ ਕਿ ਮੈਂ ਐਮ ਫਿਲ (1981) ਕਰਨ ਪਿੱਛੋਂ ਚਾਰ ਵਾਰੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਅਤੇ ਪੰਜਾਬ, ਹਰਿਆਣਾ, ਦਿੱਲੀ ਦੇ ਕਰੀਬ ਡੇਢ ਸੌ ਕਾਲਜਾਂ ਵਿਚ ਕਾਲਜ ਲੈਕਚਰਾਰ ਲੱਗਣ ਲਈ “ਘਾਟ ਘਾਟ ਦਾ ਪਾਣੀ ਪੀਤਾ” ਹੈ। ਪੀਪੀਐੱਸਸੀ ਬਾਰੇ ਤਾਂ ਸਾਰੇ ਹੀ ਜਾਣਦੇ ਹਨ ਕਿ ਉਥੇ ਸਿਫ਼ਾਰਸ਼ ਅਤੇ ਰਿਸ਼ਵਤ ਤੋਂ ਬਿਨਾਂ ਕਦੇ ਕਿਸੇ ਦਾ ਕੁਝ ਨਹੀਂ ਬਣਿਆ ਜਾਂ ਫਿਰ ਕੋਈ ਰਿਜ਼ਰਵ ਕੈਟੇਗਰੀ ਵਾਲੇ ਦਾ ਦਾਅ/ਤੁੱਕਾ ਲੱਗ ਜਾਂਦਾ ਹੈ। ਮੇਰੀ ਕੋਲ ਇਨ੍ਹਾਂ ਵਿਚੋਂ ਕੁਝ ਨਹੀਂ ਸੀ- ਨਾ ਸਿਫ਼ਾਰਸ਼, ਨਾ ਰਿਸ਼ਵਤ ਤੇ ਨਾ ਰਿਜ਼ਰਵ ਸ਼੍ਰੇਣੀ। ਮੈਨੂੰ ਉੱਥੇ ਕੀਹਨੇ ਪੁੱਛਣਾ ਸੀ! ਇਵੇਂ ਹੀ ਕਾਲਜਾਂ ਵਿੱਚ ਹੁੰਦਾ ਰਿਹਾ। ਹਾਲਾਂਕਿ ਮੈਂ ਕਈਆਂ ਤੋਂ ਸੁਣਿਆ ਹੋਇਆ ਸੀ ਕਿ ਬਿਨਾਂ ਜਾਣ ਪਛਾਣ/ਸਿਫ਼ਾਰਿਸ਼ ਤੋਂ ਤੁਹਾਨੂੰ ਕਿਸੇ ਨੇ ‘ਘਾਹ ਨਹੀਂ ਪਾਉਣਾ’! ਪਰ ਬਾਵਜੂਦ ਇਸਦੇ ਮੈਂ ਹਰ ਕਾਲਜ ਵਿੱਚ ਲੈਕਚਰਾਰ ਲਈ ਅਪਲਾਈ ਕੀਤਾ ਅਤੇ ਇੰਟਰਵਿਊ ਵੀ ਦਿੱਤੀ ਤੇ ਆਪਣੇ ਬਲਬੂਤੇ ਨਿਯੁਕਤੀ ਵੀ ਪ੍ਰਾਪਤ ਕੀਤੀ। ਹਾਲਾਂਕਿ ਇਹ ਸਾਰੀਆਂ ਨਿਯੁਕਤੀਆਂ ਐਡਹਾਕ/ਲੀਵ ਵੈਕੰਸੀ ਵਾਲੀਆਂ ਹੀ ਸਨ।
ਕਈ-ਕਈ ਇੰਟਰਵਿਊ ਵਿੱਚ ਤਾਂ ਮੈਨੂੰ ਐਕਸਪਰਟ ਵੀ ‘ਉਹੀ’ ਮਿਲਦੇ ਰਹੇ, ਜਿਨ੍ਹਾਂ ਨਾਲ ਪਹਿਲਾਂ ਵੀ ਕਿਤੇ ਨਾ ਕਿਤੇ ‘ਪੇਚਾ’ ਪੈਂਦਾ ਰਿਹਾ ਸੀ। ਇੱਥੇ ‘ਪੇਚਾ’ ਸ਼ਬਦ ਤੋਂ ਭਾਵ ਹੈ ਕਿ ਵਧੇਰੇ ਮਾਹਿਰ (?) ਉਹ ਸਨ, ਜੋ ਕਿਸੇ ਸਿਫ਼ਾਰਿਸ਼/ਰਿਸ਼ਵਤ ਦੇ ਬਲਬੂਤੇ ਕਾਲਜ/ਯੂਨੀਵਰਸਿਟੀ ਤੋਂ ਆਏ ਸਨ ਤੇ ਵਿਚਾਰਿਆਂ ਨੂੰ ਆਪਣੇ ਸਬਜੈਕਟ ਦੀ ਹੀ ਜਾਣਕਾਰੀ ਨਹੀਂ ਸੀ, ਮੈਥੋਂ ਉਹ ਕੀ ਸੁਆਲ ਪੁੱਛਦੇ! ਫਿਰ ਵੀ ਆਪਣੀ ‘ਵਿਦਵਤਾ’ ਦਰਸਾਉਣ ਲਈ ਉਹ ਮੇਰੇ ਨਾਲ ‘ਦਸਤਪੰਜਾ’ ਲੈਂਦੇ। ਅਜਿਹੀਆਂ ਘਟਨਾਵਾਂ ਤਾਂ ਬਹੁਤ ਹਨ, ਪਰ ਇੱਕ ਦਾ ਜ਼ਿਕਰ ਕਰਨਾ ਕੁਥਾਂ ਨਹੀਂ ਹੋਵੇਗਾ। ਪੰਜਾਬ ਯੂਨੀਵਰਸਿਟੀ ਦੇ ਲੁਧਿਆਣਾ ਜ਼ਿਲ੍ਹੇ ਦੇ ਇੱਕ ਕਾਲਜ ਵਿੱਚ ‘ਮਾਹਿਰ’ ਦਾ ਮੇਰੇ ਨਾਲ ਪੰਗਾ ਪੈ ਗਿਆ। ਉਹ ਕਹਿ ਬੈਠਾ- ਮੰਨ ਲਓ, ਅਸੀਂ ਪਲੱਸ ਟੂ ਦੀ ਕਲਾਸ ਦੇ ਵਿਦਿਆਰਥੀ ਹਾਂ ਤੇ ਸਾਨੂੰ ਗੁਰੂ ਨਾਨਕ ਬਾਣੀ ਦਾ ਇੱਕ ਸ਼ਬਦ “ਭੈਣੇ ਸਾਵਣ ਆਇਆ…” ਲੱਗਿਆ ਹੈ। ਤੁਸੀਂ ਇਹ ਸ਼ਬਦ ਦੀ ਸਾਡੀ ਕਲਾਸ ਨੂੰ ਵਿਆਖਿਆ ਕਰਕੇ ਦੱਸਣੀ ਹੈ। ਮੈਂ ਤਾਂ ਇਹੋ- ਜਿਹੇ ਹੀ ਮੌਕੇ ਭਾਲਦਾ ਸਾਂ। ਮੈਂ ਸੰਬੋਧਨ ਕੀਤਾ- ਹਾਂ ਬਈ, ਕੱਲ੍ਹ ਆਪਾਂ ਕੀ ਪੜ੍ਹਿਆ ਸੀ? ‘ਕਲਾਸ’ ਬਣੇ ਬੈਠੇ ਸਾਰੇ ‘ਵਿਦਵਾਨ’ ਠਠੰਬਰ ਗਏ। ਮੈਂ ਮਾਹਿਰ ਨੂੰ ਹੀ ਖੜ੍ਹਾ ਕਰ ਲਿਆ- ਹਾਂ ਬਈ ਕਾਕਾ, ਖੜ੍ਹਾ ਹੋ ਕੇ ਦੱਸ, ਕੱਲ੍ਹ ਕੀ ਪੜ੍ਹਿਆ ਸੀ? ਉਹਦੀ ਜ਼ੁਬਾਨ ਤਾਲੂਏ ਨਾਲ ਲੱਗ ਗਈ ਕਿ ਇੰਟਰਵਿਊ ਲਈ ਪੇਸ਼ ਹੋਇਆ ਵਿਦਿਆਰਥੀ ਮੈਨੂੰ ਕਿਹੜੇ ਨਾਂ ਨਾਲ ਸੰਬੋਧਨ ਕਰ ਰਿਹਾ ਹੈ! ਖ਼ੈਰ… ਮੈਂ ਅਰਥ ਵੀ ਕੀਤੇ ਅਤੇ ਉਸ ਮਾਹਿਰ ਨੂੰ ਉਹਦੀ ਹੀ ਗੱਲ ਯਾਦ ਕਰਵਾਈ ਕਿ ਤੁਸੀਂ ਹੀ ਤਾਂ ਕਿਹਾ ਸੀ ਕਿ ‘ਮੰਨ ਲਓ ਅਸੀਂ ਪਲੱਸ ਟੂ ਦੇ ਵਿਦਿਆਰਥੀ ਹਾਂ’ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਪਲੱਸ ਟੂ ਦੇ ਵਿਦਿਆਰਥੀ ਮੰਨ ਕੇ ਹੀ ਸੰਬੋਧਿਤ ਹੋ ਰਿਹਾ ਹਾਂ। ਅਜਿਹੇ ਮਾਹੌਲ ਵਿੱਚ ਉਨ੍ਹਾਂ ਨੂੰ ਮੈਨੂੰ ਕਿੱਥੇ ਰੱਖਣਾ ਸੀ! ਖੈਰ…
ਸਰਹਾਲੀ ਦੇ ਕਾਲਜ ਵਿੱਚ ਵੀ ਅਜਿਹਾ ਹੀ ਤਣਾਓ ਭਰਿਆ ਮਾਹੌਲ ਸੀ। ਇਕ ਤਾਂ ਮੈਂ ਪੰਜਾਬੀ ਯੂਨੀਵਰਸਿਟੀ ਦਾ ਇਕਲੌਤਾ ਵਿਦਿਆਰਥੀ ਸਾਂ ਤੇ ਮੇਰੀ ਉੱਥੇ ਕੋਈ ‘ਦਾਲ ਨਹੀਂ ਸੀ ਗਲ਼ਣੀ’; ਦੂਜਾ ਯੂਨੀਵਰਸਿਟੀ ਮਾਹਿਰ ਆਪਣੇ ਨਾਲ ਇਕ ਵਿਦਿਆਰਥੀ ਨੂੰ ਸਿਲੈਕਟ ਕਰਾਉਣ ਲਈ ਆਪਣੇ ਨਾਲ ਹੀ ਕਾਰ ਵਿੱਚ ਲੈ ਕੇ ਆਇਆ ਸੀ, ਜਦ ਕਿ ਪ੍ਰਿੰਸੀਪਲ ਨੇ ਕਿਸੇ ਹੋਰ ਵਿਦਿਆਰਥੀ ਨੂੰ ਸਿਲੈਕਟ ਕਰਨ ਬਾਰੇ ਉਸ ਨੂੰ ਹਰੀ ਝੰਡੀ ਦਿੱਤੀ ਹੋਈ ਸੀ। ਦੋਵੇਂ ਜਣੇ ਆਪੋ-ਆਪਣੀ ਥਾਂ ਅੜ ਗਏ। ਪਰ ਡਾ. ਫਰੈਂਕ ਨੇ ਵਧੀਆ ਢੰਗ ਇਹ ਲੱਭਿਆ ਕਿ ਕੋਈ ਸਿਫ਼ਾਰਿਸ਼ ਨਹੀਂ ਮੰਨੀ ਜਾਵੇਗੀ, ਮੈਰਿਟ ਤੇ ਹੀ ਨਿਯੁਕਤੀ ਕਰਦੇ ਹਾਂ। ਇਹੋ ਜਿਹੇ ਮਾਹੌਲ ਵਿੱਚ ਮੇਰਾ ਦਾਅ ਅਕਸਰ ਲੱਗ ਜਾਂਦਾ ਸੀ। ਕਿਉਂਕਿ ਮੈਂ ਪੰਜਾਬੀ ਯੂਨੀਵਰਸਿਟੀ ਦਾ ਐਮ ਏ ਵਿੱਚੋਂ ਗੋਲਡ ਮੈਡਲਿਸਟ, ਐੱਮ ਫਿਲ ਵਿਚੋਂ ਟੌਪਰ ਅਤੇ ਦੋ ਕਿਤਾਬਾਂ ਦਾ ਲੇਖਕ ਸਾਂ। ਮੇਰਾ ਅਕਸਰ ਪ੍ਰੋਗਰਾਮ ਇਹ ਹੁੰਦਾ ਸੀ ਕਿ ਹਰ ਥਾਂ ਇੰਟਰਵਿਊ ਦੇਣ ਪਿੱਛੋਂ ਮੈਂ ਘਰ ਨੂੰ ਚਾਲੇ ਪਾ ਲੈਂਦਾ ਸਾਂ ਤੇ ਨਤੀਜੇ ਦੀ ਉਡੀਕ ਨਹੀਂ ਸਾਂ ਕਰਦਾ। ਸਰਹਾਲੀ ਕਾਲਜ ਵਿੱਚ ਵੀ ਕਰੀਬ ਚਾਰ ਵਜੇ ਮੇਰੀ ਇੰਟਰਵਿਊ ਖ਼ਤਮ ਹੋਈ ਤੇ ਮੈਂ ਕਾਲਜ ਗੇਟ ਤੇ ਪਹੁੰਚ ਕੇ ਬੱਸ ਦੀ ਉਡੀਕ ਕਰ ਰਿਹਾ ਸਾਂ ਕਿ ਕਾਲਜ ਦਾ ਸੇਵਾਦਾਰ ਭੱਜਿਆ ਹੋਇਆ ਆਇਆ ਤੇ ਮੈਨੂੰ ਬੁਲਾ ਕੇ ਦੁਬਾਰਾ ਕਮੇਟੀ ਦੇ ਸਾਹਮਣੇ ਪੇਸ਼ ਕਰ ਦਿੱਤਾ। ਪ੍ਰਿੰਸੀਪਲ ਮੈਨੂੰ ਰੱਖਣਾ ਨਹੀਂ ਸੀ ਚਾਹੁੰਦਾ। ਫੇਰ ਵੀ ਉਹਨੇ ਮੈਨੂੰ ਪੈਰੋਂ ਕੱਢਣ ਲਈ ਬਹੁਤ ਸਾਰੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ, ਤਾਂ ਕਿ ਮੈਂ ਖ਼ੁਦ ਹੀ ਜਵਾਬ ਦੇ ਦੇਵਾਂ। ਕਦੇ ਉਹ ਕਹੇ ਤੁਸੀਂ ਇੰਨੀ ਦੂਰੋਂ (ਪਟਿਆਲੇ ਤੋਂ) ਆ ਕੇ ਕਿੱਥੇ/ਕਿਵੇਂ ਰਹੋਗੇ; ਕਦੇ ਕਹੇ ਕਿ ਤਨਖਾਹ ਕਿੰਨੀ ਲਓਗੇ, ਤਨਖਾਹ ਬਹੁਤ ਲੇਟ ਮਿਲੇਗੀ… ਆਦਿ ਆਦਿ। ਪਰ ਮੈਂ ਸਾਰੀਆਂ ਗੱਲਾਂ ਦੇ ਠਰ੍ਹੰਮੇ ਨਾਲ ਜਵਾਬ ਦਿੱਤੇ। ਇਸ ਨਿਯੁਕਤੀ ਵਿਚ ਪਹਿਲੀ ਵਾਰ ਮੇਰੇ ਅਨੁਵਾਦ ਕਾਰਜ ਦੀ ਡਾ. ਗੁਰਬਖ਼ਸ਼ ਸਿੰਘ ਫ਼ਰੈਂਕ ਨੇ ਬੜੀ ਰੱਜਵੀਂ ਪ੍ਰਸ਼ੰਸਾ ਕੀਤੀ, ਕਿਉਂਕਿ ਉਹ ਖ਼ੁਦ ਇੱਕ ਸਫਲ/ਪ੍ਰਬੁੱਧ ਅਨੁਵਾਦਕ ਸਨ। ਇੰਟਰਵਿਊ ਖ਼ਤਮ ਹੋਈ ਤਾਂ ਉਹ ਬਾਹਰ ਆ ਕੇ ਮੈਨੂੰ ਮਿਲੇ ਤੇ ਮੈਨੂੰ ਉਥੇ (ਸਰਹਾਲੀ ਕਾਲਜ) ਜਾਇਨ ਕਰਨ ਲਈ ਜ਼ੋਰ ਪਾਇਆ। ਮੈਂ ਤਾਂ ਜਾਇਨ ਕਰਨ ਲਈ ਹੀ ਗਿਆ ਸਾਂ। ਖੈਰ, ਮੈਂ ਪਹਿਲੀ ਸਤੰਬਰ ਨੂੰ ਉੱਥੇ ਜਾਇਨ ਕਰਨ ਲਈ ਚਲਾ ਗਿਆ। ਪਰ ਪ੍ਰਿੰਸੀਪਲ ਨੇ ਹਫ਼ਤਾ ਭਰ ਮੈਨੂੰ ਜੁਆਇਨ ਨਾ ਕਰਵਾਇਆ। ਹਰ ਰੋਜ਼ ਕੋਈ ਨਾ ਕੋਈ ਸਕੀਮ ਲਾ ਕੇ ਮੈਨੂੰ ਉੱਥੇ ਜੁਆਇਨ ਨਾ ਕਰਨ ਲਈ ਦਬਾਅ ਪਾਉਂਦਾ। ਪਰ ਮੈਂ ਹਰ ਰੋਜ਼ ਜਾਂਦਾ, ਕਲਾਸਾਂ ਲਾਉਂਦਾ ਤੇ ਆਖਰਕਾਰ ਪ੍ਰਿੰਸੀਪਲ ਨੂੰ ਮੈਨੂੰ ਜਾਇਨ ਕਰਾਉਣਾ ਪਿਆ। ਮੇਰੀ ਇਸ ਨਿਯੁਕਤੀ ਲਈ ਮੈਂ ਡਾ. ਫਰੈਂਕ ਦਾ ਹਮੇਸ਼ਾ ਧੰਨਵਾਦੀ ਰਹਾਂਗਾ। ਇਹ ਵੱਖਰੀ ਗੱਲ ਹੈ ਕਿ ਉਹ ਪੋਸਟ ਸਿਰਫ਼ ਇਕ ਸਾਲ (ਲੀਵ ਵੈਕੰਸੀ) ਦੀ ਸੀ ਤੇ ਸਾਲ ਪਿੱਛੋਂ ਮੈਨੂੰ ਕਿਸੇ ਹੋਰ ਨਵੇਂ ਕਾਲਜ ਦੀ ਤਲਾਸ਼ ਲਈ ਭਟਕਣਾ ਪਿਆ।
ਇਹਦੇ ਨਾਲ ਜੁੜੀ ਏ ਐਸ ਕਾਲਜ ਖੰਨਾ ਦੀ ਘਟਨਾ ਹੈ, ਜਿੱਥੇ ਟੀਚਰਜ਼ ਯੂਨੀਅਨ ਪੰਜਾਬ ਦਾ ਪ੍ਰਧਾਨ ਵੀ ਨੌਕਰੀ ਕਰਦਾ ਸੀ ਤੇ ਜੋ ਬਾਹਰ ਤਾਂ ਬੜੇ ਦਮਗਜੇ ਮਾਰਦਾ ਸੀ ਕਿ ਵਿਦਿਆਰਥੀਆਂ/ਅਧਿਆਪਕਾਂ ਨਾਲ ਹੁੰਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕਰਾਂਗੇ। ਪਰ ਉਹਦੇ ਆਪਣੇ ਕਾਲਜ ਵਿੱਚ ਇਹ ਸਭ ਕੁਝ ਉਹਦੇ ਨੱਕ ਹੇਠ ਹੁੰਦਾ ਸੀ। ਉੱਥੇ ਮੈਂ ਤਿੰਨ ਸਾਲ ਆਪਣੀ ਮੈਰਿਟ ਦੇ ਸਿਰ ਤੇ ਸਿਲੈਕਟ ਹੁੰਦਾ ਰਿਹਾ, ਤਨਖਾਹ ਵਿੱਚੋਂ ‘ਜ਼ਬਰਦਸਤੀ’ ਡੋਨੇਸ਼ਨ ਦਿੰਦਾ ਰਿਹਾ ਤੇ ਕੰਮ ਕਰਦਾ ਰਿਹਾ। ਪਰ ਜਦੋਂ ਰੈਗੂਲਰ ਹੋਣ ਦੀ ਵਾਰੀ ਆਈ ਤਾਂ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦਾ ਅਖੌਤੀ ਕਾਮਰੇਡ ਮੁਖੀ ਤੇ ਉਹਦੇ ਨਾਲ ਵਿਭਾਗ ਦਾ ਹੀ ਇੱਕ ਹੋਰ “ਸੱਭਿਆਚਾਰ ਦਾ ਰਖਵਾਲਾ” ਪ੍ਰੋਫ਼ੈਸਰ ਮਾਹਿਰ ਵਜੋਂ ਆਏ ਤੇ ਕਾਮਰੇਡ ਆਪਣੇ ਸਟੈਨੋ ਨੂੰ ਉੱਥੇ ਸਿਲੈਕਟ ਕਰਵਾ ਗਿਆ, ਜੀਹਦਾ ਕੋਈ ਵੀ ਤਜਰਬਾ ਨਹੀਂ ਸੀ। ਪਰ ਉਹਦੀ ਵੱਡੀ ਸਿਫ਼ਾਰਿਸ਼ ਇਹ ਸੀ ਕਿ ਉਹ ਮੁਖੀ ਦਾ ਸਟੈਨੋ ਸੀ। ਅਜਿਹੇ ਸਮੇਂ ਮੈਨੂੰ ਡਾ. ਫਰੈਂਕ ਹੋਰ ਵੀ ਚੰਗੇ ਲਗਦੇ, ਜਿਨ੍ਹਾਂ ਨੇ ਬਿਨਾਂ ਕਿਸੇ ਸਿਫ਼ਾਰਿਸ਼ ਤੋਂ ਮੈਨੂੰ ਨਿਯੁਕਤ ਕੀਤਾ ਸੀ।
ਡਾ. ਫਰੈਂਕ ਨਾਲ ਮੇਰੀ ਦੂਜੀ ਮੁਲਾਕਾਤ ਫੋਨ ਤੇ ਹੀ ਹੋਈ, ਜਦੋਂ ਉਨ੍ਹਾਂ ਨੂੰ ਸਾਹਿਤ ਅਕਾਦਮੀ ਵੱਲੋਂ ਅਨੁਵਾਦ ਪੁਰਸਕਾਰ (2012) ਮਿਲਿਆ, ਤਾਂ ਮੈਂ ਉਨ੍ਹਾਂ ਨੂੰ ਇਸ ਪ੍ਰਾਪਤੀ ਲਈ ਮੁਬਾਰਕ ਦਿੱਤੀ। ਉਨ੍ਹਾਂ ਨੇ ਮੈਨੂੰ ਮੇਰੇ ਨਾਂ ਤੋਂ ਝੱਟ ਪਛਾਣ ਲਿਆ ਤੇ ਉਲਾਂਭਾ ਵੀ ਦਿੱਤਾ ਕਿ ਮੈਂ ਸਰਹਾਲੀ ਕਾਲਜ ਕਿਉਂ ਛੱਡ ਦਿੱਤਾ ਸੀ? ਜਦ ਮੈਂ ਉਨ੍ਹਾਂ ਨੂੰ ਦੱਸਿਆ ਕਿ ਉੱਥੇ ਤਾਂ ਲੀਵ ਵੈਕੇਂਸੀ ਸੀ, ਤਾਂ ਉਨ੍ਹਾਂ ਨੇ ਠੰਢਾ ਹਉਕਾ ਭਰ ਕੇ ਮੇਰੇ ਬਾਰੇ ਹੋਰ ਜਾਣਕਾਰੀ ਪ੍ਰਾਪਤ ਕੀਤੀ।
ਮੈਂ ਆਪਣੇ ਅਧਿਆਪਨ-ਕਾਰਜ ਦੌਰਾਨ ਹਮੇਸ਼ਾ ਡਾ. ਫਰੈਂਕ ਦੁਆਰਾ ਅਨੁਵਾਦਿਤ ‘ਮੇਰਾ ਦਾਗਿਸਤਾਨ’ ਪੜ੍ਹਣ ਲਈ ਵਿਦਿਆਰਥੀਆਂ ਨੂੰ ਜਾਗਰੂਕ ਕਰਦਾ ਰਿਹਾ ਹਾਂ। ਮੇਰੇ ਕੋਲ ਅਜੇ ਵੀ ‘ਮੇਰਾ ਦਾਗਿਸਤਾਨ’ ਅਤੇ ‘ਗੁਰੂ ਨਾਨਕ’ (ਲੇਖ ਸੰਗ੍ਰਹਿ) ਦੀ ਉਹ ਪ੍ਰਤੀਆਂ ਮੌਜੂਦ ਹਨ, ਜਿਨ੍ਹਾਂ ਉੱਤੇ ਡਾ. ਫਰੈਂਕ ਦਾ ਨਾਮ ਅਨੁਵਾਦਕ ਵਜੋਂ ‘ਗੁਰੂਬਖ਼ਸ਼’ ਲਿਖਿਆ ਹੋਇਆ ਹੈ। ‘ਮੇਰਾ ਦਾਗਿਸਤਾਨ’ ਕਿਤਾਬ ਭਾਵੇਂ ਹੋਰ ਅਨੁਵਾਦਕਾਂ ਨੇ ਵੀ ਅਨੁਵਾਦ ਕੀਤੀ ਹੈ, ਪਰ ਜੋ ਸਹਿਜਤਾ ਡਾ. ਫਰੈਂਕ ਦੇ ਅਨੁਵਾਦ ਵਿੱਚ ਹੈ, ਉਸ ਤੋਂ ਇਹ ਕਿਤਾਬ ਰੂਸੀ ਭਾਸ਼ਾ ਦੀ ਨਹੀਂ, ਸਗੋਂ ਪੰਜਾਬੀ ਭਾਸ਼ਾ ਦੀ ਹੀ ਲੱਗਦੀ ਹੈ।
ਅਨੁਵਾਦ ਤੋਂ ਇਲਾਵਾ ਡਾ. ਫਰੈਂਕ ਨੇ ਸੱਤ ਕਿਤਾਬਾਂ ਖੋਜ ਤੇ ਆਲੋਚਨਾ ਨਾਲ ਸਬੰਧਤ ਲਿਖੀਆਂ ਹਨ। ਉਨ੍ਹਾਂ ਨੇ ਅੰਗਰੇਜ਼ੀ, ਰੂਸੀ ਤੋਂ ਸਿੱਧਿਆਂ ਹੀ ਸਰਲ ਤੇ ਸਹਿਜ ਪੰਜਾਬੀ ਵਿੱਚ ਕਰੀਬ ਪੈਂਤੀ ਕਿਤਾਬਾਂ ਦੇ ਅਨੁਵਾਦ ਕੀਤੇ ਹਨ ਤੇ ‘ਰੂਸੀ ਪੰਜਾਬੀ ਸ਼ਬਦ ਕੋਸ਼’ (1979) ਦਾ ਸੰਪਾਦਨ ਵੀ ਕੀਤਾ ਹੈ। ਡਾ. ਫਰੈਂਕ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ (1976) ਆਉਣ ਤੋਂ ਪਹਿਲਾਂ ਜੀ ਐਮ ਐਨ ਕਾਲਜ ਅੰਬਾਲਾ ਛਾਉਣੀ, ਡੀ ਏ ਵੀ ਕਾਲਜ ਅਬੋਹਰ (1958-1963) ਵਿਖੇ ਲੈਕਚਰਾਰ; ਪ੍ਰੈੱਸ ਤੇ ਪਬਲੀਸਿਟੀ ਅਫ਼ਸਰ, ਸੋਵੀਅਤ ਸੂਚਨਾ ਵਿਭਾਗ, ਨਵੀਂ ਦਿੱਲੀ (1963-1969); ਅਨੁਵਾਦਕ ਤੇ ਸੰਪਾਦਕ, ਪੰਜਾਬੀ ਵਿਭਾਗ, ਪ੍ਰਗਤੀ ਪ੍ਰਕਾਸ਼ਨ, ਮਾਸਕੋ (1969-1976) ਵਿੱਚ ਵੀ ਕਾਰਜ ਕੀਤਾ।
ਅਜਿਹੇ ਮਹਾਨ ਵਿਦਵਾਨ, ਸਫ਼ਲ ਅਨੁਵਾਦਕ, ਸਪਸ਼ਟਵਾਦੀ, ਸਾਫ਼ਗੋਅ, ਜ਼ਿੰਦਾਦਿਲ ਤੇ ਸੱਚਾਈ ਦਾ ਸਾਥ ਦੇਣ ਵਾਲ਼ੇ ਇਨਸਾਨ ਨੂੰ ਮੈਂ ਸੱਚੇ ਦਿਲੋਂ ਸਿਜਦਾ ਕਰਦਾ ਹਾਂ। ਉਹ ਹਮੇਸ਼ਾ ਮੇਰੇ ਚੇਤਿਆਂ ਵਿਚ ਵਸੇ ਰਹਿਣਗੇ! ਆਮੀਨ!!
***
# ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.