ਮੇਰੀ ਦਿੱਲੀ ਤੇ ਮੇਰੇ ਦੋਸਤ । ਜਿਸ ਦਿੱਲੀ ਦੀ ਗੱਲ ਮੈਂ ਕਰਨ ਲੱਗਾਂ ਉਹ ਬਹੁਤ ਹੀ ਖੂਬਸੂਰਤ ਦਿੱਲੀ ਸੀ। ਉਂਜ ਤਾਂ ਕੋਈ ਪਹਿਲੋਂ ਤੇ ਕੋਈ ਮਗਰੋਂ ਦੋਸਤ ਬਣਿਆ। ਪਰ ਜੋ ਦੋਸਤੀ ‘ਚ ਮੁਹੱਬਤਾਂ ਪਈਆਂ ਉਹ ਯਾਦਾਂ ਤੋਂ ਮਨ੍ਹਫੀ ਕਰਨੀਆਂ ਬਹੁਤ ਮੁਸ਼ਕਿਲ ਹਨ। ਇਹ ਉਹ ਦਿੱਲੀ ਸੀ, ਜਿਸ ਬਾਰੇ ਮੈਂ ਕਹਿੰਦਾ ਹੁੰਦਾ ਸਾਂ ਕਿ ਜਿੱਸ ਨੇ ਇਹ ਦਿੱਲੀ ਨਹੀਂ ਦੇਖੀ ਉਸ ਕੁਝ ਵੀ ਨਹੀਂ ਦੇਖਿਆ। ਇਹ ਉਹ ਦਿੱਲੀ ਸੀ ਜਿੱਥੇ “ਦਰੀਬੇ” ਦੀਆਂ ਜਲੇਬੀਆਂ ਨਾਲ ਹੀ ਢਿੱਡ ਨਹੀਂ ਸੀ ਭਰਦਾ। ਉਸ ਜ਼ਮਾਨੇ ਵਿਚ ਇੰਡੀਆ ਗੇਟ ਦੇ ਆਸੇ ਪਾਸੇ ਉੱਗੇ ਘਾਅ ਵਾਲੇ ਲਾਅਨ ‘ਚ ਖੁੱਲ੍ਹੇ ਢਾਬ੍ਹਿਆਂ ‘ਚ “ਪਿੰਡੀ” ਦੇ ਛੋਲੇ। ਚਾਂਦਨੀ ਚੌਂਕ ਵਿਚ “ਵਿਗ” ਦੀ ਆਈਸ ਕ੍ਰੀਮ। ਅਜਮਲ ਖਾਂ ਰੋਡ ਵਿਖੇ “ਰੌਸ਼ਨ ਦੀ ਕੁਲਫੀ”। ਪਹਿਲੋਂ ਆਜ਼ਾਦ ਮਾਰਕੀਟ ਤੇ ਫਿਰ ਅਥਾਰਟੀ ਵਿਖੇ “ਗੁੱਲੂ” ਦੀ ਰੇਹੜੀ ‘ਤੇ ਕੀਮੇ-ਵਾਲੇ ਮੀਟ। ਕਨਾਟ ਪਲੇਸ ‘ਚ “ਕਾਕੇ ਦਾ ਢਾਬ੍ਹਾ” ਤੇ ਦਰਿਆ ਗੰਜ ਵਿਚ ਪਿਛæਾਉਰੀ ਦੇ ਢਾਬ੍ਹੇ ਦਾ ਮਟਨ ਤੇ “ਮੋਤੀ ਮਹੱਲ” ਦਾ ਤੰਦੂਰੀ ਚਿਕਨ। ਕਸ਼ਮੀਰੀ ਗੇਟ ‘ਚ “ਖੈਬਰ ਰੈਸਟੋਰੈਂਟ” ਦੇ ਉਮਦਾ ਖਾਣੇ। ਨਾਲ ਹੀ “ਕਾਰਲਟਨ ਰੇਸਟੋਰੈਂਟ” ਵਿਚ ਕਾਲਜ ਦੇ ਮੁੰਡੇ-ਕੁੜੀਆਂ ਦੇ ਕਲੋਲ। ਇਹੋ ਜਿਹੇ ਜੋੜਿਆਂ ਲਈ ਬੰਗਲੋ ਰੋਡ ‘ਤੇ ਅਜੰਤਾ ਤੇ ਗੋਲ ਮਾਰਕੀਟ ਦੇ ਸੈਲੀਨਾ ਵਰਗੀਆਂ ਠਾਹਰਗਾਹਾਂ, ਜਿੱਥੇ ਮੁੰਡੇ-ਕੁੜੀਆਂ ਲੁਕ-ਲੁਕ ਕੇ ਹਨੇਰੀ ਫਿਜ਼ਾ ਵਿਚ ਇਸ਼ਕ ਕਰਦੇ ਹੁੰਦੇ ਸਨ। ਇਨ੍ਹਾਂ ਤੋਂ ਬਿਨਾਂ ਇਤਿਹਾਸਿਕ ਕੁਤੁਬ ਮੀਨਾਰ, ਲਾਲ ਕਿਲ੍ਹਾ। ਸੀਸ ਗੰਜ, ਮਜਨੂੰ ਕਾ ਟਿੱਲਾ, ਬੰਗਲਾ ਸਾਹਿਬ, ਰਕਾਬ ਗੰਜ ਗੁਰਦੁਆਰੇ। ਬਿਰਲਾ ਮੰਦਿਰ। ਪੁਰਾਣਾ ਕਿਲਾ। ਤੇਂ ਕਿੰਨਾ ਹੀ ਕੁਝ ਹੋਰ ਸੀ ਇਸ ਦਿੱਲੀ ਵਿਚ।
ਇਸੇ ਦਿੱਲੀ ਵਿਚ ਉਦੋਂ ਪਹਿਲੋਂ ਚੀਨ ਤੇ ਫਿਰ ਪਾਕਿਸਤਾਨ ਨਾਲ ਹੋਈਆਂ ਲੜਾਈਆਂ ਵੇਲੇ ਦੀ ਦਿੱਲੀ, ਜਦੋਂ ਰਾਤ ਵੇਲੇ ਸਾਇਰਨ ਵੱਜਣਾ ਤਾਂ ਲੁਕਣ ਲਈ ਥਾਂਹ ਲੱਭਣੀ ਕਿ ਜੰਗੀ ਜਹਾਜ਼ ਆ ਗਏ ਸਾਨੂੰ ਫੁੰਡਣ ਲਈ।
ਬੱਤੀਆਂ ਬੁਝਾ ਕੇ ਹਨੇਰਾ ਕਰਨਾ ਕਿ ਫਾਈਟਰਾਂ ਨੂੰ ਪਤਾ ਹੀ ਨਾ ਲੱਗੇ ਕਿ ਦਿੱਲੀ ਕਿੱਥੇ ਗਈ।
ਫਿਰ ਆ ਗਈ 1975 ਤੋਂ ਬਾਅਦ ਦੀ ਦਿੱਲੀ। ਜਦੋਂ ਮੈਂ ਪੰਜਾਬ ਤੋਂ ਵਾਪਿਸ ਦਿੱਲੀ ਪਰਤਿਆ ਤੇ ਅਜੰਤਾ ਪਬਲੀਕੇਸ਼ਨਜ਼ ਸ਼ੁਰੂ ਕਰ ਦਿੱਲੀ ਵਿਚ ਆਪਣੀ ਕੁਝ ਠਾਹਰ ਬਣਾ ਲਈ ਇਹ ਉਸ ਵੇਲੇ ਦੀਆਂ ਗੱਲਾਂ ਹਨ ਇਹ। ਅਮਿਤੋਜ ਨੇ ਉਦੋਂ ਚੰਡੀਗੜ੍ਹ ਵਿਖੇ ਹੋਸਟਲ ਵਿਖੇ ਆਪਣਾ ਕਮਰਾ ਬਰਕਰਾਰ ਰੱਖਣ ਖਾਤਿਰ ਆਪਣੀ ਪੀ ਐੱਚ ਡੀ ਤਾਂ ਰਜਿਸਟਰ ਕਰਾਈ ਪਰ ਉਸ ਨੂੰ ਸਮਝ ਨਾ ਲੱਗੇ ਕਿ ਹੁਣ ਅੱਗੇ ਕੀ ਕਰੇ? ਅਖੀਰ ਦੋਸਤਾਂ ਦੀ ਸਲਾਹ ਤੇ ਕੁਝ ਹੋਰ ਲਾਲਚਾਂ ਕਾਰਨ ਉਸ ਨੂੰ ਲੱਗਾ ਕਿ ਉਹਦੀ ਮੰਜ਼ਿਲ ਦਿੱਲੀ ਹੈ। ਪਰ ਦਿੱਲੀ ਠਾਹਰ ਕਿੱਥੇ ਹੋਵੇ? ਉਸ ਨੂੰੇ ਮੈਂ ਹੀ ਮੁਨਾਸਿਬ “ਸ਼ਿਕਾਰ” ਲੱਭਿਆ। ਗਿੱਲੀ-ਤੂੜੀ ਤੇ ਭੁੱਖੀ ਮੱਝ। ਮੈਂ ਵੀ ਫਸ ਗਿਆ। ਉਸ ਦਾ ਕਾਰਨ ਤਾਂ ਉਹੀ ਜਾਣੇ ਪਰ ਮੇਰਾ ਕਾਰਣ ਇਹੀ ਸੀ ਕਿ ਮੈਂ ਸ਼ੁਰੂ ਤੋਂ ਹੀ ਲੇਖਕ ਬਣਨਾ ਚਾਹੁੰਦਾ ਸਾਂ ਪਰ ਘਰ ਦੀਆਂ ਮਜਬੂਰੀਆਂ ਕਾਰਨ ਸਾਹਿਤ ਜਾਂ ਕਰੀਏਟੀਵਿਟੀ ਮੇਰੇ ਮੰਨ ਜਾਂ ਰੂਹ ਵਿਚ ਹੀ ਉਬਲਦੀ ਰਹੀ। ਉਂਝ ਵੀ ਪੰਜਾਬੀ ਵਿਚ ਸਿਰਫ ਕਰੀਏਟੀਵਿਟੀ ‘ਤੇ ਕਦੇ ਵੀ ਜੀਊਣਾ ਸੰਭਵ ਨਹੀਂ ਸੀ। ਇਹ ਉਦੋਂ ਵੀ ਅਮੀਰਾਂ ਦਾ ਸ਼ੌਂਕ ਸੀ ਤੇ ਮਗਰੋਂ ਵੀ। ਗਰੀਬ ਜਾਂ ਅਨਪੜ੍ਹ ਲੇਖਕ ਲਈ ਇਸ ਦਾਇਰੇ ਵਿਚ ਉੱਭਰਨਾ ਸਿਰਫ ਔਖਾ ਹੀ ਨਹੀਂ ਸਗੋ ਅਸੰਭਵ ਸੀ। ਭਾਵੇਂ ਜਿੰਨਾ ਮਰਜ਼ੀ ਕਰੀਏਟਿਵ ਹੋਵੇ ਪਰ ਗਰੀਬ ਆਦਮੀ ਨੂੰ ਆਪਣੀ ਥਾਂ ਬਨਾਉਣ ਲਈ ਬਹੁਤ ਮੁਸ਼ੱਕਤ ਕਰਨੀ ਪੈਂਦੀ ਸੀ। ਹਾਲਾਂਕਿ ਸੰਸਾਰ ਦੀਆਂ ਕਈ ਭਾਸ਼ਾਵਾਂ ਦੇ ਲੇਖਕ ਆਪਣੀ ਲਿਖਤ ‘ਤੇ ਮਾਣ ਕਰਦਿਆਂ ਆਪਣੀ ਲeਖਣੀ ਨੂੰ ਆਪਣੀ ਜੀਵਕਾ ਦਾ ਜ਼ਰੀਆ ਬਣਾ ਲੈਂਦੇ ਸਨ, ਪਰ ਪੰਜਾਬੀ ਦੀ ਲਿਖਤ ਕਦੇ ਵੀ ਲੇਖਕ ਦੇ ਰਿਜ਼ਕ ਦਾ ਜ਼ਰੀਆ ਨਹੀਂ ਸੀ ਬਣ ਸਕੀ। ਕੋਈ ਵੀ ਪੰਜਾਬੀ ਲੇਖਕ ਕਦੇ ਵੀ ਆਪਣੀ ਲੇਖਣੀ ਉੱਪਰ ਕੋਈ ਮੁਨੱਸਰ ਕਰਕੇ ਜ਼ਿੰਦਗੀ ਨਹੀਂ ਸੀ ਹੰਢਾ ਸਕਿਆ।
ਇਹੀ ਕਾਰਣ ਸੀ ਕਿ ਮੈਨੂੰ ਪੰਜਾਬੀ ਸਾਹਿਤਕਾਰਾਂ ਜਾਂ ਹੋਰ ਕਲਾਕਾਰਾਂ ਨਾਲ ਰੂਹੀ ਮੁਹੱਬਤ ਹੋ ਜਾਂਦੀ ਤੇ ਮੈਂ ਉਨ੍ਹਾਂ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦਾ। ਇਸੇ ਭਾਵਨਾ ਤੇ ਜਜ਼ਬੇ ਨਾਲ ਮੈਂ ਅਮਿਤੋਜ ਲਈ ਆਪਣੇ ਘਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਤੇ ਉਸ ਨੂੰ ਘਰ ਦੇ ਇਕ ਪਾਸੇ ਵਾਲਾ ਵੱਖਰਾ ਕਮਰਾ ਦੇ ਦਿੱਤਾ। ਉਸ ਨੇ ਦਿੱਲੀ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਨਾਲ ਸੰਬੰਧ ਬਣਾਏ। ਦਿਨ ਵੇਲੇ ਉਹ ਡਾਕਟਰ ਸੁਤਿੰਦਰ ਸਿੰਘ ਨੂਰ ਨਾਲ ਆਪਣੇ ਥੀਸਿਸ ਸੰਬੰਧੀ ਸਮਾਂ ਬਿਤਾਉਂਦਾ ਤੇ ਦੁਪਹਿਰ ਨੂੰ ਪੰਜਾਬੀ ਵਿਭਾਗ ਦੀ ਸਾਰੀ ਟੋਲੀ ਨੂੰ ਮੇਰੇ ਕੋਲ ਲੈ ਆਉੰਦਾ। ਮੇਰਾ ਦਫਤਰ ਉਦੋਂ ਤੀਕ ਬੰਗਲੋ ਰੋਡ ‘ਤੇ ਕਰੋੜੀ ਮੱਲ ਕਾਲਜ ਦੇ ਸਾਹਮਣੇ ਆਪਣੀ ਥਾਂਹ ਬਣਾ ਚੁਕਾ ਸੀ। ਪ੍ਰਕਾਸ਼ਨ ਵੀ ਜ਼ੋਰਾਂ ‘ਤੇ ਸੀ। ਪੈਸੇ ਵੀ ਜੇਬ੍ਹ ‘ਚ ਖੁੱਲ੍ਹੇ ਹੀ ਹੁੰਦੇ ਸਨ। ਇਹੋ ਜਿਹੇ ਵਿਦਵਾਨ ਦੋਸਤਾਂ ‘ਤੇ ਖਰਚ ਕਰਨ ਦਾ ਆਨੰਦ ਵੀ ਆਉਂਦਾ ਸੀ। ਸੋ ਦੂਜੇ-ਚੌਥੇ ਮੇਰੇ ਘਰ ਜਾਂ ਘੰਟਾ ਘਰ ਵਿਖੇ ਜੂਸ ਦੀ ਰੇਹੜੀ ‘ਤੇ ਸਾਡਾ ਦੀਵਾਨ ਲੱਗ ਜਾਣਾ। ਮੈਂ ਇਨ੍ਹਾਂ ਨੂੰ “ਸਾਮਾਨ” ਖਰੀਦ ਕੇ ਦੇ ਆਉਂਦਾ ਤੇ ਕਦੇ ਕਦੇ ਆਪ ਵੀ ਨਾਲ ਬਹਿ ਜਾਂਦਾ। ਜਦ ਤੀਕ ਸਾਰੇ “ਹਿੱਲਣ” ਨਾ ਲਗਦੇ ਦੁਨੀਆਂ ਭਰ ਦੇ ਸਾਹਿਤ, ਆਲੋਚਨਾ, ਰਾਜਨੀਤੀ ਤੋਂ ਲੈ ਕੇ ਲੁੱਚੇ ਲਤੀਫਿਆਂ ਦੇ ਫੁਆਰੇ ਚਲਦੇ ਰਹਿੰਦੇ।
ਸ਼ੁਰੂ ਸ਼ੁਰੂ ਵਿਚ ਤਾਂ ਹੋਰ ਹਲਕਿਆਂ ਦੇ ਦੋਸਤਾਂ ਤੋਂ ਬਿਨਾਂ ਦਿੱਲੀ ਯੂਨੀਰਸਿਟੀ ਦੇ ਪੰਜਾਬੀ ਵਿਭਾਗ ਦੇ ਸਾਰੇ ਹੀ ਫੈਕਲਟੀ-ਮੈਂਬਰ ਦੋਸਤ ਬਣਦੇ ਗਏ। ਸੁਤਿੰਦਰ ਸਿੰਘ ਨੂਰ, ਗੁਰਬਖਸ਼ ਸਿੰਘ, ਤ੍ਰਿਲੋਕ ਸਿੰਘ ਕੰਵਰ, ਜਗਬੀਰ ਸਿੰਘ, ਅਮਰੀਕ ਸਿੰਘ ਪੁੰਨੀ, ਗੁਰਚਰਨ ਸਿੰਘ, ਹਰਚਰਨ ਸਿੰਘ ਸੋਬਤੀ, ਕੁਲਜੀਤ ਸ਼ੈਲੀ, ਮਨਜੀਤ ਕੌਰ ਤੇ ਹੋਰ ਵੀ ਕਈ ਨਾਂਅ ਸਨ, ਜੋ ਹੁਣ ਚੇਤੇ ਨਹੀਂ ਆ ਰਹੇ। ਕ੍ਰਿਸ਼ਨਾ ਸੋਬਤੀ, ਅਜੀਤ ਕੌਰ, ਅੰਮ੍ਰਿਤਾ ਪ੍ਰੀਤਮ, ਤਾਂ ਪਹਿਲਾਂ ਹੀ ਨੇੜਿਓਂ ਸਨ, ਪ੍ਰੋਫੈਸਰ ਹਰਿਭਜਨ ਸਿੰਘ ਤਾਂ ਸੀ ਹੀ ਉਸਤਾਦਾਂ ਦੇ ਉਸਤਾਦ। ਹਰਨਾਮ, ਤਾਰਾ ਸਿੰਘ ਕਾਮਿਲ, ਵੀ ਪਹਿਲਾਂ ਤੋਂ ਹੀ ਦੋਸਤ ਸਨ। ਫਿਰ ਪ੍ਰੀਤਮ ਸਿੰਘ ਬੱਤਰਾ, ਰਵੇਲ ਸਿੰਘ, ਰਾਮ ਕ੍ਰਿਸ਼ਨ ਵੀ ਸ਼ਾਮਲ ਹੋ ਗਏ। ਪਰ ਜਦੋਂ ਆਈ ਪੀ ਐੱਸ ਸ਼ਾਇਰ ਮਨਮੋਹਨ ਦਿੱਲੀ ਆਇਆ ਤਾਂ ਸਾਡਾ ਲਗਪਗ ਹਰ ਰੋਜ਼ ਹੀ ਮਿਲਣਾ ਜ਼ਰੂਰੀ ਹੋ ਗਿਆ। ਤ੍ਰਿਕਾਲਾਂ ਹੁੰਦਿਆਂ ਹੀ ਕਿਸੇ ਨਾ ਕਿਸੇ ਦਾ ਫੋਨ ਖੜਕਣਾ ਤੇ ਫਿਰ ਤਾਰਾਂ ਵਾਂਗ ਸਭ ਦਾ ਆਪਸ ਵਿਚ ਸੰਪਰਕ ਹੋ ਜਾਣਾ ਤੇ ਸ਼ਾਮ ਪੈ ਜਾਣੀ।
ਉਦੋਂ ਹੀ ਇਕ ਦਿਨ ਮੈਂ ਘਰੋਂ ਜਾਂਦਾ ਹੋਇਆ ਯੂਨੀਵeਰਸਿਟੀ ਰੁਕ ਗਿਆ। ਤ੍ਰਿਲੋਕ ਸਿੰਘ ਕੰਵਰ ਗੇਟ ‘ਤੇ ਹੀ ਮਿਲ ਗਏ। ਕਹਿੰਦੇ ਆ ਚਾਹ ਪੀਈਏ। ਧੁੱਪ ਸੇਕਦਿਆਂ ਚਾਹ ਵਾਲੇ ਗਰਮ ਗਿਲਾਸ ਫੜ੍ਹੀ ਅਸੀ ਗੱਪਾਂ ਮਾਰਦੇ ਰਹੇ। ਯੂਨੀਵਰਸਿਟੀ ਦੇ ਵਿਦਿਆਰਥੀ ਖੂਬਸੂਰਤ ਮੁੰਡੇ-ਕੁੜੀਆਂ ਸਾਡੇ ਮੁਹਰਿਓਂ ਆ ਜਾ ਰਹੇ ਸਨ। ਮੈਂ ਕੰਵਰ ਨੂੰ ਪੁੱਛਿਆ, “ਸ਼ਾਇਰ ਦੀ ਕੀ ਡੈਫੀਨੀਸ਼ਨ ਹੁੰਦੀ ਹੈ?”
“ਸ਼ਾਇਰ ਉਹ ਹੁੰਦਾ ਜੋ ਖੁਬਸੂਰਤੀ ਨੂੰ ਨਿਹਾਰੇ। ਸੁੰਦਰਤਾ ਨੂੰ ਲਫਜ਼ੀ ਚਾਰ ਚੰਨ ਲਾ ਦੇਵੇ। ਨੌਜੁਆਨੀ ਨੂੰ ਨਿਹਾਰੇ। ਸੁੰਦਰ ਕੁੜੀਆਂ ਦੀ ਖੂਬਸੂਰਤੀ ਦਾ ਜ਼ਿਕਰ ਕਰੇ। ਉਨ੍ਹਾਂ ਦੇ ਵਾਲਾਂ ਦੀ ਤਾਰੀਫ ਕਰੇ।” ਕੰਵਰ ਨੇ ਜੁਆਬ ਦਿੱਤਾ।
“ਤਾਂ ਫਿਰ ਆਲੋਚਕ ਕੀ ਹੁੰਦਾ?” ਮੈਂ ਅੱਗੋਂ ਇਕ ਸੁਆਲ ਹੋਰ ਠੋਕ ‘ਤਾ।
“ਆਲੋਚਕ ਉਹ ਹੁੰਦਾ ਜੋ ਉਹਨਾਂ ਹੀ ਵਾਲਾਂ ਦੀ ਖੱæਲ ਲਾਹੇ!” ਕੰਵਰ ਨੇ ਇਹ ਕਹਿ ਆਪਣੀ ਗੱਲ ਤਾਂ ਮੁਕਾ ਦਿੱਤੀ ਪਰ ਇਸ ਗੱਲ ਨੂੰ ਚੇਤੇ ਕਰਦਿਆਂ ਮੇਰਾ ਹਾਸਾ ਹੁਣ ਵੀ ਨਹੀਂ ਰੁਕਦਾ।
+ + +
ਪ੍ਰੀਤਮ ਬੱਤਰਾ ਉਦੋਂ ਦਿੱਲੀ ਸਰਕਾਰ ਵਿਚ ਪੰਜਾਬੀ ਤੇ ਰਾਮ ਕ੍ਰਿਸ਼ਨ ਹਿੰਦੀ ਅਫਸਰ ਹੁੰਦੇ ਸੀ। ਕਸ਼ਮੀਰੀ ਗੇਟ ‘ਚ ਓਬਰਾਇ ਮੇਡਨਸ (ਪਹਿਲਾ ਫਾਈਵ ਸਟਾਰ ਹੋਟਲ), ਦੇ ਕੋਲ ਹੀ ਦਿੱਲੀ ਸਰਕਾਰ ਦੇ ਦਫਤਰ ਸਨ ਤੇ ਇਹ ਦੋਵੇਂ ਉੱਥੇ ਬੈਠਦੇ ਹੁੰਦੇ ਸਨ। ਮੈਂ ਜਦੋਂ ਵੀ ਆਪਣੇ ਦਫਤਰੋਂ ਜਾਣਾ ਤਾਂ ਪ੍ਰੀਤਮ ਕੋਲ ਰੁਕ ਜਾਂਦਾ। ਇਹ ਦੋਵੇ ਰਹਿੰਦੇ ਵੀ ਤਿਮਾਰਪੁਰ ਇਲਾਕੇ ‘ਚ ਸਨ। ਇਨ੍ਹਾਂ ਦੇ ਨੇੜੇ ਹੀ ਕਹਾਣੀਕਾਰ ਗੁਰਦੇਵ ਰੁਪਾਣਾ ਵੀ ਰਹਿੰਦਾ ਸੀ। ਸਾਡੀਆਂ ਮਹਿਫਲਾਂ ਲੱਗਣੀਆਂ। ਕਦੇ ਕਿਸੇ ਵੱਲ ਤੇ ਕਦੇ ਕਿਸੇ ਵੱਲ। ਪਰ ਸਭ ਤੋਂ ਵੱਧ ਮੇਰੇ ਹੀ ਦਫਤਰ। ਉਦੋਂ ਪੰਜਾਬੀ ਅਕਾਦਮੀ ਦਾ ਦਫਤਰ ਕਸ਼ਮੀਰੀ ਗੇਟ ਦੇ ਮਦਰੱਸਾ ਰੋਡ ‘ਤੇ ਹੁੰਦਾ ਸੀ।
ਰਵੇਲ ਸਿੰਘ ਨਾਲ ਮੇਰੀ ਮੇਰੀ ਪਹਿਲੀ ਮੁਲਾਕਾਤ ਪੈਟਰੀਆਟ ਅਖਬਾਰ ਦੇ ਦਫਤਰ ਦੇ ਨਾਲ ਲਗਦੇ ਪਿਆਰੇ ਲਾਲ ਭਵਨ ਵਿਖੇ ਹੋਈ ਸੀ। ਪਤਲੂ ਜਿਹਾ, ਮਾੜਕੂ, ਲਗਦਾ ਸੀ ਫੂਕ ਮਾਰਾਂ ਤਾਂ ਉੜ ਜਾਵੇਗਾ। ਉਸ ਦਿਨ ਉਹ ਇਕ ਫੰਕਸ਼ਨ ਕੰਡਕਟ ਕਰ ਰਿਹਾ ਸੀ। ਮਨਮੋਹਨ (ਆਈ ਪੀ ਐੱਸ) ਬਿਹਾਰ ਕੇਡਰ ਤੋਂ ਸੀਲੈਕਟ ਹੋ ਕੇ ਬਿਹਾਰ ਵਿਚ ਬਾਅਦ ਵਿਚ ਤਾਇਨਾਤ ਹੋਇਆ ਸੀ। ਮਨਮੋਹਨ ਤੋਂ ਪਹਿਲੋਂ ਮੇਰਾ ਜਲੰਧਰ ਦਾ ਦੋਸਤ ਸੀਤਲ ਦਾਸ ਵੀ ਇਸੇ ਸਟੇਟ ਤੋ ਚੁਣ ਹੋ ਕੇ ਡੇਅਰੀ-ਓਨ-ਸੂਨ ਤੇ ਮਗਰੋਂ ਹੋਰ ਕਈ ਥਾਹੀਂ ਤਾਇਨਾਤ ਰਿਹਾ ਸੀ। ਹੌਲੀ ਹੌਲੀ ਅਸੀਂ ਸਾਰੇ ਇਕ ਦੂਜੇ ਦੇ ਨੇੜੇ ਹੁੰਦੇ ਗਏ ਤੇ ਫਿਰ ਕਿਸੇ ਦੇ ਕਹਿਣ ਮੁਤਾਬਕ ਲੰਗੋਟੀਏ ਬਣ ਗਏ।
ਜਦੋਂ ਮੇਰੀ ਕਹਾਣੀਆਂ ਦੀ ਕਿਤਾਬ “ਮਹਾਨਗਰ” ਆਈ ਤਾਂ ਮਨਮੋਹਨ ਦਾ ਇਕ ਬਹੁਤ ਹੀ ਭਾਵੁਕ ਖਤ ਆਇਆ। ਬਾਕੀ ਗੱਲਾਂ ਤੋਂ ਬਿਨਾਂ ਉਸ ਲਿਖਿਆ, “ਬੜੀਆਂ ਪ੍ਰਖਰ ਕਹਾਣੀਆਂ ਹਨæææਪੰਜਾਬੀ ‘ਚ ਬਿਲਕੁਲ ਨਵੀਆਂæææਕਿਸੇ ਨਾਲ ਤੁਲਨਾ ਨਹੀਂ ਕਰਾਂਗਾ …ਤੁਲਨਾਤਮਕ ਦ੍ਰਿਸ਼ਟੀ ਹੁਣ ਪੁਰਾਣੀ ਹੋ ਗਈ ਹੈ … ਕੁਝ ਕਹਾਣੀਆਂ ‘ਸੁਪਨੇ ਤੇ ਸੌਦਾਗਰ’, ‘ਮਹਾਨਗਰ’, ‘ਮ੍ਰਿਗ ਤ੍ਰਿਸ਼ਨਾ’, ‘ਅਧੂਰੇ ਲੋਕ’, ਆਦਿ ਮਾਨਵੀ ਕਿਰਦਾਰਾਂ ਦੀਆਂ ਵਿਭਿੰਨਤਾਵਾਂ ਨੂੰ ਆਪਣੀਆਂ ਪੂਰਣ ਸੰਭਾਵਨਾਵਾਂ ਦੇ ਨਾਲ ਵਸਤੂ ਸਥਿਤੀਆਂ ਨੂੰ ਰੂਪਾਂਤਰਿਤ ਕਰਦੀਆਂ ਹਨ। ਕੁਝ ਕਹਾਣੀਆਂ ਸਾਧਾਰਣ ਮਹਿਸੂਸ ਹੋਈਆਂ… ਸਤਹੀ ਪੱਖ ਤੋਂ …ਪਰੰਤੂ ਅਲਾਹੀ ਗਹਿਨਤਾ ਵਿਚ ਬਹੁਪਰਤੀ ਅਰਥਾਂ ਨੂੰ ਸਮੋਈ ਬੈਠੀਆਂ ਹਨ। ਸਭ ਤੋਂ ਵੱਡੀ ਪ੍ਰਾਪਤੀ ਇਹ ਹੈ ਕਿ ਇਨ੍ਹਾਂ ਕਹਾਣੀਆਂ ਨੇ ਪੇਂਡੂ ਮੱਧਵਰਗ ਚੋਂ ਤਾਂ ਕੱਢਿਆ। ਮਨ ਅੱਕ ਗਿਆ ਸੀ, ਅਜਿਹੀ ਘਿਸੀ-ਪਿਟੀ ਟੈਕਸਟ ਪੜ੍ਹ ਪੜ੍ਹ ਕੇ…!
“ਇਕ ਸੁਝਾਅ ਹੈ ਜੇ ਚੰਗਾ ਲੱਗੇ… ਕਥਾ ਦੇ ਵਿਰਤਾਂਤ ਨੂੰ ਛੱਡ ਕੇ ਸਥਿਤੀਆਂ ਦੇ ਦਵੰਦ ਨੂੰ ਸੰਵਾਦਾਂ ਰਾਹੀਂ ਚਿਤ੍ਰਣ ਕਰਿਆ ਕਰੋ। ਤੁਹਾਡੇ ਕੋਲ ਡਿਕਸ਼ਨ ਦੀ ਯੋਗਤਾ ਵੀ ਹੈ ਤੇ ਸ਼ਿਲਪ ਦਾ ਹੁਨਰ ਵੀ। …ਸੰਵਾਦਾਂ ਰਾਹੀਂ ਗਹਿਨੀ ਸਥਿਤੀਆਂ ਤੇ ਮਨੋ-ਸਥਿਤੀਆਂ ਦਾ ਚਿਤ੍ਰਣ ਕਹਾਣੀ ਦੀ ਟੈਕਸਟ ਅਤੇ ਟੈਕਚਰ ਨੂੰ ਅਧਿਕ ਪ੍ਰਭਾਵਸ਼ਾਲੀ ਬਣਾਉਂਦੇ ਹਨ!”
ਵੈਸੇ ਤਾਂ ਮਨਮੋਹਨ ਬਾਰੇ ਨੂਰ ਤੋਂ ਸੁਣਦਾ ਹੀ ਰਹਿੰਦਾ ਸਾਂ ਪਰ ਇਹ ਖਤ ਪੜ੍ਹ ਕੇ ਮਨਮੋਹਨ ਪ੍ਰਤੀ ਮੇਰਾ ਮੋਹ ਹੋਰ ਵਧ ਗਿਆ। ਭਾਵੇਂ ਆਈ ਪੀ ਐੱਸ ਪੁਜ਼ੀਜ਼ਨ ਹਾਸਿਲ ਕਰਨ ਵਾਲਾ ਮੇਰਾ ਪਹਿਲਾ ਦੋਸਤ ਸੀਤਲ ਦਾਸ ਸੀ। ਉਹ ਵੀ ਬਿਹਾਰ ਤੇ ਮਨਮੋਹਨ ਵੀ ਬਿਹਾਰ ਕੇਡਰ ਤੋਂ ਸੀ। ਪਰ ਸੀਤਲ ਸਾਹਿਤ ਦੇ ਪੱਖੋਂ ਰਚਾਇਤਾ ਥਾ ਨਹੀਂ ਸੀ ਪਰ ਇਕ ਗੰਭੀਰ ਪਾਠਕ ਜ਼ਰੂਰ ਸੀ। ਜ਼ਿੰਦਗੀ ਨੂੰ ਜਿਊਣ ਲਈ ਜੋ ਜ਼ਾਵੀਏ ਜਾਂ ਮਾਪ ਦੰਡ ਹੁੰਦੇ ਹਨ ਉਹ ਉਨ੍ਹਾਂ ਤੋਂ ਤਾਂ ਉੱਪਰ ਹੈ ਹੀ ਸੀ, ਪਰ ਮਨਮੋਹਨ ਦੀ ਸਾਹਿਤ ਨੂੰ ਸਮਝਣ ਤੇ ਉਸ ਉੱਪਰ ਟਿੱਪਣੀ ਕਰਨ ਦਾ ਇਕ ਖਾਸ ਅੰਦਾਜ਼ ਇਹ ਵੀ ਸੀ ਕਿਉਂਕਿ ਉਹ ਖੁਦ ਇਕ ਸਾਹਿਤਕਾਰ ਸੀ। ਮਨਮੋਹਨ ਨਾਲ ਮੇਰੀ ਪਹਿਲੀ ਮੁਲਾਕਾਤ ਪੰਜਾਬੀ ਅਕਾਦਮੀ ਦੇ ਇਕ ਫੰਕਸ਼ਨ ਸਮੇਂ ਹੋਈ। ਉਦੋਂ ਉਹ ਇਹ ਫੰਕਸ਼ਨ ਅਟੈਂਡ ਕਰਨ ਖਾਸ ਕਰਕੇ ਬਿਹਾਰ ਤੋਂ ਸਫਰ ਕਰਕੇ ਆਇਆ ਸੀ। ਤ੍ਰਿਕਾਲਾਂ ਵੇਲੇ ਅਸੀਂ ਸਾਰੇ ਪਹਾੜ ਗੰਜ ਇਕ ਹੋਟਲ ਦੇ ਕਮਰੇ ਵਿਚ ਇਕੱਠੇ ਹੋਏ ਤੇ ਇਕ ਦੂਜੇ ਦੀ ਦੋਸਤੀ ਦੇ ਲੜ ਲੱਗ ਗਏ।
ਗੱਲਪ ਲੇਖਕ ਨਛੱਤਰ ਉਦੋਂ ਬੈਂਕ ਵਿਚ ਅਫਸਰ ਸੀ। ਫਿਰ ਪ੍ਰੀਤਮ ਦਿੱਲੀ ਦੀ ਪੰਜਾਬੀ ਅਕਾਦਮੀ ਦਾ ਸਕੱਤਰ ਬਣ ਗਿਆ। ਉਹ ਉਂਜ ਤਾਂ ਉਹ ਵੀ ਸ਼ੋਰਟ ਸਰਵਿਸ ਕਮਸ਼ਿਨ ਵਲੋਂ ਸੀਲੈਕਟ ਹੋਇਆ ਹੋਇਆ ਸੀ ਪਰ ਦਿੱਲੀ ਸਰਕਾਰ ਵਿਚ ਡੈਪੂਟੇਸ਼ਨ ‘ਤੇ ਭੇਜਿਆ ਗਿਆ ਸੀ। ਪੰਜਾਬੀ ਅਕਾਦਮੀ ਤੋਂ ਮਗਰੋਂ ਉਹ ਦਿੱਲੀ ਦੇ ਕੜਕੜਦੂਮਾ ਕੋਰਟ ਵਿਚ ਐੱਸ ਡੀ ਐਮ ਤੇ ਫਿਰ ਦਮਨ ਵਿਚ ਕੁਲੈਕਟਰ ਵਜੋਂ ਭੇਜ ਦਿੱਤਾ ਗਿਆ। ਤੇ ਇੱਧਰ ਰਵੇਲ ਸਿੰਘ ਪੰਜਾਬੀ ਅਕਾਦਮੀ ਦਾ ਸਕੱਤਰ ਥਾਪ ਦਿੱਤਾ ਗਿਆ ਸੀ। ਰਵੇਲ ਸਿੰਘ ਨੇ ਮੈਨੂੰ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਬਣ ਜਾਣ ਲਈ ਕਿਹਾ। ਨੂਰ ਅੰਦਰ ਖਾਤੇ ਇਸ ਗੱਲ ਤੋਂ ਖੁਸ਼ ਨਹੀਂ ਸੀ। ਪਰ ਰਵੇਲ ਦੇ ਫੈਸਲੇ ਮੁਹਰੇ ਉਹ ਨਾ ਕੁਸਕਿਆ ਤੇ ਮੈਂ ਦਿੱਲੀ ਛੱਡਣ ਤੀਕ ਪੰਜਾਬੀ ਅਕਾਦਮੀ ਦੀ ਗਵਰਨਿੰਗ ਕੌਂਸਲ ਦਾ ਮੈਂਬਰ ਰਿਹਾ। ਉਨ੍ਹਾਂ ਦਿਨਾਂ ਵਿਚ ਹੀ ਮਨਮੋਹਨ ਵੀ ਦਿੱਲੀ ਆ ਗਿਆ। ਮਨਮੋਹਨ ਦਾ ਉਦੋਂ ਡੀ ਆਈ ਜੀ ਦਾ ਰੈਂਕ ਹੁੰਦਾ ਸੀ। ਗੱਲ ਕੀ ਕਿ ਸਾਡੀ ਟੀਮ ਬਣ ਗਈ।
ਉਦੋਂ ਮੈਂ ਦਿੱਲੀ ਦੇ ਪ੍ਰੈੱਸ ਕਲੱਬ ਆਫ ਇੰਡੀਆ ਦਾ ਆਰਡੀਨਰੀ ਮੈਂਬਰ ਹੁੰਦਾ ਸੀ। ਮੇਰੇ ਕੋਲ ਵੋਟ-ਅਧਿਕਾਰ ਵੀ ਸੀ। ਕਲੱਬ ਦੀਆਂ ਚੋਣਾਂ ਵੇਲੇ ਇਥੇ ਬਹੁਤ ਨਜ਼ਾਰੇ ਹੁੰਦੇ ਸਨ। ਇਕ ਵਾਰੀ ਬਹੁਤ ਭਾਰੀ ਮੁਕਾਬਲਾ ਹੋਇਆ। ਚੋਣਾਂ ਦੇ ਦਿਨ ਜਦੋਂ ਵੋਟਾਂ ਭੁਗਤ ਗਈਆਂ ਤੇ ਬੈਲਟ-ਪੇਪਰ ਵਾਲੀਆਂ ਪੇਟੀਆਂ ਸੀਲ ਹੋ ਗਈਆਂ ਤਾਂ ਸ਼ਾਮ ਹੋ ਚੁੱਕੀ ਸੀ। ਮੇਰਾ ਇਕ ਪ੍ਰੈੱਸ ਫੋਟੋਗ੍ਰਾਫਰ ਦੋਸਤ ਟੇਕੀ ਕਲੱਬ ਦੇ ਮੁੱਖ ਹਾਲ ਨੂੰ ਜਾਣ ਵਾਲੀ ਐਂਟਰੀ ਵਾਲੇ ਦਰਵਾਜ਼ੇ ਦੇ ਐਨ ਮੁਹਰੇ ਬੈਠ ਗਿਆ। ਮੈਂ ਬਾਰ ਕਾਊਂਟਰ ‘ਤੇ ਬੈਠਾ ਸੀ। ਮੈਨੂੰ ਉਸ ਆਵਾਜ਼ ਦੇ ਕੇ ਕਿਹਾ “ਐਥੇ ਆ ਜਾਹ ! ਤੈਨੂੰ ਕੁਝ ਜਲਵਾ ਦਿਖਾਵਾਂ !” ਮੈਂ ਆਪਣਾ ਗਿਲਸ ਚੁੱਕ ਉਸ ਕੋਲ ਆ ਗਿਆ। ਜੋ ਵੀ ਮੈਂਬਰ ਉਸ ਹਾਲ ਅੰਦਰ ਆਵੇ, ਉਹ ਉਸੇ ਨੂੰ ਬੁਲਾ ਕੇ ਕਹੇ, “ਆਪ ਨੇ ਮੁਝੇ ਵੋਟ ਡਾਲੀ ਥੀ ਨਾ ?”
ਹਰ ਬੰਦਾ ਹੀ ਇਹੀ ਜੁਆਬ ਦੇਵੇ, “ਅਰੇ ਭਾਈ ! ਆਪ ਕੋ ਕੈਸੇ ਨਹੀਂ ਡਾਲਤਾ?”
ਉਹ ਅੰਦਰ ਹੀ ਅੰਦਰ ਹੱਸੀ ਜਾਵੇ। ਫਿਰ ਦੂਸਰਾ ਫਿਰ ਤੀਸਰਾ। ਇਸ ਤਰ੍ਹਾਂ ਉਹ ਸਾਰਿਆਂ ਨੂੰ ਕਹੇ। ਤੇ ਹਰ ਕੋਈ ਹਾਂ ‘ਚ ਜੁਆਬ ਦੇਵੇ। ਪਰ ਮੈਂ ਪਰੇਸ਼ਾਨ ਕਿ ਵੋਟਾਂ ਤੋਂ ਮਗਰੋਂ ਇਹ ਕੀ ਕਰ ਰਿਹਾ? ਕੁਝ ਪੱਲ ਮਗਰੋਂ ਜਦ ਸਾਡੀ ਟੇਬਲ ‘ਤੇ ਕੋਈ ਨਹੀਂ ਸੀ, ਤਾਂ ਟੇਕੀ ਮੇਰੇ ਕੰਨ ‘ਚ ਹੌਲੀ ਦੇਣੀ ਕਹਿੰਦਾ, “ਸਾਲੇ! ਕਿੰਨੇ ਝੂਠੇ ਤੇ ਫਰੌਡ ਹਨ? …ਮੈਂ ਤਾਂ ਚੋਣਾਂ ਵਿਚ ਕਦੇ ਖੜ੍ਹਾ ਹੀ ਨਹੀਂ ਹਇਆ।” ਉਸ ਨੇ ਇਸੇ ਤਰ੍ਹਾਂ ਆਪਣੀ ਦੁਕਾਨ ਤਾਂ ਚਾਲੂ ਰੱਖੀ ਤੇ ਅਸਲੀਅਤ ਪਤਾ ਲੱਗਣ ਬਾਅਦ ਜਦੋਂ ਉਹ ਕਿਸੇ ਨਾਲ ਵੀ ਇਹ ਗੱਲ ਕਰੇ ਤਾਂ ਲੋਕਾਂ ਦੇ ਜੁਆਬ ਸੁਣ ਮੇਰਾ ਹਾਸਾ ਨਾ ਰੁਕੇ।
***
ਪ੍ਰੈੱਸ ਕਲੱਬ ਸਾਡੇ ਸਭ ਦੇ ਘਰਾਂ ਦੇ ਗੱਭੇ ਪੈਂਦਾ ਸੀ। ਇੱਥੇ ਉਦੋਂ ਖਾਣਾ ਵੀ ਬਿਲਕੁਲ ਘਰ ਵਰਗਾ ਤੇ ਉਮਦਾ ਹੁੰਦਾ ਸੀ। ਕੋਈ ਤੇਲ-ਵੇਲ ਨਹੀਂ ਸੀ ਹੁੰਦਾ ਤੇ ਇਸ ਕਲੱਬ ਵਿਚ ਚਟਪਟਾਹਟ ਲਈ ਮਸਾਲੇ ਪਾਉਣੇ ਵੀ ਮਨ੍ਹਾਂ ਸਨ। ਮੀਡੀਏ ਦੇ ਡਰ ਕਰਕੇ ਇਥੇ ਡਰਿੰਕ ਵੀ ਗਾਰੰਟਿਡ ਪਿਊਰ ਤੇ ਬਹੁਤ ਸਸਤੀ ਹੁੰਦੀ ਸੀ। ਜਲਦੀ ਜਲਦੀ ਔਫਰਾਂ ਵੀ ਲਗਦੀਆਂ ਸਨ ਕਿਉਂਕਿ ਵ੍ਹਿਸਕੀ ਬਨਾਉਣ ਵਾਲੀਆਂ ਫੈਕਟਰੀਆਂ ਹਮੇਸ਼ਾਂ ਤੱਤਪਰ ਰਹਿੰਦੀਆਂ ਕਿ ਪੱਤਰਕਾਰ ਉਨ੍ਹਾਂ ਦੀ ਡਰਿੰਕ ਨੂੰ ਟੇਸਟ ਕਰਨ। ਨਾਲ ਹੀ ਕੋਈ ਨਾ ਕੋਈ ਵਧੀਆ ਗਿਫਟ ਵੀ ਆਫਰ ਹੁੰਦਾ। ਬਾਈ ਵੰਨ ਗੈੱਟ ਵੰਨ ਫਰੀ ਤਾਂ ਆਮ ਹੀ ਹੁੰਦਾ। ਸੋ ਅਸੀਂ ਇਸੇ ਜਗਾ੍ਹ ਨੁੰ ਹੀ ਆਪਣਾ ਠੀਹਾ ਬਣਾ ਲਿਆ। ਤੇ ਲਗਪਗ ਰੋਜ਼ ਹੀ ਇੱਥੇ ਮਿਲਣ ਲੱਗ ਪਏ। ਸ਼ਾਮ ਵੇਲੇ ਹੌਲੀ ਹੌਲੀ ਸਾਰੇ ਆ ਜਾਂਦੇ ਤੇ ਹਰ ਰੋਜ਼ ਹੀ ਕੋਈ ਨਾ ਕੋਈ ਨਵੀਂ ਬਹਿਸ ਛਿੜ ਪੈਂਦੀ। ਇਸ ਬਹਿਸ ਵਿਚ ਕਦੇ ਕਾਫਕਾ ਤੇ ਕਦੇ ਸੋਲਜ਼ੇਨਿਤਸਨ ਕਾਬੂ ਆ ਜਾਂਦੇ ਤੇ ਕਦੇ ਚਰਚਿਲ ਤੇ ਕਦੇ ਸਟਾਲਿਨ। ਕਦੇ ਮੰਟੋ ਤੇ ਕਦੇ ਰਾਜਿੰਦਰ ਸਿੰਘ ਬੇਦੀ ਸਾਡੇ ਕਾਬੂ ਆ ਜਾਂਦੇ ਤੇ ਸਾਡੇ ‘ਚੋਂ ਕਈ ਉਨ੍ਹਾਂ ਦੇ ਪੜਛੇ ਉੜਾ ਦਿੰਦੇ। ਕੋਈ ਹੱਕ ‘ਚ ਬੋਲਦਾ ਤੇ ਕੋਈ ਖਿਲਾਫ। ਉਦੋਂ ਮੈਂ ਇੰਡੀਅਨ ਕੌਫੀ ਹਾਊਸ ਨੂੰ ਬਹੁਤ ਚੇਤੇ ਕਰਦਾ। ਕੌਫੀ ਹਾਊਸ ਵਿਚ ਇਸੇ ਤਰਾਂ੍ਹ ਦੀਆਂ ਗੰਭੀਰ ਤੇ ਹਲਕੀਆਂ-ਫੁਲਕੀਆਂ ਬਹਿਸਾਂ ਹੁੰਦੀਆਂ ਸਨ। ਪਰ ਕਦੇ ਕਦੇ ਨਛੱਤਰ ਵਿਚੋਂ ਹੀ ਆਪਣੀ ਪੋਲੀ ਜਿਹੀ ਆਵਾਜ਼ ਵਿਚ ਕੋਈ ਨਾ ਕੋਈ ਲਤੀਫਾ ਸੁਣਾ ਸਾਰੇ ਮਾਹੌਲ ਨੂੰ ਹਲਕਾ ਫੁਲਕਾ ਬਣਾ ਦਿੰਦਾ।
ਚੁਟਕਲੇ ਤੋਂ ਚੇਤਾ ਆਇਆ ਕਿ ਦਿੱਲੀ ਵਿਚ ਸੱਤਰ ਐਮ ਐਮ ਦਾ ਪਹਿਲਾ ਸਿਨੇਮਾ ਸ਼ੀਲਾ ਸ਼ੁਰੂ ਹੋਇਆ ਸੀ। ਪਹਿਲੀ ਫਿਲਮ ਲੱਗੀ ਸੀ “ਸੋਲੋਮਨ ਐਂਡ ਸ਼ੀਬਾ”। ਮੇਂ ਆਪਣੇ ਦੋਸਤਾਂ ਨੂੰ ਕਿਹਾ ਚਲੋ ਸੱਤਰ ਐਮ ਐਮ ਦੀ ਸਕਰੀਨ ‘ਤੇ ਪਿਕਚਰ ਦੇਖੀਏ। ਭਹੁਤ ਮਜ਼ਾ ਆਏਗਾ। ਉਨ੍ਹਾਂ ਦਿਨਾਂ ਵਿਚ ਅੰਗ੍ਰੇਜ਼ੀ ਫਿਲਮਾਂ ਵਿਚ ਦੋ-ਚਾਰ ਨੰਗੇ ਸੀਨਾਂ ਦੀ ਬੜੀ ਕਰੇਜ਼ ਹੁੰਦੀ ਸੀ। ਇਸ ਕਰਕੇ ਕਈ ਅਨਪੜ੍ਹ-ਅਡੱਲਟ ਵੀ “ਏ” ਸਰਟੀਫੀਕੇਟ ਵਾਲੀਆਂ ਫਿਲਮਾਂ ਦੇਖਣ ਚਲੇ ਜਾਂਦੇ ਹੁੰਦੇ ਸਨ। ਉਸੇ ਫਿਲਮ ਨੂੰ ਦੇਖਣ ਲਈ ਇਕ ਸੰæਭੂ ਨਾਂਅ ਦਾ ਮੁੰਡਾ ਮੇਰੇ ਮਗਰ ਹੀ ਪੈ ਗਿਆ। ਤੇ ਅਖੀਰ ਉਹ ਵੀ ਸਾਡੇ ਨਾਲ ਇਹ ਫ਼ਿਲਮ ਦੇਖਣ ਚਲਾ ਆਇਆ। ਫਿਲਮ ਦੇ ਵਿਚ ਇਕ ਹਾਸੇ ਦਾ ਸੀਨ ਆਇਆ। ਸਾਰਾ ਹਾਲ ਖਿਲਖਿਲਾ ਕੇ ਹੱਸ ਪਿਆ। ਪਰ ਸ਼ੰਭੂ ਕਦੇ ਇਹਦੇ ਮੂੰਹ ਵੱਲ ਦੇਖੇ ਤੇ ਕਦੇ ਉਹਦ ਮੂੰੰਹ ਵੱਲ। ਅੰਗ੍ਰੇਜ਼ੀ ਆਉਂਦੀ ਨਹੀਂ ਸੀ ਤੇ ਸੀਨ ਸਮਝ ਨਾ ਆਇਆ। ਉਹ ਤਾਂ ਸਿਰਫ ਨੰਗੇ ਜਾਂ ਅਸ਼ਲੀਲ ਸੀਨ ਦੇਖਣ ਦੇ ਮਕਸਦ ਨਾਲ ਆਇਆ ਸੀ। ਹੁਣ ਸ਼ੰਭੂ ਪਰੇਸ਼ਾਨ।
ਅਖੀਰ ਫਿਲਮ ਵਿਚ ਇਕ ਬਹੁਤ ਹੀ ਭਾਵੁਕ ਸੀਨ ਆਉਂਦਾ ਜਦੋਂ ਸ਼ੀਬਾ ਨੂੰ “ਮਨਹੂਸ” ਸਮਝ ਕੇ ਸਾਰੀ ਕਮਿਊਨਿਟੀ ਪੱਥਰ ਮਾਰਦੀ ਹੈ। ਸਾਰੇ ਹਾਲ ਵਿਚ ਗੰਭੀਰ ਸੱਨਾਟਾ। ਲ਼ੋਕ ਗੰਭੀਰ। ਰੋਣ ਹਾਕੇ। ਪਰ ਸਾਰੇ ਹਾਲ ਵਿਚ ਇਕੋ-ਇਕ ਸ਼ੰਭੂ ਜ਼ੋਰ ਜ਼ੋਰ ਨਾਲ “ਹਾ ਹਾ ਹਾ” ਦੇ ਠਹਾਕੇ ਲਗਾ ਕੇ ਹੱਸ ਪਿਆ। ਸਾਰੇ ਹਾਲ ਦੇ ਲੋਕ ਮੂੰਹ ਮੋੜ-ਮੋੜ ਉਸ ਵੱਲ ਦੇਖਣ। ਜਦ ਉਸ ਨੂੰ ਪੁਛਿਆ ਕਿ “ਐਨੇ ਸੀਰੀਅਸ ਸੀਨ ਸਮੇਂ ਹੱਸਿਆ ਕਓਂ?”
ਉਹ ਜੁਆਬ ‘ਚ ਕਹਿੰਦਾ “ਜਦੋਂ ਤੁਸੀਂ ਹੱਸੇ ਸੀ ਤਾਂ ਮੈਂ ਪੁੱਛਿਆ ਸੀ ?”
ਸਾਡੇ ਸਾਰਿਆਂ ਵਿਚ ਸੁਤਿੰਦਰ ਸਿੰਘ ਨੂਰ ਇਕ ਵੱਖਰਾ ਹੀ ਪਾਤਰ ਸੀ। ਉਸ ਵਿਚ ਸਭ ਤੋਂ ਖੂਬਸੂਰਤ ਗੱਲ ਇਹ ਸੀ ਕਿ ਉਹ ਆਰਟੀਕੁਲੇਟਰ ਬਹੁਤ ਹੀ ਵਧੀਆ ਸੀ। ਗੱਲ ਸਾਹਿਤ ਦੀ ਹੋਵੇ ਜਾਂ ਰਾਜਨੀਤੀ ਦੀ।
ਸਭਿਆਚਾਰ ਦੀ ਹੋਵੇ ਜਾਂ ਇਤਿਹਾਸ ਬਾਰੇ। ਉਹ ਗੱਲ ਨੂੰ ਐਸੇ ਤਰੀਕੇ ਨਾਲ ਪੇਸ਼ ਕਰਦਾ ਸੀ ਕਿ ਭਾਵੇਂ ਉਹ ਕੋਰਾ ਝੂਠ ਹੀ ਹੋਵੇ, ਤੁਹਾਨੂੰ ਉਹੀ ਸੱਚ ਲੱਗਣ ਲਗਦਾ ਸੀ। ਦੂਜੀ ਗੱਲ ਉਸ ਵਿਚ ਇਹ ਸੀ ਕਿ ਉਹ ਵਿਦਿਆਰਥੀ ਬਹੁਤ ਹੀ ਇੰਟੈਲੀਜੈਂਟ ਸੀ। ਜੋ ਵੀ ਗੱਲ ਉਹ ਕਿਤੇ ਇਕ ਵਾਰੀ ਸੁਣ ਜਾਂ ਪੜ੍ਹ ਲੈਂਦਾ ਉਹ ਕਦੇ ਨਾ ਭੁੱਲਦਾ। ਇਹੀ ਕਾਰਣ ਸੀ ਕਿ ਉਸ ਦੇ ਕੋਲ ਜਿੰਨੀ ਨੱਥੂ ਰਾਮ ਹਲਵਾਈ ਬਾਰੇ ਜਾਣਕਾਰੀ ਹੁੰਦੀ ਸੀ ਉੱਨੀ ਹੀ ਸ਼ੈਕਸਪੀਅਰ ਦੇ ਜੰਮਣ-ਮਰਣ ਤੇ ਉਸ ਦੇ ਇਸ਼ਕਾਂ ਬਾਰੇ ਹੁੰਦੀ। ਜਿੰਨੀ ਜਾਣਕਾਰੀ ਉਹ ਇਨ੍ਹਾਂ ਲੋਕਾਂ ਬਾਰੇ ਰੱਖਦਾ, ਉਹ ਸ਼ਾਇਦ ਹਲਵਾਈਆਂ ਦੀ ਬਿਰਾਦਰੀ ਕੋਲ ਵੀ ਨਹੀਂ ਹੋਣੀ ਹੈ ਤੇ ਨਾ ਹੀ ਬ੍ਰਤਾਨੀਆ ਦੇ ਦਾਨਿਸ਼ਵਰਾਂ ਕੋਲ। ਉਹ ਕਿਸੇ ਬੈਂਕ ਮੈਨੇਜਰ ਦੀ ਲਿਖੀ ਕਵਿਤਾ ਦੀ ਭੂਮਿਕਾ ਵੀ ਲਿਖ ਸਕਦਾ ਸੀ ਤੇ ਚੰਬਲ ਦੇ ਡਾਕੂ ਦੇ ਡਾਕੂਆਂ ਦੇ ਸਫਰ ਦੀ ਵੀ।
ਨੂਰ ਨੂੰ ਕਈ ਵਾਰੀ ਮੈਂ ਛੇੜਦਾ ਵੀ ਹੁੰਦਾ ਸਾਂ “ਪ੍ਰੋਫੈਸਰੀ ਕਰਦਾਂ ਜਾਂ ਸੀ.ਆਈ.ਡੀ.ਦੀ ਨੌਕਰੀ ?” ਕਿਉਂਕਿ ਉਹ ਲੋਕਾਂ ਬਾਰੇ… ਆਪਣੇ ਆਸੇ-ਪਾਸੇ ਬਾਰੇ… ਭਰਪੂਰ ਜਾਣਕਾਰੀ ਰੱਖਦਾ ਸੀ। ਤੁਸੀਂ ਕਿਸੇ ਵੀ ਲੇਖਕ ਦਾ ਨਾਮ ਲੈ ਲਓ ਜਾਂ ਉਸ ਬਾਰੇ ਜ਼ਿਕਰ ਹੀ ਕਰੋ ਤਾਂ ਉਹ ਤੁਹਾਨੂੰ ਉਸ ਲੇਖਕ ਦਾ ਇਤਿਹਾਸ ਦੱਸ ਸਕਦਾ ਸੀ ਕਿ ਇਹ ਬੰਦਾ ਕਿੱਥੇ ਜੰਮਿਆ, ਕਿੱਥੇ ਪਲਿਆ ਤੇ ਕੀ ਲਿਖਿਆ।
ਪ੍ਰੋæ ਨੂਰ ਵਿਸ਼ਾਲ ਹਿਰਦੇ ‘ਤੇ ਬੁੱਧੀਜੀਵੀ ਸੋਚ ਦਾ ਮਾਲਕ ਤਾਂ ਸੀ ਹੀ ਪਰ ਮੈਂ ਜਦੋਂ ਵੀ ਉਸ ਨਾਲ ਬਹੁਤ ਸਾਰੀਆਂ ਗੱਲਾਂ ਬਾਰੇ ਜ਼ਿਕਰ ਕਰਦਾ ਤਾਂ ਅੰਤ ਅਸੀਂ ਬਹਿਸੇ-ਮੁਬਾਸੇ ਤੋਂ ਬਾਅਦ ਆਪਣੀ ਸ਼ਾਂਤਮਈ ਜ਼ਿੰਦਗੀ ‘ਚ ਪਹੁੰਚ ਜਾਂਦੇ। ਉਹ ਵਿਦਵਤਾ ਤੇ ਬੁੱਧੀਜੀਵਤਾ ਦੇ ਗੰਭੀਰ ਮਸਲੇ ਕਦੇ ਮਜ਼ਾਕ ‘ਚ ਉਡਾ ਉਨ੍ਹਾਂ ਦਾ ਭੋਗ ਪਾ ਦਿੰਦਾæææ! ਮੇਰੇ ਦਫਤਰ ਬਹੁਤ ਲੋਕ ਆਉਂਦੇ ਜਾਂਦੇ ਰਹਿੰਦੇ ਸਨ। ਨਾਰਥ ਦਿੱਲੀ ਵਿਚ ਇਕ ਮੈ ਹੀ ਐਸਾ ਪ੍ਰਕਾਸ਼ਕ ਸਾਂ ਜੋ ਛਪੀ-ਅਕਲ ਦਾ ਪਹਿਰੇਦਾਰ ਸਾਂ। ਉਂਜ ਮੋਤੀਲਾਲ ਬਨਾਰਸੀ ਦਾਸ ਵੀ ਮੇਰੇ ਗੁਆਂਢੀ ਸਨ। ਚੌਖੰਬਾ ਸੰਸਕ੍ਰਿਤ ਸੀਰੀਸ ਵਾਲੇ ਵੀ ਬਨਾਰਸ ਵਿਚ ਵੱਖਰੇ ਹੋਣ ਬਾਅਦ ਦਿੱਲੀ ਆ ਗਏ ਸਨ। ਭਾਰਤੀਯ ਵਿਦਿਆ ਪ੍ਰਕਾਸ਼ਨ ਜਾਂ ਹੋਰ ਵੀ ਕਈ ਸਨ। ਉਹ ਸਾਰੇ ਪ੍ਰਾਚੀਨ ਸਭਿਅਤਾ ਤੇ ਸੰਸਕ੍ਰਿਤੀ ਦੇ ਹੀ ਉਪਾਸ਼ਕ ਸਨ। ਪਰ ਮੈਂ ਇਸ ਦੇ ਨਾਲ ਆਧੁਨਿਕਤਾ ਵੀ ਜੋੜ ਲਈ ਸੀ। ਏਸ ਪਾਸੇ ਵੱਡੀ ਮਾਰਕੀਟ ਵੀ ਮੇਰੇ ਦਫਤਰ ਦੇ ਆਸੇ ਪਾਸੇ ਹੀ ਸੀ। ਦਿੱਲੀ ਯੂਨੀਵਰਸਿਟੀ ਦੇ ਆਸੇ ਪਾਸੇ ਖਿੱਲਰੇ ਕਰੀਬ ਦਰਜਣ ਕੁ ਕਾਲਜ ਸਨ, ਹਜ਼ਾਰਾਂ ਟੀਚਰ ਤੇ ਬੇਸ਼ੁਮਾਰ ਖੋਜੀ ਵਿਦਿਆਰਥੀ। ਸਭ ਨੂੰ ਕਿਤਾਬ ਖਰੀਦਣ ਉਦੋਂ ਮੇਰੇ ਦਫਤਰ ਵਾਲੀ ਸੜਕ ਬੰਗਲੋ ਰੋਡ ‘ਤੇ ਹੀ ਆਉਣਾ ਪੈਂਦਾ ਸੀ। ਘਰੇਲੂ ਸਾਮਾਨ ਤੇ ਆਮ ਲੋੜਾਂ ਲਈ ਵੀ ਇਹੀ ਇਲਾਕਾ, ਯਾਣੀ ਕਮਲਾ ਨਗਰ ਨਾਂਅ ਦੀ ਮਾਰਕੀਟ ਹੀ ਵੱਡੀ ਸੀ ਇੱਥੇ ਸਭ ਕੁਝ ਮਿਲ ਜਾਂਦਾ ਸੀ। ਇੱਥੇ ਹੀ ਪੰਜਾਬੀ ਦੀ ਕੋਇਲ ਸੁਰਿੰਦਰ ਕੌਰ ਵੀ ਕੁਝ ਨਾ ਕੁਝ ਖਰੀਦਣ ਆਉਂਦੀ ਹੁੰਦੀ ਸੀ ਕਿਉਂਕਿ ਉਸ ਦਾ ਘਰ ਵੀ ਨੇੜੇ ਹੀ ਸੀ। ਮੇਰੀ ਪਤਨੀ ਜਸਬੀਰ ਅਟਵਾਲ ਨੂੰ ਵੀ ਉਹ ਖੂਬ ਪਚਾਣਦੀ ਸੀ ਤੇ ਜਦੋਂ ਵੀ ਇਹ ਇਕ ਦੂਜੇ ਨੂੰ ਮਿਲਦੀਆ ਤਾਂ ਗੱਲਾਂ ਹੀ ਨਾ ਮੁਕਦੀਆਂ। ਕ੍ਰਿਸ਼ਨਾ ਸੋਬਤੀ ਵੀ ਸੁਰਿੰਦਰ ਕੌਰ ਦੇ ਨੇੜੇ ਰਾਵੀਰਾ ਫਲੈਟ ‘ਚ ਰਹਿੰਦੇ ਸਨ। ਮੇਰੇ ਪਰਿਵਾਰ ਨਾਲ ਤਾਂ ਉਹ ਇੰਜ ਘਿਚ-ਮਿਚ ਗਈ ਸੀ ਕਿ ਜਦੋਂ ਸਾਡੇ ਘਰ ਸਰ੍ਹੋਂ ਦਾ ਸਾਗ ਤੇ ਮੱਕੀ ਦੀ ਰੋਟੀ ਪੱਕਣੀ, ਉਹ ਦੌੜੀ ਆ ਜਾਂਦੀ ਸੀ। ਜਾਂ ਮੈਂ ਡੱਬੇ ‘ਚ ਪਾ ਉਹਦੇ ਘਰ ਲੈ ਜਾਂਦਾ।
ਕਈ ਵਾਰੀ ਮੈਂ ਨੂਰ ਨੂੰ ਕਹਿੰਦਾ ਹੁੰਦਾ ਸਾਂ ਕਿ “ਕੁਦਰਤ ਵਲੋਂ ਜ਼ਿੰਦਗੀ ਤੁਹਾਨੂੰ ਕਿਸੇ ਨਾ ਕਿਸੇ ਗੱਲ ਦੀ ਪ੍ਰਤੀਨਿਧਤਾ ਕਰਨ ਵਾਸਤੇ ਮਿਲੀ ਹੈ।” ਕਿਉਂਕਿ ਮੇਰੇ ਵਰਗਾ ਪੇਂਡੂ ਇਨਸਾਨ, ਪੱਠੇ ਵੱਢ-ਵੱਢ ਪਸੂਆਂ ਨੂੰ ਪਾਉਣ ਵਾਲਾ… ਫਲ੍ਹਿਆਂ ਦੇ ਬੱਲਦਾਂ ਨੂੰ ਹੱਕਣ ਵਾਲਾ… ਤੇ ਕਦੇ ਕਦੇ ਮੈਂ ਖੁਦ ਅੰਦਾਜ਼ਾ ਲਗਾ ਕੇ ਵੀ ਹੈਰਾਨ ਹੁੰਨਾਂ ਕਿ ਮੈਂ ਕਿਥੋਂ ਤੁਰਿਆ ਸੀ ਤੇ ਕਿੱਥੇ ਪਹੁੰਚਿਆ। ਇੰਦਰਾ ਗਾਂਧੀ, ਇੰਦਰ ਕੁਮਾਰ ਗੁਜਰਾਲ, ਚੰਦਰ ਸ਼ੇਖਰ, ਵਰਗੇ ਪ੍ਰਧਾਨ ਮੰਤਰੀਆਂ ਤੇ ਲਾਲ ਕ੍ਰਿਸ਼ਨ ਆਡਵਾਨੀ ਨਾਲ ਸਟੇਜਾਂ ਵੀ ਸਾਂਝੀਆਂ ਕੀਤੀਆਂ। ਗਿਅਨੀ ਜ਼ੈਲ ਸਿੰਘ, ਸ਼ੰਕਰ ਦਿਆਲ ਸ਼ਰਮਾ, ਵਰਗੇ ਰਾਸ਼ਟਰਪਤੀਆਂ ਵਲੋਂ ਮਿਲੇ ਸੱਦਿਆਂ ‘ਤੇ ਉਨ੍ਹਾਂ ਦੇ ਘਰ ਚਾਹਾਂ/ਖਾਣਿਆਂ ਵਾਲੀਆਂ ਪਾਰਟੀਆਂ ਹੀ ਸਾਂਝੀਆਂ ਕਰਨ ‘ਚ ਸਿਰਫ ਕਾਮਯਾਬੀ ਹੀ ਹਾਸਿਲ ਨਹੀਂ ਕੀਤੀ, ਸਗੋਂ ਕਈਆਂ ਨਾਲ ਜ਼ਾਤੀ ਰਿਸ਼ਤੇ ਵੀ ਕਾਇਮ ਕੀਤੇ। ਭਾਰਤ ਦੇ ਬੈਸਟ ਪਾਰਲੀਮੈਂਟੇਰੀਅਨ ਮਧੂ ਲਿਮਏ, ਜਸਟਿਸ ਵੀ ਐਮ ਤਾਰਕੁੰਡੇ, ਪ੍ਰੋ ਰਜਨੀ ਕੋਠਾਰੀ, ਆਰ ਐਨ ਦਾਂਡੇਕਰ, ਐੱਚ ਡੀ ਸੰਕਾਲੀਆ, (ਲਾਰਡ) ਭਿਖੂ ਪਾਰੇਖ, (ਸਮਾਜਵਾਦੀ ਰਾਜਨੀਤੀਵਾਨ ਤੇ ਇਕ ਸਮੇਂ ਭਾਰਤ ਦਾ ਰੱਖਿਆ ਮੰਤਰੀ) ਜਾਰਜ ਫਰਨਾਂਡਿਸ, ਖਵਾਜਾ ਅਹਿਮਦ ਅੱਬਾਸ ਵਰਗੇ ਉਘੇ ਲੇਖਕ ਤਾਂ ਪ੍ਰਕਾਸ਼ਿਤ ਕਰਕੇ ਮਾਣਤਾ ਹਾਸਿਲ ਤਾਂ ਕੀਤੀ ਪਰ ਅਜਿਹੇ ਲੇਖਕਾਂ ਦੇ ਨਾਲ ਜੁੜਨ ਕਾਰਨ ਬੇਸ਼ੁਮਾਰ ਉਹ ਲੋਕ ਵੀ ਤਿਆਰ ਕੀਤੇ ਜੋ ਸ਼ਾਇਦ ਕਦੇ ਲਿਖਦੇ ਹੀ ਨਾ ਤੇ ਜਾਂ ਬਹੁਤ ਘੱਟ ਲਿਖਦੇ। ਪ੍ਰੋ ਰਣਧੀਰ ਸਿੰਘ ਲਿਖਣ ਤੋਂ ਬਹੁਤ ਗੁਰੇਜ਼ ਕਰਦੇ ਸਨ, ਅਸਗਰ ਅਲੀ ਇੰਜੀਨੀਅਰ, ਜਾਂ ਹੋਰ ਬਹੁਤੇ ਲੇਖਕ ਜਿਨ੍ਹਾਂ ਵਿਚ ਗੁਰਭਗਤ ਸਿੰਘ ਵੀ ਸ਼ਾਮਲ ਸਨ, ਨੂੰ ਵੀ ਲਿਖਣ ਲਈ ਮੈਂ ਹੀ ਉਤਸਾਹਿਤ ਕਰ ਸਕਿਆਂ।
ਨੂਰ ‘ਚ ਰਾਜਨੀਤੀਕ ਦੌੜ, ਮਸਤ-ਮਲੰਗੀ, ਮੌਲਾਪਨ, ਮੀਸਣਾਪੰਨ, ਤਾਂ ਸੀ ਹੀ ਤੇ ਅਜਿਹਾ ਬੰਦਾ ਸੰਸਾਰਿਕ ਪਦਾਰਥਵਾਦ ਤੋਂ ਅਭਿਜ ਨਹੀਂ ਹੁੰਦਾ। ਕਈ ਵਾਰੀ ਲੋਕੀ ਹੁਣ ਉਸ ਦੇ ਇਸ ਪਹਿਲੂ ਬਾਰੇ ਗੱਲਾਂ ਕਰਦੇ ਹਨ ਪਰ ਉਸ ਦੇ ਜੀਊਂਦੇ ਜੀਅ ਕੋਈ ਨਹੀਂ ਸੀ ਕੁਸਕ ਸਕਿਆ। ਉਂਜ ਨੂਰ ਤੇ ਮੇਰੀ ਦੋਸਤੀ ‘ਚ ਲਗਪਗ ਅੱਧੀ ਸਦੀ ਦੇ ਜੀਵਨ ‘ਚ ਬਹੁਤ ਸਾਰੇ ਉਤਰਾਅ ਚੜ੍ਹਾਅ ਆਏ ਪਰ ਸਾਡੇ ਰਿਸ਼ਤਿਆਂ ਦੀ ਗਰਮਾਇਸ਼ ਹਮੇਸ਼ਾਂ ਉਹੀ ਰਹੀ ਤੇ ਉਸ ਦੇ ਜਾਣ ਮਗਰੋਂ ਵੀ ਕਾਇਮ ਹੈ। ਅਸੀਂਂ ਕਈ ਵਾਰ ਲੜੇ। ਸਾਡਾ ਆਪਸ ਵਿਚ ਬਹੁਤ ਗੱਲਾਂ ‘ਤੇ ਡਿਸਐਗਰੀਮੈਟ ਹੁੰਦਾ, ਪਰ ਦੂਸਰੇ ਦਿਨ ਸਾਨੂੰ ਪਤਾ ਨਹੀਂ ਸੀ ਹੁੰਦਾ ਕਿ ਕੱਲ੍ਹ ਅਸੀਂ ਕਿਸ ਗੱਲ ‘ਤੇ ਲੜੇ ਸੀ? ਗੱਲਾਂ ਕਰਨ ਲੱਗਾਂ ਤਾਂ ਪੋਥੀਆਂ ਭਰ ਜਾਣ।
ਇਕ ਵਾਰ ਅਸੀਂ ਉਹਦੇ ਘਰ ਬੈਠੇ ਸਾਂ। ਸਿਪ-ਸਿਪ ਕਰਦਿਆਂ ਮੇਰੇ ਅੰਦਰ ਕਿਸੇ ਕਾਰਨ ਕੋਈ ਗੁੱਸਾ ਭਰ ਆਇਆ ਤੇ ਮੈਂ ਭਰਿਆ ਗਿਲਾਸ ਪੂਰੇ ਜ਼ੋਰ ਨਾਲ ਉਨ੍ਹਾਂ ਦੇ ਘਰ ਦੀ ਸਾਹਮਣਲੀ ਕੰਧ ‘ਤੇ ਦੇ ਮਾਰਿਆ। ਗਿਲਾਸ ਦਾ ਸ਼ੀਸ਼ਾ ਟੋਟੇ-ਟੋਟੇ ਹੋ ਖਿੱਲਰ ਕੇ ਮੇਰੇ ਕੋਲ ਹੀ ਵਾਪਸ ਆਣ ਡਿੱਗਾ ਤੇ ਮੇਰਾ ਭਰਿਆ ਪੀਤਾ ਮਨ ‘ਚ ਚੂਰ-ਚੂਰ ਹੋ ਗਿਆ। ਨੂਰ ਕੁਝ ਨਾ ਬੋਲਿਆ। ਚੁੱਪ ਰਿਹਾ। ਦੂਜੇ ਦਿਨ ਸਾਨੂੰ ਬੀਤੇ ਕੱਲ੍ਹ ਬਾਰੇ ਕੁਝ ਵੀ ਨਹੀਂ ਸੀ ਪਤਾ ਤੇ ਅਸੀਂ ਦਿੱਲੀ ਯੁਨੀਵਰਸਿਟੀ ਦੇ ਪੰਜਾਬੀ ਵਿਭਾਗ ‘ਚ ਚਾਹ ਪੀਤੀ, ਮਸਕਰੀਆਂ ਕੀਤੀਆਂ ‘ਤੇ ਰਾਜਨੀਤਿਕ ਆਦਾਨ ਪ੍ਰਦਾਨ ਤੋਂ ਬਾਅਦ ਅਸੀਂ ਕਈ ਹੋਰ ਗੰਭੀਰ ਬਹਿਸਾਂ ਕਰਨ ਲਗ ਪਏ।
ਮੇਰਾ ਦਫਤਰ ਦਿੱਲੀ ਯੂਨੀਵਰਸਿਟੀ ਦੇ ਬਹੁਤ ਨੇੜੇ ਹੋਣ ਕਰਕੇ ਅਸੀਂ ਲਗਪਗ ਰੋਜ਼ ਹੀ ਮਿਲ ਲੈਂਦੇ ਸਾਂ। ਜਦੋਂ ਵੀ ਕੋਈ ਸਾਹਿਤਕਾਰ ਦਿੱਲੀ ਆਉਂਦਾ ਜਾਂ ਯੂਨੀਵਰਸਿਟੀ ‘ਚ ਕੋਈ ਸਾਹਿਤਿਕ ਪ੍ਰੋਗਰਾਮ ਹੁੰਦਾ ਮੇਰੀ ਹਾਜ਼ਰੀ ਜ਼ਰੂਰ ਹੁੰਦੀ। ਮਨਮੋਹਨ, ਰਵੇਲ ਤੇ ਨਛੱਤਰ ਵੀ ਆ ਜਾਂਦੇ। ਮਹਿਫਲਾਂ ਸੱਜਦੀਆਂ। ਜ਼ਿਆਦਾਤਰ ਮੇਰੇ ਜਾਂ ਕਦੇ ਕਦੇ ਨੂਰ ਦੇ ਘਰ। ਕਦੇ ਰਵੇਲ ਸਿੰਘ, ਮਨਮੋਹਨ, ਮੋਹਨਜੀਤ ਤੇ ਕਦੇ ਨਛੱਤਰ ਦੇ ਘਰ। ਕਦੇ ਜਗਬੀਰ ਦੇ ਘਰ ਤੇ ਕਦੇ ਅਮਰੀਕ ਪੁੰਨੀ ਦੇ ਨਾਰਾਇਣਾ ਵਾਲੇ ਅੱਡੇ ‘ਤੇ। ਤੇ ਅਕਸਰ ਅਸੀਂ ਕੋਈ ਜੰਗਲ-ਨੁਮਾ ਮਾਹੌਲ ਲਭ ਕੇ ਅਸੀਂ ਕੱਦੂ ‘ਚ ਡੰਡਾ ਗੱਡ ਕੇ “ਰਮਤੇ” ਬਣ ਜਾਂਦੇ।
+ + +
ਇਸੇ ਤਰ੍ਹਾਂ ਇਕ ਦਿਨ ਪਾਕਿਸਤਾਨੀ ਸ਼ਾਇਰਾ ਸਾਰਾ ਸ਼ਗੁਫਤਾ ਮੇਰੇ ਦਫਤਰ ਆਈ। ਉਂਝ ਤਾਂ ਉਹ ਪੰਡਿਤ ਜਗਨ ਨਾਥæææਫਿਰਾਕ ਗੋਰਖਪੁਰੀ ਨੂੰ ਜੈਪੁਰ ਮਿਲਣ ਆਈ ਸੀ, ਪਰ ਉਹ ਠੀਕ ਨਹੀਂ ਸਨ। ਕੁਮਾਰ ਪਾਸ਼ੀ ਸੰਪਾਦਕ “ਸਤੂਰ” ਤੇ ਅਮ੍ਰਿਤਾ ਪ੍ਰੀਤਮ ਦੀ ਪਹੁੰਚ-ਨੁਮਾਈ ਕਾਰਣ ਉਹ ਦਿੱਲੀ ਯੂਨੀਵਰਸਿਟੀ ਕਵਿਤਾਵਾਂ ਪੜ੍ਹਨ ਆ ਗਈ। ਉਧਰ ਨਾਲ ਹੀ ਪੰਜਾਬੀ ਦੇ ਉਭਰ ਰਹੇ ਸ਼ਾਇਰ ਰਾਜਿੰਦਰ ਆਤਿਸ਼ ਨੇ ਵੀ ਆਪਣੀਆਂ ਕਵਿਤਾਵਾਂ ਪੜ੍ਹਨੀਆਂ ਸਨ। ਉਦੋਂ ਸ਼ਾਇਦ ਦਿੱਲੀ ਯੂਨੀਵਰਸਿਟੀ ‘ਚ ਪੰਜਾਬੀ ਵਿਭਾਗ ਦੇ ਮੁਖੀ ਪਰੋਫੈਸਰ ਗੁਰਬਖਸ਼ ਸਿੰਘ ਸਨ। ਹਰਨਾਮ ਤੇ ਸੁਦਰਸ਼ਨ ਅਸਲ ਵੀ ਯੂਨੀਵਰਸਿਟੀ ਇਨ੍ਹਾਂ ਨੂੰ ਸੁਣਨ ਆ ਗਏ । ਯੂਨੀਵਰਸਿਟੀ ਦੀ ਫਾਰਮਲ ਕਾਰਵਾਈ ਤੋਂ ਬਾਅਦ ਆਵਾਰਾ ਗਰਦੀ ਦਾ ਮੌਸਮ ਆ ਗਿਆ। ਪਹਿਲੋਂ ਅਸੀਂ ਯੂਨੀਵਰਸਿਟੀ ਲਾਇਬਰੇਰੀ ਮੁਹਰੇ ਘਾਹ ‘ਤੇ ਮਹਿਫਲ ਸਜਾਈ। ਸਰਦੀਆਂ ਦੀ ਧੁੱਪ । ਸਾਰਾ ਦੀਆਂ ਖੂਬਸੂਰਤ ਕਵਿਤਾਵਾਂ। ਉਸ ਦੀਆਂ ਧੜਾ-ਧੜ ਫੂਕੀਆਂ ਸਿਗਰਟਾਂ ਦਾ ਧੂੰਆਂ। ਪਰ ਅਸੀਂ ਉਥੇ ਬਹੁਤਾ ਚਿਰ ਬੈਠ ਨਾ ਸਕੇ ਤੇ ਉਠ ਮੇਰੇ ਦਫਤਰ ਆ ਗਏ। ਇਸ ਮਹਿਫਿਲ ਵਿਚ ਸੁਤਿੰਦਰ ਸਿੰਘ ਨੂਰ, ਮੋਹਨਜੀਤ, ਆਤਿਸ਼, ਹਰਨਾਮ, ਅਮਿਤੋਜ, ਜਗਬੀਰ ਸਿੰਘ, ਗੁਰਬਚਨ, ਹਰਚਰਨ ਸਿੰਘ ਸੋਬਤੀ, ਸੁਦਰਸ਼ਨ ਅਸਲ, ਤੇ ਸ਼ਾਇਦ ਇਕ ਦੋ ਵਿਦਿਆਰਥੀ ਵੀ ਸਨ। ਸਾਰੀ ਦੁਪਹਿਰ ਸਿਲਸਿਲਾ ਚੱਲਿਆ। ਸਾਰਾ ਦੀ ਬੇਬਾਕੀ । ਉਸ ਦਾ ਹੁਸਨ। ਕਵਿਤਾ ਕਹਿਣ ਦਾ ਅੰਦਾਜ । ਤੇ ਮੇਰੇ ਦਫਤਰ ਦੇ ਕਮਰੇ ਵਿਚ ਸਿਗਰਟਾਂ ਹੀ ਸਿਗਰਟਾਂ ਦਾ ਧੂੰਆਂ ਤੇ ਉਨ੍ਹਾਂ ਦੇ ਖਿਲਰੇ ਹੋਏ ਟੋਟੇ ਤੇ ਉਨ੍ਹਾਂ ਟੋਟਿਆਂ ਵਰਗੀਆਂ ਹੀ ਸਾਰਾ ਦੀਆਂ ਨਜ਼ਮਾਂ ” ਮੈਂ ਨੰਗੀ ਚੰਗੀ”…”, “ਸਤਿਆਰਥੀ… ਮੈਨੂੰ ਧੀ ਨਾ ਆਖ”…”, “ਮੈਂ ਆਪਣੇ ਪਿਓ ਦੇ ਨੁਤਫਏ ਤੇ ਥੁੱਕਿਆ…ਤੇ ਉਥੇ ਕੁੱਤਾ ਲਿਖ ਆਈ…!”, “ਉਸ ਨੇ ਮੇਰੇ ਅਜਰਬੰਦ ਪੇ ਹਾਥ ਡਾਲਾ ਔਰ ਆਜ ਰਾਤ ਕਾ ਪਤਾ ਪੂਛਾ…!” …ਸੁਨਾਉਂਦਿਆਂ ਅੱਜ ਵੀ ਲਗਦਾ ਜਿਵੇਂ ਸਾਰਾ ਸ਼ਗੁਫਤਾ ਦੀ ਆਵਾਜ਼ ਅੱਜ ਵੀ ਉਸੇ ਤਰ੍ਹਾਂ ਉਥੇ ਹੀ ਗੂੰਜ ਰਹੀ ਹੋਵੇ।
ਉਸ ਦਿਨ ਸਾਰਿਆਂ ਨੇ ਆਪੋ ਆਪਣੀ ਦੁਪਹਿਰ ਇਸੇ ਮਾਹੌਲ ਤੇ ਖਰਚ ਦਿੱਤੀ। …ਪਰ ਕੁਝ ਦਿਨਾਂ ਵਿਚ ਹੀ ਸਾਡੀ ਤ੍ਰਾਹ ਨਿਕਲ ਗਈ। ਸਾਰਾ ਸ਼ਗੁਫਤਾ ਦਾ ਸਰੀਰ ਪਕਿਸਤਾਨ ‘ਚ ਰੇਲ ਗੱਡੀ ਦੀ ਪਟੜੀ ਤੇ ਟਕੁੜੇ ਟੁਕੜੇ ਟੁਕੜੇ ਹੋਇਆ ਮਿਲਿਆ! …ਉਸ ਦੀਆਂ ਸਾਰੀਆਂ ਕਵਿਤਾਵਾਂ ਹਵਾ ‘ਚ ਖਿਲਰ ਗਈਆਂ ! …ਉਸ ਦੀ ਆਵਾਜ਼ ਆਸਮਾਨ ‘ਚ ਉੜ ਗਈ …ਹੁਣ ਜਦ ਵੀ ਸਾਰਾ ਸ਼ਗੁਫਤਾ ਦੀ ਯਾਦ ਆਉਂਦੀ ਏ ਤਾਂ ਲਗਦਾ ਏ ਜਿਵੇਂ ਉਸ ਦਾ ਚਿਹਰਾ …ਉਸੇ ਤਰ੍ਹਾਂ ਉਸ ਦੀਆਂ ਮੋਟੀਆਂ ਮੋਟੀਆਂ ਅੱਖਾਂ ਵਿਚ ਭਰਵਾਂ ਸੁਰਮਾ ਪਾਈ ਉਹ ਮੇਰੇ ਦਫਤਰ ‘ਚ ਬੈਠੀ ਉਹੀ ਕਵਿਤਾਵਾਂ ਪੜ੍ਹ ਰਹੀ ਹੋਵੇ।