-ਗਗਨਦੀਪ ਕੌਰ

ਜਦੋਂ ਵੀ ਮੀਂਹ ਦਾ ਮੌਸਮ ਹੁੰਦਾ ਤੇ ਮੈਂ ਅਕਸਰ ਘਰ ਤੋਂ ਬਾਹਰ ਬੈਠ ਜਾਇਆ ਕਰਦੀ। ਇਨ੍ਹੀਂ ਦਿਨੀਂ ਘਰ ਦੇ ਆਲੇ-ਦੁਆਲੇ ਦਾ ਮਾਹੌਲ ਹਰਾ-ਭਰਾ ਹੁੰਦਾ ਤੇ ਮੈਂ ਕੁਦਰਤ ਨੂੰ ਨਿਹਾਰਦੀ ਰਹਿੰਦੀ। ਪਤਾ ਨਹੀਂ ਕੀ-ਕੀ ਵਿਚਾਰ ਮਨ ‘ਚ ਆਉਂਦੇ ਰਹਿੰਦੇ, ਕਦੇ ਕੋਈ ਖ਼ਿਆਲ ਆਉਣਾ ਤੇ ਕਦੇ ਕੋਈ। ਬੜਾ ਚੰਗਾ ਲਗਦਾ। ਠੰਡਾ ਜਿਹਾ ਮੌਸਮ ਤੇ ਅਕਸਰ ਮੈਂ ਸੋਚਦੀ ਕਿ ਭੈਣ – ਭਰਾ, ਤਾਏ-ਚਾਚਿਆਂ ਦੇ ਜਵਾਕ ਸਾਰੇ ਛੋਟੇ ਹੁੰਦੇ ਕਿੰਨਾ-ਕਿੰਨਾ ਚਿਰ ਇੱਕਠੇ ਖੇਡਦੇ। ਕਦੇ ਲੁਕਣ ਮੀਚੀ, ਕਦੇ ਊਚ-ਨੀਚ ਕਾ ਪਾਪੜਾ, ਕਦੇ ਕੁਝ ਤੇ ਕਦੇ ਕੁਝ। ਖੇਡਦੇ-ਖੇਡਦੇ ਅਕਸਰ ਲੜਾਈ ਹੋ ਜਾਣੀ। ਪਰ ਕੁਝ ਪਲਾਂ ਬਾਅਦ ਫਿਰ ਇੱਕਠੇ ਹੋ ਕੇ ਖੇਡਣ ਲੱਗ ਜਾਣਾ। ਕਿੰਨਾ ਚੰਗਾ ਹੁੰਦਾ ਸੀ, ਉਹ ਬਚਪਨ। ਫਿਰ ਮੈਂ ਵਰਤਮਾਨ ਸਮੇਂ ਬਾਰੇ ਸੋਚਿਆ ਕਿ ਕਿਵੇਂ ਸਾਰੇ ਆਪੋ- ਆਪਣੇ ਕੰਮਾਂ ‘ਚ ਮਸਰੂਫ ਰਹਿੰਦੇ ਹਨ। ਕਿਸੇ ਕੋਲ਼ ਆਪਸ ਵਿੱਚ ਮਿਲਣ ਦਾ ਸਮਾਂ ਹੀ ਨਹੀਂ ਹੈ। ਜਿਵੇਂ ਬਚਪਨ ਵਿੱਚ ਸਮੇਂ ਦਾ ਕੁਝ ਪਤਾ ਨਹੀਂ ਹੁੰਦਾ ਸੀ , ਪਰ ਹੁਣ ਸਮਾਂ ਬਹੁਤ ਜਲਦੀ-ਜਲਦੀ ਬੀਤ ਰਿਹਾ ਹੈ। ਬਚਪਨ ਹੀ ਅਣਮੁੱਲਾ ਗਹਿਣਾ ਹੈ, ਜੋ ਪੈਸੇ ਨਾਲ ਵੀ ਨਹੀਂ ਵਾਪਸ ਆ ਸਕਦਾ। ਚਾਹੇ ਕਿੰਨੇ ਹੀ ਅਮੀਰ ਹੋ ਜਾਈਏ, ਪਰ ਬਚਪਨ ਨਹੀਂ ਖਰੀਦਿਆ ਜਾ ਸਕਦਾ। ਬਚਪਨ ਦੀਆਂ ਯਾਦਾਂ ਹਮੇਸ਼ਾ ਨਾਲ ਰਹਿੰਦੀਆਂ ਹਨ ਤੇ ਨਾਲ ਹੀ ਰਹਿਣਗੀਆਂ।
ਬਚਪਨ ਦੇ ਉਹ ਦਿਨ, ਗਏ ਮਾਰ ਉਡਾਰੀ
ਹੁਣ ਨਹੀਂ ਲੱਭਣੀ ਇਹ ਕੀਮਤੀ , ਬਚਪਨ ਦੀ ਪਟਾਰੀ।
****** # ਬੀ ਏ ਭਾਗ ਤੀਜਾ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ)