—ਵਿਜੇ ਵਿਵੇਕ
ਆਹ ਚੁੱਕ ਆਪਣੇ ਤਾਂਘ ਤਸੱਵਰ,
ਰੋਣਾ ਕਿਹੜੀ ਗੱਲੇ
ਉਮਰਾਂ ਦੀ ਮੈਲੀ ਚਾਦਰ ਵਿੱਚ,
ਬੰਨ੍ਹ ਇਕਲਾਪਾ ਪੱਲੇ
… ਤੇ ਜੋਗੀ ਚੱਲੇ

ਚੁੱਕ ਬਿਰਛਾਂ ਦੀਆਂ ਠੰਡੀਆਂ ਛਾਵਾਂ
ਸਾਂਭ ਮਿਲਣ ਲਈ ਮਿਥੀਆਂ ਥਾਵਾਂ
ਆਹ ਚੁੱਕ ਇਸ ਰਿਸ਼ਤੇ ਦਾ ਨਾਵਾਂ
ਆਹ ਚੁੱਕ ਦੁਨੀਆਂ ਦਾ ਸਿਰ ਨਾਵਾਂ
ਆਹ ਚੁੱਕ ਸ਼ੁਹਰਤ, ਆਹ ਚੁੱਕ ਰੁਤਬਾ
ਆਹ ਚੁੱਕੇ ਬੱਲੇ-ਬੱਲੇ
.. ਤੇ ਜੋਗੀ ਚੱਲੇ
ਨਾਮ ਤੇਰੇ ਦਾ ਪਹਿਲਾ ਅੱਖਰ
ਡੁੱਲ੍ਹਦੀ ਅੱਖ ਦਾ ਖਾਰਾ ਅੱਥਰ
ਆਹ ਚੁੱਕ ਦੁੱਖ ਦਾ ਭਾਰਾ ਪੱਥਰ
ਆਹ ਚੁੱਕ ਸੋਗ ਤੇ ਆਹ ਚੁੱਕ ਸੱਥਰ
ਆਹ ਚੁੱਕ ਤੜਪਣ, ਆਹ ਚੁੱਕ ਭਟਕਣ
ਆਹ ਚੁੱਕ ਦਰਦ ਅਵੱਲੇ
… ਤੇ ਜੋਗੀ ਚੱਲੇ
ਆਹ ਚੁੱਕ ਆਪਣਾ ਮਾਲ ਖ਼ਜ਼ਾਨਾ
ਆਹ ਲੈ ਫੜ ਬਣਦਾ ਇਵਜ਼ਾਨਾ
ਆਹ ਚੁੱਕ ਫ਼ਤਵਾ ਤੇ ਜੁਰਮਾਨਾ
ਢੂੰਡਣ ਦਾ ਨਾ ਕਰੀਂ ਬਹਾਨਾ
ਖ਼ਬਰੇ ਕਿਹੜੇ ਕੂੰਟੀ,
ਖ਼ਬਰੇ ਕਵਣ ਦਿਸ਼ਾਵਾਂ ਵੱਲੇ
… ਤੇ ਜੋਗੀ ਚੱਲੇ
ਆਹ ਚੁੱਕ ਦੀਵਾ ਤੇ ਆਹ ਚੁੱਕ ਬਾਤੀ
ਦੇਹ ਇੱਕ ਸੰਧਿਆ ਚੁੱਪ ਚੁਪਾਤੀ
ਲੈ ਇੱਕ ਰਿਸ਼ਮ ਸਮੁੰਦਰ ਨ੍ਹਾਤੀ
ਹੋਰ ਕੋਈ ਜੇ ਚੀਜ਼ ਗਵਾਚੀ
ਅੱਜ ਲੈ ਲੈ, ਚੱਲ ਭਲ਼ਕੇ ਲੈ ਲਈਂ
ਪਰਸੋਂ ਖੂਹ ਦੇ ਥੱਲੇ
… ਤੇ ਜੋਗੀ ਚੱਲੇ।