ਗ਼ਜ਼ਲ
ਰਾਜਿੰਦਰ ਪਰਦੇਸੀ
ਰਾਜਿੰਦਰ ਪਰਦੇਸੀ ਇਕ ਪ੍ਰੋੜ ਸ਼ਾਇਰ ਸੀ। ਸਥੂਲ ਰੂਪ ਵਿਚ ਭਾਵੇਂ ਉਹ ਸਾਡੇ ਵਿੱਚ ਨਾ ਹੋਵੇ, ਪਰ ਆਪਣੀਆਂ ਗ਼ਜ਼ਲਾਂ ਰਾਹੀਂ ਉਹ ਰਹਿੰਦੀ ਦੁਨੀਆਂ ਤੱਕ ਸ਼ਾਇਰੀ ਨੂੰ ਮੁਹੱਬਤ ਕਰਨ ਵਾਲਿਆਂ ਦੇ ਦਿਲਾਂ ’ਚ ਵਸਦਾ ਰਹੇਗਾ।
ਯਾਰੋ ਮੈਂ ਯਾਰਾਂ ਦੀ ਯਾਰੀ ਵੇਖੀ ਹੈ।
ਯਾਰੀ ਦੇ ਵਿਚ ਖੂਬ ਖੁਆਰੀ ਵੇਖੀ ਹੈ
ਸ਼ੇਰ ਨਹੀਂ ਹੈ ਏਸ ਲਈ ਇਸ ਜੰਗਲ ਵਿਚ
ਗਿਦੜਾਂ ਦੀ ਚਲਦੀ ਸਰਦਾਰੀ ਵੇਖੀ ਹੈ।

ਮੂਲ ਨਹੀਂ ਮੈਂ ਡਰਦਾ ਇਹਨਾਂ ਬਦਲਾਂ ਤੋਂ,
ਵਰਖਾ ਮੈਂ ਭਾਰੀ ਤੋਂ ਭਾਰੀ ਵੇਖੀ ਹੈ।
ਪਿਆਰ ਅਜੇ ਵੀ ਉਸ ਜ਼ਾਲਿਮ ਨੂੰ ਕਰਦਾ ਹਾਂ,
ਇਸ਼ਕ ਜਿਦ੍ਹੇ ਵਿਚ ਹਾਰ ਕਰਾਰੀ ਵੇਖੀ ਹੈ।
ਉਹ ਭਾਵੇਂ ਨਾ ਹੰਝੂ ਮੇਰੇ ਵੇਖ ਸਕੀ,
ਮੈਂ ਉਸ ਦੇ ਕਜਲੇ ਦੀ ਧਾਰੀ ਵੇਖੀ ਹੈ।