ਅੱਧੀ ਧਰਤੀ
ਹਾਂ ਕੁਦਰਤ ਦੀ ਦਾਤ ਅਸੀਂ ਵੀ,
ਜੀਵਨ ਜਿਉਣਾ ਚਾਹੀਏ ਹੂ।
ਚਾਰ ਚੁਫੇਰੇ ਫਿਰਨ ਭੇੜੀਏ,
ਕਿੱਦਾਂ ਮਾਸ ਬਚਾਈਏ ਹੂ।
ਚੰਮ ਦੇ ਭੁੱਖੇ, ਅੱਤ ਦੇ ਲੋਭੀ,
ਦਿਸਦੇ ਢੇਰ ਸਿਆਣੇ ਪਰ,
ਭੇਖੀ ਲਾਣੇ ਦੇ ਭੇਖਾਂ ਦੀ,
ਮਿਲ ਕੇ ਝੰਡ ਲੁਹਾਈਏ ਹੂ।

ਗੰਦ ਦਿਮਾਗ਼ਾਂ ਦੇ ਵਿਚ ਭਰਿਆ,
ਜਿੱਥੇ ਵੀ ਦਿਲ ਕਰਦਾ ਥੁੱਕਣ,
ਪਲ ਵਿਚ ਲੱਗੇ ਸਮਝ ਅਸਾਨੂੰ,
ਸਿੱਧੀ ਆਖ ਸੁਣਾਈਏ ਹੂ।
ਅੱਧੀ ਧਰਤੀ ਤੇ ਹੱਕ ਸਾਡਾ,
ਤੇ ਜੀਵਨ ਵੀ ਸਾਡਾ ਹੈ,
ਕਾਹਤੋਂ ਅਪਣਾ ਆਪ ਛੁਪਾ ਕੇ,
ਸਾਰੀ ਅਉਧ ਲੰਘਾਈਏ ਹੂ।
‘ਰਾਜਨ’ ਹੁਣ ਤੂੰ ਦੁਰਗਾ ਬਣ ਕੇ,
ਹੱਥੀਂ ਸਾਂਭ ਕਟਾਰੀ ਕਾਨੀ,
ਇਕ ਇਕ ਕਰ ਕੇ ਪਾਜ ਉਘਾੜੋ,
ਐਵੇਂ ਨਾ ਸ਼ਰਮਾਈਏ ਹੂ।
ਗ਼ਜ਼ਲ
ਸਿਰ ਖੁਰਕਣ ਦਾ ਵੇਲਾ ਹੈਣੀ,
ਉਂਝ ਵੀ ਪੱਲੇ ਧੇਲਾ ਹੈਣੀ।
ਤੈਨੂੰ ਆਪੇ ਆਵਣ ਗੱਲਾਂ,
ਕੋਈ ਦੁੱਖ ਝਮੇਲਾ ਹੈਣੀ।
ਸਾਡੇ ਹਿੱਸੇ ਹੈਣੀ ਹਾਸੇ,
ਨਾਲੇ ਰੌਣਕ ਮੇਲਾ ਹੈਣੀ।
ਰੋੜਾਂ ,ਰੋਹੀਆਂ ਦੇ ਵਿੱਚ ਭੁੱਜਦੇ,
ਸਾਡਾ ਪੰਧ ਸੁਹੇਲਾ ਹੈਣੀ।
ਤੂੰ ਵੱਜਦਾ ਉਸਤਾਦ ਕਈਆਂ ਦਾ,
ਸਾਡਾ ਤਾਂ ਕੋਈ ਚੇਲਾ ਹੈਣੀ।
ਇਥੇ ਤੈਥੋਂ ਲੰਘ ਨਹੀਂ ਹੋਣਾ,
ਇਹ ਬੱਚਿਆਂ ਦਾ ਖੇਲਾ ਹੈਣੀ।
ਰਾਜਨ ਟੁਰਜਾ ਵਾਪਿਸ ਘਰ ਨੂੰ,
ਹੋਇਆ ਅਜੇ ਕੁਵੇਲਾ ਹੈਣੀ।