ਜਗਜੀਵਨ ਰੂਮੀਤ ਰੂਹ ਦੀਆਂ ਕਵਿਤਾਵਾਂ ਦਾ ਕਵੀ ਹੈ। ਛੋਟੀਆਂ ਪਰ ਭਾਵਪੂਰਨ ਕਵਿਤਾਵਾਂ ਦੀ ਸਿਰਜਣਾ ਕਰਦਾ ਹੈ। ਕਵਿਤਾਵਾਂ ਦੀਆਂ ਦੋ ਕਿਤਾਬਾਂ ਛਪ ਚੁੱਕੀਆਂ ਨੇ। ਪੇਸ਼ ਨੇ ਉਸਦੀਆਂ ਨਵੀਆਂ ਕਵਿਤਾਵਾਂ
1
ਸਿਖ਼ਰ ਦੁਪਹਿਰੇ
ਘਾਹ ਵੱਢਦਿਆਂ…
ਜੋ ਮਹਿਕ ਆਉਂਦੀ ਏ…
ਓਹੋ ਜਿਹੀ ਤੈਨੂੰ
ਕਲ਼ਾਵੇ ਚ ਲੈਂਦਿਆਂ ਵੀ
ਮਹਿਸੂਸ ਹੁੰਦੀ ਏ…!

2
ਤੇਰੀ ਅਵਾਜ ਸੁਣਨ ਲਈ…
ਮੈਨੂੰ ਤੇਰੇ ਦਰ ਤੇ
ਖੈਰ ਮੰਗਣ ਆਉਣਾ ਪੈਂਦੈ…
3
-ਮੁਹੱਬਤ ਤਾਂ ਏਦਾਂ ਹੈ ਜਿਵੇਂ…
ਖੜਾਵਾਂ ਪਾ ਕੇ ਤੁਰਨਾ…
ਕੱਚੇ ਰਸਤਿਆਂ ‘ਤੇ…
4
ਵੇਖਣਾ ਅੰਦਰ ਵੱਲ ਨੂੰ…
ਭੁੱਲ ਜਾਣਾ ਪਿਛਾਂਹ ਸਾਰਾ…!!
ਤੂੰ ਦਰਵਾਜ਼ਾ ਖੋਲ੍ਹ
ਅਚਾਨਕ ਅੰਦਰ ਆ ਵੜਦੈਂ…
ਮੈਂ ਤ੍ਰਬਕ ਕੇ
ਕਵਿਤਾ ਪੜ੍ਹਨੋਂ ਉੱਕ ਜਾਂਦਾਂ…
ਰਿਸ਼ੀ ਨਾਲ਼ ਮੇਨਕਾ ਵੀ
ਏਦਾਂ ਈ ਕਰਦੀ ਹੋਊ…!
5
ਬਸ! ਫੁੱਲਾਂ ਨੂੰ ਛੱਡ ਕੇ
ਜੇ ਮੋੜਨਾ ਹੋਇਆ ਤਾਂ
ਸਾਰਾ ਕੁਝ ਮੋੜ ਦਈਂ…
ਦਰਅਸਲ…
ਉਹ ਨਾ ਤੂੰ ਸਾਂਭਣੇ ਤੇ ਨਾ ਮੈਂ
ਉਹ ਨਾ ਤੂੰ ਸਾਂਭੇ ਤੇ ਨ
6
ਜਾਨ ਕੱਢਣ ਵਰਗੀ ਗੱਲ…
ਅਖੇ ਮੈਂ ਤੈਨੂੰ
ਪਿਆਰ ਕਰਦੀ ਆਂ…!
7
ਕੁੱਝ ਨੰਬਰ
ਸਿਰਫ ਨੰਬਰ ਨਹੀਂ ਹੁੰਦੇ…
ਕਿਸੇ ਆਪਣੇ ਦੇ
ਘਰ ਦਾ ਨੰਬਰ ਹੁੰਦੇ ਨੇ…
ਟੈਲੀਫੋਨ ਨੰਬਰ ਹੁੰਦੇ ਨੇ…
ਜਾਂ ਫਿਰ ਤਰੀਕ ਹੁੰਦੇ ਨੇ
ਕਿਸੇ ਸਰੀਰ ਨੂੰ
ਰੂਹ ਮਿਲਣ ਦੀ…
ਕੁੱਝ ਨੰਬਰ
ਸਿਰਫ ਨੰਬਰ ਨਹੀਂ ਹੁੰਦੇ…
8
… ਤੇ ਜਾਂ ਫਿਰ
ਉਹ ਬਿਰਖ ਬਣਾਂ…
ਜੀਹਦੇ ਹੇਠੋਂ
ਬੁੱਧ ਆਖਰੀ ਵੇਰ ਉਠਿਆ…
9
ਨਾਥ ਨੂੰ ਨਾ ਦੱਸੀਂ…
ਓਹਦੇ ਟਿੱਲੇ ਤੋਂ
ਜੀਹਦੀ ਸੂਰਤ ਦੀਹਦੀ ਏ
ਓਹਦੇ ਕਰਕੇ ਈ ਜੋਗੀ ਆਂ…!
10
ਬੰਦੇ ਮਰ ਕੇ
ਕਿਤੇ ਨਹੀਂ ਜਾਂਦੇ…
ਮੱਥਿਆਂ ਚ ਰਹਿਣ ਲੱਗਦੇ ਨੇ…
ਉਦੋਂ ਤੱਕ
ਜਦੋਂ ਤੱਕ ਤੁਸੀਂ ਮਰ ਨਾ ਜਾਵੋ…!
11
.ਇਸ਼ਕ ਕੀਤਾ
ਮੁੰਦਰਾਂ ਪਾਈਆਂ…
ਤੇ ਖੈਰ ਪਾਕੇ
ਤੂੰ ਵੀ ਤਾਂ ਅੱਗੇ ਤੋਰ ਦਿੱਤਾ…
ਅਖੇ!
…ਵੇ ਜੋਗੀਆ ਤੂੰ ਝੂਠ ਬੋਲੇਂ…!
ਲੈ ਦੱਸ…
ਭਲੇ ਦਾ ਤਾਂ
ਜਮਾਨਾ ਈ ਨੀ ਰਿਹਾ…!
12
ਏਦਾਂ ਨਾ ਜਾਈਂ
ਸਮਾਂ ਵੇਖਣ ਲਈ
ਗੁੱਟ ਤੇ ਦੇਖੀਏ…
ਘੜੀ ਗਾਇਬ ਜਿੱਦਾਂ…
ਬਸ ਚੇਤੇ ਰੱਖੀਂ…
ਤ੍ਰਭਕ ਜਾਈਏ ਤਾਂ
ਜਾਨ ਵੀ ਜਾ ਸਕਦੀ ਏ…!
13
ਸੋਚਦਾਂ !
ਮਰ ਕੇ ਵੇਖਾਂ…
ਫਿਰ ਸੋਚਦਾਂ…
ਜੇ ਤੂੰ ਨਾ ਦਿਸਿਆ ਫੇਰ…?
14
ਟੁੱਟਿਆ ਹੌਸਲਾ ਜੋੜ ਰਿਹਾਂ…
ਹਰ ਵਾਰ
ਰੀੜ੍ਹ ਦੀ ਹੱਡੀ ਕੋਲੋਂ
ਟੁੱਟ ਜਾਂਦੈ…!
15
ਕਿਸੇ ਜਨਮ ਆਪਾਂ
ਪੱਥਰ ਬਣੇ ਹੋਵਾਂਗੇ…
ਤੇ ਸਹੁੰ ਖਾਧੀ ਹੋਉ
ਕਿ ਜਿੱਦਣ ਬੰਦੇ ਬਣੇ
ਉੱਦਣ ਦੱਸਾਂਗੇ
ਪੱਥਰ ਕੀ ਹੁੰਦੇ ਨੇ…!
16
ਮੈਂ ਤੇ ਬਸ!
ਸਲਾਹ ਮੰਗੀ ਸੀ ਜਿਉਣ ਦੀ…
ਉਸਨੇ ਆਖਿਆ
ਤੂੰ ਕਿਸੇ ‘ਤੇ
ਮਰ ਕਿਉਂ ਨਹੀਂ ਜਾਂਦਾ…!
17
ਅਖੇ…
ਦੁੱਖ ਤਾਂ ਪਿਛਲੇ ਜਨਮਾਂ ਦਾ
ਕਰਮ ਭੋਗਣ ਐ…
ਆਹੋ…
ਸੱਤਾਂ ਚੁੱਲ੍ਹਿਆਂ ਦੀ
ਸੁਆਹ…!
18
-ਤੂੰ ਹਰ ਜਨਮ ਪੁੱਛਦੈਂ
ਮੇਰੇ ਚੋਂ ਕੀ ਲੱਭਿਆ…?
ਤੇ ਏਨੀ ਕੁ ਗੱਲ ਦੱਸਣ ਲਈ
ਮੈਨੂੰ ਹਰੇਕ ਜਨਮ
ਤੈਨੂੰ ਲੱਭਣ ਆਉਣਾ ਪੈਂਦੈ…
19
-ਅਸੀਂ ਤਾਂ ਜੋਗੀ ਆਂ…
ਸਾਡੇ ਤਾਂ ਨਾਥ ਨੇ ਵੀ
ਸੁਆਹ ਨਾਲ ਮੱਥੇ ਤੇ ਲਿਖ ਛੱਡਿਆ…
ਜੋਗੀ ਚਲਦੇ ਭਲੇ…!
20
ਜਿੱਦਾਂ ਮੈਂ
ਤੈਨੂੰ ਇਸ਼ਕ ਕਰ ਰਿਹਾਂ…
ਓਦਾਂ ਤਾਂ
ਲੋਕ ਮਰ ਜਾਂਦੇ ਨੇ…!!
21
ਕਦੀ-ਕਦੀ ਸੋਚਦਾਂ
ਇੱਕੋ ਸਾਹੇ
ਸਾਰਿਆਂ ਨੂੰ ਮਾਫ ਕਰ ਦਿਆਂ…
ਫਿਰ ਸੋਚਦਾਂ ਏਦਾਂ ਨਹੀਂ…
ਰੱਬ ਵਰਗਾ ਬਣਾਂ
ਹਿਸਾਬ ਰੱਖਾਂ ਸਾਰਿਆਂ ਦਾ…!