ਪੰਜਾਬੀ ਕਵਿਤਾ ਦੇ ਖੇਤਰ ਵਿੱਚ ਅਨੁਰਾਧਾ ਇਕ ਨਵਾਂ ਨਾਂਅ ਹੈ ਪਰ ਉਹਦੀਆਂ ਕਵਿਤਾਵਾਂ ਆਸ ਜ਼ਰੂਰ ਬਝਾਉਂਦੀਆਂ ਨੇ। ਅਨੁਰਾਧਾ ਜਿੰਦਗੀ ਦੀ ਹੋਣੀ ਨੂੰ ਖੂਬਸੂਰਤੀ ਨਾਲ ਅੱਖਰਾਂ ਵਿੱਚ ਪਰੋਂਦੀ ਹੈ। ਅਨੁਰਾਧਾ ਦੀਆਂ ਤਿੰਨ ਕਵਿਤਾਵਾਂ…

ਗਹਿਰੀ ਚੁੱਪ
ਮੈਨੂੰ ਨਾ ਆਖੋ
ਤੈਨੂੰ ਕੀ ਪਸੰਦ ਏ ?
ਮੈਂ ਚੁੱਪ ਸਾਧ ਲਵਾਂਗੀ
ਕਿਸੇ ਸਾਧ ਦੀ ਤਰ੍ਹਾਂ
ਮੇਰੀਆਂ ਕਈ ਖਾਹਿਸ਼ਾਂ
ਜਨਮ ਲੈਂਦੇ ਹੀ
ਮਰ ਗਈਆਂ ਸਨ
ਮੈਂ ਹੋਰਾਂ ਵਾਂਗ
ਰੰਗਾਂ ਦੇ ਭੇਦ ਨੀ ਕਰਦੀ
ਨਾ ਚੁਣਦੀ ਹਾਂ
ਬਸ ਚੜ੍ਹਨ ਦਿੰਦੀ ਹਾਂ ਹਰ ਰੰਗ
ਕਦੇ ਡਰ ਲਗਦਾ ਕਿਤੇ ਇਹਨਾ ਰੰਗਾਂ ‘ਚ
ਮੈਲੀ ਹੀ ਨਾ ਹੋ ਜਾਵਾਂ
ਕਦੇ ਹਲਕੇ ਰੰਗ ਤੋਂ ਡਰ ਜਾਂਦੀ ਹਾਂ
ਰੋਸ਼ਨੀ ਵਰਗੇ ਦਿਸਦੇ
ਰੰਗ ਤੋਂ ਭੱਜ ਜਾਂਦੀ ਹਾਂ
ਹਨੇਰਿਆਂ ’ਚ ਐਬ ਲੁਕ ਜਾਂਦੇ ਨੇ
ਜੱਗ ਸੌਂ ਜਾਂਦਾ ‘ਤੇ ਅੱਖਰ ਉੱਠ ਜਾਂਦੇ ਨੇ
ਮੈਨੂੰ ਨਾ ਆਖੋ ਕੀ ਪਸੰਦ ਏ ਮੈਨੂੰ
ਕਦੇ ਕਦੇ ਤਾਂ ਆਪਣੀ
ਚੁੱਪ ਤੋਂ ਵੀ ਡਰ ਜਾਂਦੀ ਹਾਂ
ਖੁਦ ਦੀ ਤਲਾਸ਼ ਚ ਤੁਰ ਜਾਂਦੀ ਹਾਂ
ਕਈ-ਕਈ ਦਿਨ ਵਾਪਸ ਨਹੀਂ ਆਉਂਦੀ
ਕਿਧਰੇ ਦੂਰ ਗੁੰਮ ਜਾਂਦੀ ਹਾਂ
ਲੋਕ ਲੱਭਦੇ ਨੇ ਮੈਨੂੰ
ਮੇਰੇ ਨਾਲ ਬਾਤਾਂ ਪਾਉਂਦੇ ਨੇ
ਜਿਸਮ ਮੇਰੇ ਚੋਂ ਫਰੋਦੇ ਨੇ ਕੁੱਝ ਬਚੇ ਹੋਏ ਮੇਰੇ ਸਾਹ
ਮੈਨੂੰ ਨਾ ਆਖੋ ਮੈਨੂੰ ਕੀ ਪਸੰਦ ਏ।
ਮਜ਼ਦੂਰ
ਮੈਂ ਮਜ਼ਦੂਰ
ਮੈਂ ਸਿੰਘ ਵੀ ਹਾਂ ਰਾਮ ਵੀ ਹਾਂ ਰਹੀਮ ਵੀ ਹਾਂ
ਮੈਂ ਰੋਜ਼ ਮੰਡੀ ਵਿੱਚ ਵਿਕਦਾ ਹਾਂ
ਸਬਜ਼ੀ, ਦਾਲ ‘ਤੇ ਕੱਪਡ਼ੇ ਦੀ ਤਰ੍ਹਾਂ
ਮੇਰਾ ਵੀ ਮੋਲ ਭਾਵ ਕੀਤਾ ਜਾਂਦਾ ਏ
ਮੇਰੀ ਬੇਬਸੀ ‘ਤੇ ਜ਼ਰੂਰਤ ਦਾ ਮੁੱਲ ਤਾਂ ਨਹੀਂ ਪੈਂਦਾ
ਪਰ ਮੈਂ ਰੋਜ਼ ਮੰਡੀ ਵਿੱਚ ਵਿਕਦਾ ਹਾਂ
ਘਰ ਦੀ ਜਿੰਮੇਦਾਰੀ ਏ ਮੇਰੇ ‘ਤੇ
ਸਮੇਂ ਦੀਆਂ ਬਿਮਾਰੀਆਂ
ਬਾਲ ਬੱਚੇ ‘ਤੇ ਰਿਸ਼ਤੇਦਾਰੀਆਂ
ਹਰ ਰੋਜ਼ ਇਕ ਡਰ ਦੇ ਮਾਹੌਲ ‘ਚ ਬੈਠਾ ਰਹਿੰਦਾ ਹਾਂ
ਆਪਣੇ ਵਿਕਣ ਦੀ ਉਡੀਕ ਵਿਚ
ਕੋਈ ਅੱਜ ਦਾ ਕੰਮ ਦਵੇਗਾ ਜਾਂ ਨਹੀਂ
ਕਿਤੇ ਮੈਂ ਖ਼ਾਲੀ ਹੱਥ ਨਾ ਮੁੜ ਜਾਵਾਂ
ਰੋਜ਼ ਨਿੱਕੇ-ਨਿੱਕੇ ਦੌਰੇ ਮੇਰੇ ਦਿਲ ਨੂੰ ਪੈਂਦੇ ਨੇ
ਗਰਮੀ, ਸਰਦੀ, ਬਰਸਾਤ ਭਲਾ ਕੌਣ ਦੇਖੇ
ਮੈਂ ਤਾਂ ਹਰ ਰੁੱਤ ਮੰਡੀ ਰਹਿੰਦਾ ਹਾਂ
ਮੈਂ ਮਜ਼ਬੂਰ ਹਾਂ
ਕਿਉਂ ਕਿ ਮੈਂ ਮਜ਼ਦੂਰ ਹਾਂ
ਮੈਂ ਸਿੰਘ ਵੀ ਹਾਂ ਰਾਮ ਵੀ ਹਾਂ ਰਹੀਮ ਵੀ ਹਾਂ
ਮੈਂ ਰੋਜ਼ ਮੰਡੀ ਵਿਚ ਵਿਕਦਾ ਹਾਂ।
ਔਰਤ ; ਇਕ ਕਹਾਣੀ
ਔਰਤ ਕਹਾਣੀ ਵਰਗੀ ਹੁੰਦੀ ਏ
ਸਾਲਾਂ ਤੱਕ ਪਈ ਰਹਿੰਦੀ ਏ
‘ਤੇ ਕਿਸੇ ਦੇ ਨਾਮ ਕਰ ਦਿੱਤੀ ਜਾਂਦੀ ਏ
ਜੇਕਰ ਉਸਨੂੰ ਪੜ੍ਹਨ ਵਾਲਾ ਮਿਲ ਜਾਵੇ
ਉਸ ਕਹਾਣੀ ਦੀ ਜ਼ਿੰਦਗੀ ਮੁਕੰਮਲ ਹੋ ਜਾਂਦੀ ਏ
‘ਤੇ ਜੇ ਨਾ ਮਿਲੇ ਉਹ ਕਹਾਣੀ ਇਕ ਕਿਤਾਬ ‘ਚ ਬੰਦ ਰਹਿ ਜਾਂਦੀ ਏ
‘ਤੇ ਅੰਤਾਂ ਦੀ ਧੂੜ ਉਸ ਦੀ ਕੀਮਤ ਘਟਾ ਦਿੰਦੀ ਏ।