ਅਧਿਆਪਕੀ ਦੇ ਨਾਲ-ਨਾਲ ਲੋੜਵੰਦਾਂ ਦੇ ਕੰਮ ਆਉਣ ਵਾਲੇ ਰਾਕੇਸ਼ ਆਨੰਦ ਦੀ ਕਵਿਤਾ ਵੱਖਰਾ ਮੁਹਾਵਰਾ ਸਿਰਜਦੀ ਹੈ। ਤੰਗੀਆਂ ਨਾਲ ਜੂਝਦੇ ਤੇ ਆਪਣੇ ‘ਅੰਦਰਲੇ’ ਨਾਲ ਗੁੱਥਮਗੁੱਥਾ ਹੁੰਦੇ ਬੰਦੇ ਦੀ ਮਨੋਸਥਿਤੀ ਨੂੰ ਰਾਕੇਸ਼ ਆਪਣੀਆਂ ਕਵਿਤਾਵਾਂ ਵਿਚ ਬਰੀਕੀ ਨਾਲ ਚਿਤਰਦਾ ’ਤੇ ਸਮਝਾਉਂਦਾ ਹੈ। ਕਵਿਤਾ ਵਿਚ ਸਹਿਜ ਭਾਅ ਗੱਲਾਂ ਕਰਦਾ ਹੈ। ਪੇਸ਼ ਨੇ ਉਹਦੀਆਂ ਨਵੀਆਂ ਕਵਿਤਾਵਾਂ…
ਪੇਸ਼ਕਸ਼: ਐੱਨ ਨਵਰਾਹੀ
ਦ੍ਰਿਸ਼ਟੀ-ਭਰਮ
ਕਿੰਨਾ ਭਰਿਆ-ਭਰਿਆ ਏ – ਇਹ ਖਾਲੀਪਨ
ਕਿ ਨਹੀਂ ਗੁੰਜਾਇਸ਼
ਕਿਸੇ ਵੀ ਸ਼ੈਅ ਦੇ ਘੁਸਪੈਠ ਦੀ.
ਹਵਾ ਨਾ ਲੋਅ
ਨਾ ਆਵਾਜ਼ ਹੀ ਕੋਈ
ਹਨੇਰਾ… ਸਿਰਫ਼ ਹਨੇਰਾ – ਕਾਲਖ਼ ਭਰਿਆ

ਅੱਖਾਂ ਅੰਨੀਆਂ ਕਰਦਾ
ਤੇ ਇਹ ਸੰਨਾਟਾ
ਬੋਲਿਆਂ ਕਰ ਦੇਵੇਗਾ – ਮੇਰੇ ਕੰਨਾਂ ਨੂੰ.
ਹਨੇਰੇ ਤੇ ਸੰਨਾਟੇ ਦੀ
ਬਾਰੀਕ ਤਾਣੀ ਚ ਉਲਝਿਆ
ਉੱਧੜ ਰਿਹਾਂ
ਖੁਦ-ਬ-ਖੁਦ … ਮੈਂ ਰੇਸ਼ਾ-ਰੇਸ਼ਾ.
ਕਿਤੇ ਵੀ ਕੁਝ ਨਹੀਂ!
ਜਾਂ ਹਰ ਥਾਂ… ਸਾਰਾ ਕੁਝ!!
ਮੇਰੀ ਨਜ਼ਰ ‘ਚ ਕਸਰ ਏ!!!
ਜਾਂ ਦ੍ਰਿਸ਼ਟੀ-ਭਰਮ ਹੋ ਗਿਆ ਏ ਮੈਨੂੰ!!!!
ਕਿਵੇਂ ਪਾਰ ਲੰਘੇਗੀ
ਦੁਬਿਧਾ ਦੇ ਭੰਵਰ ‘ਚੋਂ
ਵਿਸਵਾਸ਼ ਦੀ ਬੇੜੀ
ਵਿਸਵਾਸ਼ … ਜੋ ਬੁਰਕੀ ਬਣ ਰਿਹਾ-
– ਹਨੇਰੇ ਦੀ…
– ਚੁੱਪ ਦੀ…
– ਸੰਨਾਟੇ ਦੀ…
—0—
ਰੰਗ
ਗ਼ਲਤ ਪੜ੍ਹਾਇਆ ਜਾਂਦਾ
ਕਿ ਪਾਣੀ
ਰੰਗ, ਸੁਆਦ ਤੇ ਖੁਸ਼ਬੋ-ਹੀਣੀ ਸ਼ੈਅ ਏ ਕੋਈ
ਅੱਖ ’ਚ ਰੁਕਿਆ ਪਾਣੀ
ਮੈਂ ਅਕਸਰ
ਗੁਲਾਬੀ ਭਾਅ ਮਾਰਦਾ ਦੇਖਦਾਂ
ਵਹਿੰਦਾ – ਸੁਰਖ਼
ਸੁੱਕਿਆ – ਮਾਰੂਥਲੀ ਰੇਤ ਜਿਹਾ
ਵੀਰਾਨ … ਬੰਜਰ … ਬੇਆਸਾ
ਤੈਨੂੰ ਪਤੈ –
ਹਾਸੇ ਦੇ ਵੀ ਰੰਗ ਹੁੰਦੇ ਨੇ
ਸੁਆਦ ਤੇ ਮੁਸ਼ਕ ਵੀ
ਤੈਨੂੰ ਮਿਲਣ ਤੋਂ ਪਹਿਲਾਂ
ਤੈਨੂੰ ਮਿਲਣ ਵੇਲੇ
ਤੈਨੂੰ ਮਿਲਣ ਤੋਂ ਬਾਅਦ
ਕਰਦਾ ਕਈ ਰੰਗ ਅਖ਼ਤਿਆਰ
ਮੇਰੇ ਬੁੱਲਾਂ ਦਾ ਹਾਸਾ ਵੀ
ਮੈਂ … ਪਾਣੀ ਦੇ ਅਸੰਖ
ਰੰਗ, ਸੁਆਦ ਤੇ ਮੁਸ਼ਕ ਅਹਿਸਾਸੇ ਨੇ
ਹਾਸੇ ਦੇ ਅਸੰਖ
ਰੰਗਾਂ, ਸੁਆਦਾਂ ਤੇ ਮਹਿਕਾਂ ਵਾਂਗ
ਇਕ ਰੰਗ
ਬੇਅਖ਼ਤਿਆਰੀ ਦਾ ਵੀ ਹੁੰਦਾ
ਜੋ ਕਰਦਾ ਮਜ਼ਬੂਰ
ਕਿਸੇ ਨੂੰ
ਬੇਇੰਤਹਾ ਮੁਹੱਬਤ ਕਰਨ ਲਈ ।।
—0—
ਉਹ, ਮੈਂ ਤੇ ਮੇਰੇ ਦਾਅਵੇ
ਉਹ ਵਾਰ- ਵਾਰ ਮੇਰੇ ਦਾਅਵਿਆਂ ਨੂੰ ਨੰਗਿਆਂ ਕਰ ਦਿੰਦੀ ਏ…
ਮੈਂ ਕਹਿਨਾਂ
ਕਿ ਮੈਂ ਤੇ ਮੇਰੀ ਕਵਿਤਾ
ਦੋਵੇਂ ਇੱਕ ਹੀ ਹਾਂ… ਪਾਣੀ ਤੇ ਉਸਦੇ ਬੁਲਬੁਲੇ ਵਾਂਗ।
ਹਰ ਵਾਰ
ਉਹ ਮੈਨੂੰ ਤੇ ਮੇਰੀ ਕਵਿਤਾ ਨੂੰ ਵੱਖ-ਵੱਖ ਪੜ੍ਹਦੀ ਏ…ਪਰਤਾ-ਪਰਤਾ ਕੇ
ਤੇ ਮੈਥੋਂ, ਉਸਦੀਆਂ ਅੱਖਾਂ ‘ਚ ਫਿਰ ਦੇਖ ਨੀਂ ਹੁੰਦਾ!
ਮੈਂ ਕਹਿਨਾਂ
ਕਿ ਸਭ ਜਾਇਜ਼ ਏ ਮੁਹੱਬਤ ‘ਚ … ਜੰਗ ਵਾਂਗ।
ਤੇ ਉਹ ਇਸ ਫਿਕਰੇ ਨੂੰ
ਦੁਨੀਆ ਦਾ ਸਭ ਤੋਂ ਘਟੀਆ ਤੇ ਖ਼ਤਰਾਨਾਕ ਫਿਕਰਾ ਐਲਾਨ ਦਿੰਦੀ ਏ… ਤਰਕਾਂ ਨਾਲ਼
ਤੇ ਮੈਥੋਂ, ਉਸ ਸਾਹਵੇਂ ਫਿਰ ਖੜ੍ਹ ਨੀਂ ਹੁੰਦਾ!
ਮੈਂ ਕਹਿਨਾਂ
ਕਿ ਅੰਕੁਰ ਬਣ ਫੁੱਟਣਾ ਹਰ ਬੀਜ ਦੇ ਲੇਖੀਂ ਨਹੀਂ
ਕੁੱਝ ਅਭਾਗੇ ਹੋ ਜਾਂਦੇ ਪੱਥਰ … ਪੁੰਗਰਨ ਦੀ ਉਡੀਕ ‘ਚ।
ਤੇ ਉਹ ਇਸ ਦਾਅਵੇ ਨੂੰ
ਕਿਸਮਤ ਨਹੀਂ ਚੋਣ ਕਹਿ ਹਵਾ ‘ਚ ਉੱਡਾ ਦਿੰਦੀ ਏ … ਪੂਰੀ ਸੰਜੀਦਗੀ ਨਾਲ਼
ਤੇ ਮੈਥੋਂ, ਕੋਈ ਤਰਕ ਨੀਂ ਬਚਦਾ ਫਿਰ ਉਸ ਸਾਹਵੇਂ!
ਮੈਂ ਕਹਿਨਾਂ
ਕਿ ਤੇਰੇ ਮੱਥੇ ਚ, ਆਈਬ੍ਰੋਜ਼ ਦੇ ਐਨ ਵਿਚਾਲੇ
ਜੋ ਬਾਰੀਕ ਕਾਲੀ ਬਿੰਦੀ ਏ … ਉਹ ਮੈਂ ਹਾਂ ਅਸਲ ‘ਚ …
ਆਖ਼ਰ ਕਦ ਤਕ ਕਰਾਂ ਖੁਦ ਨੂੰ ਮੁਲਤਵੀ
ਕਰ ਰਿਹਾਂ ਮੁਲਤਵੀ ਮੈਂ ਖੁਦ ਨੂੰ ਜਨਮ ਤੋਂ …
ਮੇਰਾ ਜਨਮ … ਮੇਰੀ ਮਰਜੀ ਨਾਲ਼ ਨਹੀਂ ਹੋਇਆ
ਮੈਂ … ਮੇਰੀ ਇੱਛਾ ਨਹੀਂ ਹਾਂ
ਮੈਂ ਕਿਸੇ ਹੋਰ ਦੀਆਂ ਇਛਾਵਾਂ-ਕਿਰਿਆਵਾਂ-ਪ੍ਰਤੀਕਿਰਿਆਵਾਂ ਦਾ ਪ੍ਰਤੀਫਲ ਹਾਂ
ਕਿਵੇਂ ਲੈ ਸਕਦਾਂ ਸਾਹ ਮੈਂ ਮਰਜੀ ਨਾਲ਼ !!!
ਜੋ ਖਿਲਾਇਆ ਗਿਆ ਮੈਨੂੰ – ਮੈਂ ਖਾ ਲਿਆ
ਜੋ ਪਿਲਾਇਆ ਗਿਆ ਮੈਨੂੰ – ਮੈਂ ਪੀ ਲਿਆ
ਜੋ ਪਹਿਣਾਇਆ ਗਿਆ ਮੈਨੂੰ – ਮੈਂ ਪਹਿਣ ਲਿਆ
ਜਿੱਧਰ ਤੋਰਿਆ ਗਿਆ ਮੈਨੂੰ – ਮੈਂ ਤੁਰ ਪਿਆ
ਮੇਰਾ ਖਾਧਾ, ਮੇਰਾ ਪੀਤਾ, ਮੇਰਾ ਪਹਿਨਿਆਂ, ਮੇਰਾ ਸਫ਼ਰ
ਮੇਰਾ ਨਹੀਂ … ਉਹਨਾਂ ਦਾ ਏ
ਮੇਰੇ ਵਜੂਦ ਨੂੰ
ਪਿਤਰਾਂ ਦੇ ਜੀਨਸ ਤੇ ਆਲੇ-ਦੁਆਲੇ ਦੀ ਉਪਜ ਗਰਦਾਨ
ਨਕਾਰਿਆ ਜਾ ਰਿਹੈ ਮੇਰੀ ਹੋਂਦ ਨੂੰ
“ਇਹ ਜੋ ਮੈਂ ਹਾਂ … ਮੈਂ ਨਹੀਂ ਹਾਂ, ਅਸਲ ਚ”
ਉਚਾਰ ਕੇ
ਫਲਸਫੇ ਦੀ ਭਾਰੀ ਪੰਡ ਰੱਖ ਦਿੱਤੀ ਏ ਉਹਨਾਂ ਮੇਰੇ ਸਿਰ ‘ਤੇ
ਪ੍ਰਵਚਨਾਂ ਨੂੰ ਪੱਲੇ ਬੰਨੀ ਭਟਕ ਰਿਹਾਂ ਵਣ-ਵਣ … ਮੈਂ ਦੀ ਭਾਲ ‘ਚ
ਮੈਂ ਜੰਗਲ ਹੋਣਾ ਚਾਹਿਆ … ਛਾਂਗ ਦਿੱਤਾ ਗਿਆ ਕਰੂੰਬਲਾਂ ਫੁੱਟਦੇ ਹੀ
ਮੈਂ ਦਰਿਆ ਹੋਣਾ ਚਾਹਿਆ …
ਸਫ਼ਰ ਤੇ ਮੇਰਾ ਡਰ
ਸਫ਼ਰ ਚ ਹੈ ਹਰ ਸ਼ੈਅ ਬ੍ਰਹਿਮੰਡ ਦੀ – ਅਨੰਤ ਸਫ਼ਰ ‘ਚ
ਹੋ ਗਿਆ ਆਰੰਭ – ਜੋ ਉਤਪਤੀ ਤੋਂ ਵੀ ਪਹਿਲਾਂ
ਰਹੇਗਾ ਨਿਰੰਤਰ – ਮਹਾਂਪ੍ਰਲੈ ਤੋਂ ਬਾਅਦ ਵੀ!
ਚੀਜਾਂ ਖ਼ਤਮ ਹੋ ਕੇ ਵੀ ਖ਼ਤਮ ਨਹੀਂ ਹੁੰਦੀਆਂ
ਵਟਾਉਂਦੀਆਂ ਰੂਪ ਬਸ – ਸਫ਼ਰ ਵੀ !
ਹਰ ਸ਼ੈਅ ਦਾ ਆਪਣਾ ਸਫ਼ਰ
ਹਰ ਸਫ਼ਰ ਦਾ ਆਪਣਾ ਰੂਪ !
ਬੀਜ ਕਰਦਾ ਸਫ਼ਰ
– ਧਰਤੀ ਤੇ ਡਿੱਗਣ ਦਾ
– ਹਿੱਕ ਚੋਂ ਫੁੱਟਣ ਦਾ
– ਬਣਨ ਦਾ ਪੌਦਾ … ਰੁੱਖ … ਤੇ ਫਿਰ ਬੀਜ !
ਪਾਣੀ ਦਾ ਸਫ਼ਰ
– ਭਾਫ਼ ਦਾ
– ਬੱਦਲ ਦਾ
– ਮੀਂਹ ਦਾ… ਤੇ ਫਿਰ ਪਾਣੀ ਦਾ !
ਵਕਤ ਦੀ ਸਫ਼ਰ
– ਦਿਨ ਤੋਂ ਰਾਤ ਤੇ ਰਾਤੋਂ ਦਿਨ ਦਾ !
– ਪੱਤਝੜ ਤੋਂ ਬਹਾਰ ਤੇ ਫਿਰ ਪੱਤਝੜ ਦਾ !
– ਪਲਾਂ ਤੋਂ ਯੁਗ ਤੇ ਯੁਗਾਂ ਤੋਂ ਪਲ ਦਾ !
ਸਫ਼ਰ – ਮੁਕੰਮਲ ਹੋ ਕੇ ਵੀ ਰਹਿੰਦਾ ਨਾਮੁਕੰਮਲ !
ਸਫ਼ਰ – ਵਰ ਵੀ ਤੇ ਸਰਾਪ ਵੀ !
ਸਫ਼ਰ –ਹੈ ਸਭ ਕੁਝ ਤੇ ਕੁਝ ਵੀ ਨਹੀਂ !
ਸਫ਼ਰ – ਦੀਵੇ ਦਾ ਤੇਲ ਤੇ ਫੂਕ ਵੀ !
ਸਫ਼ਰ – ਖੁਦ ਵੀ ਤੇ ਖੁਦਾ ਵੀ !
ਸਫ਼ਰ – ਰਾਹ ਵੀ ਤੇ ਮੰਜ਼ਲ ਵੀ !
ਇਹ ਧਰਤੀ, ਚੰਨ, ਤਾਰੇ
ਕਰ ਰਹੇ ਨੇ ਸਫ਼ਰ ਸਾਰੇ
ਫਿਰ ਕਿਓਂ ਤ੍ਰਹਿ ਰਿਹਾਂ – ਮੈਂ ਸਫ਼ਰ ਤੋਂ
ਮੈਂ ਤਾਂ ਮਹਿਜ਼ ਤੇਰੇ ਤੱਕ ਹੀ ਪਹੁੰਚਣਾ ਏ !
ਸ਼ਾਇਦ !
ਲੰਬੇ ਸਫ਼ਰ ਨੇ ਮੈਨੂੰ
ਮੇਰੀ ਅਸਲ ਸ਼ਕਲ ਦਿਖਾ ਦਿੱਤੀ ਏ …!!
—0—