ਹਿੰਦੀ ਮਿੰਨੀ ਕਹਾਣੀਆਂ
ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ
-ਮੀਰਾ ਜੈਨ
ਨਾਮ
ਮੰਚ ਤੋਂ ਉਤਰਦਿਆਂ ਹੀ ਅਲਕਾ ਨੂੰ ਲੜਕੀਆਂ ਨੇ ਘੇਰ ਲਿਆ, “ਮੈਡਮ ਜੀ, ਤੁਸੀਂ ‘ਅੰਤਰਰਾਸ਼ਟਰੀ ਨਾਰੀ-ਦਿਵਸ’ ਦੇ ਮੌਕੇ ਤੇ ਸਾਰੀਆਂ ਲੜਕੀਆਂ ਲਈ ਬਹੁਤ ਹੀ ਸ਼ਾਨਦਾਰ, ਨਾਮ, ਮਾਣ-ਸਨਮਾਨ, ਆਤਮਨਿਰਭਰ ਆਦਿ ਪ੍ਰੇਰਕ ਅਤੇ ਕ੍ਰਾਂਤੀਕਾਰੀ ਵਿਖਿਆਨਾਂ ਨਾਲ ਸਾਨੂੰ ਸਭ ਨੂੰ ਜਾਣੂੰ ਕਰਵਾਇਆ। ਤੁਹਾਡਾ ਪ੍ਰੇਰਨਾਜਨਕ ਭਾਸ਼ਣ ਜ਼ਰੂਰ ਹੀ ਸਾਡੇ ਸਭ ਦੇ ਜੀਵਨ ਨੂੰ ਸਨਮਾਨਪੂਰਵਕ, ਸ਼ਕਤੀਸ਼ਾਲੀ ਤੇ ਗੌਰਵਮਈ ਬਣਾਉਣ ਵਿੱਚ ਸਹਾਈ ਸਿੱਧ ਹੋਵੇਗਾ।”
“ਸ਼ੁਕਰੀਆ। ਕੀ ਨਾਂ ਹੈ ਤੇਰਾ?”
“ਜੀ ਪ੍ਰੱਗਿਆ।” ਤੁਰੰਤ ਪ੍ਰੱਗਿਆ ਨੇ ਆਪਣੀ ਡਾਇਰੀ ਅੱਗੇ ਵਧਾਉਂਦਿਆਂ ਕਿਹਾ, “ਮੈਡਮ ਜੀ, ਆਟੋਗ੍ਰਾਫ ਪਲੀਜ਼!”

ਅਲਕਾ ਨੇ ਖ਼ੁਸ਼ੀ ਨਾਲ ਆਟੋਗ੍ਰਾਫ ਦਿੱਤਾ- ‘ਅਲਕਾ ਰਮਨ ਰਾਜ!’
“ਮੈਡਮ ਜੀ, ‘ਰਮਨ ਰਾਜ’ ਕੀ ਤੁਹਾਡਾ ਸਰਨੇਮ ਹੈ?”
ਅਲਕਾ ਨੇ ਮਾਣ ਨਾਲ ਦੱਸਿਆ, “ਨਹੀਂ, ਇਹ ਮੇਰੇ ਪਤੀ ਦਾ ਨਾਂ ਹੈ।”
ਪ੍ਰੱਗਿਆ ਨੇ ਫਿਰ ਪੁੱਛਿਆ, “ਮੈਡਮ ਜੀ, ਤਾਂ ਕੀ ਤੁਹਾਡੇ ਪਤੀ ਵੀ ‘ਰਮਨ ਰਾਜ ਅਲਕਾ’ ਲਿਖਦੇ ਹਨ?”
ਪ੍ਰਸ਼ਨ ਸੁਣ ਕੇ ਅਲਕਾ ਖਾਮੋਸ਼ ਹੋ ਗਈ। ਉਹਦੇ ਚਿਹਰੇ ਤੇ ਘਬਰਾਹਟ ਉੱਭਰ ਆਈ ਸੀ।
***
ਜਨਰਲ ਨਾਲੇਜ
“ਹਾਏ ਪਾਪਾ, ਵੇਖੋ ਨਾ, ਕਿੰਨੇ ਸੈਨਿਕ ਮਾਰੇ ਗਏ!” ਇੰਨਾ ਕਹਿੰਦੇ-ਕਹਿੰਦੇ ਸਮਿਅਕ ਦੀਆਂ ਅੱਖਾਂ ਵਿੱਚ ਹੰਝੂ ਭਰ ਆਏ। ਉਸ ਨੂੰ ਇਸ ਤਰ੍ਹਾਂ ਰੋਂਦਾ ਵੇਖ ਕੇ ਹੌਸਲਾ ਦੇਣ ਦੀ ਥਾਂ ਪਿਤਾ ਵਿਕਾਸ ਨੇ ਡਾਂਟਦੇ ਹੋਏ ਕਿਹਾ, “ਸਮਿਅਕ, ਤੂੰ ਪੂਰੇ ਬਾਰਾਂ ਸਾਲਾਂ ਦਾ ਹੋ ਗਿਆ ਹੈਂ ਅਤੇ ਤੈਨੂੰ ਇੰਨਾ ਵੀ ਨਹੀਂ ਪਤਾ ਕਿ ਸਾਡੇ ਦੇਸ਼ ਦੇ ਫ਼ੌਜੀਆਂ ਦੀ ਡਰੈੱਸ ਕਿਹੜੀ ਹੈ! ਇਹ ਸਾਡੇ ਦੇਸ਼ ਦੇ ਫੌਜੀ ਨਹੀਂ ਹਨ। ਸਮਝਿਆ! ਆਪਣੀ ਜਨਰਲ ਨਾਲੇਜ ਵਧਾ, ਨਹੀਂ ਤਾਂ ਗਧੇ ਦਾ ਗਧਾ ਹੀ ਰਹਿ ਜਾਵੇਂਗਾ।” ਇਸ ਤੇ ਸਮਿਅਕ ਨੇ ਹੰਝੂ ਪੂੰਝਦਿਆਂ ਬੜੀ ਹੀ ਭਾਵੁਕਤਾ ਨਾਲ ਕਿਹਾ, “ਪਾਪਾ, ਮੈਨੂੰ ਪਤਾ ਹੈ ਕਿ ਇਹ ਸਾਡੇ ਦੇਸ਼ ਦੇ ਫੌਜੀ ਨਹੀਂ ਹਨ। ਪਰ ਕਿਸੇ ਵੀ ਦੇਸ਼ ਦੇ ਹੋਣ! ਮਰਨ ਵਾਲੇ ਤਾਂ ਇਨਸਾਨ ਹੀ ਹੁੰਦੇ ਹਨ ਨਾ ਪਾਪਾ!” ਬੇਟੇ ਦਾ ਨਿਰਪੱਖ ਮਾਨਵੀ ਪਹਿਲੂ ਦੇਖ ਕੇ ਪਿਤਾ ਵਿਕਾਸ ਗੰਭੀਰ ਹੋ ਕੇ ਸੋਚਣ ਲੱਗਿਆ। ਅਸਲ ਵਿੱਚ ਅੱਜ ਪੂਰੇ ਸੰਸਾਰ ਨੂੰ ਇਸੇ ਤਰ੍ਹਾਂ ਸੋਚਣ ਦੀ ਲੋੜ ਹੈ!
***
# ਮੀਰਾ ਜੈਨ, 516, ਸਾਈਨਾਥ ਕਾਲੋਨੀ, ਸੇਠੀ ਨਗਰ, ਉਜੈਨ (ਮੱਧਪ੍ਰਦੇਸ਼) 9425918116 # ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.