ਕਹਾਣੀ
■ ਜਤਿੰਦਰ ਸਿੰਘ ਹਾਂਸ
ਗਿੱਧੇ ਵਿੱਚ ਉੱਡਦੇ ਪਰਾਂਦੇ ਡੋਰੀਏ,
ਦੇ—ਦੇ ਗੇੜਾ, ਸ਼ੌਂਕ ਦਾ ਨਿਣਾਨੇ ਗੋਰੀਏ।
ਰਾਧਾ ਨਵੇਂ ਸਮਾਰਟ ਫੋਨ ਉੱਤੇ ਗੀਤ ਲਾ ਕੇ ਨੱਚ ਰਹੀ ਸੀ। ਜਿਵੇਂ ਉਹਨੇ ਮੁਕਾਬਲੇ ਵਿੱਚ ਭਾਗ ਲੈਣਾ ਹੋਵੇ।
ਦੇ—ਦੇ ਗੇੜਾ
ਦੇ—ਦੇ ਗੇੜਾ।

ਗੀਤ ਚੱਲੀ ਜਾ ਰਿਹਾ, ਉਹ ਧੂੜਾਂ ਪੱਟ ਰਹੀ ਆ, ਜਿਵੇਂ ਉਹਦੇ ਪੈਰਾਂ ਅੱਕਣਾ—ਥੱਕਣਾ ਸਿੱਖਿਆ ਨਾ ਹੋਵੇ।
ਰਾਧਾ ਦੀ ਕਮਲਾ ਚਾਚੀ ਕੰਮ ਤੋਂ ਆਈ ਏ, ਥੱਕੀ—ਟੁੱਟੀ। ਉਹਨੂੰ ਘਰਦੇ ਕੰਮ ਓਵੇਂ ਪਏ ਦੇਖ ਗੁੱਸਾ ਆ ਗਿਆ। ਉਹਨੇ ਸਮਾਰਟ—ਫੋਨ ਚੱਕ ਕੇ ਜ਼ੋਰ ਨਾਲ ਧਰਤੀ ਤੇ ਮਾਰਿਆ। ਗੀਤਉੱਥੇ ਹੀ ਰੁਕ ਗਿਆ ਨਾਲ ਹੀ ਰੁਕ ਗਏ ਰਾਧਾ ਦੇ ਪੈਰ।
ਚਾਚੀ ਗੁੱਸੇ ’ਚ ਬੋਲੀ, “…ਯੇ ਲੜਕੀ ਤੋ ਪਾਗਲ ਹੋਗੀ। ਦਿਨ ਰਾਤ ਫੋਨ ਪੇ ਲਗੀ ਰਹਿਤੀ ਏ।
ਫੋਨ ਧਰਤੀ ’ਤੇ ਮੁਰਦੇ ਵਾਂਗ ਪਿਆ। ਉਹਦੀ ਤਿੜਕੀ ਸਕਰੀਨ ਚਿੱਟੀ ਹੋ ਗਈ ਆ।
ਰਾਧਾ ਦੀਆਂ ਚੀਕਾਂ ਨਿਕਲ ਗਈਆਂ। ਕਈ ਵਾਰ ਰਾਧਾ ਨੂੰ ਲੱਗਦਾ ਇਹ ਫੋਨ ਉਹਦੀ ਜਾਨ ਲੈ ਕੇ ਰਹੂਗਾ। ਕਿੰਨਾ ਭਿਆਨਕ ਸਪਨਾ ਸੀ। ਸਮਾਰਟ ਫੋਨ ਦਾ ਟੁੱਟਣਾ, ਦਿਲ ਦਹਿਲਾਅ ਦੇਣ ਵਾਲਾ ਸੀ। …ਅਜੇ ਤਾਂ ਉਹਨੂੰ ਫੋਨ ਮਿਲਿਆ ਵੀ ਨਹੀਂ ਸੀ। ਪਹਿਲਾਂ ਹੀ ਬਦਸ਼ਗਨੀ ਵਾਲਾ ਸੁਪਨਾ ਕਿਉਂ ਆਇਆ।
ਰਾਧਾ ਨੂੰ ਰਾਮ—ਪ੍ਰਸ਼ਾਦ ਯਾਦਵ ਨੇ ਫੋਨ ਦੇਣਾ ਸੀ।
——0——
ਹੋਲੀ ਸੀ।
ਅੱਜ ਕਿਸੇ ਨੂੰ ਰੋਕ—ਟੋਕ ਨਹੀਂ। ਦਿਨ ਭਰ ਹੱਡ—ਭੰਨਵੀਂ ਮਿਹਨਤ ਕਰਕੇ ਦੋ ਡੰਗ ਦੀ ਰੋਟੀ ਤੇ ਗੁਜ਼ਾਰਾ ਕਰਨ ਵਾਲੇ। ਗੱਲ—ਗੱਲ ਤੇ ਦੁਰਕਾਰੇ ਜਾਣ ਵਾਲੇ। ਗਾਲੀ—ਗਲੋਚ ਦੇ ਜੁਆਬ ਵਿੱਚ, ਜਰਦੇ ਬੀੜੀਆਂ ਵਾਲੇ ਦੰਦ ਦਿਖਾਉਣ ਵਾਲੇ। ਦਿਨ ਭਰ ਦੀ ਕਮਾਈ ਵਿੱਚੋਂ ਠੇਕੇਦਾਰ ਦਾ ਦਸਵੰਧ ਕੱਢ ਕੇ ਰੱਬ ਦਾ ਸ਼ੁਕਰ ਮਨਾਉਣ ਵਾਲੇ, ਰਾਮ ਪ੍ਰਸ਼ਾਦ ਯਾਦਵ ਦੇ ਕਹਿਣ ਵਾਂਗ, “ਇਨ ਛੋਟੇ ਲੋਗੋ ਨੇ ਭਾਰਤ ਮਾਤਾ ਕੋ ਗਰੀਬ ਬਨਾ ਦੀਆ। ਭਾਰਤ ਮਾਤਾ ਕੇ ਸਿਰ ਕਾ ਦੁਪੱਟਾ ਸੀਨ ਲੀਆ।” ਉਹ ਲੋਕ ਅੱਜ ਰੰਗ ਵਿੱਚ ਸਨ। ਇੱਕ ਦੂਜੇ ਉੱਤੇ ਰੰਗ ਸਿੱਟਦੇ। ਢੋਲਕੀ ਕੁੱਟਦੇ, ਉੱਚੀ—ਉੱਚੀ ਗਲਾ ਫਾੜ ਕੇ, “ਹੌਲੀ ਹੈ… ਹੋਲੀ ਹੈ” ਚੀਕ ਕੇ ਦਿਲ ਦੇ ਗੁਬਾਰ ਕੱਢ ਰਹੇ ਨੇ। ਗਰੀਬੀ ਦਾ ਢੋਣਾ—ਢੋਣ ਵਾਲੇ ਦੀਵਾਲੀ, ਸੱਠ—ਪੂਜਾ, ਹੋਲੀ ਨੂੰ ਸ਼ਰਾਬ ਭੰਗ ਪੀ ਕੇ, ਧਰਮਰਾਜ ਬਣੇ ਫਿਰਦੇ।
ਕੁਆਟਰਾਂ ਦੀ ਹਾਲਤ ਝੁੱਗੀਆਂ ਨਾਲੋਂ ਵੀ ਮਾੜੀ ਆ। ਪੰਦਰਾਂ ਕੁਆਟਰਾਂ ਦਾ ਇੱਕ ਬਾਥਰੂਮ, ਇੱਕ ਨਲਕਾ, ਜਿਹੜਾ ਪਾਣੀ ਛੱਡ ਗਿਆ। ਹੁਣ ਇੱਕ ਟੂਟੀ ਲੱਗੀ ਹੋਈ ਆ, ਜਿਸ ਵਿੱਚ ਸਵੇਰੇ—ਸ਼ਾਮ ਪਾਣੀ ਆਉਂਦਾ।
ਬਾਥਰੂਮ ਅੱਗੇ ਲਾਈਨ ਲੱਗਦੀ, ਲਾਇਨ ਜਦ ਅੱਗੇ ਨਾ ਤੁਰਦੀ, ਵਿੱਚ ਖੜ੍ਹਾ ਰਾਮ ਪ੍ਰਸ਼ਾਦ ਯਾਦਵ ਇਹ ਜ਼ਰੂਰ ਆਖਦਾ, “ਗੰਦ ਪਾ ਦੀਆ ਇਨ ਲੋਗੋਂ ਨੇ, ਤਭੀ ਤੋ ਦੇਸ ਕਾ ਵਿਕਾਸ ਨਹੀ ਹੋਤਾ।”
ਕੁਆਟਰਾਂ ਅੱਗੇ, ਸੜਕ ਉੱਤੇ ਡੈਕ ਵੱਜ ਰਿਹਾ, ਫਿਲਮੀ ਗੀਤ ਚੱਲ ਰਹੇ ਨੇ :
ਰੰਗ ਬਰਸੇ
ਰੰਗ ਬਰਸੇ, ਭੀਗੇ ਚੁਨਰ ਵਾਲੀ।
ਬੱਚੇ—ਬੱਚੀਆਂ, ਬੁੱਢੇ—ਬੁੱਢੀਆਂ, ਜੁਆਨ—ਮੁਟਿਆਂ ਸਾਰੇ ਨੱਚ ਰਹੇ ਸੀ। ਭੰਗ—ਸ਼ਰਾਬ ਦੇ ਨਸ਼ੇ ’ਚ। ਕੋਈ ਪਾਨ ਚਬਾ ਰਿਹਾ ਕੋਈ ਬੀੜੀਆਂ ਦਾ ਧੂੰਆਂ ਛੱਡ ਰਿਹਾ। ਇੱਕ ਦੂਜੇ ਉੱਤੇ ਰੰਗ—ਸਿੱਟਕੇ ਗਾ ਰਹੇ ਨੇ:
“ਰੰਗ ਬਰਸੇ,
ਓ ਰੰਗ ਬਰਸੇ, ਭੀਗੇ ਚੁਨਰ ਵਾਲੀ…।”
ਕੁਆਟਰਾਂ ਵਿੱਚ ਮੀਟ, ਮਛਲੀ, ਚਾਵਲ ਬਣੇ ਹੋਏ ਸੀ। ਕਈਆਂ ਨੇ ਖੀਰ ਵੀ ਬਣਾਈ ਏ।
ਰਾਮ ਪ੍ਰਸ਼ਾਦ ਯਾਦਵ ਯੂ.ਪੀ. ਤੋਂ ਹੈ, ਬਾਕੀ ਸਾਰੇ ਕੁਆਟਰਾਂ ਵਿੱਚ ਰਹਿਣ ਵਾਲੇ ਬਿਹਾਰ ਦੇ ਨੇ। ਉਹ ਫੈਕਟਰੀ ਵਿੱਚ ਫੋਰਮੈਨ ਹੈ। ਬਹੁਤੇ ਫੈਕਟਰੀ ਵਿੱਚ ਮਜਦੂਰੀ ਕਰਦੇ ਨੇ। ਫਲਾਂ, ਸਬਜ਼ੀਆਂ ਦੀ ਰੇਹੜੀ, ਤੇ ਇੱਕ ਰਿਕਸ਼ਾ ਵੀ ਚਲਾਉਂਦਾ। ਰਾਮ ਪ੍ਰਸ਼ਾਦ ਦੇ ਕੁਆਟਰ ਵਿੱਚ ਟੀ.ਵੀ. ਲੱਗਿਆ ਹੋਇਆ।
ਉਹ ਕੁਆਟਰਾਂ ਦਾ ਘੜੱਮ ਚੌਧਰੀ ਬਣਿਆ ਹੋਇਆ। ਆਪਣੇ—ਆਪ ਨੂੰ ਉੱਚੀ ਕੁੱਲ ਦਾ ਅਖਵਾਉਂਦਾ। ਕੁਆਟਰਾਂ ਦਾ ਮਾਲਕ ਸਰਬਜੀਤ ਜਦੋਂ ਕਿਰਾਇਆ ਲੈਣ ਆਉਂਦਾ, ਉੱਥੇ ਰਹਿਣ ਵਾਲਿਆਂ ਨੂੰ ਭਈਏ ਆਖਦਾ। ਰਾਮ ਪ੍ਰਸ਼ਾਦ ਦੰਦੀਆਂ ਦਿਖਾਉਂਦਾ ਕਹੂਗਾ, “ਸਰਦਾਰ ਜੀ ਬਈਆ ਤੋਂ ਬਿਹਾਰ ਕੇ ਹੋਤੇ ਹੈ, ਮੈਂ ਯੂ.ਪੀ. ਸੇ ਹੂੰ।”
ਦੋਵੇਂ ਬਿਨਾਂ ਗੱਲ ਤੋਂ ਹੱਸਣ ਲੱਗਦੇ। ਉਹ ਉਹਦੇ ਅੱਗੇ—ਪਿੱਛੇ ਫਿਰਦਾ ਪੂਛ ਹਿਲਾਉਂਦਾ ਰਹਿੰਦਾ।
ਰਾਮ ਪ੍ਰਸ਼ਾਦ ਬਿਹਾਰ ਦੇ ਬੰਦਿਆਂ ਨੂੰ ਘੱਟ ਹੀ ਪਸੰਦ ਕਰਦਾ, ਉਹਨਾਂ ਦੀਆਂ ਤੀਮੀਂਆਂ ’ਤੇ ਲਾਲ਼ਾਂ ਸਿੱਟਦਾ ਰਹਿੰਦਾ। ਰਾਧਾ ਦੀ ਚਾਚੀ ਕਮਲਾ ਨਾਲ ਉਹਦੀ ਬਹੁਤ ਬਣਦੀ ਆ। ਉਹਨੂੰ ਪਾਨ ਦੇਣ ਅਕਸਰ ਹੀ ਉਹਨਾਂ ਦੇ ਕੁਆਟਰ ਜਾ ਆਉਂਦਾ।
ਰਾਧਾ ਨੇ ਜੁਆਨੀ ਵਿੱਚ ਪੈਰ ਰੱਖ ਲਿਆ ਸੀ। ਪਤਾ ਨਹੀਂ ਉਹਦੇ ਸਿਸਟਮ ’ਚ ਕੋਈ ਖ਼ਰਾਬੀ ਸੀ, ਉਹਦਾ ਦਿਨ ਜੁਆਨ ਮੁੰਡਿਆਂ ਨੂੰ ਦੇਖ ਕਦੇ ਤੇਜ਼ ਨਹੀਂ ਧੜਕਿਆ, ਜਿੰਨਾ ਟੱਚ—ਸਕਰੀਨ ਮੁਬਾਇਲ ਲਈ ਧੜਕਦਾ। ਰਾਧਾ ਦੀ ਸਹੇਲੀ ਸਿਵਾਨੀ ਵੀ ਉਹਦੇ ਨਾਲ ਪੜ੍ਹਦੀ ਆ। ਉਹਦੇ ਕੋਲ ਟੱਚ—ਸਕਰੀਨ ਫੋਨ ਆ। ਉਹਦਾ ਫੋਨ ਦੋ ਦਿਨ ਰਾਧਾ ਕੋਲ ਰਿਹਾ, ਕਿੰਨੇ ਫੰਕਸ਼ਨ ਸੀ ਉਸ ਵਿੱਚ, ਫੋਨ ਕਰੋ, ਸੁਣੋ, ਟਾਈਮ ਦੇਖੋ, ਸੈਲਫੀਆਂ ਖਿੱਚੋ, ਗੀਤ ਸੁਣੋ, ਫ਼ਿਲਮਾਂ ਦੇਖੋ। ਗੱਲ ਕੀ ਉਹਨੂੰ ਕਹੋ, ‘ਖੁੱਲ ਜਾ ਸਿੰਮ—ਸਿੰਮ… ਸਾਰੀ ਦੁਨੀਆ ਥੋਡੀ ਮੁੱਠੀ ’ਚ।’ ਸਿਵਾਨੀ ਦੇ ਮੁਬਾਈਲ ਨੇ ਰਾਧਾ ਦੇ ਮਨ ਵਿੱਚ ਮੁਬਾਈਲ ਲਈ ਡੋਬੂ ਪੈਣ ਲਾ ਦਿੱਤੇ।
ਜਿਵੇਂ ਭੁੱਖਾ ਬੰਦਾ ਬਾਤ ਪਾਵਾ?
ਟੁੱਕ। ਕਹਿੰਦਾ, ਓਵੇ
ਬਾਤ ਪਾਵਾਂ?
ਟੱਚ ਮੁਬੈਲ। ਰਾਧਾ ਦਾ ਹਾਲ ਆ।
ਇੱਕ ਦਿਨ ਰਾਧਾ ਆਪਣੀ ਚਾਚੀ, ਜਿਸ ਨੂੰ ਮੰਮੀ ਕਹਿੰਦੀ ਆ, ਨਾਲ ਬਹਿਸ ਰਹੀ ਸੀ, “ਮੰਮੀ ਮੇਰੀਆਂ ਸਾਰੀਆਂ ਸਹੇਲੀਆਂ ਕੋਲ ਟੱਚ ਸਕਰੀਨ ਫੋਨ ਨੇ।”
—“ਖੂਹ ਮੇ ਗਿਰੇ ਤੇਰੀ ਸਹੇਲੀਆਂ। ਦੇਵੀ ਮਾਤਾ ਕੀ ਸੁਗੰਦ ਮੁਜੇ ਤੇਰੀ ਬਾਤ ਅੱਛੀ ਨਾ ਲਗੇ। ਮੁਬਾਈਲ ਸੇ ਆਖੇ ਖਰਾਬ ਹੋਵੈ। ਦਿਮਾਗ ਖਰਾਬ ਹੋਵੈ। ਕਾਮ ਕਰੇਗੀ, ਪੜੇਗੀ ਜਾਂ ਮੁਬਾਈਲ ਚਲਾਏਗੀ।… ਯੇ ਮੁਬਾਈਲ ਨੇ ਦੁਨੀਆ ਡੋਬਦੀ…।”
—“ਬਹੁਤ ਫਾਇਦੇ ਨੇ ਮੰਮੀ ਮੁਬਾਈਲ ਦੇ, ਤੂੰ ਆਪਣੀ ਬਿਹਾਰ ਬੈਠੀ ਮਾਂ ਨਾਲ ਵੀਡੀਓ ਕਾਲ ਕਰ ਲਿਆ ਕਰੀਂ। ਐਂ ਲੱਗੂ ਜਿਵੇਂ ਕੋਲ ਬੈਠੇ ਗੱਲਾਂ ਕਰ ਰਹੇ ਹੋਈਏ। ਨੈੱਟ ਦੱਸ ਦਿੰਦਾ ਮੀਂਹ ਕਦ ਪੈਣਾ।”
—“ਨੈੱਟ ਸੇ ਤੋ ਮੇਂਡਕ ਵਧ ਜਾਨੈਂ, ਮੀਂਹ ਕਭ ਆਵੈ।”
—“ਹਾਏ ਰੱਬਾ, ਮੰਮੀ ਕਿਸੇ ਨੂੰ ਵਾਰੇ ਨੀ ਆਉਣ ਦਿੰਦੀ।”
ਰਾਮ ਪ੍ਰਸ਼ਾਦ ਆਪਣੇ ਕੁਆਟਰਾਂ ਨੂੰ ਲੰਘਿਆ ਜਾ ਰਿਹਾ ਸੀ। ਉਹਨੇ ਰਾਧਾ ਦੇ ਕੁਆਟਰ ਕੋਲ ਪੈਰ ਮਲੇ। ਅੰਦਰ ਆ ਗਿਆ। ਉਹਨੂੰ ਦੇਖ ਕਮਲਾ ਦਾ ਗੁੱਸਾ ਐਂ ਗਾਇਬ ਹੋ ਗਿਆ, ਜਿਵੇਂ ਗਧੇ ਦੇ ਸਿਰ ਤੋਂ ਸਿੰਗ। ਉਹ ਹੱਸਣ ਲੱਗੀ, “ਆਈਏ ਸੇਠ ਜੀ ਆਈਏ।”
ਰਾਮ ਪ੍ਰਸ਼ਾਦ ਸੇਠ ਕਹਾ ਕੇ ਖ਼ੁਸ਼ ਹੁੰਦਾ ਏ। ਕਮਲਾ ਉਹਨੂੰ ਖ਼ੁਸ਼ ਕਰਨਾ ਜਾਣਦੀ ਹੈ। ਉਹਨੇ ਬਾਹਰ ਖੜ੍ਹੇ ਨੇ ਗੱਲਾਬਤ ਸੁਣ ਲਈ ਸੀ। ਪਾਨ ਚਬਾਉਂਦੇ ਬੋਲੇ, “ਕਮਲਾ ਜੀ ਮੁਬੈਲ ਆਜ ਕੇ ਜਮਾਨੇ ਦੀ ਜਰੂਰਤ ਬਨ ਗਿਆ। ਰੋਟੀ ਕੇ ਬਿਨਾ ਸਰ ਜਾਵੇ, ਇਸਦੇ ਬਿਨਾ ਨਾ ਸਰੈ।” ਉਹਨੇ ਪਾਨ ਦੀ ਡੱਬੀ ਵਿੱਚੋਂ ਕੱਢ ਕਮਲਾ ਨੂੰ ਪਾਨ ਪੇਸ਼ ਕੀਤਾ। ਰਾਧਾ ਦੀ ਵਕਾਲਤ ਕਰਕੇ ਉਸ ਵੱਲ ਟੇਢਾ ਜਿਹਾ ਝਾਕਿਆ।
—“ਸੇਠ ਜੀ ਜਿਨਕੋ ਰੋਟੀ ਕਾ ਫਿਕਰ ਹੋ। ਮੁਬਾਈਲ ਉਸਕੇ ਕਿਆ ਕਾਮ। ਜੇਕਰ ਇਸਕੋ ਲੇ ਦੀਆ ਚਾਰ ਔਰ ਹੈਂ, ਜਿਸੇ ਲੇ ਕਰ ਦੇਨਾ ਪੜੇਗਾ। ਇਸਕੇ ਚਾਚਾ ਕੇ ਪਾਸ ਹੈ। ਗਾਓਂ ਮੇ ਸਭਸੇ ਬਾਤ ਹੋ ਜਾਤੀ ਹੈ।”
—“ਪਾਪਾ ਕੋਲ ਬਟਨਾ ਵਾਲਾ।” ਰਾਧਾ ਬੋਲੀ।
—“ਰਾਧਾ ਕੇ ਪਾਸ ਸਮਾਰਟ ਫੋਨ ਹੋਨਾ ਚਾਹੀਏ। ਉਸਸੇ ਰਾਧਾ ਔਰ ਸਮਾਰਟ ਲਗੇਗੀ। ਹਮਾਰੇ ਮਾਲਕ ਨੇ ਬੋਨਸ ਬਾਟਨਾ। ਹਮ ਨੇ ਉਸੇ ਟੱਚ ਸਕਰੀਨ ਫੋਨ ਦੇਨੇ ਕੋ ਮਨਾ ਲੀਆ। ਕੁੱਛ ਪੈਸੇ ਤਨਖਾਹ ਸੇ ਕਾਟੇਗਾ।”
—“ਚਾਚਾ ਥੋਡੇ ਕੋਲ ਨਵਾਂ ਫੋਨ ਆ ਜਾਣਾ। ਇਹ ਫੋਨ ਮੈਨੂੰ ਦੇ ਦਿਓ।” ਰਾਧਾ ਆਖਿਆ।
—“ਐਸੇ ਮੂੰਹ ਪਾੜ ਕਰ ਨਹੀਂ ਮਾਂਗਾ ਕਰਤੇ… ਸੇਠ ਜੀ ਯੇ ਤੋ ਪਾਗਲ ਹੈ।” ਕਮਲਾ ਨੇ ਪਹਿਲੀ ਗੱਲ ਰਾਧਾ ਨੂੰ ਦੂਜੀ ਰਾਮ ਪ੍ਰਸਾਦ ਨੂੰ ਕਹੀ।
—“ਕੋਈ ਬਾਤ ਨਹੀਂ, ਯੇਹ ਕੋਨਸੀ ਗ਼ੈਰ ਹੈ। ਪੁਰਾਨਾ ਨਹੀ ਤੁਜੇ ਮੈਂ ਨਿਆ ਦੂਗਾ। ਮੇਰੇ ਪਾਸ ਤੋ ਪਹਿਲੇ ਸੇ ਅੱਛੇ ਵਾਲਾ ਹੈ।” ਉਹ ਆਪਣਾ ਸਮਾਰਟ ਫੋਨ ਦਿਖਾ ਕੇ ਰਾਧਾ ਦੀਆਂ ਗੱਲ਼ਾ ਥਾਪੜਨਾ ਆਪਣਾ ਅਧਿਕਾਰ ਸਮਝਣ ਲੱਗਾ।
“ਸੇਠ ਜੀ ਆਪ ਦਿਲ ਦਰਿਆ ਹੋ।” ਕਮਲਾ ਨੇ ਜਾਂਦੇ ਰਾਮ ਪ੍ਰਸ਼ਾਦ ਨੂੰ ਕਿਹਾ। ਉਹ ਰਾਧਾ ਤੋਂ ਤਿਗਣੀ ਉਮਰ ਦਾ ਹੈ। ਯੂ.ਪੀ. ਵਿੱਚ ਉਹਦੇ ਬੱਚੇ ਨੇ। ਪਰ ਆਪਣੇ ਆਪ ਨੂੰ ਕਵਾਰਾ ਦੱਸਦਾ। ਕਮਲਾ ਉਹਦੀ ਅਮੀਰੀ ਤੋਂ ਪ੍ਰਭਾਵਿਤ ਹੈ। ਉਹ ਚਾਹੁੰਦੀ ਹੈ ਰਾਧਾ ਦਾ ਹੱਥ ਉਹਨੂੰ ਫੜਾ ਕੇ ਉਹਦੀ ਜ਼ਿੰਮੇਵਾਰੀ ਤੋਂ ਸੁਰਖਰੂ ਹੋ ਜਾਵੇ। ਨਾਲੇ ਦੋਸਤੀ ਰਿਸ਼ਤੇਦਾਰੀ ਵਿੱਚ ਬਦਲ ਜਾਵੇਗੀ। ਜੇ ਰਾਮ ਪ੍ਰਸ਼ਾਦ ਯੂ.ਪੀ. ਬਿਹਾਰ ਵਾਲਾ ਅਤੇ ਉੱਚੀ ਜਾਤ ਵਾਲਾ ਅੜਿੱਕਾ ਨਾ ਮੰਨਦਾ ਹੁੰਦਾ ਸ਼ਾਇਦ ਰਿਸ਼ਤਾ ਹੋ ਜਾਂਦਾ। ਰਾਧਾ ਏਨੀ ਸੋਹਣੀ ਵੀ ਨਹੀਂ ਇਕਹਰੇ ਸਰੀਰ ਦੀ ਹੈ। ਓਦਾ ‘ਹੱਥ—ਪੱਲਾ’ ਮਾਰਨ ਨੂੰ ਤਾਂ ਠੀਕ ਸਮਝਦਾ ਘਰ ਵਸਾਉਣ ਨੂੰ ਨਹੀਂ। ਰਾਧਾ ਸੋਚਦੀ, ‘ਇਹਨੂੰ ਫੋਰਮੈਨ ਹੋਣ ਕਰਕੇ ਹੋਰਾਂ ਨਾਲੋਂ ਚਾਰ ਪੈਸੇ ਫੈਕਟਰੀ ਵਿੱਚੋਂ ਵੱਧ ਮਿਲਦੇ ਹੋਣਗੇ। ਜੇ ਇਹ ਸੇਠ ਹੁੰਦਾ ਅੱਠ ਬਾਈ ਛੇ ਦੇ ਕੁਆਟਰਾਂ ਵਿੱਚ ਦਾਲ ਲੈਣ ਆਇਆ।’ ਰਾਧਾ ਨੂੰ ਉਹਦੀਆਂ ਹਰਕਤਾਂ ਪਸੰਦ ਨਹੀਂ ਪਰ ਜਦੋਂ ਦਾ ਟੱਚ ਸਕਰੀਨ ਮੁਬਾਈਲ ਲੈ ਕੇ ਦੇਣ ਦਾ ਵਾਅਦਾ ਕੀਤਾ ਸੀ, ਉਹਨੂੰ ਰਾਮ ਪ੍ਰਸ਼ਾਦ ਦੀਆਂ ਚਬਲਾਂ ਸਹਿਣ ਕਰਨੀਆਂ ਪੈਂਦੀਆਂ।
ਸਾਰੇ ਹੋਲੀ ਦੇ ਰੰਗ ਵਿੱਚ ਰੰਗੇ ਹੋਏ। ਰਾਧਾ ਦੇ ਮਨ ਵਿੱਚ ਹੋਲੀ ਨਾਲੋਂ ਸਮਾਰਟ ਫੋਨ ਦਾ ਜ਼ਿਆਦਾ ਚਾਅ ਸੀ। ਉਹ ਸੋਚਦੀ, ‘ਅੱਬਲ ਤਾਂ ਰਾਮ ਪ੍ਰਸ਼ਾਦ ਚਾਚਾ ਨਵਾਂ ਹੀ ਦਊਗਾ ਉਹਨੇ ਵਾਅਦਾ ਕੀਤਾ। ਜੇ ਪੁਰਾਣਾ ਵੀ ਦਊਗਾ ਤਾਂ ਵੀ ਵਧੀਆ।’ ਉਹ ਬਿੰਦੇ—ਝੱਟੇ ਉਹਦੇ ਕੁਆਟਰ ਦੇ ਦਰਵਾਜ਼ੇ ਤੇ ਲਟਕਦਾ ਜਿੰਦਾ ਦੇਖ ਆਉਂਦੀ।
ਰਾਮ ਪ੍ਰਸ਼ਾਦ ਯਾਦਵ ਫੈਕਟਰੀ ਤੋਂ ਪਰਤੇ। ਫੈਕਟਰੀ ਵਿੱਚ ਹੋਲੀ ਦੀ ਛੁੱਟੀ ਸੀ ਪਰ ਉਹਨਾਂ ਬੋਨਸ ਦੇਣ ਲਈ ਸੱਦਿਆ ਹੋਇਆ ਸੀ। ਉਹ ਬੰਦਿਆਂ ਅਤੇ ਰੰਗਾਂ ਤੋਂ ਬਚਦੇ ਔਰਤਾਂ ਵੱਲ ਸਿਸਤ ਲਗਾ ਕੇ ਦੇਖਦੇ, ਕੁਆਟਰ ਨੂੰ ਲੰਘੇ। ਉਹਨਾਂ ਦੇ ਹੱਥ ਵਿੱਚ ਲਿਫਾਫਾ ਦੇਖ ਰਾਧਾ ਦੇ ਪੈਰ ਧਰਤੀ ’ਤੇ ਨਾ ਲੱਗਣ। ਉਹਦਾ ਜੀਅ ਕੀਤਾ ਭੱਜ ਕੇ ਉਹਦੇ ਨਾਲ ਜਾ ਰਲੇ। ਉਹਨੇ ਆਪਣੇ ਆਪ ਨੂੰ ਮਸੀਂ ਰੋਕਿਆ।
ਜਦੋਂ ਰਾਧਾ ਰੰਗ ਲੈ ਕੇ ਰਾਮ ਪ੍ਰਸ਼ਾਦ ਦੇ ਕੁਆਟਰ ਗਈ ਉਹ ਪੈੱਗ ਲਗਾ ਰਿਹਾ ਸੀ। ਕੌਲ਼ੀ ਵਿੱਚ ਨਮਕੀਨ, ਅੰਗਰੇਜ਼ੀ ਸ਼ਰਾਬ ਦਾ ਅਧੀਆ ਮੇਜ਼ ਉੱਤੇ ਪਿਆ। ਉਹ ਰਾਧਾ ਨੂੰ ਦੇਖ ਕੇ ਖਿੜ ਗਿਆ, “ਆਓ ਰਾਧਾ ਆਓ।”
“ਹੈਪੀ ਹੋਲੀ ਚਾਚਾ।” ਕਹਿਕੇ ਉਹਨੇ ਉਹਦੇ ਮੱਥੇ ਤੇ ਲਾਲ ਰੰਗ ਦਾ ਟਿੱਕਾ ਲਾ ਦਿੱਤਾ।
—“ਕਿਸੀ ਔਰ ਸੇ ਰੰਗ ਨਹੀਂ ਲਗਵਾਤਾ ਮੈਂ ਰਾਧਾ ਰਾਨੀ।”
ਉਹ ਦਰਵਾਜ਼ੇ ਵਿੱਚੀ ਬਾਹਰ ਝਾਕਦਾ ਆਖਦਾ, “ਇਨ ਗਬਾਰ ਲੋਗੋਂ ਸੇ ਭੌਲੇ ਸ਼ੰਕਰ, ਦੇਵੀ ਮਾਂ ਪ੍ਰਸੰਨ ਹੋਵੈ? ਦੇਸ ਕੋ ਬਰਬਾਦ ਕਰ ਦੀਆ ਇਨ ਲੋਗੋਂ ਨੇ।” ਢੋਲ ਵਾਂਗ ਨਾਂਹ ਵਿੱਚ ਸਿਰ ਮਾਰਨ ਲੱਗਾ। ਉਹ ਦੇਸ ਨੂੰ ਹਰ ਗੱਲ ਵਿੱਚ ਘਸੋੜ ਲੈਂਦਾ।
ਪੈੱਗ ਵਿੱਚੋਂ ਘੁੱਟ ਭਰੀ, ਕੁਰਸੀ ਤੋਂ ਟੇਢਾ ਹੋ ਕੇ ਦਰਵਾਜ਼ੇ ਰਾਹੀਂ ਬਾਹਰ ਦੇਖ ਕੇ ਕਹਿਣ ਲੱਗੇ, “ਅਰੇ ਦੇਖ ਰਾਧਾ ਰਾਣੀ ਚੀਟੀਓ ਕੋ ਭੀ ਪੰਖ ਨਿਕਲ ਆਏ ਹੈ। ਪਤਾ ਨਹੀਂ ਕਿਆ ਬਨੇ ਫਿਰਤੇ ਹੈ। ਕਭੀ ਗਧਾ ਤੀਰਥ ਯਾਤਰਾ ਕਰਨੇ ਸੇ ਘੋੜਾ ਬਨਾ ਹੈ। ਇਨ ਛੋਟੋ ਲੋਗੇ ਨੇ ਬਹੁਤ ਨੁਕਸਾਨ ਕਰ ਦੀਆ ਦੇਸ ਕਾ।” ਪੈੱਗ ਦਾ ਘੁੱਟ ਭਰ ਕੇ ਫਿਰ ਸਿਰ ਮਾਰਨ ਲੱਗਾ ਜਿਵੇਂ ਹੋਲੀ ਨਾ ਖੇਡੀ ਜਾ ਰਹੀ ਹੋਵੇ ਮਾੜੀ ਘਟਨਾ ਵਾਪਰ ਗਈ ਹੋਵੇ।
ਉਹ ਬਾਹਰ ਹੋਲੀ ਖੇਡਣ ਨਹੀਂ ਗਿਆ। ਨਾ ਹੀ ਭੋਲੇ ਨਾਥ ਦਾ ‘ਪ੍ਰਸ਼ਾਦ ਭੰਗ’ ਪੀਤੀ। ਬੈਠਾ ‘ਸੋਮਰਸ’ ਪੀਂਦਾ ਰਿਹਾ। ਆਪਣੇ ਆਪ ਨੂੰ ਹੋਰਨਾਂ ਤੋਂ ਵੱਖਰਾ ਤੇ ਉੱਚਾ ਸਾਬਤ ਕਰਨ ਲਈ ਗੱਲ—ਗੱਲ ਉੱਤੇ ਦੇਸ਼ ਨੂੰ ਘੜੀਸ ਲੈਂਦਾ। ਰਾਧਾ ਸਮਾਰਟ ਫੋਨ ਦੇ ਲਾਲਚ ਕਰਕੇ ਉਹਨੂੰ ਢਿੱਡਲ ਬਰਦਾਸ਼ਤ ਕਰ ਰਹੀ ਸੀ। ਉਹਨੇ ਮਨ *ਚ ਕਿਹਾ, “ਢਿੱਡ ਤਾਂ ਸਾਂਭ ਲੈ ਜਿਵੇਂ ‘ਵਿਕਾਸ* ਹੋਣ ਵਾਲਾ ਹੋਵੇ।” ਰਾਮ ਪ੍ਰਸਾਦ ਨੇ ਪੈੱਗ ਦੀ ਘੁੱਟ ਭਰੀ। ਕੌਲ਼ੀ ਵਿੱਚੋਂ ਚਮਚੇ ਨਾਲ ਨਮਕੀਨ ਖਾਧੀ। ਨਮਕੀਨ ਦੀ ਕੌਲ਼ੀ ਰਾਧਾ ਅੱਗੇ ਕੀਤੀ, “ਸ਼ਰਾਬ ਨਹੀਂ ਪੀਤੀ, ਨਮਕੀਨ ਲੈ ਲੈ। ਤੁਮ ਭੀ ਤੋ ਨਮਕੀਨ ਜੈਸੀ ਹੋ।” ਪਾਨ ਦੀ ਡੱਬੀ ਵਿੱਚੋਂ ਪਾਨ ਕੱਢ ਕੇ ਆਖਣ ਲੱਗਾ, “ਹੁਣ ਤੂੰ ਬੜੀ ਹੋ ਗਈ ਰਾਧਾ ਰਾਣੀ, ਪਾਨ ਖਾਇਆ ਕਰ।” ਉਹ ਰਾਧਾ ਦੇ ਮੂੰਹ ਵਿੱਚ ਪਾਨ ਪਾਉਣ ਲੱਗਿਆ। ਰਾਧਾ ਨੇ ਮੂੰਹ ਫੇਰ ਲਿਆ। ਰਾਮ ਪ੍ਰਸ਼ਾਦ ਨੇ ਆਪਣੇ ਮੂੰਹ ਵਿੱਚ ਪਾ ਲਿਆ। ਦਰਵਾਜ਼ਾ ਪੈਰ ਨਾਲ ਭੇੜ ਦਿੱਤਾ।
“ਲਾਅ ਤੁਜੇ ਵੀ ਗੁਲਾਲ ਸੇ ਰੰਗਦੂ।” ਉਹ ਬਿਨਾਂ ਰੰਗ ਤੋਂ ਹੱਥ ਰਾਧਾਂ ਦੀਆਂ ਗੱਲ਼ਾਂ ਤੇ ਮਲਣ ਲੱਗਾ। ਉਹ ਉਹਦੀਆਂ ਅਜੀਬ ਹਰਕਤਾਂ ਤੋਂ ਘਬਰਾ ਗਈ।
—“ਦੇਖ ਸੀਸਾ ਹੋ ਗਈ ਲਾਲ—ਗੁਲਾਲ।” ਉਹ ਹੱਸਣ ਲੱਗਾ
ਰਾਧਾ ਨੇ ਗੁੱਸੇ ਤੇ ਕਾਬੂ ਪਾ ਲਿਆ। ਗੁੱਸਾ ਕਰਨ ਦਾ ਮੌਕਾ ਨਹੀਂ ਸੀ, “ਕਿੱਥੇ ਆ ਥੋਡਾ ਨਵਾਂ ਮੁਬਾਈਲ?”
“ਨਿਆ? ਨਿਆ ਤੋਂ ਕੋਈ ਨਹੀਂ।”
“ਤੁਸੀਂ ਤਾਂ ਕਹਿੰਦੇ ਸੀ ਫੈਕਟਰੀ ਵਾਲਿਆਂ ਹੋਲੀ ਵਾਲੇ ਦਿਨ ਬੋਨਸ ਵਿੱਚ ਸਮਾਰਟ ਫੋਨ ਦੇਣਾ।”
“ਮੈਨੇ ਕਬ ਕਹਾ?”
“ਓਦਣ ਮੰਮੀ ਕੋਲ।”
ਉਹ ਹੱਸ ਪਿਆ, “ਅੱਛਾ ਤੋ ਯੇ ਬਾਤ ਮੈਨੇ ਆਪ ਕੋ ਵੀ ਬਤਾ ਦੀ, ਫੈਕਟਰੀ ਕਾ ਮਾਲਕ ਬੋਨਸ ਦੇਨੇ ਸੇ ਮੁੱਕਰ ਗਿਆ। ਫੈਕਟਰੀ ਮੇ ਘਾਟਾ ਪੜਾ ਹੈ।”
ਰਾਧਾ ਨੂੰ ਜੱਫੀ ਪਾ ਕੇ ਬੋਲਿਆ, “ਮੇਰੀ ਜਾਨ ਕੋ ਸਮਾਰਟ ਫੋਨ ਜਿਤਨੇ ਮਰਜ਼ੀ। ਕੱਲ੍ਹ ਟੱਚ ਸਕਰੀਨ ਮੁਬਾਈਲ ਤੇਰੇ ਹਾਥੋਂ ਮੇ ਹੋਗਾ।… ਆ ਹੋਲੀ ਮਨਾਏ… ਰਾਧਾ ਰਾਣੀ ਲਾਲ ਗੁਲਾਲ…।”
ਬਾਹਰ ਡੈਕ ਦਾ ਸ਼ੋਰ ਸੀ, “ਰੰਗ ਬਰਸੇ,
ਰੰਗ ਬਰਸੇ, ਭੀਗੇ ਚੁਨਰ ਵਾਲੀ।
ਰੰਗ ਬਰਸੇ, ਰੰਗ ਬਰਸੇ।”
ਰਾਮ ਪ੍ਰਸ਼ਾਦ ਨੂੰ ਧੱਕਾ ਮਾਰ ਕੇ ਰਾਧਾ ਆਪਣੇ ਕੁਆਟਰ ’ਚ ਭੱਜ ਆਈ। ਉਹ ਲਾਲੋ—ਲਾਲ ਹੋਈ ਪਈ ਸੀ। ਦਿਲ ਜ਼ੋਰ—ਜ਼ੋਰ ਨਾਲ ਧੜਕ ਰਿਹਾ ਸੀ, ਜਿਵੇਂ ਫੁੜਕ ਕੇ ਬਾਹਰ ਡਿੱਗ ਪਵੇਗਾ।
——0——
ਰਾਧਾ ਕਾਲੀਆਂ ਐਨਕਾਂ ਉੱਚੀ ਅੱਡੀ ਦੇ ਸੈਂਡਲ, ਜੀਨ—ਸ਼ਰਟ ਪਾਈ ਬਜ਼ਾਰ ਵਿੱਚੋਂ ਲੰਘੀ ਜਾ ਰਹੀ ਸੀ। ਪਰਸ ਵਿੱਚ ਫੋਨ ਦੀ ਰਿੰਗ ਵੱਜੀ, ਉਹਨੇ ਸਮਾਰਟ ਫੋਨ ਕੱਢ ਕੇ ਕੰਨ ਨੂੰ ਲਾਇਆ। ਬੋਲੀ, “ਹੈ ਅ ਅ ਲੋ।” ਉਹਦੀ ਤੋਰ ਹੀ ਬਦਲ ਗਈ ਗਿੱਠ ਉੱਚੀ ਹੋ ਕੇ ਤੁਰਨ ਲੱਗੀ। ਸਾਰਾ ਬਾਜ਼ਾਰ ਉਹਦੇ ਵੱਲ ਐਂ ਦੇਖ ਰਿਹਾ ਜਿਵੇਂ ਮਹਾਰਾਣੀ ਹੋਵੇ। ਸੋਚਣ ਲੱਗੀ, ‘ਇਹ ਸਮਾਰਟ ਫੋਨ ਈ ਆ ਜਿਹੜਾ ਤੁਹਾਨੂੰ ਸਭ ਦੀਆਂ ਨਜ਼ਰਾਂ ਵਿੱਚ ਹੀਰੋਇਨ ਬਣਾ ਦਿੰਦਾ। ਸੂਟਿੰਗ—ਬੂਟਿਡ ਫਿਲਮੀ ਹੀਰੋਆਂ ਵਰਗਾ ਮੁੰਡਾ ਉਹਦੇ ਪਿੱਛੇ ਲੱਗ ਗਿਆ। ਪਿਆਰ—ਮੁਹੱਬਤ ਦੇ ਇਸ਼ਾਰੇ ਕਰਨ ਲੱਗਾ। ਥੋੜ੍ਹਾ ਜਿਹਾ ਰਿਸਪੋਂਸ ਕੀ ਦੇ ਦਿੱਤਾ। ਉਹ ਸਮਾਰਟ ਫੋਨ ਖੋਹ ਕੇ ਭੱਜ ਗਿਆ। ਉਹ ਉਹਦੇ ਮਗਰ ਭੱਜੀ।’ ਚੀਕੀ, “ਹਾਏ ਰੱਬਾ! ਕਿੰਨੇ ਕਮੀਨੇ ਹੁੰਦੇ ਨੇ, ਇਹ ਸਮਾਰਟ ਮੁੰਡੇ।”
—“ਆਜ ਫਿਰ ਮੁਬਾਈਲ ਕਾ ਸੁਪਨਾ ਦੇਖਾ? ਯੇਹ ਲੜਕੀ ਵੀ ਤੋਬਾ। ਉਠ ਕਰ ਕਾਮ ਕਰ। ਸਕੂਲ ਭੀ ਜਾਣਾ।” ਕਮਲਾ ਰਾਧਾ ਨੂੰ ਹਲੂਣਦੀ ਆ।
——0——
ਰਾਧਾ ਸੋਚਦੀ, “ਜੇ ਮੈਂ ਇਹਨਾਂ ਦੀ ਧੀ ਹੁੰਦੀ ਮੈਨੂੰ ਮੁਬਾਈਲ ਲਈ ਏਨਾ ਤਰਸਾਉਂਦੇ?” ਕਦੀ ਸੋਚਦੀ, “ਇਹਨਾਂ ਦੇ ਵੀ ਕੀ ਵਸ, ਰੋਟੀ ਤਾਂ ਮਸੀਂ ਚੱਲਦੀ ਆ।”
ਰਾਧਾ ਜਿਹਨਾਂ ਨੂੰ ਮਾਂ—ਬਾਪ ਕਹਿੰਦੀ ਹੈ ਅਸਲ ’ਚ ਉਹ ਉਹਦੇ ਚਾਚਾ—ਚਾਚੀ ਨੇ।
ਉਹ ਆਪਣੇ ਚਾਚੇ ਦਾ ਮੁਬਾਈਲ ਫੜਕੇ ਬੈਠ ਜਾਂਦੀ ਸੱਪ ਵਾਲੀ ਖੇਡ ਖੇਡਦੀ। ਉਹ ਮੁਬਾਈਲ ਮੰਗਣ ਲੱਗਦਾ, “ਰਾਧਾ ਬਿਟੀਆ ਲਿਆ ਮੁਬੈਲ ਮੈਂ ਬਾਤ ਕਰਨੀ ਹੈ।”
“ਪਾਪਾ ਮੇਰੀਆਂ ਸਹੇਲੀਆਂ ਕੋਲ ਸਮਾਰਟ ਫੋਨ ਨੇ।” ਰਾਧਾ ਜ਼ਿੱਦ ਕਰਨ ਲੱਗਦੀ।
“ਅਰੇ ਰਾਧਾ ਬਿਟੀਆ ਮੈਨੇ ਤੋਂ ਕਬ ਕਾ ਲੇ ਦੇਨਾ ਥਾ। ਮੈਂ ਤੋਂ ‘ਰਾਜੇ* ਕੇ ਮੂੰਹ ਵੱਲ ਦੇਖੂ। ਉਸਨੇ ਵੋਟਾਂ ਮਾਗਤੇ ਸਮੇਂ ਗੁਰਬਾਣੀ ਕੀ ਸਹੁੰ ਖਾ ਕਰ ਵਾਅਦਾ ਕੀਆ ਥਾ। ਜਬ ਵੋਹ ਮੁੱਖ ਮੰਤਰੀ ਬਨਾ, ਸਭੀ ਕੋ ਸਮਾਰਟ ਫੋਨ ਲੇ ਕਰ ਦੇਗਾ।” ਉਹ ਬੀੜੀ ਪੀਂਦਾ ਸਮਝਾਉਣ ਲੱਗਾ। ਉਹਨੇ ਕਦੇ ਨਾਂਹ ਨਹੀਂ ਕੀਤੀ ਸੀ, ਪਰ ਲੈ ਕੇ ਵੀ ਨਹੀਂ ਦਿੱਤਾ।
—“ਪਾਪਾ ਇੱਕ ਕੁੱਤੇ ਨੂੰ ਭੁੱਖ ਲੱਗੀ। ਉਹਨੇ ਉਗਾਲੀ ਕਰਦੇ ਊਠ ਦਾ ਮੂੰਹ ਦੇਖਿਆ। ਉਹਦੇ ਲਮਕਦੇ ਬੁੱਲ੍ਹ ਨੂੰ ਦੇਖ ਉਹਨੂੰ ਲੱਗਿਆ ਊਠ ਦਾ ਹੇਠਲਾ ਬੁੱਲ੍ਹ ਡਿੱਗਣ ਵਾਲਾ। ਉਹਨੂੰ ਖਾ ਕੇ ਭੁੱਖ ਮਿਟਾ ਲਊਗਾ। ਊਠ ਦਾ ਬੁੱਲ੍ਹ ਨਾ ਡਿੱਗਣਾ ਸੀ ਨਾ ਡਿੱਗਿਆ। ਕੁੱਤਾ ਭੁੱਖਾ ਮਰ ਗਿਆ। ਉਵੇਂ ਮੈਨੂੰ ਮੁਬਾਈਲ ਨੀ ਮਿਲਣਾ ਨਾ ਰਾਜੇ ਤੋਂ ਨਾ ਤੁਹਾਤੋਂ।”
—“ਪੰਜਾਬੀ ਮੇ ਬੋਲ ਕਰ ਹਮ ਪਰ ਰੋਹਬ ਪਾਵੈ। ਮੈ ਵੀ ਪੰਜਾਬੀ ਜਾਨੂ।”
—“ਮੈਂ ਪੰਜਾਬਣ ਆ।” ਉਹਨੇ ਮੁੱਛਾਂ ਨੂੰ ਵੱਟ ਦੇਣ ਦਾ ਅਭਿਨੈਅ ਕੀਤਾ।
—“ਪੰਜਾਬਣ ਬੇਟੀ ਕੋ ਮੁਬਾਈਲ ਜ਼ਰੂਰ ਲੇ ਕਰ ਦੂਗਾ। ਕਿਸਤਾ ਪਰ ਮਿਲਤੇ ਹੈ। ਪਤਾ ਕਰੂਗਾ। ਥੋੜੇ—ਥੋੜੇ ਪੈਸੇ ਲੋਟਾਤੇ ਰਹੇਗੇ।” ਉਹਨੇ ਬੀੜੀ ਦਾ ਸੂਟਾ ਖਿੱਚਿਆ, ਧੂਆ ਛੱਡਣ ਲੱਗਿਆ।
—“ਜਾਨੀ ਚਾਨਣੀ ਦੀਵਾਲੀ ਆਊਗੀ?” ਰਾਧਾ ਉਦਾਸ ਜਿਹਾ ਹਾਸਾ ਹੱਸ ਪਈ।
ਕਮਲਾ ਉਹਨੂੰ ਉਹਦੇ ਮਾਂ—ਬਾਪ ਬਾਰੇ ਦੱਸਦੀ, “ਤੇਰੀ ਮਾਂ ਤੋ ਦੇਵੀ ਰੂਪ ਥੀ। ਤੇਰਾ ਬਾਪ ਏਕ ਨੰਬਰ ਕਾ ਝੂਠਾ ਲਫੰਗਾ। ਤੇਰੀ ਮਾਂ ਕੇ ਸਾਥ ਝੂਠ ਬੋਲ ਕਰ ਵਿਆਹ ਕਰਵਾ ਲੀਆ। ਜੇਬ ਸੇ ਠਣਠਣ। ਸੇਠ ਸੇ ਕਰਜ ਲਿਆ। ਸੇਠ ਕਹੇ ਵਿਆਜ ਕੇ ਬਦਲੇ ਅਪਨੀ ਔਰਤ ਕੋ ਮੇਰੇ ਪਾਸ ਭੇਜ। ਤੇਰਾ ਬਾਪ ਉਸਕੇ ਪੈਰੋ ਮੇ ਗਿਰ ਕਰ ਗਿੜਗੜਾਨੇ ਲੱਗਾ, “ਏਕ ਹਜ਼ਾਰ ਰੁਪਈਆ ਔਰ ਦੇ ਦੋ। ਆਜ ਰਾਤ ਕੋ ਮੇਰੀ ਮਹਿਰੂਆ ਆਪ ਕੇ ਬਿਸਤਰ ਪਰ ਹੋਗੀ।” ਉਸਕੀ ਵਹੀ ਪਰ ਅਗੂਠਾ ਲਗਾਇਆ। ਸੇਠ ਸੇ ਪੈਸੇ ਲੇ ਕਰ, ਰਾਤ ਕੋ ਗਾੜੀ ਬੈਠ ਗਿਆ। ਤੇਰੀ ਮਾਂ ਕੋ ਲੇਕਰ ਪੰਜਾਬ ਆ ਗਿਆ। ਹਮਾਰੇ ਕੁਆਟਰ ਮੇ ਡੇਰਾ ਡਾਲ ਲੀਆ ਸਾਲ ਬਾਅਦ ਤੇਰਾ ਜਨਮ ਹੂਆ। ਤੇਰੀ ਮਾਂ ਚੱਲ ਵਸੀ। ਕੁੱਝ ਦਿਨ ਤੇਰੇ ਬਾਪ ਨੇ ਤੇਰੀ ਸੰਭਾਲ ਕੀ, ਏਕ ਦਿਨ ਹਮਾਰੇ ਪਾਸ ਛੋੜ ਕਰ ਤੇਰੇ ਲੀਏ ਦਵਾਈ ਲੇਨੇ ਗਿਆ। ਤੁਜੇ ਮਰਨੇ ਕੋ ਛੋੜ ਕਰ ਭਾਗ ਗਿਆ। ਹਮਨੇ ਸੁਨਾ ਹੈ ਗਾਬ ਮੇ ਰਹਿਤਾ ਹੈ। ਕਿਸੀ ਜੱਟ ਕੇ ਖੇਤ ਮੇ ਕਾਮ ਕਰਤਾ ਹੈ। ਉਸਕੀ ਮੋਟਰ ਪਰ ਰਹਿਤਾ ਹੈ।
ਉਧਰ ਬਿਹਾਰ ਮੇ ਸੇਠ ਨੇ ਵਿਆਜ ਜੋੜ—ਜੋੜ ਰਕਮ ਲਾਖੋਂ ਮੇ ਕਰ ਡਾਲੀ। ਉਸੀ ਕੇ ਡਰ ਸੇ ਹਮ ਬਿਹਾਰ ਆਪਨੀ ਮਾਂ ਕੋ ਮਿਲਨੇ ਵੀ ਨਹੀਂ ਜਾਤੀ।@
ਰਾਧਾ ਸੋਚਦੀ, ‘ਕੀ ਹੋਇਆ ਜੇ ਮੇਰਾ ਬਾਪੂ ਮੈਨੂੰ ਮਰਨ ਲਈ ਛੱਡ ਕੇ ਭੱਜ ਗਿਆ। ਚਾਚਾ ਤਾਂ ਮੈਨੂੰ ਪਿਆਰ ਕਰਦਾ*, ਉਹ ਕਹਿੰਦਾ, “ਰਾਧਾ ਕੇ ਆਨੇ ਸੇ ਮੇਰੇ ਚਾਰੇ ਬੱਚੇ ਆਏ।”
——0——
ਸਿਵਾਨੀ ਰਾਧਾ ਨਾਲ ਹੀ ਪੜ੍ਹਦੀ ਹੈ। ਉਮਰ ਅਤੇ ਕੱਦ ਕਾਠ ਵਿੱਚ ਵੱਡੀ ਹੈ। ਉਹ ਉਹਨਾਂ ਤੋਂ ਥੋੜ੍ਹਾ ਦੂਰ ਕੁਆਟਰਾਂ ਵਿੱਚ ਰਹਿੰਦੀ ਹੈ। ਰਾਧਾ ਦੀ ਉਸ ਨਾਲ ਬਚਪਨ ਤੋਂ ਹੀ ਦੋਸਤੀ ਹੈ। ਛੋਟੀਆਂ ਹੁੰਦੀਆਂ ਇਕੱਠੀਆਂ ਸੜਕ ਤੋਂ ਲਿਫਾਫੇ ਇਕੱਠੇ ਕਰਦੀਆਂ। ਦੋਵਾਂ ਦੇ ਮਾਪੇ ਕੰਮ ਤੇ ਚਲੇ ਜਾਂਦੇ ਸਿਵਾਨੀ ਤਿੰਨ ਭੈਣ ਭਰਾ ਅਤੇ ਰਾਧਾ ਨੇ ਚਾਰ ਭੈਣ—ਭਰਾ ਪਾਲੇ ਨੇ। ਜਦੋਂ ਉਹ ਬੱਚੇ ਵੱਡੇ ਹੋਏ ਤਾਂ ਸਾਰੇ ਰਲਕੇ ਲਿਫਾਫੇ ਇਕੱਠੇ ਕਰਦੇ। ਛੋਟੇ ਬੱਚੇ ਭੀਖ ਵੀ ਮੰਗ ਲਿਆਉਂਦੇ। ਆਉਂਦੇ ਹੋਏ ਛੋਟੀਆਂ—ਮੋਟੀਆਂ ਚੀਜ਼ਾਂ ਤੇ ਹੱਥ ਫੇਰ ਕਬਾੜ ਦੀ ਦੁਕਾਨ ਤੇ ਵੇਚ ਆਉਂਦੇ।
ਸਿਵਾਨੀ ਜਦੋਂ ਦੀ ਆਰਕੈਸਟਰਾ ’ਚ ਕੰਮ ਕਰਨ ਲੱਗੀ ਉਦੋਂ ਤੋਂ ਹੀ ‘ਅਮੀਰ’ ਬਣੀ ਹੈ। ਉਹਦੇ ਕੋਲ ਵਧੀਆ ਟੱਚਸਕਰੀਨ ਫੋਨ ਆ। ਇਸੇ ਲਈ ਰਾਧਾ ਉਹਨੂੰ ‘ਅਮੀਰ’ ਮੰਨਦੀ ਹੈ। ਉਹਨੂੰ ਦੇਖ ਕੇ ਹੀ ਉਹਦੇ ਮਨ ’ਚ ਸਮਾਰਟ ਫੋਨ ਦੀ ਲਾਲਸਾ ਜਾਗੀ ਹੈ। ਟੱਚ ਕਰੋ, ਜਿਹੜਾ ਮਰਜ਼ੀ ਜਦ ਮਰਜ਼ੀ ਗੀਤ ਸੁਣੋ, ਫ਼ਿਲਮ ਦੇਖੋ, ਵੱਟਸਐਪ, ਫੇਸਬੁੱਕ, ਯੂਟਿਊਬ। ਬਹੁਤ ਸਾਰੀਆਂ ਖੇਡਾਂ ਨੇ, ਰਾਧਾ ਦੇ ਪਸੰਦੀਦਾ ਖੇਡ ‘ਪੱਬ ਜੀ’ ਵੀ ਆ।
ਰਾਧਾ ਨੂੰ ਪਤਾ ਸਿਵਾਨੀ ਸਕੂਲ ਜਾਣ ਲੱਗੀ ਮੁਬਾਇਲ ਕਿੱਥੇ ਲਕੋ ਕੇ ਜਾਂਦੀ ਹੈ। ਉਦਣ ਸਿਵਾਨੀ ਦੇ ਭੈਣ ਭਰਾ, ਰਾਧਾ ਦੇ ਭੈਣ ਭਰਾ ਸਕੂਲ ਚਲੇ ਗਏ। ਰਾਧਾ ਘਰ ਰਹਿ ਪਈ। ਸਿਵਾਨੀ ਦਾ ਸਮਾਰਟ ਫੋਨ ਚੱਕ ਲਿਆਈ। ਕੁਆਟਰ ’ਚ ਜਾ ਕੇ ਗੀਤ ਸੁਣਦੀ ਆ, ‘ਪੱਬ ਜੀ’ ਖੇਡਦੀ ਆ ਹੋਰ ਕਿੰਨੀਆਂ ਹੀ ਗੇਮਾਂ। ਕਈ ਗੀਤਾਂ ਤੇ ਡਾਂਸ ਕਰਕੇ ਦੇਖਦੀ ਆ। ਉਹਨੂੰ ਰੱਜ ਕਿੱਥੇ, ਜੀਅ ਕਰੇ ਉਹਦਾ ਫੋਨ ਮੋੜੇ ਹੀ ਨਾ। ਸਿਵਾਨੀ ਨੂੰ ਵੀ ਤਾਂ ਮੁਫਤ ਹੀ ਮਿਲਿਆ ਸੀ, ਉਹਦੇ ਆਸ਼ਕ ਸਨੀ ਨੇ ਲੈ ਕੇ ਦਿੱਤਾ ਸੀ। ਰਾਧਾ ਦੋ ਚਿੱਤੀ ’ਚ ਪੈ ਗਈ। ਸਿਵਾਨੀ ਬਚਪਨ ਦੀ ਸਹੇਲੀ ਸੀ। ਹਰ ਵੇਲੇ ਮੱਦਦ ਕਰਨ ਲਈ ਤਿਆਰ ਰਹਿੰਦੀ। ਸਕੂਲ ਦੀ ਛੁੱਟੀ ਤੋਂ ਪਹਿਲਾਂ ਉਹਦੇ ਕੁਆਟਰ ’ਚ ਫੋਨ ਰੱਖਣ ਤੁਰ ਪਈ। ਗੇਮਾਂ ਖੇਡ—ਖੇਡ ਉਹਦਾ ਮਨ ਕਿੱਥੇ ਭਰਦਾ। ਰਸਤੇ ਵਿੱਚ ਗੇਮ ਖੇਡਦੀ ਜਾ ਰਹੀ ਸੀ।
ਰਾਧਾ ਕੋਲ ਆ ਕੇ ਮੋਟਰ ਸਾਇਕਲ ਰੁਕਿਆ। ਇੱਕ ਮੁੰਡਾ ਮੋਟਰ ਸਾਇਕਲ ਤੋਂ ਉਤਰਿਆ, ਰਾਧਾ ਦੇ ਪਿੱਛਿਓਂ ਜਾ ਕੇ ਫੋਨ ਖੋਹ ਕੇ ਭੱਜ ਤੁਰਿਆ। ਉਹ ਬੌਂਦਲ ਗਈ। ਮੋਟਰਸਾਇਕਲ ਵੱਲ ਭੱਜੇ ਜਾਂਦੇ ਲੁਟੇਰੇ ਮਗਰ ਰਾਧਾ ਭੱਜ ਲਈ, ਉਹਦੀ ਬਾਂਹ ਫੜ ਲਈ। ਉਹਨੇ ਝਟਕ ਕੇ ਬਾਂਹ ਛੁਡਾ ਲਈ ਫਿਰ ਭੱਜ ਕੇ ਹੌਲੀ—ਹੌਲੀ ਮੋਟਰ ਸਾਇਕਲ ਲਈ ਜਾ ਰਹੇ ਸਾਥੀ ਲੁਟੇਰੇ ਮਗਰ ਬੈਠ ਗਿਆ। ਰਾਧਾ ਨੇ ਭੱਜ ਕੇ ਲੱਕ ਤੋਂ ਫੜਕੇ ਮੋਟਰਸਾਇਕਲ ਤੋਂ ਲਾਹ ਲਿਆ। ਲੁਟੇਰੇ ਨੇ ਡੱਬ ’ਚੋਂ ਪਸਤੌਲ ਕੱਢ ਲਿਆ। ਮੋਟਰਸਾਇਕਲ ਸਵਾਰ ਲੁਟੇਰਾ ਕਹਿ ਰਿਹਾ ਸੀ, ‘ਇਹਦੀ ਖੋਪੜੀ ਉਡਾ ਦੇ’ ਲੁਟੇਰੇ ਨੇ ਗੋਲੀ ਚਲਾ ਦਿੱਤੀ। ਰਾਧਾ ਡਰੀ ਨਹੀਂ। ਉਹਨੇ ਲੁਟੇਰੇ ਨੂੰ ਧਰਤੀ ਨਾਲ ਪਟਕਾ ਮਾਰਿਆ। ਉਹਦਾ ਪਸਤੌਲ ਤੇ ਮੁਬਾਇਲ ਦੂਰ ਜਾ ਡਿੱਗੇ। ਲੋਕਾਂ ਨੇ ਆ ਕੇ ਲੁਟੇਰੇ ਨੂੰ ਫੜ ਲਿਆ। ਰਾਧਾ ਨੇ ਭੇਜ ਕੇ ਫੋਨ ਚੁੱਕਿਆ ਖ਼ੁਸ਼ੀ ’ਚ ਖੀਵੀ ਹੋਈ ਨੇ ਛਾਲ ਮਾਰੀ। ਉਹਨੂੰ ਲੋਕਾਂ ਨੇ ਦੱਸਿਆ ਉਹਦੇ ਖ਼ੂਨ ਵਗ ਰਿਹਾ ਸੀ, ਗੋਲੀ ਬਾਂਹ ਨਾਲ ਖਹਿਕੇ ਲੰਘੀ ਸੀ। ਉਹਦੇ ਕੱਪੜੇ ਖ਼ੂਨ ਨਾਲ ਲੱਥ ਪੱਥ ਹੋਏ ਪਏ ਸੀ। ਲੋਕਾਂ ਉਹਨੂੰ ਹਸਪਤਾਲ ਦਾਖ਼ਲ ਕਰਵਾਇਆ, ਲੁਟੇਰੇ ਨੂੰ ਪੁਲਿਸ ਹਵਾਲੇ ਕੀਤਾ।
ਸਮਾਜ ਸੇਵੀ ਸੰਸਥਾਵਾਂ ਨੇ ਉਹਦਾ ਇਲਾਜ ਕਰਵਾਇਆ, ਇੱਕ ਸਮਾਜ ਸੇਵੀ ਸੱਜਣ ਕਹਿੰਦਾ, “ਬੇਟਾ ਤੂੰ ਤਾਂ ਜਾਨ ਤੇ ਈ ਖੇਡਗੀ, ਮੁਬਾਇਲ ਦਾ ਕੀ ਏ, ਹੋਰ ਆ ਜਾਂਦਾ। ਜਾਨ ਏ ਜਹਾਨ ਏ।”
“ਅੰਕਲ ਫੋਨ ਕਿਤੇ ਐਵੇਂ ਆ ਜਾਂਦਾ, ਮੈਂ ਤਾਂ ਹੁਣ ਤੱਕ ਫੋਨ ਨੂੰ ਤਰਸਦੀ ਆ। …ਇਹ ਤਾਂ ਮੇਰੀ ਸਹੇਲੀ ਦਾ ਫੋਨ ਆ।”
ਰਾਧਾ ਦੀ ਕਹਾਣੀ ਸੁਣਕੇ ਸਮਾਜ ਸੇਵੀ ਦੀਆਂ ਅੱਖਾਂ ’ਚ ਪਾਣੀ ਆ ਗਿਆ। ਉਹਨੇ ਰਾਧਾ ਦੇ ਨਾਂਹ—ਨਾਂਹ ਕਰਦਿਆਂ ਉਹਦੇ ਸਿਰਹਾਣੇ ਪੈਸੇ ਰੱਖ ਦਿੱਤੇ। ਚਾਚਾ—ਚਾਚੀ ਆਉਣ ਤੋਂ ਪਹਿਲਾਂ ਰਾਧਾ ਨੇ ਉਹ ਪੈਸੇ ਲੁਕਾ ਲਏ ਸੀ।
ਸਿਵਾਨੀ ਖਬਰ ਨੂੰ ਆਈ ਕਹਿੰਦੀ, “ਮੁਬਾਇਲ ਦਾ ਕੀ ਸੀ। ਜੇ ਤੈਨੂੰ ਕੁੱਛ ਹੋ ਜਾਂਦਾ?”
—“ਜੇ ਲੁਟੇਰੇ ਲੈ ਜਾਂਦੇ, ਤੈਨੂੰ ਕੀ ਮੂੰਹ ਦਿਖਾਉਂਦੀ।” ਰਾਧਾ ਸਿਵਾਨੀ ਨੂੰ ਉਹਦੀ ਅਮਾਨਤ ਦਿੰਦੀ ਹੱਸਣ ਲੱਗੀ।
ਸਿਵਾਨੀ ਹੰਝੂ ਪੂਝਣ ਲੱਗੀ
——0——
—“ਤੈਨੂੰ ਸਮਾਰਟ ਫੋਨ ਦਿਵਾਵਾਂ?” ਸਿਵਾਨੀ ਪੁੱਛਦੀ ਹੈ।
—“ਹਾਂਅ।” ਰਾਧਾ ਦੀਆਂ ਅੱਖਾਂ ਚਮਕ ਪਈਆਂ।
—“ਹਰਦਿਓ ਕਹਿੰਦਾ ਮੇਰੀ ਰਾਧਾ ਨਾਲ ਗੱਲ ਕਰਵਾਦੇ। ਉਹ ਰਿਕਸ਼ਾ ਚਲਾਉਂਦਾ। ਵਧੀਆ ਪੈਸੇ ਬਣਾ ਲੈਂਦਾ। ਕਿਸ਼ਤਾਂ ਤੇ ਟੱਚ ਸਕਰੀਨ ਫੋਨ ਲੈ ਦਊਗਾ।”
—“ਮੈ ਨੀ ਉਹਤੋਂ ਲੈਣਾ ਉਹਦਾ ਮੂੰਹ ਦੇਖਿਆ ਨਿਰਾ ਬਾਂਦਰ ਆ। ਜੇ ਸਮਾਰਟ ਜਿਹਾ ਮੁੰਡਾ ਹੋਵੇ ਤਾਂ ਗੱਲ ਕਰਾਂ।”
—“ਇੱਕ ਚੀਜ਼ ਏ ਸਮਾਰਟ ਮਿਲਦੀ ਆ, ਜਾਂ ਫੋਨ ਜਾਂ ਬੰਦਾ।”
—“ਮੈਂ ਦੋਵੇਂ ਲਊਂਗੀ… ਕਦੇ ਨਾ ਕਦੇ।”
——0——
ਸਿਵਾਨੀ ਮੇਕਅੱਪ ਕਰਕੇ ਬਰਾਅ ਪਾ ਕੇ ਉਮਰੋਂ ਵੱਡੀ ਲੱਗਣ ਲੱਗਦੀ। ਉਹਨੂੰ ਆਰਕੈਸਟਰਾ ਵਿੱਚ ਵਧੀਆ ਕੰਮ ਮਿਲਦਾ ਰਹਿੰਦਾ। ਉਹ ਰਾਧਾ ਨੂੰ ਪ੍ਰੈਕਟਿਸ ਕਰਵਾ ਕੇ, ਮੇਕਅੱਪ ਕਰਵਾ ਕੇ, ਉੱਚੀ ਅੱਡੀ ਦੇ ਸੈਂਡਲ ਪਵਾ ਕੇ ਲੈ ਗਈ ਆਰਕੈਸਟਰਾ ਦੇ ਮਾਲਕ ਨੂੰ ਮਿਲਾਇਆ। ਪਹਿਲਾਂ ਤਾਂ ਉਹਨੇ ਉਹਦੇ ਬੱਚਿਆਂ ਵਰਗਾ ਮੂੰਹ ਦੇਖ ਕੇ ਨਾਂਹ ਕਰ ਦਿੱਤੀ। ਡਾਂਸ ਦੇਖ ਕੇ ਹੋਰ ਨਿਰਾਸ਼ ਹੋ ਗਿਆ, “ਇਹ ਕੀ ਖੜਦੁੱਮ ਡਾਂਸ।” ਉਹ ਹੱਸਣ ਲੱਗਾ “ਕੁਝ ਸਿਖਾ ਕੇ ਲਿਆ।”
—“ਮੈਂ ਸਿਖਾ ਲਿਆਉਂਗੀ।” ਸਿਵਾਨੀ ਬੋਲੀ।
—“ਠੀਕ ਆ ਜੋ ਪਿੱਛੇ ਨੱਚਦੇ ਨੇ, ਉਹਨਾਂ ਵਿੱਚ ਜੇ ਕਦੇ ਲੋੜ ਪਈ ਤਾਂ ਬੁਲਾਊਂਗਾ। ਪਰ ਇਹਦਾ ਕੱਦ ਛੋਟਾ।” ਉਹਨੇ ਨਾ ਹਾਂ ਕੀਤੀ ਨਾ ਨਾਂਹ ਕੀਤੀ। ਕਦੇ—ਕਦੇ ਨਗ ਪੂਰਾ ਕਰਨ ਲਈ ਸੱਦ ਲੈਂਦਾ।
—“ਸਿਵਾਨੀ ਇਹ ਆਰਕੈਸਟਰਾ ਦਾ ਕੰਮ ਵਧੀਆ?” ਇੱਕ ਦਿਨ ਕੰਮ *ਤੇ ਗਈ ਰਾਧਾ ਨੇ ਪਲੇਟ ’ਚੋਂ ਮਿਠਿਆਈ ਚੱਕਦਿਆਂ ਪੁੱਛਿਆ।
ਸਿਵਾਨੀ ਨੇ ਛੋਟਾ ਪੈੱਗ ਲਗਾਇਆ, ਪਲੇਟ ’ਚੋਂ ਮਿਠਿਆਈ ਚੱਕੀ ਆਖਿਆ, “ਜਿਹੜੀਆਂ ਕੀੜੀਆਂ ਮਿੱਠੇ ਤੇ ਮਰਦੀਆਂ ਨੇ। ਉਹ ਮਿੱਠੇ ’ਚ ਈ ਮਰ ਜਾਂਦੀਆਂ ਨੇ।”
——0——
ਰਾਧਾ ਨੇ ਸਕੀਮ ਬਣਾਈ।
ਜਿੰਨਾ ਚਿਰ ਹੋਰ ਕੋਈ ਕੰਮ ਨਹੀਂ ਮਿਲਦਾ। ਉਹਨੇ ਦੋ ਕੋਠੀਆਂ ਦਾ ਕੰਮ ਸਾਂਭ ਲਿਆ। ਝਾੜੂ—ਪੋਚਾ ਹੀ ਕਰਨਾ ਸੀ।
ਚਾਚਾ—ਚਾਚੀ ਨੂੰ ਕਹਿ ਦਿੱਤਾ, “ਮੈਂ ਟਿਊਸ਼ਨ ਪੜਨੀ ਆ।”
—“ਪੈਸੇ ਕਹਾ ਸੇ ਆਏਗੇ ਟਿਊਸ਼ਨ ਕੇ।” ਚਾਚੀ ਪੁੱਛਿਆ।
—“ਸਰ ਮੁਫਤ ਪੜ੍ਹਾਉਂਦੇ ਨੇ।”
—“ਪੜ੍ਹ ਕਰ ਕਿਆ ਕਰੇਗੀ, ਕਾਮ ਕਰਿਆ ਕਰ।” ਕਮਲਾ ਨੇ ਮੱਥੇ ਵੱਟ ਪਾਇਆ।
ਚਾਚਾ—ਚਾਚੀ ਸਵੇਰੇ ਹੀ ਕੰਮ ਤੇ ਚਲੇ ਜਾਂਦੇ। ਰਾਧਾ ਘਰਦੇ ਕੰਮ ਕਰਦੀ, ਛੋਟੇ ਭੈਣ ਭਰਾਵਾਂ ਨੂੰ ਤਿਆਰ ਕਰਦੀ। ਆਪਣੇ ਕੰਮ ਤੇ ਨਿਕਲ ਜਾਂਦੀ।
ਕੋਠੀ ਵਾਲਿਆਂ ਦੇ ਛੋਟੇ ਬੱਚੇ ਸਮਾਰਟ ਫੋਨ ਲਈ ਫਿਰਦੇ। ਜਦੋਂ ਉਹ ਕੋਈ ਜ਼ਿੱਦ ਕਰਦੇ, ਮਾਲਕਣ ਆਪ ਉਹਨਾਂ ਦੇ ਹੱਥ ਵਿੱਚ ਮੁਬਾਈਲ ਦਿੰਦੀ, “ਯੇ ਲੋ ਬੇਟਾ ਗੇਮ ਖੇਡੋ।” ਉਹਨਾਂ ਨੂੰ ਗੇਮਾਂ ਖੇਡਦਿਆਂ ਦੇਖ ਰਾਧਾ ਦਾ ਮਨ ਗੋਤੇ ਖਾਣ ਲੱਗਦਾ।
ਰਾਧਾ ਨੇ ਮਾਲਕਣ ਨੂੰ ਦੱਸਿਆ ਸੀ ਉਹਦੇ ਮਾਪੇ ਬਿਹਾਰ ਦੇ ਨੇ। ਮਾਲਕਣ ਉਹਦੇ ਹਿੰਦੀ ਵਿੱਚ ਗੱਲਾਂ ਕਰਦੀ। ਰਾਧਾ ਉਹਦੇ ਜੁਆਬ ਪੰਜਾਬੀ ਵਿੱਚ ਦਿੰਦੀ। ਮਾਲਕਣ ਹੈਰਾਨ ਹੋਈ ਪੁੱਛਦੀ ਆ, “ਰਾਧਾ ਤੁਮ ਤੋ ਬਿਹਾਰ ਸੇ ਹੋ। ਪੰਜਾਬੀ ਕੈਸੇ ਬੋਲ ਲੇਤੀ ਹੋ।”
“ਮੇਰੇ ਮਾਪੇ ਬਿਹਾਰ ਦੇ ਨੇ ਸਰਦਾਰਨੀ ਜੀ, ਮੈਂ ਤਾਂ ਪੰਜਾਬਣ ਆ।” ਰਾਧਾ ਹੱਸ ਪਈ।
“ਨੀ ਫੋਟ ਮੈਂ ਵੀ ਪੰਜਾਬਣ ਆ।” ਮਾਲਕਣ ਵੀ ਹੱਸਣ ਲੱਗੀ।
ਇੱਕ ਦਿਨ ਰਾਧਾ ਚਾਰਜ ਤੇ ਲੱਗਿਆ ਬਹੁਤ ਵਧੀਆਂ ਸਮਾਰਟ ਫੋਨ ਸੁੱਚ ਆਫ਼ ਕਰਕੇ ਪਾਰਕ ਵਿੱਚ ਰੱਖ ਆਈ ਜਾਣ ਲੱਗੀ ਲੈ ਜਾਵਾਂਗੀ।
ਮਾਲਕਣ ਆਪਣੀ ਸਹੇਲੀ ਕੋਲ ਉਹਦੀ ਤਾਰੀਫ਼ ਕਰ ਰਹੀ ਸੀ, “ਰਾਧਾ ਬੜੀ ਮਿਹਨਤੀ ਇਮਾਨਦਾਰ ਆ। ਘਰ ’ਚ ਭਾਵੇਂ ਸੋਨਾ ਪਿਆ ਹੋਵੇ। ਇਹ ਨੀ ਉਹਦੇ ਵੱਲ ਝਾਕਦੀ। ਪਿਉਰ ਪੰਜਾਬਣ ਆ। ਮੈਂ ਇਹਤੋਂ ਪੰਜਾਬੀ ਸਿੱਖਦੀ ਆ…।”
ਰਾਧਾ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ। ਪਾਰਕ ’ਚੋਂ ਸਮਾਰਟ ਫੋਨ ਲਿਆ ਕੇ ਸੁੱਚ ਔਨ ਕਰਕੇ ਚਾਰਜ ਤੇ ਲਾ ਦਿੱਤਾ।
ਦੋ ਮਹੀਨੇ ਕੰਮ ਕਰਦਿਆਂ ਨੂੰ ਹੋ ਗਏ ਸੀ। ਚਾਰ ਹਜ਼ਾਰ ਬਣ ਗਿਆ। ਪੈਸੇ ਸੰਭਾਲ ਕੇ ਲਕੋ ਕੇ ਰੱਖ ਦਿੱਤੇ। ਹੁਣ ਉਸ ਕੋਲ ਏਨੇ ਪੈਸੇ ਸਨ, ਸਮਾਰਟ ਫੋਨ ਲੈ ਸਕਦੀ ਸੀ।
——0——
‘ਸਿਵਾ ਮੁਬਾਈਲ ਹਾਊਸ’ ਅੱਗੇ ਰਾਧਾ ਨੇ ਕਈ ਗੇੜੇ ਕੱਢੇ। ਪੈਸੇ ਉਸਦੇ ਕੋਲ ਸਨ ਪਰ ਅੰਦਰ ਜਾਣ ਦੀ ਹਿੰਮਤ ਨਹੀਂ ਸੀ। ਦੁਕਾਨ ਦੇ ਮਾਲਕ ਨੇ ਸ਼ਾਇਦ ਚੋਰ ਸਮਝ ਲਿਆ, ਹੱਥ ਦੇ ਇਸ਼ਾਰੇ ਨਾਲ ਕਿਹਾ, ‘ਚੱਲ ਭੱਜ।’ ਉਹ ਦੁਕਾਨ ਅੰਦਰ ਗਈ, ਸਭ ਤੋਂ ਮਹਿੰਗਾ ਸਮਾਰਟ ਫੋਨ ਖ਼ਰੀਦ ਲਿਆ। ਮਾਲਕ ਮੂੰਹ ਵੱਲ ਦੇਖੇ।
ਉਹ ਝੀਲ ਕਿਨਾਰੇ ਸੈਲਫੀਆਂ ਲੈ ਰਹੀ ਸੀ। ਉਹਦੇ ਹੱਥੋਂ ਫੋਨ ਛੁੱਟ ਕੇ ਝੀਲ ਵਿੱਚ ਜਾ ਡਿੱਗਿਆ। ਡੂੰਘਾ ਹੋਰ ਡੂੰਘਾ ਜਾਈ ਜਾ ਰਿਹਾ ਸੀ। …ਉਹਦੀ ਚੀਕ ਨਿਕਲ ਗਈ।
ਇਹ ਕੈਸਾ ਸੁਪਨਾ ਸੀ।
——0——
ਅੱਧੀ ਰਾਤੀਂ ਕੋਈ ਰਾਧਾ ਦੇ ਕੁਆਟਰ ਦਾ ਬੂਹਾ ਭੰਨ ਰਿਹਾ ਸੀ। ਬੂਹਾ ਖੋਲਿ੍ਹਆ। ਬਿਮਾਰ ਜਿਹਾ ਬੰਦਾ ਅੰਦਰ ਆਇਆ। ਉਹ ਪਤਾ ਨਹੀਂ ਕਿੰਨਾ ਕੁ ਤੁਰਕੇ, ਕੀਹਨੀ ਹਾਲ਼ੀ ਉੱਥੇ ਪਹੁੰਚਿਆ ਸੀ। ਥੱਕਿਆ ਟੁੱਟਿਆ ਬਿਮਾਰੀ ਦਾ ਭੰਨਿਆ ਹੋਇਆ ਸੀ। ਕਮਲਾ ਨੇ ਉਹਨੂੰ ਦੇਖਦਿਆਂ ਹੀ ਮੂੰਹ ਵਿੰਗਾ ਕਰ ਲਿਆ।
ਬੰਦਿਆਂ ਨਾਲ ਤੁੰਨੇ ਕੁਆਟਰ ਵਿੱਚ ਪੈਣ ਲਈ ਥਾਂ ਵੀ ਨਹੀਂ ਸੀ। ਚਾਚਾ ਬਾਹਰ ਪਿਆ। ਬਿਮਾਰ ਆਦਮੀ ਅੰਦਰ ਪਾਇਆ। ਸਾਰੀ ਰਾਤ ਕਿਸੇ ਦਰਦ ਨਾਲ ਕਰਾਹਉਂਦਾ ਰਿਹਾ।
ਬਿਮਾਰ ਆਦਮੀ ਚੰਦੂ ਨੇ ਆਪਣੀ ਰਾਮ ਕਹਾਣੀ ਖ਼ਤਮ ਦੱਸੀ, “ਆਖ਼ਰੀ ਮੇਲੇ ਹੈਂ। ਡਾਕਟਰ ਬੋਲਾ ਅਬ ਬਚੇਗਾ ਨਹੀਂ। ਮੇਰੇ ਸਰਦਾਰ ਔਰ ਗਾਓ ਕੇ ਲੋਗੇ ਨੇ ਗਾਓ ਸੇ ਪੈਸਾ ਇਕੱਠਾ ਕੀਆ। ਔਰ ਮੁਜੇ ਹਸਪਤਾਲ ਲੇ ਗਏ ਔਰ ਬੋਲੇ, “ਚੰਦੂ ਆਪਣਾ ਇਲਾਜ ਕਰਵਾ।” ਮੈਨੇ ਬੇਨਤੀ ਕੀ, “ਮੈਂ ਗਾਓ ਜਾਕਰ ਇਲਾਜ ਕਰਵਾਨਾ ਚਾਹਤਾ ਹੂੰ। ਬਹੁਤ ਪੈਸਾ ਥਾ, ਬਿਹਾਰ ਕੇ ਸੇਠ ਕਾ ਬੀ ਮੋੜ ਦੇਤਾ। ਗਾੜੀ ਚੜਨੇ ਕੋ ਸਟੇਸ਼ਨ ਪਰ ਗਿਆ, ਵਹਾ ਕਿਸੀ ਹਰਾਮਖੋਰ ਨੇ ਮੇਰੀ ਜੇਬ ਕਾਟਲੀ। ਏਕ ਪੈਸਾ ਭੀ ਨਹੀਂ ਬਚਾ। ਸਰਦਾਰ ਕੇ ਪਾਸ ਕਿਸ ਮੂੰਹ ਸੇ ਜਾਤਾ। …ਔਰ ਕਹਾਂ ਜਾਤਾ, ਆਪਣੇ ਬਈਆ ਕੇ ਪਾਸ ਆ ਗਿਆ।”
ਕਮਲਾ ਬੁੜਬੜਾਈ, “ਨੋਟੰਕੀ ਕਰ ਰਿਹਾ।” ਰਾਧਾ ਨੂੰ ਦੱਸਿਆ, “ਬਾਪ ਏ ਤੁਮਹਾਰਾ।”
ਰਾਧਾ ਨੂੰ ਅਬਦੇ ਬਾਪ ਨਾਲ ਨਫ਼ਰਤ ਆ। ਉਹਦੇ ਕਰਕੇ ਉਹਦੀ ਮਾਂ ਮਰੀ ਸੀ। ਜਦੋਂ ਉਹ ਭੋਰਾ—ਭਰ ਸੀ, ਬਿਮਾਰ ਪਈ ਸੀ, ਮਰਨ ਲਈ ਛੱਡਕੇ ਭੱਜ ਗਿਆ। ਮੁੜ ਏਨੇ ਸਾਲ ਸਾਰ ਨਹੀਂ ਲਈ।
ਚੰਦੂ ਹਰ ਵੇਲੇ ਦਰਦ ਨਾਲ ਤੜਫ਼ਦਾ ਰਹਿੰਦਾ, “ਅਬ ਨਹੀਂ ਬਚਤਾ, ਮੈਂ ਗਾਓ ਜਾਕਰ ਮਰਨਾ ਚਾਹਤਾ ਹੂੰ।”
ਚੰਦੂ ਦੇ ਗੁਰਦੇ ਕੰਮ ਕਰਨੋ ਹਟ ਗਏ ਸੀ। ਸ਼ਰਾਬ ਹੁਣ ਵੀ ਨਾ ਛੱਡਦਾ।
ਰਾਧਾ ਦਾ ਚਾਚਾ ਅਨਿੱਲ ਚੰਦੂ ਨੂੰ ਸਮਝਾਉਂਦਾ, “ਬਿਹਾਰ ਮੇ ਜਾਏਗਾ ਤੋਂ ਬੂਖ ਸੇ ਮਰ ਜਾਏਗਾ।”
ਰਾਮ ਪ੍ਰਸਾਦ ਤੇ ਹੋਰ ਕੁਆਟਰਾਂ ਵਾਲੇ ਉਸ ਬਿਮਾਰੀ ਦੇ ਘਰ ਨੂੰ ਉਥੋਂ ਕੱਢਣ ਲਈ ਕਾਹਲੇ ਸੀ।
ਅਨਿੱਲ ਕਹਿੰਦਾ, “ਹਮਾਰੇ ਪਾਸ ਜ਼ਹਿਰ ਖਾਨੇ ਕੋ ਵੀ ਪੈਸਾ ਨਹੀਂ। ਕੈਸੇ ਹਸਪਤਾਲ ਲੇਕਰ ਜਾਏ।”
—“ਹਮਨੇ ਹਸਪਤਾਲ ਨਹੀਂ ਦੇਸ ਬਿਹਾਰ ਜਾਨਾ।” ਚੰਦੂ ਜ਼ਿੱਦ ਤੇ ਅੜਿਆ ਹੋਇਆ ਸੀ।
—“ਇਨ ਲੋਗੋਂ ਕੋ ਕਿਆ ਸਮਝਾਏ, ਲੋਗ ਬਿਮਾਰ ਹੋਗੇਂ ਤੋ ਦੇਸ ਦਾ ਕਿਆ ਹੋਗਾ… ਦਵਾ ਦਾਰੂ ਕਰਵਾਓ।” ਰਾਮ ਪ੍ਰਸਾਦ ਨੇ ਸਲਾਹ ਦਿੱਤੀ।
—“ਹਮੇ ਤੋ ਦਾਲ—ਚਾਵਲ ਚਾਹੀਏ। ਹਮਾਰੇ ਤੋਂ ਵੋਹ ਵੀ ਨਹੀਂ। …ਜੱਟਾ ਨੇ ਪੈਸੇ ਦੀਏ, ਜੂਏ ਸ਼ਰਾਬ ਮੇ ਰੋਹੜ ਕਰ, ਹਮਾਰਾ ਖ਼ੂਨ ਪੀਨੇ ਆ ਗਿਆ। ਪੈਸੇ ਲੇਕਰ ਕਿਸੀ ਦੇਸ ਨਹੀਂ ਜਾਏਗਾ। ਨਸਾ ਖਰੀਦੇਗਾ। ਇਸੇ ਯਹੀ ਬਿਮਾਰੀ ਹੈ।” ਕਮਲ ਸਿਰ ਪਟਕ ਰਹੀ ਸੀ।
—“ਹਮਾਰੀ ਥੋੜ੍ਹੀ—ਥੋੜ੍ਹੀ ਮੱਦਦ ਕਰੋ। ਹਸਪਤਾਲ ਲੇ ਜਾਤੇ ਹੈ।” ਅਨਿੱਲ ਸਭ ਦਾ ਤਰਲਾ ਕਰਦਾ ਹੈ।
—“ਸਭੀ ਕੀ ਹਾਲਤ ਤੁੱਮ ਜਾਨਤੇ ਹੋ ਅਨਿੱਲ ਭਾਈ। ਦੇਸ…।” ਰਾਮ ਪ੍ਰਸਾਦ ਨੇ ਸਭ ਵੱਲੋਂ ਜੁਆਬ ਦੇ ਦਿੱਤਾ।
ਉਦਣ ਚੰਦੂ ਬਹੁਤ ਔਖਾ ਹੋ ਗਿਆ। ਉਹਦੀ ਹਾਲਤ ਦੇਖੀ ਨਹੀਂ ਜਾ ਰਹੀ ਸੀ। “ਮੈਂ ਪਾਪੀ ਹੂੰ। ਮੇਰਾ ਮਰ ਜਾਣਾ ਹੀ ਅੱਛਾ ਹੈ।” ਚੰਦੂ ਖਾਲੀ ਅੱਖਾਂ ਨਾਲ ਸਭ ਵੱਲ ਦੇਖ ਰਿਹਾ ਸੀ।
ਰਾਧਾ ਦੀਆਂ ਅੱਖਾਂ ’ਚ ਪਾਣੀ ਆ ਗਿਆ। ਉਹ ਅੰਦਰ ਸਮਾਰਟ ਫੋਨ ਲਈ ਲਕੋ ਕੇ ਰੱਖੇ ਪੈਸੇ ਆਪਣੇ ਚਾਚੇ ਅਨਿੱਲ ਦੇ ਹੱਥਾਂ ਤੇ ਲਿਆ ਰੱਖੇ, “ਲੈ ਚਾਚਾ ਬਾਪੂ ਨੂੰ ਹਸਪਤਾਲ ਲੈ ਜਾ।”
ਕਮਲਾ ਏਨੇ ਪੈਸੇ ਦੇਖ ਗੁੱਸੇ ’ਚ ਲਾਲ ਹੋਗੀ, “ਇਤਨੇ ਪੈਸੇ ਕਹਾ ਸੇ ਆਏ ਰੇ ਕੁਤੀਆ… ਚੋਰੀ ਕੀਏ ਹੈਂ ਜਾ ਧੰਦਾ ਕਰਨ ਲੱਗ ਪਈ।”
——0——
ਮੋ. 94633—52107