ਹਿੰਦੀ ਦੀ ਪ੍ਰਸਿੱਧ ਲੇਖਿਕਾ ਮਨੂ ਭੰਭਾਰੀ ਦਾ 15 ਨਵੰਬਰ ਨੂੰ ਦੇਹਾਂਤ ਹੋ ਗਿਆ। ਉਹ 90 ਸਾਲ ਦੇ ਸਨ। ਆਪਣੀ ਲੇਖਣੀ ਦੇ ਮਾਧਿਅਮ ਨਾਲ ਪੁਰਸ਼ਵਾਦੀ ਸਮਾਜ ’ਤੇ ਚੋਟ ਕਰਨ ਵਾਲੀ ਮਨੂ ਭੰਡਾਰੀ ਦੇ ਦੇਹਾਂਤ ’ਤੇ ਸਾਹਿਤ ਜਗਤ ’ਚ ਸ਼ੋਕ ਦੀ ਲਹਿਰ ਹੈ। ਦਿੱਲੀ ਦੇ ਮਿਰਾਂਡਾ ਹਾਊਸ ਕਾਲਜ ’ਚ ਉਹ ਲੰਮੇ ਸਮੇਂ ਤੱਕ ਪੜ੍ਹਾਉਂਦੇ ਰਹੇ। ਉਨ੍ਹਾਂ ਨੇ ਕਈ ਬਿਹਤਰੀਨ ਕਹਾਣੀਆਂ ਅਤੇ ਨਾਵਲ ਹਿੰਦੀ ਸਾਹਿਤ ਦੀ ਝੋਲੀ ਪਾਏੇ। ਉਨ੍ਹਾਂ ਦੀ ਕਹਾਣੀ ‘ਇਹੀ ਸੱਚ ਹੈ’ ’ਤੇ ਬਾਸੂ ਚੈਟਰਜੀ ਨ 1974 ਵਿੱਚ ‘ਰਜਨੀਗੰਧਾ’ ਫਿਲਮ ਬਣਾਈ ਸੀ। ‘ਆਪਕਾ ਬੰਟੀ’ ਅਤੇ ‘ਮਹਾਂਭੋਜ’ ਉਨ੍ਹਾਂ ਦੀ ਹੋਰ ਪ੍ਰਸਿੱਧ ਰਚਨਾਵਾਂ ਨੇ।


ਮਨੂੰ ਭੰਡਾਰੀ ਨੂੰ ਜ਼ਿਆਦਾ ਸ਼ੁਹਰਤ ‘ਆਪਕਾ ਬੰਟੀ’ ਤੋਂ ਮਿਲੀ ਜੋ ਧਰਮਯੁੱਗ ਪੱਤ੍ਰਕਾ ’ਚ ਲੜੀਵਾਰ ਛਪੀ। ਇਹਦੇ ’ਚ ਪ੍ਰੇਮ, ਵਿਆਹ, ਤਲਾਕ ਅਤੇ ਰਿਸ਼ਤਾ ਟੁੱਟਣ ਦੀ ਕਹਾਣੀ ਹੈ। ਇਸਨੂੰ ਹਿੰਦੀ ਸਾਹਿਤ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ ਤੇ ਇਹਦਾ ਬਾਂਗਲਾ, ਅੰਗਰੇਜ਼ੀ ਅਤੇ ਫ੍ਰਾਂਸਿਸੀ ਵਿੱਚ ਅਨੁਵਾਦ ਹੋਇਆ। ਇਹਦੇ ’ਤੇ ‘ਸਮੇਂ ਕੀ ਧਾਰਾ’ਫਿਲਮ ਵੀ ਬਣੀ। ਮਨੂੰ ਭੰਡਾਰੀ ਨੇ ਫਿਲਮ ਦੇ ਨਿਰਮਾਤਾ-ਨਿਰਦੇਸ਼ਕ ’ਤੇ ਮੁਕਦਮਾ ਵੀ ਕੀਤਾ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ੲਸ ਵਿੱਚ ਉਨ੍ਹਾਂ ਦੇ ਨਾਵਲ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ।
ਮਨੂੰ ਭੰਡਾਰੀ ਨੇ ਚਰਚਿਤ ਹਿੰਦੀ ਲੇਖਕ ਅਤੇ ਸੰਪਾਦਕ ਰਾਜੇਂਦਰ ਯਾਦਵ ਨਾਲ ਵਿਆਹ ਕਰਵਾਇਆ ਅਤੇ ਲੰਮਾ ਸਮਾਂ ਉਨ੍ਹਾਂ ਨਾਲ ਰਹਿਣ ਤੋਂ ਬਾਅਦ ਅਲੱਗ ਵੀ ਹੋ ਗਏ।
ਬਚਪਨ ’ਚ ਉਨ੍ਹਾਂ ਦਾ ਨਾਂਅ ਮਹਿੰਦਰ ਕੁਮਾਰੀ ਸੀ, ਪਰ ਲਿਖਣ ਲਈ ਉਨ੍ਹਾਂ ਨੇ ਮਨੂੰ ਨਾਂਅ ਚੁਣਿਆ। ਇਹਦੀ ਵਜ੍ਹਾ ਇਹ ਸੀ ਕਿ ਬਚਪਨ ’ਚ ਉਨ੍ਹਾਂ ਨੂੰ ਇਸੇ ਨਾਂਅ ਨਾਲ ਬੁਲਾਇਆ ਜਾਂਦਾ ਸੀ। ਮਨੂੰ ਭੰਡਾਰੀ ਦਾ ਜਨਮ 3 ਅਪ੍ਰੈਲ 1931 ਨੂੰ ਮੱਧਪ੍ਰਦੇਸ਼ ’ਚ ਹੋਇਆ ਸੀ।