ਸਵਾਲ-ਜਵਾਬ
ਇਸ ਸਾਲ ਬੱਚਿਆਂ ਦੀਆਂ ਕਿੰਨੀਆਂ ਅਤੇ ਕਿਹੋ ਜਿਹੀਆਂ ਕਿਤਾਬਾਂ ਪਰਕਾਸ਼ਤ ਹੋਈਆਂ ਨੇ?
ਇਸ ਸਾਲ ਪੰਜਾਬੀ ਵਿੱਚ ਬੱਚਿਆਂ ਵਾਸਤੇ ਸੱਤਰ ਦੇ ਕਰੀਬ ਪੁਸਤਕਾਂ ਪ੍ਰਕਾਸ਼ਤ ਹੋਈਆਂ। ਜਿਨ੍ਹਾਂ ਵਿੱਚ ਪੰਜ ਬਾਲ ਨਾਵਲ ਤੇ ਚਾਰ ਇਕਾਂਗੀ ਸੰਗ੍ਰਹਿ ਬਾਕੀ ਕਵਿਤਾ ਕਹਾਣੀ, ਲੇਖ ਤੇ ਕੁਝ ਗਿਆਨ ਵਰਧਕ ਪੁਸਤਕਾਂ ਪ੍ਰਕਾਸ਼ਤ ਹੋਈਆਂ। ਇਨ੍ਹਾਂ ਵਿਚ ਕੁਝ ਬਾਲ ਲੇਖਕਾਂ ਦੀਆਂ ਪੁਸਤਕਾਂ ਵੀ ਆਈਆਂ। ਜੇਕਰ ਇਨ੍ਹਾਂ ਪੁਸਤਕਾਂ ਦੀ ਚਰਚਾ ਕਰੀਏ ਤਾਂ ਇਨ੍ਹਾਂ ਵਿੱਚ ਡਾ. ਦਰਸ਼ਨ ਸਿੰਘ ਆਸ਼ਟ, ਮਨਮੋਹਨ ਸਿੰਘ ਦਾਊਂ ਤੇ ਜਸਬੀਰ ਭੁੱਲਰ ਵਰਗੇ ਸਾਹਿਤਕਾਰ ਵੀ ਸ਼ਾਮਲ ਹਨ ਤੇ ਕੁਝ ਨਵੇਂ ਲੇਖਕ ਵੀ ਸ਼ਾਮਲ ਹਨ।
ਇਸ ਸਾਲ ਦੀ ਬੱਚਿਆਂ ਦੀ ਕੋਈ ਚਰਚਿਤ ਕਿਤਾਬ? ਕਿਸੇ ਹੋਰ ਭਾਸ਼ਾ ਦੀ ਕਿਤਾਬ ਦਾ ਜ਼ਿਕਰ ਵੀ ਕਰ ਸਕਦੇ ਹੋ।
ਇਨ੍ਹਾਂ ਪੁਸਤਕਾਂ ਨੇ ਆਪੋ-ਆਪਣੇ ਪਾਠਕ ਵਰਗ ਚ ਚੰਗਾ ਸਥਾਨ ਹਾਸਲ ਕੀਤਾ। ਬਹੁ ਚਰਚਿਤ ਪੁਸਤਕ ਕੋਈ ਨਹੀਂ ਰਹੀ ਜਦਕਿ ਬਾਲ ਸਾਹਿਤਕ ਖੇਤਰ ਵਿੱਚ ਇਨ੍ਹਾਂ ਪੁਸਤਕਾਂ ਦੀ ਚਰਚਾ ਹੁੰਦੀ ਰਹੀ ਹੈ। ਪਾਠਕ ਵਰਗ ਵੱਲੋਂ ਆਪਣੀ ਰੁਚੀ ਅਨੁਸਾਰ ਕਵਿਤਾ ਕਹਾਣੀ ਲੇਖ ਨੂੰ ਤਰਜੀਹ ਦਿੱਤੀ ਗਈ।
ਪੰਜਾਬੀ ਬਾਲ ਸਾਹਿਤ ਵੱਲ ਕਿਸੇ ਦਾ ਧਿਆਨ ਕਿਉਂ ਨਹੀਂ?
ਅਸੀਂ ਬੱਚਿਆਂ ਨੂੰ ਬੱਚੇ ਹੀ ਸਮਝੀ ਜਾ ਰਹੇ ਹਾਂ। ਇਸੇ ਕਰਕੇ ਬੱਚਿਆਂ ਵੱਲ ਕੋਈ ਧਿਆਨ ਨਹੀਂ ਅਤੇ ਬਾਲ ਸਾਹਿਤ ਵੱਲ ਵੀ ਸਾਡਾ ਕਿਸੇ ਦਾ ਧਿਆਨ ਨਹੀਂ। ਸਰਕਾਰਾਂ ਇਸ ਕਰਕੇ ਅਣਗੌਲਿਆ ਕਰਦੀਆਂ ਨੇ ਕਿ ਇਹ ਵੋਟਰ ਨਹੀਂ ਹਨ।ਅਧਿਆਪਕ ਤੇ ਮਾਪੇ ਉਨ੍ਹਾਂ ਨੂੰ ਬੱਚੇ ਸਮਝਦੇ ਹਨ ਜਦਕਿ ਬਾਲ ਸਾਹਿਤ ਦੀ ਲੋੜ ਆਕਸੀਜ਼ਨ ਵਾਂਗ ਹੈ। ਅਧਿਆਪਕ ਮਾਪੇ ਤੇ ਸਰਕਾਰਾਂ ਦੀ ਮੁੱਖ ਜ਼ਿੰਮੇਵਾਰੀ ਹੈ ਕਿ ਇਸ ਵੱਲ ਖ਼ਾਸ ਧਿਆਨ ਦੇਣ। ਸਾਡਾ ਧਿਆਨ ਇਸ ਕਰਕੇ ਵੀ ਨਹੀਂ ਕਿ ਅਸੀਂ ਬਾਲ ਸਾਹਿਤ ਦੀ ਮਹਾਨਤਾ ਤੋਂ ਅਣਜਾਣ ਹਾਂ। ਵਿਦੇਸ਼ਾਂ ਵਿੱਚ ਉੱਥੋਂ ਦੇ ਮਨੋਵਿਗਿਆਨੀ ਇਸ ਗੱਲ ’ਤੇ ਖਾਸ ਤਵੱਜੋ ਦਿੰਦੇ ਹਨ ਕਿ ਬੱਚਿਆਂ ਨੂੰ ਉਮਰ ਗੁੱਟ ਅਨੁਸਾਰ ਬਾਲ ਪੁਸਤਕਾਂ ਤੇ ਬਾਲ ਰਸਾਲੇ ਦਿੱਤੇ ਜਾਣ। ਅਜਿਹਾ ਕਰਨ ਨਾਲ ਉਨ੍ਹਾਂ ਦੀ ਸ਼ਖ਼ਸੀਅਤ ਨਰੋਈ ਬਣਦੀ ਹੈ ।
ਪੰਜਾਬੀਆਂ ਨੂੰ ਬਾਲ ਸਾਹਿਤ ਦੀ ਲੋੜ ਵੀ ਹੈ ਜਾਂ ਨਹੀਂ?
ਜਿਵੇਂ ਸਾਨੂੰ ਸਾਰਿਆਂ ਨੂੰ ਆਕਸੀਜਨ ਦੀ ਜ਼ਰੂਰਤ ਹੈ ਇਸੇ ਤਰ੍ਹਾਂ ਬੱਚਿਆਂ ਲਈ ਬਾਲ ਸਾਹਿਤ ਵੀ ਆਕਸੀਜਨ ਵਾਂਗ ਮਹੱਤਵਪੂਰਨ ਹੈ। ਜਿਹੜੇ ਵਿਦਿਆਰਥੀ ਬਾਲ ਪੁਸਤਕਾਂ ਪੜ੍ਹਦੇ ਹਨ। ਉਨ੍ਹਾਂ ਦੀ ਸ਼ਖ਼ਸੀਅਤ ’ਤੇ ਬਾਕੀਆਂ ਨਾਲੋਂ ਵੱਧ ਨਿਖਾਰ ਆਉਂਦਾ ਹੈ। ਬਾਲ ਸਾਹਿਤ ਨਾਲ ਜੁੜੇ ਬੱਚੇ ਹਰ ਖੇਤਰ ਵਿੱਚ ਪ੍ਰਤਿਭਾਵਾਨ ਬਣ ਜਾਂਦੇ ਹਨ। ਉਨ੍ਹਾਂ ਅੰਦਰ ਉਚੇਰੀਆਂ ਕਦਰਾਂ ਕੀਮਤਾਂ ਭਰ ਜਾਂਦੀਆਂ ਹਨ ਜਿਸ ਸਦਕਾ ਉਹ ਜੀਵਨ ਵਿਚ ਸਫਲਤਾ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ ਤੇ ਉੱਚੀਆਂ ਮੰਜ਼ਲਾਂ ਪ੍ਰਾਪਤ ਕਰਦੇ ਹਨ।
ਸਮੁੱਚੇ ਪੰਜਾਬੀ ਬਾਲ ਸਾਹਿਤ ਦੀ ਕੀ ਸਥਿਤੀ ਹੈ?
ਮੌਜੂਦਾ ਸਮੇਂ ਵਿੱਚ ਪੰਜਾਬੀ ਬਾਲ ਸਾਹਿਤ ਦੀ ਸਥਿਤੀ ਬਹੁਤ ਬਿਹਤਰ ਨਹੀਂ ਕਹੀ ਜਾ ਸਕਦੀ ਪਰ ਆਪਣੀ ਤੋਰੇ ਵਧੀਆ ਚਾਲ ਨਾਲ ਚੱਲ ਰਹੀ ਹੈ। ਉਮਰ ਗੁੱਟ ਅਨੁਸਾਰ ਸਾਹਿਤ ਸਿਰਜਣ ਦੀ ਵਿਸ਼ੇਸ਼ ਲੋੜ ਹੈ। ਬਾਲ ਨਾਵਲ ਤੇ ਬਾਲ ਨਾਟਕ ਤੇ ਵਿਸ਼ੇਸ਼ ਕੰਮ ਕਰਨ ਦੀ ਜ਼ਰੂਰਤ ਹੈ ।ਅਜੋਕਾ ਬੱਚਾ ਸਾਧਾਰਨ ਗੱਲਾਂ ਨਾਲ ਸੰਤੁਸ਼ਟ ਨਹੀਂ ਹੁੰਦਾ। ਅੱਜ ਦਾ ਯੁੱਗ ਤਕਨੀਕ ਦਾ ਹੋਣ ਕਰਕੇ ਸਾਹਿਤਕਾਰਾਂ ਨੂੰ ਬੜਾ ਸੁਚੇਤ ਹੋ ਕੇ ਲਿਖਣ ਦੀ ਲੋੜ ਹੈ। ਬਾਲ ਮਨ ਦੀ ਤ੍ਰਿਪਤੀ ਵਾਸਤੇ ਉਨ੍ਹਾਂ ਦੇ ਮਨਾਂ ਦਾ ਹਾਣੀ ਸਾਹਿਤ ਸਿਰਜਣਾ ਸਮੇਂ ਦੀ ਮੰਗ ਹੈ। ਪੰਜਾਬ ਵਿੱਚ ਬਾਲ ਰਸਾਲੇ ਨਾ ਛਪਣਾ ਬਹੁਤ ਹੀ ਦੁਖਦਾਇਕ ਹੈ। ਸਿਰਫ਼ ਪੰਖੜੀਆਂ, ਪ੍ਰਾਇਮਰੀ ਸਿੱਖਿਆ ਅਤੇ ਨਿੱਕੀਆਂ ਕਰੂੰਬਲਾਂ ਹੀ ਲੰਬੇ ਸਮੇਂ ਤੋਂ ਨਿਰੰਤਰ ਪ੍ਰਕਾਸ਼ਿਤ ਹੋ ਰਹੇ ਹਨ। ਬੱਚਿਆਂ ਲਈ ਬਾਲ ਰਸਾਲਿਆਂ ਦੀ ਲੋੜ ਅਤਿਅੰਤ ਜ਼ਰੂਰੀ ਹੈ ਜਿਸ ਸਦਕਾ ਉਨ੍ਹਾਂ ਦੀਆਂ ਛੁਪੀਆਂ ਹੋਈਆਂ ਸੰਭਾਵਨਾਵਾਂ ਉਜਾਗਰ ਹੁੰਦੀਆਂ ਹਨ।
ਬੱਚਿਆਂ ਦੇ ਸਾਹਿਤ ਨੂੰ ਪ੍ਰੋਤਸਾਹਿਤ ਕਰਨ ਲਈ ਕੀ ਕੀਤਾ ਜਾਣਾ ਚਾਹੀਦਾ ਹੈ?
ਬਾਲ ਸਾਹਿਤ ਨੂੰ ਉਤਸ਼ਾਹਿਤ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਪੰਜਾਬ ਦੇ ਹਰ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਵਿਚ ਪੰਜਾਬੀ ਦੇ ਬਾਲ ਰਸਾਲੇ ਪੁੱਜਣੇ ਲਾਜ਼ਮੀ ਕੀਤੇ ਜਾਣ। ਸਕੂਲਾਂ ਵਿੱਚ ਇੱਕ ਲਾਇਬਰੇਰੀ ਪੀਰੀਅਡ ਰਾਖਵਾਂ ਕੀਤਾ ਜਾਵੇ ਜਿਸ ਵਿੱਚ ਹਰ ਬੱਚਾ ਲਾਇਬਰੇਰੀ ਵਿੱਚ ਜਾਵੇ। ਅਧਿਆਪਕ ਅਤੇ ਮਾਪੇ ਬੱਚਿਆਂ ਨੂੰ ਉਨ੍ਹਾਂ ਦੀ ਰੁਚੀ ਅਨੁਸਾਰ ਅਤੇ ਉਮਰ ਗੁੱਟ ਅਨੁਸਾਰ ਬਾਲ ਰਸਾਲੇ ਅਤੇ ਬਾਲ ਪੁਸਤਕਾਂ ਮੁਹੱਈਆ ਕਰਨ। ਸਰਕਾਰਾਂ ਨੂੰ ਛਪ ਰਹੇ ਨਿੱਜੀ ਬਾਲ ਰਸਾਲਿਆਂ ਦੀ ਬਾਂਹ ਫੜਨੀ ਚਾਹੀਦੀ ਹੈ। ਸਾਨੂੰ ਸਭ ਨੂੰ ਹਰ ਮੌਕੇ ਤੇ ਬੱਚਿਆਂ ਨੂੰ ਪੁਸਤਕਾਂ ਦੇ ਤੋਹਫੇ ਦੇਣੇ ਚਾਹੀਦੇ ਹਨ।