—ਨਿਰਮਲ ਅਰਪਣ
ਦੇਵਿੰਦਰ ਸਤਿਆਰਥੀ ਨੇ ਭਾਰਤੀ ਸਾਹਿਤ ਦੇ ਰੰਗਮੰਚ ‘ਤੇ ਜਿਸ ਰੀਝ ਨਾਲ ਆਪਣਾ ਸਫਰ ਤੈਅ ਕੀਤਾ ਹੈ, ਉਹ ਮਰਨ ਮਗਰੋਂ ਕਾਇਮ ਰਹਿਣ ਲਈ, ਕਿਸੇ ਵੀ ਯਾਦਗਾਰ ਦੀ ਸੌਂਹ ਖਾ ਸਕਦਾ ਹੈ।
ਭਾਰਤੀ ਸਾਹਿਤ ਦੇ ਪੰਨਿਆਂ ‘ਤੇ ਅਨੇਕ ਸ਼ਖ਼ਸੀਅਤਾਂ ਦਾ ਜ਼ਿਕਰ ਮਿਲਦਾ ਹੈ ਜਿਨ੍ਹਾ ਆਪਣਾ ਰਸਤਾ ਆਪ ਉਲੀਕਿਆ। ਆਪਣੇ ਬਲ-ਬੂਤੇ ‘ਤੇ ਉਪਰ ਉਠੇ । ਉਨ੍ਹਾਂ ਸਾਮ੍ਹਣੇ ਕੋਈ ਸੌਖੇ ਰਾਹ ਨਹੀਂ ਸਨ । ਪਰ ਉਨ੍ਹਾਂ ਹੌਂਸਲਾ ਨਹੀਂ ਛੱਡਿਆ । ਆਪਣੀ ਮੰਜ਼ਲ ਪ੍ਰਤੀ
ਯਤਨਸ਼ੀਲ ਰਹੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਹੈਰਾਨ-ਕੁਨ ਪ੍ਰਾਪਤੀਆਂ ਛੱਡ ਗਏ । ਅਜਿਹੇ ਗਿਣੇ-ਚੁਣੇ ਨਾਵਾਂ ਵਿਚ ਦੇਵਿੰਦਰ ਸਤਿਆਰਥੀ ਸਰ-ਏ-ਫਹਿਰਿਸਤ ਹੈ ।

ਦੋ
ਲੋਕ-ਯਾਨ ਦੇ ਪ੍ਰਸੰਗ ਵਿਚ ਦੇਵਿੰਦਰ ਸਤਿਆਰਥੀ ਦਾ ਆਕਾਰ ਮਹਾਕਾਵਿ ਦੇ ਆਕਾਰ ਤੋਂ ਕਿਤੇ ਵੱਡਾ ਹੈ । ਸਾਹਿਤਕ ਸੂਝ ਰੱਖਣ ਵਾਲੇ ਵਿਦਵਾਨ, ਜਿਨ੍ਹਾਂ ਨੇ ਉਸ ਦੀ ਕੱਦ ਆਵਰ ਸ਼ਖ਼ਸੀਅਤ ਨੂੰ ਕਰੀਬ ਤੋਂ ਪਛਾਣਿਆ ਹੈ, ਇਸ ਗੱਲ ਤੋਂ ਇਨਕਾਰ ਨਹੀਂ ਕਰ
ਸਕਦੇ ਕਿ ਉਸ ਦੀ ਅਣਥੱਕ ਲਗਨ ਨੇ ਲੋਕ-ਸਾਹਿਤ ਦੀ ਅਹਿਮੀਅਤ ਨੂੰ ਉਜਾਗਰ ਕਰਨ ਵਿਚ ਜੋ ਅਹਿਮ ਭੂਮਿਕਾ ਨਿਭਾਈ, ਉਸ ਦੀ ਵਿਆਖਿਆ ਕਰਨੀ ਕਠਿਨ ਹੈ ।
ਦੇਵ-ਮਾਲਾ ਦੇ ਦੇਵ-ਕੱਦ ਵਾਲਾ ਯੁਗ ਪੁਰਸ਼—ਦੇਵਿੰਦਰ ਸਤਿਆਰਥੀ।
ਤਿੰਨ
ਕਿਸੇ ਸਾਹਿਤ ਦੀ ਵੱਡੀ ਪਛਾਣ ਉਸ ਦਾ ਲੋਕ-ਵਿਰਸਾ ਹੁੰਦੀ ਹੈ ।
ਲੋਕ-ਵਿਰਸੇ ਦੀ ਸੰਭਾਲ, ਸੱਚੇ ਅਰਥਾਂ ਵਿਚ ਕੌਮੀ ਉਸਾਰੀ ਦਾ ਕੰਮ ਹੁੰਦਾ ਹੈ । ਅੱਜ ਦੇਵਿੰਦਰ ਸਤਿਆਰਥੀ ਦੀ ਬਦੌਲਤ ਭਾਰਤੀ ਸਾਹਿਤ ਕੋਲ ਲੋਕ-ਗੀਤਾਂ ਦਾ ਅਮੀਰ ਵਿਰਸਾ ਹੈ । ਪੀੜ੍ਹੀਆਂ ਦਾ ਸੁੰਦਰਤਾ-ਬੋਧ, ਵੰਨ-ਸੁਵੰਨੇ ਸਭਿਆਚਾਰਾਂ ਨਾਲ ਜਾਣ-ਪਛਾਣ।
ਅਨੇਕਤਾ ਵਿਚ ਏਕਤਾ ਦੇ ਦਰਸ਼ਨ–”ਮੈਂ ਤਾਂ ਆਤਮਾ ਦੇ ਦਰਸ਼ਨ ਕਰਨ ਲਈ ਘਰੋਂ ਨਿਕਲਿਆ ਸੀ । ਉਨ੍ਹਾਂ ਸਭਿਆਚਾਰਾਂ ਨੂੰ ਸਮਝਣ, ਜੋ ਪੀੜ੍ਹੀ-ਦਰ-ਪੀੜ੍ਹੀ ਆਪਣੀ ਏਸ ਵਿਰਾਸਤ ਨੂੰ ਸਾਂਭ-ਸਾਂਭ ਰੱਖਦੇ ਰਹੇ ।” …
ਅਜਿਹਾ ਸੰਕਲਪ ਹੀ ਕਿਸੇ ਸਚਿਆਰੀ ਕੰਮ ਦਾ ਨਿਰਮਾਣ ਕਰ ਸਕਦਾ ਹੈ । ਸਕਾਟਲੈਂਡ ਦੇ ਦੇਸ਼-ਭਗਤ ਫਲੈਚਰ ਦਾ ਕਥਨ ਹੈ—”ਕਿਸੇ ਵੀ ਕੌਮ ਦੇ ਲੋਕ-ਗੀਤ ਉਸ ਦੇ ਸੰਵਿਧਾਨ ਤੋਂ ਵਧੇਰੇ ਮਹੱਤਵ ਰੱਖਦੇ ਹਨ।”
ਚਾਰ
ਰਿਗਵੇਦ ਦੀਆਂ ਰਿਚਾਵਾਂ ਵਾਂਗ ਲੋਕ-ਗੀਤਾਂ ਦਾ ਮੁੱਢ ਕਿੱਥੇ ਬੱਝਿਆ-ਦੰਤ-ਕਥਾਵਾਂ ਚੁੱਪ ਹਨ । ਕੋਈ ਵੀ ਇਤਿਹਾਸਿਕ ਤਾਰੀਖ ਅੱਜ ਤਕ ਇਹ ਸਿੱਧ ਨਹੀਂ ਕਰ ਸਕੀ ਕਿ ਕਿਹੜਾ ਲੋਕ-ਗੀਤ ਆਦਿ-ਮਾਨਵ ਦੇ ਬੂਹੇ ‘ਤੇ ਪਹਿਲੀ ਦਸਤਕ ਦੇਣ ਲਈ ਹਾਜ਼ਰ ਹੋਇਆ ਜਾਂ ਕਿਹੜੇ ਲੋਕ-ਗੀਤ ਨੇ ਪਿੰਡ ਦੀ ਮੋਹੜੀ ਗੱਡੇ ਜਾਣ ਨੂੰ ਆਪਣਾ ਆਸ਼ੀਰਵਾਦ ਦਿੱਤਾ ।
“ਖੁਦਾ ਦੀ ਖ਼ਲਕਤ ਦੇ ਖ਼ੁਦ-ਰੌ ਗੀਤਾਂ ਨੂੰ ਸਾਹਿਤ ਦੀ ਦੁਨੀਆ ਵਿਚ ਕਹਿਕਸ਼ਾ ਜਾਂ ਤਾਰਿਆ ਦਾ ਰਾਹ ਸਮਝਿਆ ਜਾਂਦਾ ਹੈ, ਜਿਸ ਵਿਚ ਅਣ-ਬਣੇ ਤਾਰਿਆਂ ਲਈ ਅਮੁੱਕ ਮਸਾਲਾ ਰਹਿੰਦਾ ਹੈ ਤੇ ਜੀਹਦੇ ਵਿੱਚੋਂ ਅਨੇਕਾਂ ਤਾਰੇ ਨਿੱਤ ਬਣਦੇ ਰਹਿੰਦੇ ਹਨ। ਤਾਹੀਓਂ ਰਵਿੰਦਰ ਨਾਥ ਟੈਗੋਰ ਜਿਹੇ ਅਮਰ ਲਿਖਾਰੀਆਂ ਦੀਆਂ ਰਚਨਾਵਾਂ ਲੋਕ-ਗੀਤਾਂ ਦੀਆ ਰਿਣੀ ਹਨ।” (ਸ. ਗੁਰਬਖਸ਼ ਸਿੰਘ ‘ਪ੍ਰੀਤਲੜੀ’)
ਲੋਕ ਗੀਤ ਸਾਡੀ ਪ੍ਰਾਚੀਨ ਸਭਿਅਤਾ ਦੇ ਪ੍ਰਤੀਕ ਹਨ।
ਇਹ ਅਤੀਤ ਤੇ ਪਰੰਪਰਾ ਵਿਚ ਜਕੜੇ ਹੋਏ ਵੀ ਭਾਰਤੀ ਸੰਸਕ੍ਰਿਤੀ ਦੇ ਭਵਿੱਖ ਦਾ ਪ੍ਰਗਟਾਵਾ ਕਰਦੇ ਹਨ । ਇਹ ਸਾਡੇ ਸਾਹਾਂ ਦੀ ਸਿਤਾਰ ਹਨ, ਜਿਸ ਦੀ ਹਰ ਤਾਰ ਆਪਣੀ ਥਾ ਸ੍ਰੇਸ਼ਠ ਅਵਸਥਾ ਵਿਚ ਹੁੰਦਿਆਂ ਹੋਇਆਂ ਵੀ ਦੂਸਰੀਆਂ ਤਾਰਾਂ ਨਾਲ ਰਲ ਕੇ ਪੂਰੀ ਤਰ੍ਹਾਂ ਇਕ ਸੁਰ ਵਿਚ ਮਨੁੱਖੀ ਵੇਦਨਾ ਦਾ ਇਜ਼ਹਾਰ ਕਰਦੀ ਹੈ ।
ਜਿਵੇਂ ਸਿੰਧੂਰ ਨਵ-ਵਿਆਹੁਤਾ ਮੁਟਿਆਰ ਦੇ ਮੱਥੇ ਦੀ ਸ਼ੋਭਾ ਨੂੰ ਚਾਰ ਚੰਨ ਲਾਉਂਦਾ ਹੈ, ਉਵੇਂ ਹੀ ਲੋਕ-ਸੰਸਕ੍ਰਿਤੀ ਸਾਹਿਤ ਦੇ ਮੱਥੇ ਦਾ ਸਿੰਧੂਰ ਹੁੰਦੀ ਹੈ । ਕਿਸੇ ਸਾਹਿਤ ਦੀ ਵੱਡੀ ਪਛਾਣ ਉਸ ਦਾ ਲੋਕ-ਵਿਰਸਾ ਹੀ ਤਾਂ ਹੈ। ਸਾਹਿਤ ਸਿਰਜਣਾ ਅਤੇ ਲੋਕ-ਸਾਹਿਤ ਨਦੀ ਦੇ ਦੇ ਕਿਨਾਰਿਆਂ ਸਮਾਨ ਹਨ, ਜਿਹੜੇ ਕਿ ਨਦੀ ਦੇ ਪੂਰੇ ਵਹਿਣ ਦੌਰਾਨ ਇਕ ਦੂਜੇ ਦੇ ਸਮਾਨ-ਅੰਤਰ ਤੁਰਦੇ ਹੋਏ ਵੀ, ਇਕ ਦੂਜੇ ਦੇ ਪੂਰਕ ਹੁੰਦੇ ਹਨ, ਪਰ ਹਰ ਸਮੇਂ ਉਨ੍ਹਾਂ ਵਿਚਕਾਰਲੀ ਦੂਰੀ ਵਿਚ ਹੀ ਨਦੀ ਦੀ ਹੋਂਦ ਸਮਾਈ ਹੁੰਦੀ ਹੈ ।
ਦੇਵਿੰਦਰ ਸਤਿਆਰਥੀ ਦਾ ਕਥਨ
“ਸਾਹਿਤ ਨੂੰ ਲੋਕ-ਗੀਤਾਂ ਜਾਂ ਲੋਕ-ਕਥਾਵਾਂ ਤੋਂ ਵੱਖਰਿਆ ਕਰਨਾ ਠੀਕ ਨਹੀਂ, ਮੇਰੀ ਜਾਚੇ । ‘ਗੀਤਾਂਜਲੀ ਨੂੰ ਹੀ ਲੈ ਲਵੋ । ਜੋ ਕੁਝ ਉਸ ਵਿਚ ਹੈ, ਉਸੇ ਹੀ ਤਰ੍ਹਾਂ ਦੀ ਵੇਦਨਾ ਲੋਕ-ਗੀਤਾਂ ਵਿਚ ਵੀ ਮਿਲਦੀ ਹੈ। ਉਵੇਂ ਹੀ ਪਨਘਟ ’ਤੇ ਪਨਿਹਾਰਨਾ ਪਾਣੀ ਭਰਨ ਜਾਂ ਰਹੀਆ ਹਨ । ਪੂਜਾ ਦੀ ਥਾਲੀ ਲਈ ਇਕ ਨਾਰੀ ਮੰਦਰ ਨੂੰ ਜਾ ਰਹੀ ਹੈ । ਉਵੇਂ ਹੀ ਆਪਣੇ ਪ੍ਰੇਮੀ ਦੀ ਉਡੀਕ ਵਿਚ ਬੈਠੀ ਬਿਰਹਨ । ਕਿਵੇਂ ਤੇ ਕਿੱਥੇ ਵੱਖਰਾ ਕੀਤਾ ਜਾ ਸਕਦੇ ਸਾਹਿਤ ਨੂੰ ਲੋਕ-ਯਾਨ ਤੇ।” …