ਜਿਹੜੀਆਂ ਕੌਮਾਂ ਕਿਤਾਬਾਂ ਤੋਂ ਦੂਰ ਹੁੰਦੀਆਂ ਨੇ, ਉਹ ਇਕ ਦਿਨ ਮਿਟ ਜਾਂਦੀਆ ਨੇ। ਕੁਝ ਕੌਮਾਂ ਇਸ ਗੱਲ ਨੂੰ ਸਮਝਦੀਆਂ ਨੇ ਇਸ ਲਈ ਉਹ ਕਿਤਾਬਾਂ ਨਾਲ ਜੁੜੀਆਂ ਰਹਿੰਦੀਆਂ ਨੇ। ਪੰਜਾਬੀਆਂ ਬਾਰੇ ਅਜੇ ਇਹ ਗੱਲ ਨਹੀਂ ਆਖੀ ਜਾ ਸਕਦੀ। ਪੰਜਾਬੀ ਕਿਤਾਬਾਂ ਤੋਂ ਅਜੇ ਕੋਹਾਂ ਦੂਰ ਨੇ। ਭਾਵੇਂ ਇਸ ਵਾਸਤੇ ਕਈ ਤਰਕ-ਕੁਤਰਕ ਕੀਤੇ ਜਾਂਦੇ ਰਹਿਣ। ਖ਼ੈਰ ਦੱਸਣ ਵਾਲੀ ਗੱਲ ਇਹ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਬੱਚਿਆਂ ਵਿਚ ਪੜ੍ਹਨ ਦੀ ਚੇਟਕ ਲਾਉਣ ਲਈ ਅਨੋਖੀ ਯੋਜਨਾ ਸ਼ੁਰੂ ਕੀਤੀ ਹੈ। ਇਸਦੇ ਤਹਿਤ ਹਰ ਜ਼ਿਲ੍ਹੇ ਵਿਚ ‘ਕਿਤਾਬਾਂ ਦਾ ਪਿੰਡ’ ਬਣਾਏ ਜਾਣ ਦੀ ਯੋਜਨਾ ਹੈ। ਕਿਤਾਬਾਂ ਲਈ ਪ੍ਰਸਿੱਧ ਸ਼ਹਿਰ ਬ੍ਰਿਟੇਨ ਵਿਚ ‘ਹੇ-ਆਨ-ਵੇ’ ਯੋਜਨਾ ਚਲਦੀ ਹੈ। ਇਸੇ ਦੀ ਤਰਜ਼ ਤੇ ਇਹ ਯੋਜਨਾ ਸ਼ੁਰੂ ਕੀਤੀ ਜਾਵੇਗੀ। ਯੋਜਨਾ ਵਾਸਤੇ 50 ਲੱਖ ਰੁਪਏ ਜਾਰੀ ਕੀਤੇ ਗਏ ਨੇ।
ਇਕ ਰਿਪੋਰਟ ਵਿਚ ਮਰਾਠੀ ਭਾਸ਼ਾ ਦੇ ਮੰਤਰੀ ਸੁਭਾਸ਼ ਦੇਸਾਈ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਪਿੰਡ ਬਣਾਉਣ ਦਾ ਉਦੇਸ਼ ਲੋਕਾਂ ਤੇ ਖਾਸ ਕਰਕੇ ਬੱਚਿਆਂ ਵਿਚ ਪੜ੍ਹਨ ਦੀ ਆਦਤ ਵਿਕਸਿਤ ਕਰਨਾ ਹੈ। ‘ਹੇ-ਆਨ-ਵੇ’ ਸ਼ਹਿਰ ਅੰਤਰਰਾਸ਼ਟਰੀ ਸਤਰ ਤੇ ਮਸ਼ਹੂਰ ਹੈ। ਦੇਸਾਈ ਨੇ ਕਿਹਾ, ਇਸ ਤਰ੍ਹਾ ਅਸੀਂ ਮਰਾਠੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਵੈਸ਼ਵਿਕ ਮੰਚ ਤੇ ਫੈਲਾਉਣ ਲਈ ਇਸ ਸੋਚ ਤੇ ਕੰਮ ਕਰਨਾ ਚਾਹੁੰਦੇ ਹਾਂ। ਮਹਾਰਾਸ਼ਟਰ ਭਾਸ਼ਾ ਵਿਭਾਗ ਅਨੁਸਾਰ ਸ਼ੁਰੂ ਵਿਚ ਮਹਾਂਰਾਸ਼ਟਰ ਦੇ ਛੇ ਪ੍ਰਸ਼ਾਸ਼ਨਿਕ ਖੇਤਰਾਂ ਵਿਚ ‘ਕਿਤਾਬਾਂ ਦਾ ਪਿੰਡ’ ਸ਼ੁਰੂ ਕੀਤਾ ਜਾਵੇਗਾ ਤੇ ਬਾਅਦ ਵਿਚ ਇਸਨੂੰ ਹਰ ਜਿਲ੍ਹੇ ਵਿਚ ਲਾਗੂ ਕੀਤਾ ਜਾਵੇਗਾ। ਸਰਕਾਰ ਨੇ ਨਾਮਿਤ ਪਿੰਡਾਂ ਵਿਚ ਬੁਨਿਆਦੀ ਢਾਂਚੇ ਅਤੇ ਹੋਰ ਸੁਵਿਧਾਵਾਂ ਵਿਕਸਿਤ ਕਰਨ ਲਈ ਹਰ ਸੰਭਵ ਮਦਦ ਦੇਣ ਦਾ ਫੈਸਲਾ ਕੀਤਾ ਹੈ। ਇਕ ਸਰਕਾਰੀ ਅਧਿਕਾਰੀ ਅਨੁਸਾਰ ਚੁਣੇ ਹੋਏ ਪਿੰਡਾਂ ਵਿਚ ਘੱਟੋ-ਘੱਟ 10 ਪ੍ਰਮੁੱਖ ਥਾਵਾਂ ਤੇ ਛੋਟੀਆਂ ਲਾਈਬ੍ਰੇਰੀਆਂ ਅਤੇ ਬੁੱਕ ਸ਼ੈਲਫ ਸਥਾਪਤ ਕੀਤੇ ਜਾਣਗੇ।
ਹਰ ਪਿੰਡ ਨੂੰ ਪੰਜ ਲੱਖ : ਪਰਿਯੋਜਨਾ ਲਈ ਪਿੰਡਾਂ ਦੀ ਪਛਾਣ ਕਰਦੇ ਸਮੇਂ ਪਾਰੰਪਰਿਕ ਵਿਰਾਸਤਾਂ, ਪ੍ਰਸਿੱਧ ਸੈਰਸਪਾਟਾ ਥਾਵਾਂ ਅਤੇ ਸਾਂਸਕ੍ਰਿਤਕ, ਤੀਰਥ, ਇਤਿਹਾਸਕ ਥਾਵਾਂ ਨੂੰ ਪਹਿਲ ਦਿੱਤੀ ਜਾਵੇਗੀ।