■ ਡਾ. ਕਰਮਜੀਤ ਸਿੰਘ
1857 ਈ. ਦੀ ਪਹਿਲੀ ਸੁਤੰਤਰਤਾ ਦੀ ਲੜਾਈ ਨੂੰ ਅੰਗ੍ਰੇਜ਼ਾਂ ਨੇ ਬਗ਼ਾਵਤ ਜਾਂ ਵਿਦਰੋਹ (Mutiny) ਦਾ ਨਾਂ ਦਿੱਤਾ ਜਿਸਦਾ ਅਰਥ ਗ਼ਦਰ ਵੀ ਹੈ। ਸਾਮਰਾਜ ਆਪਣੀ ਦਿ੍ਰਸ਼ਟੀ ਤੋਂ ਅਜਿਹਾ ਹੀ ਨਾਮ ਦੇ ਸਕਦਾ ਸੀ ਜਿਸਦੇ ਅਰਥ ਨਾਂਹਵਾਚੀ ਸਨ। ਪਰੰਤੂ ਗ਼ਦਰੀ ਯੋਧਿਆਂ ਨੇ ਬਗਾਵਤ ਦੇ ਅਰਥਾਂ ਨੂੰ ਇਨਕਲਾਬ ਦੇ ਅਰਥਾਂ ਵਿਚ ਤਬਦੀਲ ਕਰ ਦਿੱਤਾ। ਮਿਊਟਨੀ ਤੋਂ ਰੈਵੋਲਿਊਸ਼ਨ ਤਕ ਦੇ ਹਾਂ ਵਾਚੀ ਅਰਥ ਗ਼ਦਰੀ ਯੋਧਿਆਂ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੋ ਉਨ੍ਹਾਂ ਨੇ ਆਪਣੀਆਂ ਲਿਖਤਾਂ ਅਤੇ ਅਥਾਹ ਕੁਰਬਾਨੀਆਂ ਨਾਲ ਪ੍ਰਾਪਤ ਕੀਤੀ। ਵਿਦਵਾਨਾਂ ਨੇ ਗ਼ਦਰ ਨੂੰ ਇਨਕਲਾਬ ਦੇ ਅਰਥਾਂ ਵਿਚ ਗ੍ਰਹਿਣ ਤਾਂ ਕੀਤਾ ਹੈ ਪਰੰਤੂ ਇਸਦੇ ਮਹੱਤਵ ਨੂੰ ਰੇਖਾਂਕਿਤ ਨਹੀਂ ਕੀਤਾ। ਗ਼ਦਰ ਲਹਿਰ, ਗ਼ਦਰ ਨਾਲ ਸੰਬੰਧਿਤ ਪਰਚਾ ਅਤੇ ਸੰਸਾਰ ਪੱਧਰ ਤੇ ਇਨਕਲਾਬੀ ਤਬਦੀਲੀਆਂ ਨੂੰ ਵੀ ਗ਼ਦਰੀ ਤਬਦੀਲੀਆਂ ਪ੍ਰਵਾਨ ਕੀਤਾ ਗਿਆ।
ਗ਼ਦਰ ਲਹਿਰ ਨੇ ਜਿਨ੍ਹਾਂ ਉਦੇਸ਼ਾਂ ਨੂੰ ਸਾਹਮਣੇ ਰੱਖਿਆ ਉਹ ਬੜੇ ਵਿਆਪਕ ਅਤੇ ਮਾਨਵਵਾਦੀ ਸਨ। ਇਨ੍ਹਾਂ ਵਿਚ ਸਭ ਤੋਂ ਪਹਿਲੇ ਥਾਂ ਤੇ ਸੀ ਭਾਰਤ ਦੀ ਪੂਰਨ ਆਜ਼ਾਦੀ, ਹਥਿਆਰਬੰਦ ਹੋ ਕੇ ਪ੍ਰਾਪਤ ਕੀਤੀ ਹੋਈ ਆਜ਼ਾਦੀ। ਗ਼ਦਰ ਲਹਿਰ ਦੀ ਇਹ ਸਮਝ ਸੀ ਕਿ ਅੰਗ੍ਰੇਜ਼ ਸਰਕਾਰ ਹਿੰਦੁਸਤਾਨ ਨੂੰ ਲੁੱਟ ਰਹੀ ਹੈ ਜਿਸਦਾ ਆਧਾਰ ਸਥਿਤੀਆਂ ਦਾ ਵਿਸ਼ਲੇਸ਼ਣ ਸੀ। ਗ਼ਦਰ ਲਹਿਰ ਭਾਰਤ ਤੋਂ ਬਾਹਰ ਫੌਜੀਆਂ, ਪੁਲਸੀਆਂ ਅਤੇ ਮਜ਼ਦੂਰਾਂ ਨੂੰ ਗ਼ਦਰ ਲਹਿਰ ਵਿਚ ਸ਼ਾਮਲ ਕਰਨ ਲਈ ਉਤਸਕ ਸੀ ਜਿਸ ਲਈ ਗ਼ਦਰੀਆਂ ਨੇ ਅਣਥੱਕ ਯਤਨ ਵੀ ਕੀਤੇ। ਗ਼ਦਰ ਲਹਿਰ ਦੀ ਸੰਸਾਰ ਦੀਆਂ ਬਸਤੀਆਂ ਦੇ ਲੋਕਾਂ ਨਾਲ ਹਮਦਰਦੀ ਸੀ ਪਰੰਤੂ ਸਾਮਰਾਜੀ ਸ਼ਕਤੀਆਂ ਨਾਲ਼ ਉਨ੍ਹਾਂ ਦਾ ਤਿੱਖਾ ਵਿਰੋਧ ਸੀ। ਉਹ ਇਨ੍ਹਾਂ ਸਾਮਰਾਜੀ ਸ਼ਕਤੀਆਂ ਦੇ ਜ਼ੁਲਮਾਂ ਨੂੰ ਆਪਣੀਆਂ ਲਿਖਤਾਂ ਰਾਹੀਂ ਉਜਾਗਰ ਕਰਕੇ ਗ਼ੁਲਾਮ ਲੋਕਾਂ ਨੂੰ ਆਪਣੇ ਨਾਲ ਜੋੜਦੇ। ਰੂਸ, ਮੈਕਸੀਕੋ, ਚੀਨ ਦੀ ਜੰਤਾ ਨਾਲ਼ ਏਕਤਾ ਕੀਤੀ ਜਾਂਦੀ ਅਤੇ ਸੱਤਾਧਾਰੀਆਂ ਦਾ ਵਿਰੋਧ ਕੀਤਾ ਜਾਂਦਾ। ਇਸ ਤਰ੍ਹਾਂ ਗ਼ਦਰ ਲਹਿਰ ਆਜ਼ਾਦੀ ਦੀ ਅੰਤਰਾਸ਼ਟਰੀ ਲਹਿਰ ਸੀ ਜੋ ਜ਼ਾਲਮਾਂ ਦੇ ਖਿਲਾਫ ਸੀ ਅਤੇ ਮਜ਼ਲੂਮਾਂ ਦੇ ਹੱਕ ਵਿਚ। ਗ਼ਦਰੀਆਂ ਨੇ ਆਪਣੀ ਰਾਜਨੀਤੀ ਵਿਚ ਆਜ਼ਾਦੀ ਬਰਾਬਰੀ ਅਤੇ ਹੱਕਾਂ ਦੀ ਪੈਰਵੀ ਨੂੰ ਥਾਂ ਦਿੱਤੀ। ਇਨ੍ਹਾਂ ਉੱਪਰ ਜ਼ੋਰ ਦੇਣ ਨਾਲ਼ ਗਿਆਨ, ਖੁਸ਼ੀ ਅਤੇ ਅਰੋਗਤਾ ਆਦਿ ਮਸਲਿਆਂ ਨੂੰ ਵੀ ਹੱਲ ਕੀਤਾ ਜਾ ਸਕਦੀ ਸੀ। ਗ਼ਦਰੀ ਜੜ੍ਹਾਂ ਤਕ ਜਾਂਦੇ ਸਨ ਪੱਤਿਆਂ ਆਦਿ ਨੂੰ ਗਿਣਨ ਉਪਰ ਉਹ ਵਿਸ਼ਵਾਸ ਨਹੀਂ ਸਨ ਕਰਦੇ। ਇਸੇ ਲਈ ਉਹ ਗ਼ੁਲਾਮੀ ਖ਼ਿਲਾਫ਼ ਲੜਾਈ ਨੂੰ ਪਹਿਲ ਦੇ ਕੇ ਛੋਟੀਆਂ ਮੋਟੀਆਂ ਸਮਾਜ ਸੁਧਾਰ ਦੀਆਂ ਕੋਸ਼ਿਸ਼ਾਂ ਨੂੰ ਬਹੁਤਾ ਮਹੱਤਵ ਨਹੀਂ ਸੀ ਦਿੰਦੇ। ਉਨ੍ਹਾਂ ਅਨੁਸਾਰ, ‘‘ਗ਼ੁਲਾਮੀ ਸਭ ਤੋਂ ਬੁਰਾ ਦਸਤੂਰ ਹੈ ਅਤੇ ਆਜ਼ਾਦੀ ਸਭ ਤੋਂ ਚੰਗਾ ਰਿਵਾਜ ਹੈ।
ਦੂਸਰੇ ਦਸਤੂਰ ਵੀ ਬੁਰੇ ਹਨ, ਉਨ੍ਹਾਂ ਦੇ ਵਿਰੁੱਧ ਮਾਮੂਲੀ ਕੋਸ਼ਿਸ਼ ਕਰਨੀ ਹਰ ਇਕ ਆਦਮੀ ਦਾ ਫ਼ਰਜ਼ ਹੈ। ਪਰ ਉਨ੍ਹਾਂ ਨੂੰ ਜੀਵਨ ਦਾ ਸਭ ਤੋਂ ਉੱਚਾ ਆਦਰਸ਼ ਬਣਾਉਣਾ ਆਪਣੀ ਜ਼ਿੰਦਗੀ ਨੂੰ ਬਰਬਾਦ ਕਰਨਾ ਹੈ। (ਗ਼ਦਰ ਲਹਿਰ ਦੀ ਵਾਰਤਕ, ਪੰਨਾ-662) ਗ਼ਦਰੀਆਂ ਦੀ ਸਮਝ ਸਾਫ਼ ਸੀ ਕਿ ਪਹਿਲ ਕਿਸ ਕਾਰਜ ਨੂੰ ਦੇਣੀ ਚਾਹੀਦੀ ਹੈ ਅਤੇ ਕਿੰਨ੍ਹਾਂ ਕੰਮਾਂ ਨੂੰ ਦੂਜੇ ਥਾਂ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਚੋਰ ਤੇ ਉਸਦੀ ਮਾਂ ਦੋਨਾਂ ਨੂੰ ਇਕੋ ਵੇਲੇ ਮਾਰਨ ਦਾ ਸੰਦੇਸ਼ ਦਿੱਤਾ। ਨਸ਼ਿਆਂ ਵਿਰੁੱਧ ਪ੍ਰਚਾਰ ਕਰਨਾ ਪਰ ਨਸ਼ਿਆਂ ਨੂੰ ਫੈਲਾਉਣ ਵਾਲੇ ਅੰਗ੍ਰਜ਼ੀ ਸਾਮਰਾਜ ਖਿਲਾਫ਼ ਇਕ ਸ਼ਬਦ ਨਾ ਕਹਿਣਾ ਉਨ੍ਹਾਂ ਨੂੰ ਸਵੀਕਾਰ ਨਹੀਂ ਸੀ। ਗ਼ਦਰੀ ਯੋਧੇ ਧਰਮਾਂ, ਜਾਤਾਂ, ਫ਼ਿਰਕਿਆਂ ਤੋਂ ਉੱਪਰ ਸਨ। ਜੇ ਅਸੀਂ ਉਨ੍ਹਾਂ ਦੇ ਮੂਲ ਵਿਚਾਰਾਂ ਨੂੰ ਸਮਝ ਲਈਏ ਤਾਂ ਉਨ੍ਹਾਂ ਨੂੰ ਕਿਸੇ ਇਕ ਧਰਮ ਵਿਸ਼ੇਸ਼ ਨਾਲ਼ ਜੋੜਨ ਦੀ ਜ਼ਰੂਰਤ ਨਹੀਂ ਰਹਿੰਦੀ।
ਉਹ ਲਿਖਦੇ ਹਨ, ‘‘ਭਾਰਤ ਮਾਤਾ ਦੇ ਪਿਆਰੇ ਬੱਚੇ ਜਗਤ ਦੇ ਉਧਾਰਕ ਸਭ ਮੱਤਾਂ ਅਤੇ ਸਮਾਜਾਂ ਵਿਚੋਂ ਲਏ ਗਏ ਹਨ। ਸਾਰਿਆਂ ਦਰਖ਼ਤਾਂ ਦੇ ਫੁੱਲ ਚੁਣ ਕੇ ਇਹ ਗ਼ੁਲਦਸਤਾ ਬਣਾਇਆ ਗਿਆ ਹੈ। ਇਹ ਸਾਰੇ ਧਰਮ ਵਿਦਿਆ, ਸੁੱਖ ਅਤੇ ਆਜ਼ਾਦੀ ਦੀ ਤਲਾਸ਼ ਵਿਚ ਲੱਗੇ ਹੋਏ ਹਨ।’’ ਗ਼ਦਰੀਆਂ ਲਈ ਰਾਜਨੀਤੀ, ਵਿਦਿਆ, ਧਰਮ ਮਤ ਜਾਂ ਸੰਪ੍ਰਦਾਇ ਨਹੀਂ ਸੁੱਖ ਅਤੇ ਏਕਤਾ ਹਰ ਮਨੁੱਖ ਮਾਤਰ ਵਾਸਤੇ ਸਮਾਨ ਹੋਣੇ ਚਾਹੀਦੇ ਹਨ। ਸਮੁੱਚੀ ਲੁਕਾਈ ਦੀ ਖ਼ੁਸ਼ਹਾਲੀ ਉਨ੍ਹਾਂ ਦਾ ਆਦਰਸ਼ ਸੀ। ‘‘ਇਸ ਵਿਚ ਮੱਤ ਮਤਾਂਤਰ ਦਾ ਝਗੜਾ ਨਹੀਂ ਹੈ, ਅਜ਼ਾਦੀ ਸੁੱਖ, ਧਰਮ, ਵਿਦਿਆ ਵਾਸਤੇ ਇਸ ਤਰ੍ਹਾਂ ਹੈ, ਜਿਸ ਤਰ੍ਹਾਂ ਛੋਟੇ ਪੌਦੇ ਨੂੰ ਰੌਸ਼ਨੀ, ਜਾਂ ਆਦਮੀ ਵਾਸਤੇ ਹਵਾ, ਆਜ਼ਾਦੀ ਦੀ ਸਭ ਤੋਂ ਵੱਡੀ ਲੋੜ ਹੈ। ਇਸ ਲੋੜ ਦੇ ਸਾਹਮਣੇ ਹੋਰ ਸਾਰੀਆਂ ਲੋੜਾਂ ਤੁੱਛ ਹਨ।’’
ਗ਼ਦਰੀਆਂ ਨੂੰ ਰੰਜ ਹੈ ਕਿ ਭਾਰਤੀ ਆਪਣੇ ਇਤਿਹਾਸ ਨਾਲ ਨਹੀਂ ਜੁੜੇ ਹੋਏ ਅਤੇ ਨਾਂ ਹੀ ਇਸ ਤੋਂ ਕੋਈ ਸੇਧ ਹੀ ਲੈਂਦੇ ਹਨ। ਉਹ ਭਾਰਤੀਦਰਸ਼ਨ ਦੇ ਲੋਕ ਪੱਖੀ ਰੁਝਾਨਾਂ ਨੂੰ ਖ਼ੂਬ ਸਰਾਹੁੰਦੇ ਹਨ। ਉਹ ਬੇਵਕੂਫ਼ ਦੋਸਤਾਂ ਨਾਲ਼ੋਂ ਸਿਆਣੇ ਦੁਸ਼ਮਣ ਤੋਂ ਬਹੁਤ ਕੁਝ ਸਿੱਖਦੇ ਹਨ। ਅਜਿਹਾ ਹੀ ਨਹੀਂ ਕਿ ਗ਼ਦਰੀ ਹਰ ਵੇਲੇ ਹਥਿਆਰਾਂ ਦੀ ਗੱਲ ਹੀ ਕਰਦੇ ਸਨ ਸਗੋਂ ਉਨ੍ਹਾਂ ਦਾ ਜੋਸ਼, ਖ਼ਾਸ ਵਿਚਾਰਾਂ ਦੀ ਸੇਧ ਵਿੱਚ ਅੱਗੇ ਵਧਣਾ ਚਾਹੁੰਦਾ ਸੀ। ਗ਼ੁਲਾਮੀ ਨੂੰ ਦੂਰ ਕਰਨ ਲਈ ਗ਼ਦਰੀ ‘ਆਦਮੀ’ ਪੈਦਾ ਕਰਨ ਦੇ ਹੱਕ ਵਿਚ ਸਨ ਜੋ ਹਰ ਤਰ੍ਹਾਂ ਦੇ ਦਕਿਆਨੂਸੀ ਵਿਚਾਰਾਂ ਤੋਂ ਸੁਤੰਤਰ ਹੋਵੇ ਅਤੇ ਹਰ ਤਰ੍ਹਾਂ ਦੀ ਗ਼ੁਲਾਮੀ ਦੇ ਖ਼ਿਲਾਫ਼ ਹੋਵੇ। ਅਜੀਬ ਲੱਗ ਸਕਦਾ ਹੈ ਪਰ ਗ਼ਦਰੀ, ਭਾਰਤੀਆਂ ਦੀ ਅਤਿ ਦੀ ਸ਼ਾਂਤੀ ਨੂੰ ਵੀ ਭੰਗ ਕਰਨਾ ਚਾਹੁੰਦੇ ਸਨ ਜੋ ਅਫ਼ੀਮ ਦੇ ਨਸ਼ੇ ਤੋਂ ਘੱਟ ਨਹੀਂ। ‘‘ਮਿਜਾਜ਼ ਵਿਚ ਜ਼ਰਾ ਗਰਮੀ ਅਤੇ ਅਸ਼ਾਂਤੀ ਦੀ ਜ਼ਰੂਰਤ ਹੈ। ਸ਼ਾਂਤੀ ਦੀ ਦਵਾ ਦੀ ਜਾਦੇ ਖ਼ੁਰਾਕ ਦਿਲ ਅਤੇ ਦਿਮਾਗ ਤੇ ਅਫ਼ੀਮ ਦਾ ਅਸਰ ਰੱਖਦੀ ਹੈ।’’ ਉਹ ਬੁਰੇ ਦਸਤੂਰ ਦੀ ਤਹਿ ਵਿਚ ਝੂਠੇ ਆਦਰਸ਼ ਦੀ ਪਛਾਣ ਰੱਖਦੇ ਸਨ ਅਤੇ ਉਨ੍ਹਾਂ ਅਨੁਸਾਰ ਝੂਠੇ ਆਦਰਸ਼ਾਂ ਦੇ ਆਧਾਰ ਤੇ ਉੱਨਤੀ ਨਹੀਂ ਕੀਤੀ ਜਾ ਸਕਦੀ।
ਉਹ ਇਹ ਸਮਝਦੇ ਸਨ ਕਿ ਕੌਮੀ ਪ੍ਰੇਮ ਲਈ ਨਿੱਜੀ ਪ੍ਰੇਮ ਦਾ ਤਿਆਗ ਵੀ ਕਰਨਾ ਪੈਂਦਾ ਹੈ। ਦੇਸ਼ ਕਾਲ ਅਨੁਸਾਰ ਕੰਮ ਕਰਨਾ ਉਨ੍ਹਾਂ ਦੀ ਸਮਝਦਾਰੀ ਦਾ ਹਿੱਸਾ ਸੀ। ਗ਼ਦਰੀ ਇਸ ਤੱਥ ਨੂੰ ਜਾਣਦੇ ਹੋਏ ਵੀ ਆਪਣੇ ਆਪ ਨੂੰ ਕੁਰਬਾਨ ਕਰਨ ਲਈ ਤਿਆਰ ਸਨ ਕਿ ਪਿਛਲੀਆਂ ਕੁਰਬਾਨੀਆਂ ਨੂੰ ਲੋਕ ਭੁਲਾ ਦਿੰਦੇ ਹਨ। ਉਹ ਡੇਢ ਸੌ ਕਰੋੜ ਲੋਕਾਂ ਲਈ ਕੁਰਬਾਨੀਆਂ ਕਰ ਰਹੇ ਸਨ। ਦੁਨੀਆਂ ਦੀਆਂ ਮਿਸਾਲਾਂ ਤੋਂ ਉਹ ਭਲੀ ਭਾਂਤੀ ਜਾਣੂ ਸਨ ਕਿ ਆਜ਼ਾਦੀ ਹਮੇਸ਼ਾ ਕੁਰਬਾਨੀਆਂ ਨਾਲ਼ ਆਉਦੀ ਹੈ, ਸੁਲਾਹ ਸਫ਼ਾਈਆਂ ਨਾਲ਼ ਨਹੀਂ। ਸਰਕਾਰੀ ਜ਼ੁਲਮ ਦੀ ਇੰਤਹਾ ਇਨਕਲਾਬੀ ਵਿਰੋਧਾਂ ਨੂੰ ਜਨਮ ਦਿੰਦੀ ਹੈ। ‘ਜਿੱਥੇ ਆਪਣੀ ਜ਼ਿੰਦਗੀ ਬੇਖਟਕ ਨਹੀਂ ਉਥੇ ਆਜ਼ਾਦੀ ਵੀ ਬਗੈਰ ਖਟਕੇ ਦੇ ਨਹੀਂ।’ ਗ਼ਦਰੀ ਆਪਣੇ ਸਮੇਂ ਦਿੱਤੇ ਜਾਂਦੇ ਇਨਾਮਾਂ, ਖਿਤਾਬਾਂ ਪ੍ਰਤਿ ਕਿੰਨੇ ਸੁਚੇਤ ਸਨ ਇਹ ਉਨ੍ਹਾਂ ਦੀ ਹੇਠ ਲਿਖੀ ਸੋਚ ਤੋਂ ਸਾਫ਼ ਹੋ ਜਾਂਦਾ ਹੈ। ‘‘ਅੰਗਰੇਜ਼ਾਂ ਦੀਆਂ ਚਾਲਾਂ ਹਿੰਦੁਸਤਾਨ ਦੇ ਮਜ਼ਹਬਾਂ ਵਿਚ ਦਖ਼ਲ ਦੇ ਰਹੀਆਂ ਹਨ। ਭਾਈ ਜੀ, ਭਾਈ ਸਾਹਿਬ, ਖ਼ਾਨ ਬਹਾਦਰ, ਖਾਨ ਸਾਹਿਬ, ਰਾਇ ਸਾਹਿਬ, ਰਾਇ ਬਹਾਦਰ, ਸਰਦਾਰ ਸਾਹਿਬ ਅਤੇ ਸਰਦਾਰ ਬਹਾਦਰ ਆਦਿ ਸਾਰੇ ਲਫ਼ਜ਼ ਸਾਡੇ ਹਨ। ਇਨ੍ਹਾਂ ਲਫ਼ਜ਼ਾਂ ਨੂੰ ਮੁਦੱਤ ਤੋਂ ਵਰਤਦੇ ਆਏ ਹਾਂ ਲੇਕਿਨ ਬੜੀ ਹੈਰਾਨੀ ਦੀ ਗੱਲ ਹੈ ਕਿ ਅੱਜ ਅੰਗਰੇਜ਼ ਉਹੀ ਲਫ਼ਜ਼ ਕਹਿ ਕੇ ਸਾਡੇ ਹੀ ਦੇਸੀ ਆਦਮੀਆਂ ਨੂੰ ਰਾਏ ਖਾਨ ਅਤੇ ਸਰਦਾਰ ਬਹਾਦਰ ਬਣਾ ਰੱਖਿਆ ਹੈ।’’
ਅਸੀਂ ਗ਼ਦਰੀਆਂ ਦੀ ਵਿਚਾਰਧਾਰਾਂ ਨੂੰ ਕਿੰਨਾ ਕੁ ਅਪਣਾਇਆ ਹੈ? ਅੰਗਰੇਜ਼ ਭਾਰਤ ਨੂੰ ਸਭਿਅਕ ਬਣਾਉਣ ਦਾ ਭਾਰ ਚੁੱਕੀ ਫਿਰਦੇ ਸਨ। ਗ਼ਦਰੀ ਹੋਕਾ ਦੇ ਰਹੇ ਸਨ ਕਿ ‘‘ਗ਼ਦਰ ਕਰਕੇ ਅੰਗਰੇਜ਼ਾਂ ਦੇ ਸਿਰ ਤੋਂ ਜ਼ਿੰਮੇਵਾਰੀ ਦਾ ਭਾਰ ਉਤਾਰ ਦਿਉ।’ ਇਸਾਈ ਧਰਮ ਪਰਿਵਰਤਨ ਕਰਕੇ ਬਹੁਤੇ ਮਾਨਵੀ ਬਣਦੇ ਸਨ ਪਰੰਤੂ ਗ਼ਦਰੀ ਉਨ੍ਹਾਂ ਦੀ ਅਸਲੀਅਤ ਵੀ ਜਾਣਦੇ ਸਨ ‘ਈਸਾਈਆਂ ਨਾਲ ਵਾਸਤਾ ਪੈਣ ਤੇ ਸਾਬਤ ਹੋ ਗਿਆ ਹੈ ਕਿ ਉਹ ਵੀ ਗੈਰ ਇਸਾਈ ਤੋਂ ਉਤਨੀ ਹੀ ਨਫ਼ਰਤ ਕਰਦੇ ਹਨ, ਜਿਤਨੀ ਕਿ ਇਕ ਹਿੰਦੂ ਅਛੂਤ ਜਾਤੀਆਂ ਤੋਂ।’ ਗ਼ਦਰੀਆਂ ਦੀ ਰਾਜਨੀਤਕ ਅਤੇ ਸਮਾਜਿਕ ਵਿਚਾਰਧਾਰਾ ਵਿਚ ਕਿਸੇ ਤਰ੍ਹਾਂ ਦਾ ਕੋਈ ਧੁੰਧਲਕਾ ਨਹੀਂ ਸੀ। ਅੰਗਰੇਜ਼ੀ ਰਾਜਨੀਤੀ ਨੇ ਮਾਤਹਿਤ ਕੌਮ ਦੇ ਸਾਰੇ ਕਾਰੋਬਾਰਾਂ ਨੂੰ ਆਪਣੇ ਹੱਥਾਂ ਵਿਚ ਲੈ ਲਿਆ ਸੀ। ਸਮਾਜਿਕ ਅਗਵਾਈ ਕਰਕੇ ਉਨ੍ਹਾਂ ਨੇ ਲੋਕਾਂ ਵਿਚ ਰੋਅਬ ਦਾਅਬ ਬਣਾਇਆ ਸੀ। ਉਹ ਅਜਿਹੇ ਪਲੇਟਫ਼ਾਰਮ ਬਣਾ ਰਹੇ ਸਨ ਜਿੱਥੇ ਅੰਗਰੇਜ਼ ਤੇ ਹਿੰਦੁਸਤਾਨੀ ਨਾ-ਬਰਾਬਰੀ ਦੇ ਅਸੂਲ ਤੇ ਇਕੱਠੇ ਹੋ ਸਕਣ। ਅੰਗਰੇਜ਼ਾਂ ਨੇ
ਹਾਰੇ ਲੋਕਾਂ ਦੀ ਅਜਿਹੀ ਜਮਾਤ ਤਿਆਰ ਕਰ ਲਈ ਸੀ ਜੋ ਉਨ੍ਹਾਂ ਨੂੰ ਸਲਾਮਾਂ ਕਰਦੀ ਮਿਲਦੀ ਸੀ। ਗ਼ਦਰੀ ਇਸ ਸਭ ਕੁਝ ਬਾਰੇ ਸੁਚੇਤ ਸਨ। ਭਾਰਤੀ ਸੰਦਰਭ ਵਿਚ ਜਾਤੀ ਗ਼ੁਲਾਮੀ ਨੂੰ ਵੀ ਗ਼ਦਰੀ ਭਾਰਤੀਆਂ ਦੇ ਅਵੇਚਨ ਦਾ ਹਿੱਸਾ ਮੰਨਦੇ ਸਨ।
ਉਹ ਉਦਾਹਰਣ ਦਿੰਦੇ ਹਨ, ‘‘ਬ੍ਰਾਹਮਣ ਪਾਸ ਕੋਈ ਹਥਿਆਰ ਨਹੀਂ ਹੁੰਦੇ। ਉਹ ਜਿਸਮਾਨੀ ਤੌਰ ਤੇ ਕਮਜ਼ੋਰ ਤੇ ਇਕ ਪੜ੍ਹਿਆ ਲਿਖਿਆ ਆਦਮੀ ਹੁੰਦਾ ਹੈ। ਜਿਹਨਾਂ ਹੱਥੋਂ ਤੇ ਫ਼ਸਾਦ ਵਿਚ ਅਛੂਤ ਨਜ਼ਾਰਾ ਦੇਖਦੇ ਹਾਂ ਕਿ ਸੈਂਕੜੇ ਅਛੂਤ ਚੰਗੀ ਜਿਸਮਾਨੀ ਤਾਕਤ ਰੱਖਦੇ ਹੋਏ ਬਾਜ਼ਾਰ ਵਿਚ ਇਕ ਬ੍ਰਾਹਮਣ ਨੂੰ ਝੁਕ ਝੁਕ ਕੇ ਪ੍ਰਣਾਮ ਕਰਦੇ ਹਨ। ਜਦੋਂ ਕਿ ਕੋਈ ਕਾਨੂੰਨ ਉਨ੍ਹਾਂ ਨੂੰ ਐਸਾ ਕਰਨ ਵਾਸਤੇ ਮਜਬੂਰ ਨਹੀਂ ਕਰਦਾ।’’ ਇਸ ਸਭ ਕੁਝ ਦੇ ਬਾਵਜੂਦ ਗ਼ਦਰੀ ਇਹ ਵਿਸ਼ਵਾਸ ਰੱਖਦੇ ਸਨ ਕਿ ‘ਰਾਜਸੀ ਫਤਹਿ ਕੌਮ ਨੂੰ ਕੈਦ ਕਰ ਸਕਦੀ ਹੈ ਪਰ ਉਸਨੂੰ ਨਿਵਾ ਨਹੀਂ ਸਕਦੀ।’ ਇਸ ਲਈ ਗ਼ਦਰੀ ਚਾਹੁੰਦੇ ਸਨ ਕਿ, ‘‘ਇਖ਼ਲਾਕ ਦੇ ਛੋਟੇ ਜਿਹੇ ਚੰਗਿਆੜੇ ਨੂੰ ਕਿਸੇ ਤਰ੍ਹਾਂ ਕਾਇਮ ਰੱਖਿਆ ਜਾਵੇ ਜੋ ਕੌਮ ਦੇ ਦਿਲ ਵਿਚ ਮੌਜੂਦ ਹੈ ਤੇ ਕਿਸ ਤਰ੍ਹਾਂ ਉਸਨੂੰ ਕੌਮ ਦੀ ਸ਼ਕਤੀ ਅਨੁਸਾਰ ਵਧਾਇਆ ਜਾਵੇ।’ ਜੇਤੂ ਅੰਗਰੇਜ਼ ਹੋਰ ਕੀ ਕਰ ਸਕਦੇ ਸਨ ਉਸਦੀ ਨਿਸ਼ਾਨਦੇਹੀ ਵੀ ਗ਼ਦਰੀ ਚੰਗੀ ਤਰ੍ਹਾਂ ਕਰ ਰਹੇ ਸਨ। ਉਹ ਸਮਝਦੇ ਸਨ ਕਿ ਅੰਗਰੇਜ਼ ਭਾਰਤੀਆਂ ਨੂੰ ਸਿਖਾਉਣਗੇ ਕਿ ਉਹ ਘਟੀਆ ਕੌਮ ਹੈ, ਇਸ ਝੂਠ ਨੂੰ ਕਾਨੂੰਨ ਅਤੇ ਹਕੂਮਤ ਦੇ ਤਰੀਕਿਆਂ ਰਾਹੀਂ ਲੋਕਾਂ ਦੇ ਦਿਲਾਂ ਤਕ ਪੁਚਾਉਦੇ ਹਨ।’ ਪਰ ਭਾਰਤੀਆਂ ਨੂੰ ਇਸ ਪ੍ਰਤੀ ਸੁਚੇਤ ਰਹਿਣ ਦੀ ਲੋੜ ਹੈ। ਸਵੈਮਾਣ ਤੇ ਸ਼ਾਨ ਦੇ ਜਜ਼ਬੇ ਨੂੰ ਬਚਾ ਕੇ ਰੱਖ ਸਕਣ ਵਾਲੀ ਕੌਮ ‘ਆਪਣੇ ਪੈਦਾਇਸ਼ੀ ਹੱਕ ਆਜ਼ਾਦੀ ਨੂੰ ਹਾਸਿਲ ਕਰ ਲਵੇਗੀ।
ਤਾਕਤ ਕਿਵੇਂ ਹਾਸਲ ਕੀਤੀ ਜਾਂਦੀ ਹੈ ? ਗ਼ਦਰੀਆਂ ਕੋਲ ਇਸ ਦਾ ਸਪੱਸ਼ਟ ਉੱਤਰ ਹੈ, ਕਿ ਫੌਜੀ ਤਾਕਤ ਅਤੇ ਚਤੁਰਾਈ ਨਾਲ਼। ਅਜਿਹੀ ਹਕੂਮਤ ਨੂੰ ਹਥਿਆਰਾਂ ਦੀ ਮਦਦ ਨਾਲ ਕਾਇਮ ਰੱਖਿਆ ਜਾਂਦਾ ਹੈ, ਪਰੰਤੂ ਸਮਾਜਿਕ ਜਿੱਤ ਇਕ ਦਮ ਪ੍ਰਾਪਤ ਨਹੀਂ ਹੁੰਦੀ। ‘ਕਵਾਇਦਦਾਨ ਫੌਜਾਂ ਤੇ ਬੜੀਆਂ ਤੋਪਾਂ ਇਸਨੂੰ ਹਾਸਲ ਨਹੀਂ ਕਰ ਸਕਦੀਆਂ’ ਗ਼ਦਰੀ ਸਰਕਾਰੀ ਨੀਤੀ ਨੂੰ ਤਿੱਖੀ ਨਜ਼ਰ ਨਾਲ਼ ਦੇਖਦੇ ਸਨ। ਉਨ੍ਹਾਂ ਅਨੁਸਾਰ ਜਿਸ ਕਾਰਵਾਈ ਦੀ ਉਹ ਵਿਰੋਧਤਾ ਲਈ ਕਰਦੀ ਉਹ ਸ਼ੱਕੀ ਹੈ। ਗ਼ਦਰੀ ਬਾਹਰੀ ਮਦਦ ਨਾਲ ਪ੍ਰਾਪਤ ਕੀਤੀ ਆਜ਼ਾਦੀ ਨੂੰ ਚਿ ਰਸਥਾਈ ਨਹੀਂ ਸਨ ਮੰਨਦੇ। ਹਰ ਦੇਸ਼ ਦੇ ਲੋਕਾਂ ਨੂੰ ਆਪਣੀ ਆਜ਼ਾਦੀ ਆਪ ਪ੍ਰਾਪਤ ਕਰਨੀ ਚਾਹੀਦੀ ਹੈ। ‘‘ਕੋਈ ਕੌਮ ਕਿਸੇ ਦੇ ਭਰੋਸੇ ਤੇ ਤਰੱਕੀ ਨਹੀਂ ਕਰ ਸਕਦੀ, ਕਿਸੇ ਦੀ ਮਦਦ ਨਾਲ ਗ਼ੁਲਾਮ ਕੌਮ ਆਜ਼ਾਦ ਨਹੀਂ ਹੋ ਸਕਦੀ, ਬਸ ਹਰ ਇਕ ਕੌਮ ਨੂੰ ਆਪਣੀ ਆਜ਼ਾਦੀ ਹਾਸਲ ਕਰਨ ਵਾਸਤੇ ਖੁਦ ਮਿਹਨਤ ਕਰਨੀ ਚਾਹੀਦੀ ਹੈ। ਖ਼ੁਦ ਹਿੰਮਤ ਕਰਨੀ ਚਾਹੀਦੀ ਹੈ।
ਗ਼ਦਰੀ ਆਜ਼ਾਦੀ ਤਾਂ ਚਾਹੁੰਦੇ ਸਨ ਪਰ ਅਰਾਜਕਤਾ ਤੋਂ ਉਹ ਬਚ ਕੇ ਚਲਦੇ ਸਨ। ਇਸੇ ਲਈ ਉਹ ਇਨਕਲਾਬੀ ਹਨ। ਆਜ਼ਾਦੀ ਦਾ ਅਰਥ ‘ਮਨਆਈ ਖੁਲ੍ਹ’ ਨੂੰ ਉਨ੍ਹਾਂ ਨੇ ਰੱਦ ਕੀਤਾ ਇਕ ਥਾਂ ਉਹ ਲਿਖਦੇ ਹਨ, ‘‘ਕਈ ਆਦਮੀ ਆਜ਼ਾਦੀ ਦਾ ਮਤਲਬ ਇਹ ਸਮਝਦੇ ਹਨ ਕਿ ਹਰ ਇਕ ਇਨਸਾਨ ਨੂੰ ਹਰ ਇਕ ਕੰਮ ਵਿਚ ਮਨਆਈ ਕਰਨ ਦੀ ਖੁਲ੍ਹ ਹੋਣੀ ਚਾਹੀਦੀ ਹੈ, ਇਹ ਖ਼ਿਆਲ ਸਰਾਸਰ ਬੇਬੁਨਿਆਦ ਹੈ।’’ ਇਨ੍ਹਾਂ ਉਪਰੋਕਤ ਵਿਚਾਰਧਾਰਕ ਆਧਾਰਾਂ ਤੇ ਗ਼ਦਰੀਆਂ ਵੱਲੋਂ ਵਿਭਿੰਨ ਮੁੱਦਿਆਂ ਉੱਪਰ ਕੀਤੀ ਵਿਚਾਰ ਨੂੰ ਸਮਝਿਆ ਜਾ ਸਕਦਾ ਹੈ। ਗ਼ਦਰੀ ਵਿਚਾਰਵਾਨ ਰਾਜਨੀਤਕ ਆਰਥਿਕਤਾ ਬਾਰੇ ਵੀ ਆਪਣੇ ਵਿਚਾਰ ਸਪੱਸ਼ਟ ਰੂਪ ਵਿਚ ਲੋਕਾਂ ਸਾਹਮਣੇ ਰੱਖ ਰਹੇ ਸਨ। ਆਰਥਿਕਤਾ ‘ਖ਼ਾਤਰ ਇਕ ਮੁਲਕ ਦੀਆਂ ਕਿਰਤੀਆਂ ਤੇ ਸਰਮਾਏਦਾਰਾਂ ਦੇ ਦਰਮਿਆਨ ਲੜਾਈ ਹੈ, ਇਸੇ ਖ਼ਾਤਰ ਇਕ ਮੁਲਕ ਦਿਆਂ ਦੁਕਾਨਦਾਰਾਂ ਦੀ ਆਪਸ ਵਿਚ ਲੜਾਈ ਹੈ।’
ਅਸੀਂ ਅੱਜ ਸੰਸਾਰ ਨੂੰ ਇਕ ‘ਗਲੋਬਲ ਪਿੰਡ’ ਬਣਦਾ ਕਹਿ ਰਹੇ ਹਾਂ, ਜਿਵੇਂ ਸਰਮਾਏਦਾਰ ਤੇ ਬਹੁ-ਕੌਮੀ ਕਾਰਪੋਰੇਸ਼ਨਾਂ ਕਹਿ ਰਹੀਆਂ ਹਨ ਪਰ ਗ਼ਦਰੀ ਵਿਚਾਰਵਾਨ ਇਹ ਗੱਲ 1913 ਈ. ਦੇ ਆਸ-ਪਾਸ ਕਹਿ ਰਹੇ ਸਨ। ‘‘ਅੱਜ ਕਲ੍ਹ ਰੇਲਾਂ, ਤਾਰਾਂ, ਹਵਾਈ ਜ਼ਹਾਜ਼ਾਂ ਨੇ ਦੁਨੀਆਂ ਨੂੰ ਇਕੱਠਾ ਕਰਕੇ ਇਕ ਬੜੇ ਸ਼ਹਿਰ ਵਾਂਗ ਬਣਾ ਦਿੱਤਾ ਹੈ।’’ (ਗ਼ਦਰ ਲਹਿਰ ਦੀ ਵਾਰਤਕ ਪੰਨਾ-673) ਗ਼ਦਰੀਆਂ ਵਲੋਂ ਅਸਲੀ ਆਰਥਿਕ ਆਜ਼ਾਦੀ ਦੇ ਮਾਇਨੇ ਬਿਨਾਂ ਕਿਸੇ ਦੇ ਅਧੀਨ ਹੋਏ ਜ਼ਿੰਦਗੀ ਦੀਆਂ ਲੋੜਾਂ ਕਮਾਉਣ ਦੇ ਯੋਗ ਹੋਣਾ ਹੀ ਸਹੀ ਆਜ਼ਾਦੀ ਹੈ। ਭਾਵ ਅੰਗ੍ਰਰੇਜ਼ਾਂ ਦੀ ਗ਼ੁਲਾਮੀ ਤੋਂ ਪਾਰ ਹੀ ਅਜਿਹਾ ਸੁਪਨਾ ਸਾਕਾਰ ਹੋਣ ਦੀ ਸੰਭਾਵਨਾ ਸੀ। ਆਪਣੇ ਸਮੇਂ ਬਸਤੀਵਾਦੀ ਨਿਜ਼ਾਮ ਨੂੰ ਧਿਆਨ ਵਿਚ ਰੱਖ ਕੇ ਹੀ ਗ਼ਦਰੀਆਂ ਦੀ ਇਹ ਸੋਚ ਬਣੀ ਸੀ ਕਿ ‘‘ਦੁਨੀਆਂ ਵਿਚ ਸਰਮਾਏ ਵਾਲੇ ਆਰਥਿਕ ਤੌਰ ਤੇ ਆਜ਼ਾਦ ਬਹੁਤ ਥੋੜ੍ਹੇ ਆਦਮੀ ਹਨ। ਜੋ ਆਰਥਿਕ ਤੌਰ ਤੇ ਆਜ਼ਾਦ ਹਜਾਰਾਂ ਦੀ ਗਿਣਤੀ ਵਿਚ ਹਨ ਤਾਂ ਆਰਥਿਕ ਗ਼ੁਲਾਮ ਕਰੋੜਾਂ ਦੀ ਗਿਣਤੀ ਵਿਚ ਹਨ। ਸਾਰੀ ਦੁਨੀਆਂ ਦੇ ਕਿਰਤੀ ਕਿਸਾਨ ਆਰਥਿਕ ਗ਼ੁਲਾਮ ਮਿੱਥੇ
ਜਾਂਦੇ ਹਨ।’’ ਗ਼ਦਰੀਆਂ ਦੀ ਸੋਚ ਉੱਪਰ ਮਾਰਕਸਵਾਦੀ ਪ੍ਰਭਾਵ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ ਜਦੋਂ ਉਹ ਕਹਿੰਦੇ ਹਨ ਕਿ ਦੁਨੀਆਂ ਵਿਚ ਅੱਸੀ ਡਾਲਰ ਵੀਹਾਂ ਆਦਮੀਆਂ ਵਿਚ ਵੰਡੇ ਹੋਏ ਹਨ ਅਤੇ ਬਾਕੀ ਵੀਹ ਡਾਲਰ ਅੱਸੀਆਂ ਵਿਅਕਤੀਆਂ ਵਿਚ ਤਕਸੀਮ ਹੋਏ ਹਨ। ਦਿਨ ਬ ਦਨ ਅਮੀਰ ਹੋਰ ਅਮੀਰ ਹੋ ਰਿਹਾ ਹੈ ਤੇ ਗਰੀਬ ਹੋਰ ਗ਼ਰੀਬ। ਅਮਰੀਕਾ ਆਦਿ ਰਾਜਨੀਤਕ ਆਜ਼ਾਦੀ ਵਾਲੇ ਦੇਸ਼ਾਂ ਵਿਚ ਵੀ ਲੋਕਾਂ ਦੀ ਬਹੁ ਗਿਣਤੀ ਆਰਥਿਕ ਪੱਖੋਂ ਗ਼ੁਲਾਮ ਹੀ ਹੈ। ਆਰਥਿਕ ਆਜ਼ਾਦੀ ਆਮ ਜਨਤਾ ਲਈ ਸਭ ਤੋਂ ਪ੍ਰਮੁੱਖ ਹੈ ਇਸਨੂੰ ਗ਼ਦਰੀ ਵਿਚਾਰਧਾਰਾ ਚੰਗੀ ਤਰ੍ਹਾਂ ਸਮਝਦੇ ਸਨ। ਉਹ ਮੰਨਦੇ ਹਨ ਕਿ ‘‘ਆਰਥਿਕ ਆਜ਼ਾਦੀ ਤੋਂ ਬਿਨਾਂ ਆਮ ਜਨਤਾ ਸੁਖੀ ਨਹੀਂ ਹੋ ਸਕਦੀ ਸਾਰੀ ਦੁਨੀਆਂ ਦੇ ਆਰਥਿਕ ਗ਼ੁਲਾਮ ਆਜ਼ਾਦੀ ਲਈ ਜੰਗ ਕਰ ਰਹੇ ਹਨ। ਹੰਦੁਸਤਾਨੀਆਂ ਦੀ ਆਜ਼ਾਦੀ ਦੀ ਜੰਗ ਦੁਨੀਆਂ ਦੇ ਇਸ ਮਹਾਂਜੰਗ ਦਾ ਇਕ ਹਿੱਸਾ ਹੈ।’’
ਗ਼ਦਰੀ ਭਾਰਤ ਦੀ ਜਾਗੀਰਦਾਰੀ ਬਣਤਰ ਨੂੰ ਸਮਝਦੇ ਸਨ ਇਸ ਲਈ ਉਹ ਉਸ ਵਿਰੁੱਧ ਵੀ ਵਿਚਾਰਧਾਰਕ ਲੜਾਈ ਲੜ ਰਹੇ ਸਨ ਤੇ ਨਾਲ ਹੀ ਲੋਕਰਾਜ ਦੀ ਸਥਾਪਨਾ ਲਈ ਯਤਨਸ਼ੀਲ ਸਨ। ਉਹ ਭਵਿੱਖ ਵਿਚ ਰਿਆਸਤਾਂ ਦੇ ਰੋਲ ਨੂੰ ਵੀ ਦੇਖ ਰਹੇ ਸਨ। ਇਕ ਥਾਂ ਉਹ ਲਿਖਦੇ ਹਨ ਕਿ 680 ਭਾਰਤੀ ਰਾਜਿਆਂ ਨੇ ਡੈਮੋਕਰੇਸੀ ਵਿਚ ਆਪਣਾ ਘਟੀਆਂ ਰੋਲ ਨਿਭਾਉਦਿਆ ਆਮ ਆਦਮੀ ਨੂੰ ਰਾਸ਼ਟਰਪਤੀ ਨਹੀਂ ਬਣਨ ਦੇਣਾ ਇਸ ਲਈ ਉਨ੍ਹਾਂ ਨੂੰ ਲਾਂਭੇ ਕਰ ਦੇਣਾ ਚਾਹੀਦਾ ਹੈ। ਗ਼ਦਰੀਆਂ ਸਾਹਮਣੇ ਰਾਸ਼ਟਰਪਤੀ ਪ੍ਰਣਾਲੀ ਦੀ ਕਲਪਨਾ ਹੀ ਸੀ। ਉਹ ਇਸ ਨੂੰ ਪੰਚਾਇਤੀ ਰਾਜ ਨਾਲ ਜੋੜਦੇ ਸਨ ਜਿਸ ਦੀਆਂ ਜੜ੍ਹਾਂ ਕਬੀਲਿਆਂ ਦੇ ਸਭਿਆਚਾਰ ਵਿਚ ਦੇਖੀਆਂ ਜਾ ਸਕਦੀਆਂ ਹਨ। ਉਨ੍ਹਾਂ ਦੀ ਸਮਝ ਸੀ ਕਿ, ‘‘ਹਿੰਦੁਸਤਾਨ ਦੇ ਲੋਕਾਂ ਵਾਸਤੇ ਪਰਜਾ ਰਾਜ ਕੋਈ ਨਵੀਂ ਬਾਤ ਨਹੀਂ ਹੈ, ਸਗੋਂ ਪੰਚਾਇਤੀ ਰਾਜ ਹਿੰਦੁਸਤਾਨ ਵਿਚ ਬਹੁਤੇ ਦੇਰ ਤੋਂ ਫਲ ਫੁੱਲ ਚੁੱਕਾ ਹੈ। ਜਿਸਦੇ ਨਿਸ਼ਾਨ ਅੱਜ ਤਕ ਵੀ ਸਾਂਸੀਆਂ, ਭੀਲਾਂ ਅਤੇ ਕੀਕਨਾਂ ਵਿਚ ਪਾਏ ਜਾਂਦੇ ਹਨ, ਜੋ ਆਪਣੇ ਆਪਣੇ ਫੈਸਲੇ ਆਪਣੇ ਘਰ ਦੇ ਕੋਰਟਾਂ ਵਿਚ ਕਰ ਲੈਂਦੇ ਹਨ।’’ ਉਹ ਮੰਨਦੇ ਸਨ ਕਿ ਰਾਜੇ ਦੇ ਰਾਜ ਨਾਲੋਂ ਪਰਜਾ ਰਾਜ (ਲੋਕ ਰਾਜ) ਵਿਚ ਵਧੇਰੇ ਕਾਮਯਾਬੀ ਹੈ ਕਿਉਕਿ ਇਸ ਨਾਲ਼ ਲੋਕਾਂ ਨੂੰ ਹੱਕ ਪ੍ਰਾਪਤ ਹੁੰਦੇ ਹਨ।
ਗ਼ਦਰੀ ਫਰਾਂਸ ਦੀ ਕਰਾਂਤੀ ਅਤੇ ਰੂਸੀ ਕਰਾਂਤੀ ਦੇ ਤਜਰਬਿਆਂ ਨੂੰ ਆਤਮਸਾਤ ਕਰਕੇ ਅਗਾਂਹ ਤੁਰਨ ਲਈ ਆਪਣੇ ਆਪ ਨੂੰ ਤਿਆਰ ਕਰ ਰਹੇ ਸਨ। ਇਹੀ ਅਸਲ ਸਮਝਦਾਰੀ ਦਾ ਤਕਾਜ਼ਾ ਵੀ ਸੀ। ਇਉਂ ਲੱਗਦਾ ਹੈ ਕਿ ਫਰਾਂਸ ਦੀ ਕਰਾਂਤੀ ਦਾ ਵਿਸ਼ਲੇਸ਼ਣ ਕਰਨ ਸਮੇਂ ਗ਼ਦਰੀ ਵਿਦਵਾਨਾਂ ਨੇ ਕਾਰਲ ਮਾਰਕਜ ਦੀ ਫਰਾਂਸ ਦੀ ਕਰਾਂਤੀ ਬਾਰੇ ਸਮਝ ਨੂੰ ਧਿਆਨ ਵਿਚ ਰਖਿਆ ਹੈ ਤਾਂ ਹੀ ਉਹ ਜਮਾਤੀ ਦਿ੍ਰਸ਼ਟੀ ਤੋਂ ਬੜੀ ਬਰੀਕੀ ਵਿਚ ਜਾ ਕੇ ਇਸ ਤੋਂ ਸਾਰਥਕ ਸਿੱਟੇ ਕੱਢਦੇ ਹਨ। ਇਥੇ ਜਾਗੀਰਦਾਰੀ ਦੀ ਹਾਰ ਤੇ ਸਰਮਾਏਦਾਰੀ ਦੀ ਜਿੱਤ ਹੁੰਦੀ ਹੈ। ਥੋੜ੍ਹੀ ਦੇਰ ਲਈ ਕਿਰਤੀ ਸੱਤਾ ਤੇ ਕਾਬਿਜ਼ ਰਹਿੰਦੇ ਹਨ। ਕਿਰਤੀਆਂ ਦੇ ਹਾਰ ਦੇ ਕਾਰਣਾਂ ਨੂੰ ਵੀ ਵਿਸਤਾਰ ਵਿਚ ਵਿਚਾਰਿਆ ਗਿਆ ਹੈ। ਇਸ ਦੌਰਾਨ ਇਨਕਲਾਬੀਆਂ ਵਲੋਂ ਚਰਚ ਨਾਲ਼ ਹੋਈ ਵਿਰੋਧਤਾ ਦਾ ਵੀ ਮੁਲਾਂਕਣ ਕੀਤਾ ਗਿਆ। ਇਨਕਲਾਬੀਆਂ ਨੇ ਤਰਕ ਨਾਲ਼ ਚਰਚ ਦੀ ਪੋਲ ਖੋਲ੍ਹੀ, ਜੋ ਸੱਤਾ ਨਾਲ਼ ਮਿਲਿਆ ਹੋਇਆ ਸੀ। ਬਾਅਦ ਵਿਚ ਨਵੀਂ ਸਰਕਾਰ ਨੇ ਕਿਰਤੀਆਂ ਦੇ ਹੜਤਾਲ ਕਰਨ ਉੱਪਰ ਹੀ ਪਾਬੰਦੀ ਲਾ ਦਿੱਤੀ। ਕਿਸਾਨਾਂ ਨੂੰ ਮੁਫ਼ਤ ਜ਼ਮੀਨ ਨਹੀਂ ਮਿਲੀ ਤੇ ਕਾਰਖਾਨੇ ਕਿਰਤੀਆਂ ਨੂੰ ਨਹੀਂ ਸੌਂਪੇ ਗਏ। ਜ਼ਮੀਨਾਂ ਲੈ ਕੇ ਕਿਸਾਨ ਸ਼ਾਂਤ ਹੋ ਗਏ। ਅਖੀਰ ਰਾਜਾ ਮੁੜ ਸਥਾਪਿਤ ਹੋਇਆ ਜਿਸਨੇ ਇਹ ਪ੍ਰਣ ਕੀਤਾ ਕਿ ਉਹ ਸਰਮਾਏਦਾਰਾਂ ਨੂੰ ਰਾਜਿਆਂ ਅਤੇ ਕਿਰਤੀਆਂ ਦੋਹਾਂ ਤੋਂ ਬਚਾਏਗਾ।
ਗ਼ਦਰੀ ਸਮਝਦੇ ਸਨ ਕਿ ਰੂਸ ਵਿਚ ਅਗਵਾਈ ਕਿਉਕਿ ਕਿਰਤੀਆਂ ਕੋਲ ਸੀ ਇਸ ਲਈ ਉਨ੍ਹਾਂ ਦੇ ਸਰਮਾਏਦਾਰੀ ਵਲ ਮੁੜਨ ਦਾ ਕੋਈ ਕਾਰਣ ਨਹੀਂ ਹੈ। ਫਰਾਂਸ ਦੀ ਕਰਾਂਤੀ ਦੇ ਸਬਕ ਵੀ ਰੂਸੀਆਂ ਸਾਹਮਣੇ ਸਨ। ‘ਇਸੇ ਕਰਕੇ ਸੋਵੀਅਤ ਦੇ ਕਿਰਤੀ, ਸੋਸ਼ਲਿਜ਼ਮ ਦੀ ਰਾਖੀ ਲਈ ਜ਼ਿਆਦਾ ਜੋਸ਼ ਨਾਲ ਲੜ ਸਕਦੇ ਹਨ।’ ਗ਼ਦਰੀ ਰੂਸ ਦੇ ਸਿਧਾਂਤਾ ਅਤੇ ਵਿਹਾਰ ਨੂੰ ਬੜੀ ਉਤਸੁਕਤਾ ਅਤੇ ਆਸ਼ਵਾਦੀ ਦਿ੍ਰਸ਼ਟੀ ਤੋਂ ਦੇਖਦੇ ਸਨ। ਉਹ ਲਿਖਦੇ ਹਨ, ‘‘ਰੂਸ ਵਾਸੀਆਂ ਨੇ ਮਾਨੁਖ ਦੀ ਜਾਤੀ ਦੇ ਆਧਾਰ ਹਿੱਤ (ਉਧਾਰ ਹਿੱਤ) ਨਵੇਂ ਖ਼ਿਆਲਾਤ ਨਵੇਂ ਤਰੀਕੇ ਨਵੇਂ ਅਸੂਲ, ਨਵੀਆਂ ਮੁਰਾਦਾਂ ਅਤੇ ਨਵੇਂ ਮਨਸੂਬੇ ਪੈਦਾ ਕਰ ਦਿੱਤੇ ਹਨ, ਉਨੀਵੀਂ ਸਦੀ ਵਿਚ ਮੁਲਕ ਰੂਸ ਵਿਚ ਅੰਧੇਰੇ ਜਗਤ ਵਿਚ ਰੌਸ਼ਨ ਚਿਰਾਗ਼ ਦੀ ਤਰ੍ਹਾਂ ਚਮਕਦਾ ਹੈ।’’
ਗ਼ਦਰੀ ਲਿਖਤਾਂ ਵਿਚ ਉਨ੍ਹਾਂ ਦੇਸ਼ ਭਗਤਾਂ ਦੇ ਜੀਵਨ ਸਮਾਚਾਰ ਵਿਸ਼ੇਸ਼ ਤੌਰ ਤੇ ਮਿਲਦੇ ਹਨ ਜਿਨ੍ਹਾਂ ਤੋਂ ਗ਼ਦਰ ਲਹਿਰ ਵਿਚ ਉਤਸ਼ਾਹ ਮਿਲੇ। ਮਿਸਟਰ ਵਲਡ ਮਰਥੌਜ਼ੂਫ਼, ਸੂਫ਼ੀ ਪੀਰੂ ਸਕੀਆ, ਜ਼ਨੀਦਾ ਵਸੀਲੋਨਾ ਆਦਿ ਨਾਲ ਜੁੜੇ ਪ੍ਰੇਰਕ ਪ੍ਰਸੰਗਾਂ ਨੂੰ ਪ੍ਰਚਾਰਿਆ ਪ੍ਰਸਾਰਿਆ ਗਿਆ। ਜ਼ਨੀਦਾ ਵਸੀਲੋਨਾ ਉਸ ਸਰਕਾਰ ਦੇ ਨੁਮਾਇੰਦੇ ਰੂਸੀ ਜਰਨੈਲ ਦਾ ਕਤਲ ਕਰਦੀ ਹੈ ਜੋ ਗਰੀਬ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਬੋਲੀ ਤੋਂ ਵੀ ਵਾਂਝਿਆਂ ਕਰਦੀ ਹੈ। ਉਹ ਆਪ ਫਾਂਸੀ ਚੜ੍ਹਦੀ ਹੈ। ਉਸਦੇ ਅੰਤਿਮ ਸ਼ਬਦ ਭਾਵੁਕ ਕਰਨ ਵਾਲੇ ਹਨ ਕਿ, ‘‘ਮੇਰੇ ਪਾਸ ਇਸ ਵੇਲੇ ਸਿਰਫ਼ ਇਕ ਜਾਨ ਹੀ ਹੈ, ਬਸ ਉਹੀ ਇਕ ਜਾਨ ਆਪਣੇ ਦੇਸ਼ ਹਿੱਤ ਕੁਰਬਾਨ ਕਰਦੀ ਹਾਂ।’’
ਗਦਰੀਆਂ ਦੇ ਧਰਮ ਬਾਰੇ ਵਿਚਾਰਾਂ ਦਾ ਅਧਿਐਨ ਆਪਣੇ ਆਪ ਵਿਚ ਦਿਲਚਸਪ ਹੈ। ਉਹ ਸਭ ਤੋਂ ਪਹਿਲਾਂ ਧਰਮ ਅਤੇ ਮਜ਼ਹਬ ਵਿਚ ਅੰਤਰ ਕਰਨ ਉੱਪਰ ਜ਼ੋਰ ਦਿੰਦੇ ਹਨ। ਉਨ੍ਹਾਂ ਅਨੁਸਾਰ ਧਰਮ ਸਦਾਚਾਰਕ ਉੱਨਤੀ ਦਾ ਕਾਰਣ ਬਣ ਸਕਦਾ ਹੈ ਪਰ ਇਸ ਨਾਲ ਗਿਆਨ ਦਾ ਹੋਣਾ ਵੀ ਜ਼ਰੂਰੀ ਹੈ। ਗਿਆਨ ਦਾ ਮਜ਼ਹਬ ਨਾਲ ਕੋਈ ਵਾਸਤਾ ਨਹੀਂ। ਕਿੰਨੇ ਵੀ ਮਜ਼ਹਬ ਵਿਚ ਗਿਆਨੀ ਹੋਣ ਜੇ ਉਹ ਇੰਜਨੀਅਰਿੰਗ ਅਤੇ ਰਾਜਨੀਤੀ ਨਹੀਂ ਜਾਣਦੇ ਭਾਵ ਗਿਆਨੀ ਨਹੀਂ ਤਾਂ ਸਭ ਕੁਝ ਵਿਅਰਥ ਹੈ। ਸਾਰੇ ਮਹਾਤਮਾ ਧਰਮ ਤੇ ਸਦਾਚਾਰ ਵਿਚ ਬਰਾਬਰ ਹਨ। ਪਰੰਤੂ ਮਤ ਜਾਂ ਮਜ਼ਹਬ ਇਕ ਨਹੀਂ ਹੋ ਸਕਦੇ। ਹਿੰਦੁਸਤਾਨ ਵਿਚ ਧਰਮ ਅਤੇ ਮਜ਼ਹਬ ਵਿਚ ਹਮੇਸ਼ਾ ਅੰਤਰ ਮੰਨਿਆ ਗਿਆ ਹੈ। ਧਰਮ ਸਦਾਚਾਰਕ ਹੈ ਪਰ ਮਜ਼ਹਬ ਮੰਤਰਾਂ ਆਦਿ ਉੱਪਰ ਆਧਾਰਿਤ ਹੈ। ਗ਼ਦਰੀਆਂ ਦਾ ਆਪਣੇ ਵੇਲੇ ਦੇ ਅਨੇਕ ਮੱਤਾਂ ਨਾਲ ਵਿਰੋਧ ਰਿਹਾ ਹੈ, ਦੇਸ਼ ਪ੍ਰੇਮ ਲਈ ਵੇਦਾਂਤ ਦਾ ਸਹਾਰਾ ਲਿਆ ਗਿਆ। ਗਾਇਤ੍ਰੀ ਜਾਪ ਨੂੰ ਆਧਾਰ ਬਣਾਇਆ ਗਿਆ, ਕੋਈ ਪੱਛਮੀ ਵਿਦਿਆ ਨਾਲ ਭਰਪੂਰ ਹੈ, ਕੋਈ ਰਸਮੋ ਰਿਵਾਜ ਨੂੰ ਹੀ ਦੇਸ਼ ਪ੍ਰੇਮ ਮੰਨਦਾ ਹੈ। ਕੋਈ ਗਣੇਸ਼ ਜਾਂ ਕਾਲੀ ਦਾ ਭਗਤ ਬਣਦਾ ਹੈ। ਅਜਿਹੇ ਮੱਤਾਂ ਵਾਲੇ ਪੂਰੇ ਦੇਸ਼ ਵਿਚ ਫੈਲੇ ਹੋਏ ਸਨ ਪਰੰਤੂ ਗ਼ਦਰੀ ਇਨ੍ਹਾਂ ਨਾਲ ਸਹਿਮਤ ਵਿਖਾਈ ਨਹੀਂ ਦਿੰਦੇ। ਉਨ੍ਹਾਂ ਲਈ ਇਹ, ‘‘ਸਭ ਦੇਸ਼ ਭਗਤ ਬਣੇ ਫਿਰਦੇ ਹਨ। ਪਰ ਆਦਮੀ ਪਹਿਲੇ ਬਹੁਤ ਘੱਟ ਬਣਦੇ ਹਨ। ਝੂਠ ਨਾਲ ਧਰਮ ਸਿੱਧ ਕਰਨਾ, ਇਹ ਜਾਂਚ ਇਨ੍ਹਾਂ ਅਕਲਮੰਦ ਹਿੰਦੀਆਂ ਨੂੰ ਸੁੱਝੀ ਹੈ। ਸਿੱਧਾ ਰਸਤਾ ਬੜਾ ਟੇਢਾ ਮਾਲੂਮ ਹੁੰਦਾ ਹੈ ਅਤੇ ਚਾਲਬਾਜ਼ੀ ਇਨ੍ਹਾਂ ਨੂੰ ਮੁਕਤੀ ਦੇਣ ਵਾਸਤੇ ਅਤਿਅੰਤ ਜ਼ਰੂਰੀ ਮਾਲੂਮ ਹੁੰਦੀ ਹੈ।’’
ਮਜ਼ਹਬ ਜਾਂ ਮੱਤ ਦੀ ਇਕ ਵਿਸ਼ੇਸ਼ਤਾ ਇਹ ਹੁੰਦੀ ਹੈ ਕਿ ਉਹ ਆਪਣੇ ਮਤ ਨੂੰ ਅੰਤਿਮ ਅਤੇ ਮੁਕਤੀ ਦਾ ਦਸੇਰਾ ਮੰਨਦਾ ਹੈ ਪਰ ਗ਼ਦਰੀ ਯਥਾਰਥਵਾਦੀ ਹਨ। ਉਨ੍ਹਾਂ ਅਨੁਸਾਰ ਹਰ ਮਜ਼ਹਬ ਤੇ ਫਿਰਕੇ ਵਿਚ ਚੰਗੇ ਵਿਅਕਤੀ ਵੀ ਹੋ ਸਕਦੇ ਹਨ ਅਤੇ ਮੰਦੇ ਵੀ। ਕਿਸੇ ਮੱਤ ਨੇ ਪ੍ਰੇਮ ਸੱਚਾਈ ਦਾ ਠੇਕਾ ਨਹੀਂ ਲੈ ਲਿਆ। ‘‘ਇਸੇ ਤਰ੍ਹਾਂ ਸੱਚੇ ਆਦਮੀ ਅਸੀਂ ਸਭ ਜਗਾਹ ਡਿੱਠੇ ਹਨ ਅਤੇ ਬੁਰੇ ਝੂਠੇ ਵੀ ਸਾਰੇ ਮਜ਼ਹਬਾਂ ਵਿਚ ਦੇਖੇ ਗਏ ਹਨ। ਇਮਾਨਾਦਰੀ ਵੀ ਸਾਰੇ ਸਮਾਜਾਂ ਵਿਚ ਮਿਲੀ ਅਤੇ ਬੇਈਮਾਨੀ ਵੀ। ਉਪਕਾਰ ਕਰਨ ਵਾਲੇ ਆਦਮੀ ਵੀ ਸਾਰੇ ਪੰਥਾਂ ਵਿਚ ਮੌਜੂਦ ਹਨ। ਪਰ ਦੂਸਰੇ ਨੂੰ ਦੇਖ ਕੇ ਸੜਨ ਵਾਲੇ ਖ਼ੁਦਗਰਜ਼ ਕਮੀਨੇ ਲੀਡਰ (ਖੜਪੈਂਚ) ਵੀ ਸਾਰਿਆਂ ਮਤਾਂ ਵਿਚ ਰਹਿੰਦੇ ਹਨ। ਪ੍ਰੇਮੀ ਤੇ ਦਾਤਾ ਜਾਦਾ ਬੋਲਣ ਵਾਲੇ ਜੱਥੇਦਾਰ ਵੀ ਸਾਰੇ ਪੰਥਾਂ ਵਿਚ ਦਿਸਦੇ ਹਨ।’’ ਇਨ੍ਹਾਂ ਕਥਨਾਂ ਵਿਚ ਗ਼ਦਰੀਆਂ ਦਾ ਅੰਤਰਰਾਸ਼ਟਰੀ ਅਨੁਭਵ ਬੋਲ ਰਿਹਾ ਹੈ ਜੋ ਖੂਹ ਦੇ ਡੱਡੂਆਂ ਨੂੰ ਕਦੇ ਵੀ ਰਾਸ ਨਹੀਂ ਆ ਸਕਦਾ। ਗ਼ਦਰੀ ਲੰਬੀ ਸੋਚ ਵਿਚਾਰ ਬਾਅਦ ਇਸ ਨਤੀਜੇ ਤੇ ਪਹੁੰਚਦੇ ਹਨ ਕਿ ‘ਮਤ ਵਰਗੀ ਬੋਢੀ ਖੋਖਲੀ ਅਤੇ ਬਦਲਣ ਵਾਲੀ ਨਜ਼ਰ ਦੀ ਪਰ ਸਮਾਜਿਕ ਸੁੱਖ ਅਤੇ ਏਕਾ ਵੀ ਕਦੀ ਕਾਇਮ ਨਹੀਂ ਹੋ ਸਕਦਾ।’’ ਇਸੇ ਲਈ ਕਿਸੇ ਵੀ ਤਰ੍ਹਾਂ ਦੇ ਮਜ਼ਹਬੀ ਕਾਰਜਾਂ ਨੂੰ ਗ਼ਦਰੀ ਪ੍ਰਵਾਨ ਨਹੀਂ ਕਰਦੇ। ਮਜ਼ਹਬ ਨੂੰ ਜਾਂ ਮਤ ਨੂੰ ਨਿੱਜੀ ਮਾਮਲਾ ਮੰਨ ਕੇ ਗ਼ਦਰੀਆਂ ਨੇ ਤੱਤ ਇਹ ਕੱਢਿਆ ਕਿ, ‘‘ਮਤ ਜਾਂ ਮਜ਼ਹਬ ਨੂੰ ਕਦੇ ਵੀ ਜ਼ਰੂਰੀ ਜਾਂ ਵੱਡੀ ਚੀਜ਼ ਖ਼ਿਆਲ ਨਹੀਂ ਕਰਨਾ ਚਾਹੀਦਾ। ਮੱਤ ਦੇ ਵਾਸਤੇ ਸਭਾ ਜਾਂ ਸਮਾਜ ਬਣਾਉਣੀ ਬੜੀ ਭਾਰੀ ਬੇਵਕੂਫ਼ੀ ਹੈ।’’
ਗ਼ਦਰੀਆਂ ਨੇ ਧਰਮ-ਪਰਿਵਰਤਨ ਉੱਪਰ ਵੀ ਆਪਣੇ ਵਿਚਾਰ ਦਿੱਤੇ ਹਨ। ਅਜਿਹੇ ਪਰਿਵਰਤਨ ਨੂੰ ਗ਼ਦਰੀ ਵਿਚਾਰਵਾਨ ਕਰੜੇ ਸ਼ਬਦਾਂ ਵਿਚ ਨਿੰਦਦੇ ਹਨ। ‘ਅਗਰ ਇਕ ਆਦਮੀ ਆਪਣੇ ਮਜ਼ਹਬ ਵਿਚੋਂ ਨਿਕਲ ਕੇ ਦੂਜੇ ਮਤ ਵਿਚ ਦਾਖਲ ਹੋ ਜਾਵੇ, ਤਾਂ ਕੀ ਉਹ ਵੱਜਡਾ ਰਿਸ਼ੀ ਮੁਨੀ, ਡਾਕਟਰ ਬਣਾ ਸਕਦਾ ਹੈ ? ਕੀ ਕਾਲ, ਪਲੇਗ, ਮਲੇਰੀਆ, ਗਰੀਬੀ ਨੂੰ ਦੂਰ ਕਰ ਸਕਦਾ ਹੈ ? ਮਗਰ ਮਤ ਦੇ ਅੰਨ੍ਹੇ ਆਦਮੀ ਨੂੰ ਸਭ ਉਲਟਾ ਹੀ ਨਜ਼ਰ ਆਉਦਾ ਹੈ।’’ ਗਊ ਹੱਤਿਆ ਦੇ ਵਿਰੋਧ ਵਿਚ ਕੀਤੇ ਯਤਨਾਂ ਨੂੰ ਵੀ ਗ਼ਦਰੀ ਬਹੁਤਾ ਮਹੱਤਵ ਨਹੀਂ ਦਿੰਦੇ ਕਿਉਕਿ ਉਨ੍ਹਾਂ ਅਨੁਸਾਰ, ‘‘ਹਿੰਦੂਆਂ ਵਿਚ ਤਾਂ ਗਊ ਹੱਤਿਆ ਕਦੇ ਹੁੰਦੀ ਹੀ ਨਹੀਂ। ਦੂਜੀਆਂ ਕੌਮਾਂ ਤੇ ਇਹਨਾਂ ਦਾ ਕੋਈ ਜੋਰ ਨਹੀਂ ਚਲ ਸਕਦਾ।’’ ਪਹਿਲ ਮਨੁੱਖੀ ਹੱਕਾਂ ਅਤੇ ਆਜ਼ਾਦੀ ਨੂੰ ਮਿਲਣੀ ਚਾਹੀਦੀ ਹੈ। ਹਿੰਦੂਆਂ ਦੀ ਲੜਾਈ ਅੰਗਰੇਜ਼ਾਂ ਖਿਲਾਫ ਸੇਧਿਤ ਨਾ ਹੋ ਕੇ ਮੁਸਲਮਾਨਾਂ ਵਲ ਸੇਧਿਤ ਹੈ। ਆਪਣਿਆਂ ਵਲ ‘‘ਜੋ ਅੰਗਰੇਜ਼ ਹਿੰਦੁਸਤਾਨ ਵਿਚ ਗਊ ਦਾ ਮਾਸ 9 ਕਰੋੜ, 72 ਲੱਖ ਰੁਪਏ (ਇਕ ਸਦੀ ਪਹਿਲਾਂ ਦਾ ਅੰਕੜਾ) ਸਾਲ ਦਾ ਵਿਦੇਸ਼ਾਂ ਵਿਚ ਵੱਡ ਕੇ ਲੈ ਜਾਂਦੇ ਹਨ। ਉਸਦੇ ਵਿਰੁੱਧ ਕੋਈ ਚੂੰ ਤਕ ਨਹੀਂ ਕਰਦਾ, ਹਰ ਰੋਜ਼ ਗਊ ਅਤੇ ਸੂਰ ਦੇ ਝਗੜੇ ਪਿੱਛੇ ਹਜ਼ਾਰਾਂ ਹਿੰਦੂ ਮੁਸਲਮਾਨ ਕੱਟ ਕੱਟ ਕੇ ਮਰ ਰਹੇ ਹਨ।’’
ਗ਼ਦਰੀ, ਕੌਮੀ ਸ਼ਹੀਦ ਸਮੁੱਚੀ ਭਾਰਤੀ ਕੌਮ ਦਾ ਸਰਮਾਇਆ ਹਨ ਕਿਉਕਿ ਕੌਮੀ ਸ਼ਹੀਦਾਂ ਨੇ ਸਾਰੀ ਹਿੰਦੁਸਤਾਨੀ ਕੌਮ ਦੀ ਖ਼ਾਤਰ ਕੁਰਬਾਨੀ ਕੀਤੀ ਹੈ। ਆਪਣੇ ਜਾਤੀ ਫ਼ਾਇਦੇ ਜਾਂ ਆਪਣੇ ਮਜ਼ਹਬੀ ਫਾਇਦੇ ਜਾਂ ਇਲਾਕੇ ਦੇ ਫ਼ਾਇਦੇ ਲਈ ਇਹ ਕੁਰਬਾਨੀ ਨਹੀਂ ਕੀਤੀ ਹੈ। ਅੰਗਰੇਜ਼ਾਂ ਦੁਆਰਾ ਕੀਤੀਆਂ ਗਈਆਂ ਕਾਨਫਰੰਸਾਂ ਵਿੱਚ ਜਿਵੇਂ ਫਿਰਕਿਆਂ ਦੇ ਆਧਾਰ ਤੇ ਹਿੱਸਾ ਲੈਣ ਵਾਲਿਆਂ ਦੀ ਚੋਣ ਕੀਤੀ ਜਾਂਦੀ ਰਹੀ ਹੈ, ਉਸਨੂੰ ਵੀ ਗ਼ਦਰੀ ਵਿਅੰਗ ਨਾਲ ਦੇਖਦੇ ਹਨ ਕਿਉਕਿ ਉਹ ਜਾਣਦੇ ਸਨ ਕਿ ਇਸ ਤਰ੍ਹਾਂ ਸੰਪ੍ਰਦਾਇਕਤਾ ਹੋਰ ਵਧੇਗੀ, ਝਗੜੇ ਵਧਣਗੇ। ‘‘ਇਹ ਸਾਰੇ ਹੀ ਝੋਲੀ ਚੁੱਕ ਫਿਰਕਿਆਂ ਤੇ ਇਲਾਕਿਆਂ ਦੇ ਫ਼ਰਕਾਂ ਨਾਲ ਇਸ ਤਰ੍ਹਾਂ ਛਾਂਟੇ ਹਨ ਕਿ ਉਮੀਦ ਇਹ ਹੈ ਕਿ ਫਿਰਕੇਬਾਜ਼ੀਆਂ ਵਿਚ ਸਿੰਙ ਫਸਾ ਕੇ ਦੁਨੀਆਂ ਤੋਂ ਹਿੰਦ ਨੂੰ ਟਿੱਚਰਾਂ ਕਰਾਉਣ ਜਾਣਗੇ, ਅਤੇ ਇਸ ਤਰ੍ਹਾਂ ਅੰਗਰੇਜ਼ ਦਾ ਬੁੱਥਾ ਸਾੜਨਗੇ।’’ ਗ਼ਦਰੀਆਂ ਦੀ ਸਮਝ ਸਾਫ਼ ਸੀ ਕਿ ਹਕੂਮਤ ਗੁਲਾਮਾਂ ਦੇ ਮਜ਼ਹਬ ਨੂੰ ਆਪਣੇ ਮਤਲਬ ਲਈ ਵਰਤਦੀ ਹੈ।
ਮਹਾਂਯੁੱਧ ਵਿਚ ਅੰਗਰੇਜ਼ਾਂ ਨੇ ਸਾਰੇ ਹਿੰਦੋਸਤਾਨੀ ਮਜ਼ਹਬਾਂ ਦੇ ਪੁਜਾਰੀਆਂ ਪਾਸੋ ‘ਗੁੱਝੇ ਜ਼ੋਰ’ ਨਾਲ ਅਰਦਾਸਾਂ ਕਰਵਾ ਲਈਆਂ ਸਨ। ਗ਼ਦਰੀਆਂ ਦੇ ਧਾਰਮਿਕ ਅਸੂਲ ਇਸ ਤਰ੍ਹਾਂ ਦੇ ਸਨ. ‘‘ਅਗਰ ਇਕ ਅਮੀਰ ਇਕ ਲੱਖ ਰੁਪਿਆ ਦਾਨ ਕਰਦਾ ਹੈ ਅਤੇ ਇਕ ਗ਼ਰੀਬ ਵਿਦਵਾਨ ਇਕ ਪੁਰਸ਼ ਨੂੰ ਇਹ (ਆਜ਼ਾਦੀ ਦਾ) ਅਸੂਲ ਸਮਝਾ ਦਿੰਦਾ ਹੈ ਤਾਂ ਗ਼ਰੀਬ ਬੜਾ ਦਾਨੀ ਹੈ। ਇਨ੍ਹਾਂ ਧਾਰਮਿਕ ਤੱਤਾਂ ਦੀ ਇਹ ਮਹਾਨ ਉਪਮਾ ਹੈ।’’ ਗ਼ਦਰੀ ਜਦੋਂ ਆਤਮਾ ਨੂੰ ਜਗਾਉਣ ਦੀ ਗੱਲ ਕਰਦੇ ਹਨ ਤਾਂ ਉਹ ਇਕ ਅਜਿਹੀ ਸ਼ਕਤੀ ਨੂੰ ਆਤਮਾ ਕਹਿੰਦੇ ਹਨ ਜੋ ਧਰਮ ਅਤੇ ਅਧਰਮ ਵਿਚ ਅੰਤਰ ਕਰਦੀ ਹੈ। ਭਾਰਤੀ ਦਰਸ਼ਨ ਦੀ ਆਤਮਾ ਦੀ ਥਾਂ ਉਹ ਸਪਿਰਟ ਦੀ ਗੱਲ ਕਰਦੇ ਹਨ ਜਾਂ ਫਿਰ ਅਜਿਹੀ ਸ਼ਕਤੀ ਦੀ ਜੋ ਸੱਚ ਝੂਠ ਵਿਚ ਅੰਤਰ ਕਰਦੀ ਹੈ। ਇਸ ਸ਼ਕਤੀ ਨੂੰ ਰਾਜ, ਹਾਕਮ, ਸਿਪਾਹੀ ਅਤੇ ਜਾਸੂਸ ਦਾ ਡਰ ‘ਮਾਰਦਾ’ ਹੈ। ਸਰਕਾਰ ਦਾ ਡਰ ਇਸਨੂੰ ਕੁਚਲਦਾ ਹੈ। ਇਸ ਲਈ ਗ਼ਦਰੀ ਇਸ ਡਰ ਨੂੰ ਦੂਰ ਕਰਨਾ ਚਾਹੁੰਦੇ ਸਨ ਤਾਂ ਕਿ ਨਿਡਰ ਹੋ ਕੇ ਲੜਿਆ ਜਾ ਸਕੇ। ਅਜਿਹੀ ਸ਼ਕਤੀ ਬਗੈਰ ਬੁੱਧੀ ਨਿਸਫਲ ਸੋਚਾਂ ਸੋਚਦੀ ਹੈ। ਸੋਚ ਤੇ ਆਤਮਿਕ ਤਾਕਤ ਅਗਾਂਹ ਲੈ ਕੇ ਜਾ ਸਕਦੀ ਹੈ।
ਆਜ਼ਾਦੀ ਦੀ ਲੜਾਈ ਸਮੇਂ ਸਿੱਖ ਰਾਜਿਆਂ ਦੀ ਸਿਫ਼ਤ ਆਮ ਹੀ ਕੀਤੀ ਜਾਂਦੀ ਸੀ। ਸਿੱਖ ਰਣਜੀਤ ਸਿੰਘ ਦੇ ਰਾਜ ਨੂੰ ਵੀ ਸਿੱਖ ਰਾਜ ਕਹਿ ਕੇ ਆਪਣੇ ਮਨ ਨੂੰ ਢਾਰਸ ਦਿੰਦੇ ਸਨ ਅਤੇ ਗੁਆਚੇ ਸਿੱਖ ਰਾਜ ਦੀ ਉਦਾਸੀ ਹੰਢਾਉਦੇ ਸਨ। ਗ਼ਦਰੀ ਵਿਚਾਰਧਾਰਾ ਰਾਜਿਆਂ ਦਾ, ਜਾਗੀਰਦਾਰਾਂ ਦਾ ਡਟਵਾਂ ਵਿਰੋਧ ਕਰਦੀ ਸੀ। ਗ਼ਦਰੀ ਸਿੱਖਾਂ ਨੂੰ ਸੰਬੋਧਿਤ ਹੁੰਦੇ ਸਨ ਤਾਂ ਹੇਠ ਲਿਖੀਆਂ ਵਿਚਾਰਾਂ ਕਰਦੇ ਸਨ। ‘‘ਸਿੱਖ ਇਹ ਨਹੀਂ ਸਮਝਦੇ ਕਿ ‘ਸਿੱਖ ਰਾਜੇ’ ਇਕ ਬੇਮਾਇਨੀ ਸ਼ਬਦ ਹੈ। ਸਿੱਖ ਧਰਮ ਵਿਚ ਰਾਜਾ ਅਤੇ ਬ੍ਰਾਹਮਣ ਦੋਵੇਂ ਹੀ ਨਾਮੁਮਕਿਨ ਹੈ। ਮੁਲਕੀ ਅਤੇ ਮਜ਼ਹਬੀ ਗੁਰੂਡਮ ਦੋਹਾਂ ਦੇ ਵਿਰੁੱਧ ਗੁਰੂ ਗੋਬਿੰਦ ਸਿੰਘ ਜੀ ਨੇ ਜ਼ਬਰਦਸਤ ਤਹਿਰੀਕ ਜਾਰੀ ਕੀਤੀ, ਮਜ਼ਹਬੀ ਖ਼ਿਆਲ ਦੇ ਲਿਹਾਜ਼ ਨਾਲ ਥੋੜ੍ਹੀ ਬਹੁਤ ਕਾਮਯਾਬੀ ਹੋਈ ਮਗਰ ਗੁਰੂਡਮ ਨਾ ਨਿਕਲੀ ਅਤੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਦਰਸ਼ਨ ਆ ਦਿੱਤੇ।’’ ਰਿਆਸਤ, ਪੰਥ ਅਤੇ ਸੰਪ੍ਰਦਾਇ ਵਿਚ ਗ਼ਦਰੀਆਂ ਅਨੁਸਾਰ ‘ਗ਼ੁਲਾਮੀ ਦੇ ਅਸੂਲ ਸਿਰਮੱਥੇ ਨਾਲ ਮੰਨੇ ਜਾਂਦੇ ਹਨ।’ ਅਤੇ ਗ਼ਦਰੀ ਗੁਲਾਮੀ ਨੂੰ ਨਫ਼ਰਤ ਕਰਦੇ ਸਨ।
ਗ਼ਦਰੀ ‘ਗੁਰੂ ਬਿਨਾਂ ਗਤੀ ਨਹੀਂ’ ਦੇ ਵਿਚਾਰ ਨੂੰ ਖਤਰਨਾਕ ਮੰਨਦੇ ਸਨ ਕਿਉਕਿ ਗੁਰੂ ਇਹੀ ਕਹਿੰਦਾ ਹੈ ਕਿ ਉਸਦੇ ਵਚਨ ਉੱਪਰ ਬਿਨਾਂ ਸੋਚੇ ਸਮਝੇ ਅਮਲ ਕੀਤਾ ਜਾਵੇ। ਗ਼ਦਰੀ ਲਹਿਰ ਵਿਚ ਭਾਸ਼ਾ ਦੇ ਮਸਲੇ ਉੱਪਰ ਵੀ ਵਿਚਾਰ ਕੀਤਾ ਗਿਆ। ਗਦਰੀਆਂ ਦੀ ਸਮੁੱਚੀ ਸਮਝ ਇਹ ਸੀ ਕਿ ਲੋਕਾਂ ਤਕ ਪਹੁੰਚ ਲਈ ਉਨ੍ਹਾਂ ਦੀ ਭਾਸ਼ਾ ਨੂੰ ਹੀ ਅਪਣਾਉਣਾ ਪਵੇਗਾ। ਇਸੇ ਲਈ ਉਨ੍ਹਾਂ ਵਲੋਂ ਗ਼ਦਰ ਅਖ਼ਬਾਰ ਗੁਰਮੁਖੀ, ਉਰਦੂ ਆਦਿ ਭਾਸ਼ਾਵਾਂ ਵਿਚ ਵੀ ਕੱਢਿਆ ਜਾਂਦਾ ਸੀ। ਜਦੋਂ ਪਰਚੇ ਨੇ ਪੰਜਾਬੀ ਬੋਲੀ ਤੇ ਗੁਰਮੁਖੀ ਲਿਪੀ ਉਪਰ ਜ਼ੋਰ ਦਿੱਤਾ ਤਾਂ ਕੈਨੇਡਾ ਅਮਰੀਕਾ ਵਿਚ ਗੁਰਦੁਆਰਿਆਂ ਦੇ ਆਗੂਆਂ ਨੇ ਗ਼ਦਰ ਪਰਚਾ ਪੜ੍ਹਨ ਦਾ ਹੁਕਮ ਕੀਤਾ। ‘ਪੰਜਾਬੀ ਹਿੰਦੂਆਂ ਤੇ ਮੁਸਲਮਾਨਾਂ ਨੇ ਵੀ ‘ਗ਼ਦਰ’ ਪੜ੍ਹਨ ਲਈ ਪੰਜਾਬੀ ਸਿੱਖੀ। ਗ਼ਦਰੀ ਚੰਗੀਂ ਤਰ੍ਹਾਂ ਸਮਝਦੇ ਸਨ ਕਿ ਭਾਸ਼ਾ ਉਸੇ ਦੀ ਹੋਵੇਗੀ ਜਿਸਦਾ ਰਾਜ। ਪਰ ਹਿੰਦੂ ਅਤੇ ਮੂਸਲਮਾਨਾਂ ਦੀ ਹਿੰਦੀ ਅਤੇ ਉਰਦੂ ਦੇ ਸਵਾਲ ਤੇ ਲੜਾਈ ਕੁਥਾਵੀਂ ਸੀ ਕਿਉਕਿ ਉਹ ਆਪਣੀ ਸਾਂਝੀ ਦੁਸ਼ਮਣ ਅੰਗਰੇਜ਼ੀ ਉੱਪਰ ਉਗਲੀ ਨਹੀਂ ਸਨ ਉਠਾਉਦੇ। ਗ਼ਦਰੀ ਹਰ ਜੁਬਾਨ ਵਿਚ ਆਜ਼ਾਦੀ ਅਤੇ ਬਰਾਬਰੀ ਦਾ ਪ੍ਰਚਾਰ ਪ੍ਰਸਾਰ ਕਰਨ ਨੂੰ ਤਰਜੀਹ ਦਿੰਦੇ ਸਨ।
ਉਨ੍ਹਾਂ ਦਾ ਨਾਅਰਾ ਸੀ ਕਿ ‘ਅਗਰ ਹਿੰਦੀ ਉਰਦੂ ਨਾਲ ਪ੍ਰੇਮ ਕਰਨਾ ਚਾਹੁੰਦੇ ਹੋ ਤਾਂ ਗ਼ਦਰੀ ਪਾਰਟੀ ਨਾਲ ਮਿਲ ਜਾਉ।’ ਗ਼ਦਰੀ ਸੰਪ੍ਰਦਾਇਕ ਵਖੇਵਿਆਂ ਦੇ ਨਾਲ ਨਾਲ ਹਰ ਤਰ੍ਹਾਂ ਦੇ ਉਨ੍ਹਾਂ ਕਾਰਜਾਂ ਨਾਲ ਸਹਿਮਤ ਨਹੀਂ ਸਨ ਜੋ ਆਜ਼ਾਦੀ ਦੇ ਰਾਹ ਵਿਚ ਰੋੜੇ ਅਟਕਾਉਦੇ ਸਨ। ਉਨ੍ਹਾਂ ਦਾ ਹਿੰਦੁਸਤਾਨ ਦੇ ਬੱਤੀ ਕਰੋੜ ਲੋਕਾਂ ਲਈ ਇਹ ਹੋਕਾ ਹੈ ਕਿ, ‘‘ਸਾਰੀਆਂ, ਨਿੱਕੀਆਂ ਮੋਟੀਆਂ ਸਭਾ ਸੋਸਾਈਟੀਆਂ, ਸਮਾਜਾਂ ਅੰਜਮਨਾਂ, ਲੀਗਾਂ ਸਭਾਵਾਂ, ਝਗੜੇ ਬਖੇੜੇ, ਸ਼ਾਸਤਰ, ਗ੍ਰੰਥ, ਸ਼ਾਸਤਾਰਥ ਧਰਮ, ਧਰਮਉਪਦੇਸ਼ਕ, ਪੰਡਿਤ, ਮੌਲਵੀ, ਗ੍ਰੰਥੀ ਬੈਰਾਗੀ, ਸੰਨਿਆਸੀ ਨੂੰ ਛੱਡ ਕੇ ਇਨਕਲਾਬੀ ਕਾਰਜਾਂ ਨਾਲ ਜੁੜੋ। ਉਨ੍ਹਾਂ ਦੇ ਇਸ ਹੋਕੇ ਵਿਚ ਉਨੀਵੀਂ ਸਦੀ ਦੇ ਆਰੰਭ ਦੀ ਪੰਜਾਬ ਦੀ ਤਸਵੀਰ ਵੀ ਸਾਹਮਣੇ ਹੈ ਜਿਸ ਵਿਚ ਆਪਾ ਧਾਪੀ, ਲਹਿਰਾਂ ਦੀ ਖਹਿਬਾਜ਼ੀ ਸਭ ਕੁਝ ਸ਼ਾਮਲ ਹੈ। ਨਾਲ ਹੀ ਗ਼ਦਰੀ ਕਿਸੇ ਇਕ ਫ਼ਿਰਕੇ ਨੂੰ ਸੰਬੋਧਿਤ ਨਹੀਂ ਸਨ। ਉਹ ਹਿੰਦੂ, ਮੁਸਲਿਮ ਅਤੇ ਸਿੱਖਾਂ ਦੁਆਰਾ ਚਲਾਈਆਂ ਲਹਿਰਾਂ ਨੂੰ ਸੰਬੋਧਿਤ ਸਨ। ਇਹ ਗੱਲ ਹਮੇਸ਼ਾ ਯਾਦ ਰੱਖਣ ਵਾਲੀ ਹੈ। ਗ਼ਦਰੀਆਂ ਵਲੋਂ ਨਵਾਂ ਜ਼ਮਾਨਾ ਨਾਮ ਦੇ ਕਿਤਾਬਚੇ ਵਿਚ ਰਾਜਨੀਤਕ ਅਤੇ ਸੁਧਾਰਕ ਲਹਿਰਾ ਦਾ ਵਿਸ਼ਲੇਸ਼ਣ ਹੈ। ਖਾਸ ਤੌਰ ਤੇ ਉਨ੍ਹਾਂ ਦਾ ਅੰਗਰੇਜ਼ ਭਗਤ ਅਤੇ ਅੰਗਰੇਜ਼ ਨੂੰ ਫਾਇਦਾ ਪੁਚਾਉਣ ਵਾਲੇ ਰੂਪ ਦਾ ਬੜੀ ਬਾਰੀਕ ਦਿ੍ਰਸ਼ਟੀ ਨਾਲ ਅਧਿਐਨ ਕਰਕੇ ਨਤੀਜੇ ਕੱਢੇ ਗਏ ਹਨ। ਇਹ ਹਨ ਕਾਂਗਰਸ, ਹਿੰਦੂ ਕਾਲਜ, ਮਜ਼ਹਬੀ ਜੱਥੇ, ਟੈਂਪਰੈਂਸ (ਨਸ਼ੇ ਨਾਸ਼ਿਕੀ ਸੁਸਾਇਟੀ), ਹਿੰਦੂ ਸਭਾ, ਗਊ ਰੱਖਿਆ, ਵਿਦਿਆ, ਰੀਤ ਰਸਮ ਸੁਧਾਰ ਆਦਿ। ਇਹ ਸੁਸਾਇਟੀਆਂ ਏਕਾ ਕਰਨ ਦਾ ਉਦੇਸ਼ ਦਸਦੀਆਂ ਹਨ ਪਰ ਅਸਲ ਵਿਚ ਇਹ ਲੋਕਾਂ ਨੂੰ ਪਾੜਦੀਆਂ ਸਨ। ਫਿਰ ਗ਼ਦਰੀਆਂ ਅਨੁਸਾਰ ‘ਅਗਰ ਭਜਨ ਗਾਉਣ ਨਾਲ ਜਾਂ ਤਿਉਹਾਰ ਮਨਾਉਣ ਨਾਲ ਹੀ ਹਿੰਦੁਸਤਾਨ ਦੀ ਮੁਰਦਾ ਲੋਥ ਵਿਚ ਜਾਨ ਆ ਸਕਦੀ ਹੈ, ਤਾਂ ਅੱਜ ਨੂੰ ਕਦੋਂ ਦਾ ਉੱਠ ਖੜਾ ਹੁੰਦਾ ਕਿਉਕਿ ਆਜਿਹਾ ਤਾਂ ਸਦੀਆਂ ਤੋਂ ਹੁੰਦਾ ਆਇਆ ਹੈ। ਕਾਂਗਰਸ, ਹਿੰਦੂ ਸਭਾਵਾਂ ਅਤੇ ਖਾਲਸਾ ਕਾਲਜਾਂ ਆਦਿ ਦੇ ਜਦੋਂ ਪਹਿਲੇ ਪ੍ਰਧਾਨ ਪ੍ਰਿੰਸੀਪਲ ਅੰਗਰੇਜ਼ ਬਣਦੇ ਹਨ ਤਾਂ ਗ਼ਦਰੀਆਂ ਦੀ ਸੋਚ ਸਹੀ ਸਾਬਤ ਹੁੰਦੀ ਹੈ ਕਿ ਉਹ ਸੱਤਾ ਦੇ ਹੱਕ ਵਿਚ ਭੁਗਤਣਗੇ। ਗ਼ਦਰੀਆਂ ਦਾ ਤਰਕ ਹੈ ਕਿ ‘ਅਗਰ ਸਾਰੇ ਆਦਮੀ ਆਜਿਹੀਆਂ ਸਭਾਵਾਂ ਵਿਚ ਫਸ ਜਾਣਗੇ ਤਾਂ ਆਜ਼ਾਦੀ, ਬਰਾਬਰੀ ਅਤੇ ਹੱਕਾਂ ਦੀ ਰਾਖੀ ਦੇ ਪਵਿੱਤਰ ਉਪਦੇਸ਼ ਨੂੰ ਭੁੱਲ ਜਾਣਗੇ।’ ਦੂਜੇ ਪਾਸੇ ਗ਼ਦਰੀ ਅਸੂਲਾਂ। ਵਿਚਾਰਾਂ ਦੇ ਆਧਾਰ ਤੇ ਏਕਾ ਕਰਨ ਦੇ ਹੱਕ ਵਿਚ ਸਨ। ਅਜਿਹਾ ਏਕਾ ਸਭਾ-ਸੁਸਾਇਟੀਆਂ ਦੇ ਏਕੇ ਤੋਂ ਕਿਤੇ ਵਧੇਰੇ ਪਾਇਦਾਰ ਹੋਵੇਗਾ।
ਕਾਂਗਰਸੀ ਸਰਕਾਰੀ ਕੌਂਸਲਾਂ ਦੇ ਮੈਂਬਰ ਸਨ, ਖਿਤਾਬਾਂ ਵਾਲੀ ਕਮੇਟੀ ਦੇ ਪਰੈਜ਼ੀਡੈਂਟ ਸਨ। ਇਹ ਲੋਕ ਅੰਗਰੇਜ਼ਾਂ ਦੇ ਖਿਲਾਫ਼ ਨਹੀਂ ਸਨ ਜਾ ਸਕਦੇ। ਇਸੇ ਲਈ ਗ਼ਦਰੀ ਇਸ ਨਤੀਜੇ ਤੇ ਪਹੁੰਚੇ ਕਿ, ‘‘ਕਾਂਗਰਸ ਦੇ ਆਦਮੀ ਖੁਸ਼ਾਮਦੀ ਅਤੇ ਡਰਪੋਕ ਹਨ। ਇਨ੍ਹਾਂ ਵਿਚ ਕੂੜਾ ਕਰਕਟ ਕੁੱਟ-ਕੁੱਟ ਕੇ ਭਰਿਆ ਪਿਆ ਹੈ। ਅਜਿਹੇ ਲੋਕ ਮੁਲਕੀ ਭਲਾਈ ਤਕ ਨਹੀਂ ਪਹੁੰਚ ਸਕਦੇ।’’ ਮਿਸਜ਼ ਐਨੀ ਬੇਸੇਂਟ (ਬਸੰਤ) ਵਲੋਂ ਲੋਕਾਂ ਨੂੰ ਹਿੰਦੂ ਧਰਮ ਬਾਰੇ ਲੈਕਚਰ ਦੇਣ ਅਤੇ ਹਿੰਦੂ ਕਾਲਜ ਖੋਲ੍ਹੇ ਜਾਣ ਉੱਪਰ ਗ਼ਦਰੀ ਵਿਅੰਗ ਕਰਦੇ ਹਨ। ‘‘ਖੂਬ! ਅੱਜ ਹਿੰਦੂ ਧਰਮ ਦੇ ਸਿਖਾਉਣ ਵਾਸਤੇ ਮੇਮ ਸਾਹਿਬ ਸੱਤ ਹਜ਼ਾਰ ਮੀਲ ਤੋਂ ਤੁਰ ਕੇ ਆਈ ਹੈ…ਮਿਸਜ਼ ਬਸੰਤ ਹੁਣ ਤਾਂ ਸਾਫ ਕਹਿੰਦੀ ਹੈ ਕਿ ਉਹ ਮੁਲਕ ਦੀ ਤਰੱਕੀ ਨੂੰ ਰੋਕਣਾ ਚਾਹੁੰਦੀ ਹੈ। ਹੁਣ ਤਾਂ ਧਰਮ ਦਾ ਬੁਰਕਾ ਉਤਾਰ ਦਿੱਤਾ ਹੈ…’’ ਆਪਣੇ ਵਿਸ਼ਵ ਪੱਧਰ ਤੇ ਗ਼ਦਰੀ ਅਨੁਭਵ ਕਾਰਣ, ਤਰਕ ਕਾਰਣ, ਲੋਕ-ਰਾਜ ਦੇ ਅਨੁਭਵ ਕਾਰਣ ਅਤੇ ਸੋਵੀਅਤ ਦੇ ਵਿਚਾਰਾਂ ਕਾਰਣ ਗ਼ਦਰੀ ਜੋ ਕਹਿ ਰਹੇ ਸਨ ਉਹ ਬਿਲਕੁਲ ਸਹੀ ਸੀ ਪਰੰਤੂ ਸੰਪ੍ਰਦਾਇਕ ਹਿੱਤ ਇਨ੍ਹਾਂ ਵਿਚਾਰਾਂ ਨੂੰ ਕਦੇ ਵੀ ਪਚਾ ਨਹੀਂ ਸਨ ਸਕਦੇ, ਇਸੇ ਲਈ ਇਹ ਵਿਚਾਰ ਹੇਠਾਂ ਲੋਕਾਂ ਤਕ ਨਹੀਂ ਪਹੁੰਚ ਸਕੇ। ਅੱਜ ਦੇ ਚਿੰਤਕ ਵੀ ਗ਼ਦਰੀਆਂ ਦੇ ਇਨ੍ਹਾਂ ਵਿਚਾਰਾਂ ਤੋਂ ਜਾਣੂ ਨਹੀਂ ਜਿਨ੍ਹਾਂ ਦੇ ਆਧਾਰ ਤੇ ਹੀ ਗ਼ਦਰ ਲਹਿਰ ਦਾ ਸਹੀ ਮੁਲਾਕਣ ਕੀਤਾ ਜਾ ਸਕਦਾ ਹੈ।
ਵਿਦਿਅਕ ਸੰਸਥਾਵਾਂ ਬਾਰੇ ਗ਼ਦਰੀ ਵਿਚਾਰਵਾਨਾਂ ਬੜਾ ਤਿੱਖਾ ਵਿਰੋਧੀ ਕੀਤਾ ਹੈ ਕਿਉਕਿ ਉਨ੍ਹਾਂ ਅਨੁਸਾਰ ਅੰਗਰੇਜ਼ ਭਗਤੀ ਸਿਖਾਉਣੀ ਇਨ੍ਹਾਂ ਦਾ ਮੁਖ ਕਾਰਜ ਸੀ। ਦੋ ਵੱਖ-ਵੱਖ ਦਿ੍ਰਸ਼ਟੀਕੋਣ ਨਾਲ ਨਾਲ ਨਹੀਂ ਚਲ ਸਕਦੇ। ਅੰਗਰੇਜ਼ਾਂ ਨੇ ਉਨ੍ਹਾਂ ਸੰਸਥਾਵਾਂ ਨੂੰ ਹੀ ਜਾਰੀ ਰਹਿਣ ਦਿੱਤਾ ਜੋ ਉਨ੍ਹਾਂ ਦੇ ਅਨੁਸਾਰੀ ਸਨ। ਦੇਸ਼ ਭਗਤਾਂ ਵਲੋਂ ਕਲਕੱਤੇ ਵਿਚ ਕਾਇਮ ਕੀਤੇ ਕਾਲਜ ਨੂੰ ਬੰਦ ਹੋਣਾ ਪਿਆ। ਗ਼ਦਰੀ ਵਿਚਾਰਵਾਨ ਇਹ ਮੰਨਦੇ ਸਨ ਕਿ ਸੱਚੀ ਸਿੱਖਿਆ ਆਜ਼ਾਦੀ ਤੋਂ ਬਾਅਦ ਹੀ ਸੰਭਵ ਹੋ ਸਕਦੀ ਸੀ। ਫਿਰ ਇਨ੍ਹਾਂ ਸੰਸਥਾਵਾਂ ਵਿਚ ‘ਸ਼ਖ਼ਸੀ ਆਜ਼ਾਦੀ’ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ। ਉਨ੍ਹਾਂ ਦੀ ਸੋਚ ਸੀ ਕਿ, ‘ਸਾਰੇ ਸਕੂਲ, ਕਾਲਜ, ਵਿਦਿਆਲੇ ਗ਼ੁਲਾਮੀ ਦਾ ਘਰ ਬਣ ਜਾਣਗੇ, ਉਨ੍ਹਾਂ ਦੇ ਚਲਾਉਣ ਵਾਲੇ ਭਾਵੇਂ ਕਿਤਨੇ ਵੀ ਨੇਕ ਅਤੇ ਪਰਜਾ ਭਗਤ ਹੋਣ। ਪਰ ਜਿਸਦਾ ਰਾਜ, ਉਸਦਾ ਕਾਜ।’ ਇਨ੍ਹਾਂ ਸੰਸਥਾਵਾਂ ਵਿਚ ਪੜੇ੍ਹੇ ਲੋਕ ਫਿਰ ਸਰਕਾਰੀ ਨੌਕਰੀਆਂ ਵਿਚ ਹੀ ਪਹੁੰਚਦੇ ਸਨ। ਗ਼ਦਰੀ ਹਰ ਤਰ੍ਹਾਂ ਦੇ ਕਾਲਜਾਂ ਬਾਰੇ ਆਪਣੀ ਰਾਇ ਦਿੰਦੇ ਹਨ। ਉਨ੍ਹਾਂ ਦਾ ਵਿਚਾਰ ਸੀ ਕਿ, ‘‘ਸਾਡੇ ਮੁਲਕ ਵਿਚ ਵੀ ਅਲੀਗੜ੍ਹ ਕਾਲਜ, ਡੀ.ਏ.ਵੀ. ਕਾਲਜ ਖਾਲਸਾ ਕਾਲਜ, ਗੁਰੂ ਕੁੱਲ ਆਦਿ ਪਰਜਾ ਦੇ ਪੈਸੇ ਨਾਲ ਬਣਾਏ ਹੋਏ ਹਨ, ਪਰ ਸਾਰਿਆਂ ਨੂੰ ਸਰਕਾਰੀ ਕਾਇਦਿਆਂ ਵਿੱਚ ਚੱਲਣਾ ਪੈਂਦਾ ਹੈ, ਕਿਸੇ ਵੀ ਢੰਗ ਨਾਲ ਬਚ ਨਹੀਂ ਸਕਦੇ।’’ ਸਮੁੱਚੇ ਤੌਰ ਤੇ ਗ਼ਦਰੀਆਂ ਦੀ ਸਮਝ ਸੀ ਕਿ ਅੰਗਰੇਜ਼ ਜਿਹੜੀ ਵਿਦਿਆ ਲੋਕਾਂ ਨੂੰ ਦਿੰਦੇ ਹਨ ਉਹ ‘ਚੰਗੇ ਵਫ਼ਾਦਾਰ ਗ਼ੁਲਾਮ’ ਪੈਦਾ ਕਰਨ ਲਈ ਹੀ ਦਿੱਤੀ ਜਾਂਦੀ ਹੈ।
ਗ਼ਦਰੀ ਸੁਚੇਤ ਜਾਂ ਅਚੇਤ ਇਹ ਸਮਝ ਰੱਖਦੇ ਸਨ ਕਿ ਪੁਰਾਤਨ ਸਾਹਿਤ ਵੇਦ-ਪੁਰਾਣ-ਸ਼ਾਸਤਰ ਰਾਮਾਇਣ-ਮਹਾਭਾਰਤ ਲੋਕਮਨਾਂ ਨੂੰ ਜਕੜੀ ਰੱਖ ਕੇ ਗ਼ੁਲਾਮ ਕਦਰਾਂ ਕੀਮਤਾਂ ਸਿਖਾਉਦੇ ਸਨ। ਵਿਸ਼ੇਸ਼ ਤੌਰ ਤੇ ਉਨ੍ਹਾਂ ਦੇ ਸ਼ਖਸੀ ਆਜ਼ਾਦੀ, ਬੱਚਿਆਂ ਔਰਤਾਂ ਦੀ ਆਜ਼ਾਦੀ ਨਾਲ ਇਸਨੂੰ ਜੋੜਿਆ। ਪੱਛਮੀ ਜੀਵਨ ਵਿਚ ਵਿਅਕਤੀਗਤ ਸੁਤੰਤਰਤਾ ਦੇ ਵਿਚਾਰਾਂ ਤੋਂ ਇਹ ਪ੍ਰਭਾਵਿਤ ਸਨ। ਉਹ ਇਸ ਸੁਤੰਤਰਤਾ ਦੇ ਹਾਂ-ਪੱਖਾਂ ਦੀ ਪੈਰਵੀ ਕਰਦੇ ਹਨ। ਉਹ ਭਾਰਤੀ ਇਤਿਹਾਸ ਨੂੰ ਰਾਜਿਆਂ ਮਹਾਰਾਜਿਆਂ ਦਾ ਇਤਿਹਾਸ ਕਹਿੰਦੇ ਹਨ ਅਤੇ ਉਨ੍ਹਾਂ ਨੂੰ ਇਉ ਪ੍ਰਤੀਤ ਹੁੰਦਾ ਹੈ ਕਿ ਆਮ ਲੋਕਾਂ ਦੀ ਹੋਂਦ ਨੂੰ ਸਵੀਕਾਰ ਹੀ ਨਹੀਂ ਕੀਤਾ ਗਿਆ। ਇਸੇ ਦਿ੍ਰਸ਼ਟੀ ਤੋਂ ਉਹ ਰਾਮਾਇਣ ਦਾ ਮਨੋਰਥ ਨਿਸਚਿਤ ਕਰਦੇ ਹਨ ਜਿਸ ਅਨੁਸਾਰ, ‘‘ਰਮਾਇਣ ਦਾ ਅਸਲੀ ਮਨੋਰਥ ਇਹੀ ਹੈ ਕਿ ਪਰਜਾ ਰਾਜੇ ਦੀ ਗ਼ੁਲਾਮ ਰਹੇ, ਬੇਟੇ ਪਿਤਾ ਦੇ ਗ਼ੁਲਾਮ ਰਹਿਣ ਅਤੇ ਇਸਤਰੀ ਪਤੀ ਦੀ ਗ਼ੁਲਾਮ ਰਹੇ।’’ ਇਨ੍ਹਾਂ ਵਿਚਾਰਾਂ ਨੂੰ ਲਾਲਾ ਹਰਦਿਆਲ ਨੇ ਬਹੁਤ ਵਿਸਤਾਰ ਵਿਚ ਸਪੱਸ਼ਟ ਕੀਤਾ ਹੈ। ਮਨੁੱਖ ਨੂੰ ਗ਼ਦਰੀ ਉਸਦੀਆਂ ਸਾਰੀਆਂ ਸ਼ਕਤੀਆਂ ਦੇ ਵਿਕਾਸ ਦੇ ਰੂਪ ਵਿਚ ਵੇਖਣਾ ਚਾਹੁਦੰੇ ਹਨ ਤਾਂ ਕਿ ਉਹ ਸਮਾਜ ਦੀ ਸੇਵਾ ਕਰ ਸਕੇ। ਉਹ ਰਾਮਾਇਣ, ਰਾਮ ਦੀ ਪੂਜਾ ਨੂੰ ਗ਼ੁਲਾਮੀ ਮੰਨਦੇ ਹਨ। ‘‘ਜਿਸ ਕੌਮ ਦੀ ਧੌਣ ਹਮੇਸ਼ਾ ਰਾਜਾ ਰਾਣੀ ਅੱਗੇ ਝੁਕੀ ਰਹਿੰਦੀ ਹੈ ਅਤੇ ਦੋਵੇਂ ਹੱਥ ਰਾਜ ਪੂਜਾ ਵਿਚ ਬੱਧੇ ਰਹਿੰਦੇ ਹਨ, ਉਸ ਵਿਚ ਆਜ਼ਾਦ ਮਜ਼ਾਹ (ਧਰਮੀ) ਅਤੇ ਦਲੇਰ ਆਦਮੀ ਪੈਦਾ ਨਹੀਂ ਹੋ ਸਕਦੇ।’’ ਇਸੇ ਕਾਰਣ ਰਾਮ ਵਲੋਂ ਪਿਤਾ ਦੇ ਹੁਕਮ ਦਾ ਪਾਲਣ, ਸੀਤਾ ਦਾ ਤਿਆਗ ਆਦਿ ਘਟਨਾਵਾਂ ਨੂੰ ਗ਼ੁਲਾਮ ਜ਼ਹਿਨੀਅਤ ਦਾ ਪ੍ਰਗਟਾਵਾ ਮੰਨਿਆ ਗਿਆ ਹੈ।
ਗ਼ਦਰੀ ਛੱਤਰੀ ਰਾਜਿਆਂ ਅਤੇ ਬ੍ਰਾਹਮਣ ਦੋਨਾਂ ਨੂੰ ਕੌਮ ਦੇ ਦੁਸ਼ਮਣ ਮੰਨਦੇ ਹਨ। ਰਾਮ ਨੂੰ ਰਾਜਾ ਮੰਨ ਕੇ ਗ਼ਦਰੀ ਸੁਆਲ ਕਰਦੇ ਹਨ ਕਿ, ਜੋ ਪੁਰਸ਼ ਆਪਣੀ ਕਮਾਈ ਨਾਲ ਧੰਨ ਨਹੀਂ ਕਮਾਉਦਾ ਅਤੇ ਦੂਜਿਆਂ ਦੇ ਪੈਸੇ ਤੇ ਐਸ਼ ਲੁੱਟਦਾ ਹੈ, ਉਹ ਕਿਵੇਂ ਧਰਮਾਤਮਾ ਹੋ ਸਕਦਾ ਹੈ? ਗ਼ਦਰੀਆਂ ਨੇ ਰਾਜ-ਰਿਸ਼ੀ ਸ਼ਬਦ ੳੱੁਪਰ ਵੀ ਵਿਅੰਗ ਕੀਤਾ ਹੈ। ਸਵਾਲ ਹੈ, ਕੀ ਰਾਜਾ ਕਦੇ ਰਿਸ਼ੀ ਹੋ ਸਕਦਾ ਹੈ? ਭਾਰਤ ਵਿਚ ਔਰਤ ਦੀ ਭੈੜੀ ਸਥਿਤੀ ਉੱਪਰ ਤਾਂ ਲਗਾਤਾਰ ਚਰਚਾ ਹੁੰਦੀ ਰਹੀ ਹੈ ਪਰੰਤੂ ਬੱਚੇ ਵੀ ਮਾਂ-ਬਾਪ ਦੇ ਗ਼ੁਲਾਮ ਹਨ ਇਹ ਵਿਚਾਰ ਪਹਿਲੀ ਵਾਰ ਤੇ ਆਖਰੀ ਵਾਰ ਗ਼ਦਰੀ ਵਿਚਾਰਕਾਂ ਨੇ ਹੀ ਉਠਾਇਆ ਹੈ। ਗ਼ਦਰ ਲਹਿਰ ਬਾਰੇ ਵਿਚਾਰ ਕਰਨ ਵਾਲੇ ਵਿਦਵਾਨਾਂ ਦਾ ਵੀ ਇਸ ਪਾਸੇ ਧਿਆਨ ਨਹੀਂ ਗਿਆ। ਅੰਗਰੇਜ਼ ਰਾਜ ਵਿਚ ਲੋਕ ਗ਼ੁਲਾਮਾਂ ਦੇ ਵੀ ਗ਼ੁਲਾਮ ਹਨ ਇਹ ਗੱਲ ਗ਼ਦਰੀ ਹੀ ਸਮਝ ਸਕਦੇ ਸਨ। ‘‘ਹਿੰਦੁਸਤਾਨ ਵਿਚ ਬੱਚੇ, ਮਾਤਾ-ਪਿਤਾ ਤੇ ਇਸਤਰੀਆਂ ਪਤੀਆਂ ਦੀਆਂ, ਛੋਟੇ ਹਾਕਮ ਵੱਡੇ ਹਾਕਮਾਂ ਦੇ ਤੇ ਨੌਕਰ ਮਾਲਕਾਂ ਦੇ ਗ਼ੁਲਾਮ ਹਨ, ਅਰਥਾਤ ਸਾਰੇ ਦੇ ਸਾਰੇ ਹਿੰਦੁਸਤਾਨ ਦੀ ਵਿਦੇਸ਼ੀ ਗੌਰਮਿੰਟ ਅਤੇ ਰੱਦੀ ਤਰੀਕੇ ਦੇ ਰਾਜ ਹੋਣ ਦੇ ਦੁੱਖ ਉਠਾ ਰਹੇ ਹਨ।’’
ਔਰਤ ਦੇ ਦੂਸਰੇ ਵਿਆਹ ਦੀ ਮਨਾਹੀ ਅਤੇ ਸਤੀ ਹੋਣ ਨੂੰ ਗ਼ਦਰੀ ਆਪਣੇ ਦਿ੍ਰਸ਼ਟੀਕੋਣ ਤੋਂ ਦੇਖਦੇ ਹਨ। ‘‘ਇਸਤਰੀ ਜਾਇਦਾਦ ਵਾਂਗ ਪਤੀ ਮਰਨੇ ਦੇ ਪਿੱਛੋਂ ਦੂਜੇ ਮਾਲਕ ਨੂੰ ਨਹੀਂ ਦਿੱਤੀ ਜਾ ਸਕਦੀ। ਮਰਨੇ ਦੇ ਪਿੱਛੋਂ ਵੀ ਮਰਦ ਦਾ ਹੱਕ ਮਲਕੀਅਤ ਬਰਕਰਾਰ ਰਹਿੰਦਾ ਹੈ।’’ ਗ਼ਦਰੀ ਪਤੀ ਪੂਜਾ ਨੂੰ ਮੂਰਤੀ ਪੂਜਾ ਤੋਂ ਵੀ ਖ਼ਤਰਨਾਕ ਮੰਨਦੇ ਹਨ। ਬੱਚਿਆਂ ਦੀ ਗ਼ੁਲਾਮੀ ਨੂੰ ਉੱਨਤੀ ਦੀ ਵਿਨਾਸ਼ਕ ਮੰਨਿਆ ਗਿਆ ਹੈ। ਅਠਾਰਾਂ ਸਾਲ ਤਕ ਹੀ ਆਗਿਆਕਾਰੀ ਹੋਣ ਦੇ ਅਰਥ ਮੰਨੇ ਗਏ ਹਨ, ‘ਮਗਰ 18 ਬਰਸ ਤੋਂ ਪਿੱਛੋਂ ਜਾਂ ਕੁਝ ਪਹਿਲੇ ਹੀ ਹਰ ਇਕ ਨੌਜਵਾਨ ਅਤੇ ਹਰ ਇਕ ਇਸਤਰੀ ਨੂੰ ਆਜ਼ਾਦ ਰਹਿ ਕੇ ਆਪਣੀ ਜ਼ਿੰਦਗੀ ਗੁਜ਼ਾਰਨੀ ਚਾਹੀਦੀ ਹੈ।
ਅੱਜ ਅਸੀਂ ਸੌ ਸਾਲ ਬਾਅਦ ਵੀ ਗ਼ਦਰੀ ਸੋਚਵਾਨਾਂ ਦੇ ਬਰਾਬਰ ਨਹੀਂ ਹੋ ਸਕੇ। ਗ਼ਦਰੀ ਪੀੜ੍ਹੀ ਦਰ ਪੀੜ੍ਹੀ ਆਗਿਆਕਾਰੀ ਹੋਣ ਨੂੰ ਕਿਵੇਂ ਲੈਂਦੇ ਸਨ, ਇਨ੍ਹਾਂ ਸ਼ਬਦਾਂ ਤੋਂ ਵੇਖਿਆ ਜਾ ਸਕਦਾ ਹੈ। ‘‘ਜਦੋਂ ਆਗਿਆਕਾਰੀ ਨੂੰ ਸਭ ਤੋਂ ਵੱਡਾ ਫ਼ਰਜ਼ ਸਮਝਿਆ ਜਾਵੇ ਤਾਂ ਪਿਤਾ ਅਤੇ ਪੜਪੋਤੇ ਅਤੇ ਪੜੋਤੇ ਊਠਾਂ ਦਾ ਕਾਫ਼ਲਾ ਬਣ ਜਾਂਦਾ ਹੈ ਜਿਨ੍ਹਾਂ ਸਾਰਿਆਂ ਦੇ ਨੱਕ ਵਿਚ ਇਕੋ ਹੀ ਨਕੇਲ ਹੈ, ਫਿਰ ਖਿਆਲ ਸਾਰੇ ਹੀ ਦੱਬ ਜਾਂਦੇ ਹਨ।’’ ਗ਼ਦਰੀਆਂ ਨੂੰ ‘ਬੇਅਸੂਲ ਕਬੀਲਾ ਮਾਲਕ ਅਤੇ ਥੋਥੇ ਨੌਜਵਾਨ ਦੀ ਕੋਈ ਲੋੜ’ ਨਹੀਂ ਸੀ।
ਗ਼ਦਰੀ ਲਹਿਰ ਦੀਆਂ ਦਸਤਾਵੇਜ਼ਾਂ ਦਾ ਅਧਿਐਨ ਸੱਚਮੁੱਚ ਹੀ ਅੱਖਾਂ ਖੋਲ੍ਹ ਦੇਣ ਵਾਲਾ ਹੈ। ਇਨ੍ਹਾਂ ਦਸਤਾਵੇਜ਼ਾਂ ਦੇ ਅਧਿਐਨ ਤੋਂ ਬਗ਼ੈਰ ਨਾਂ ਤਾਂ ਅਸੀਂ ਆਪ ਹੀ ਸੁਜਾਖੇ ਹੋ ਸਕਾਂਗੇ ਅਤੇ ਨਾ ਹੀ ਫ਼ਾਲਤੂ ਕਿਸਮ ਦੇ ਉਠਾਏ ਜਾਂਦੇ ਸਵਾਲਾਂ ਦੇ ਜਵਾਬ ਹੀ ਸਹੀ ਤਰੀਕੇ ਨਾਲ ਦੇ ਸਕਦੇ ਹਾਂ। ਅਸੀਂ ਚਹਾਂਗੇ ਕਿ ਸਹੀ ਸੋਚ ਨਾਲ ਜੁੜੇ ਹਰ ਵਿਅਕਤੀ ਨੂੰ ਗ਼ਦਰੀ ਵਿਚਾਰਵਾਨਾਂ ਦੀਆਂ ਲਿਖਤਾਂ ਦਾ ਅਧਿਐਨ ਕਰਨਾ ਚਾਹੀਦਾ ਹੈ, ਜੋ ਹੁਣ ਆਮ ਉਪਲੱਬਧ ਹੋ ਗਈਆਂ ਹਨ।