•ਪ੍ਰਗਤੀ ਗੁਪਤਾ
“ਕਿੰਨਾ ਡਰਦੀ ਹੈਂ ਤੂੰ ਮਾਂ! ਸਾਰਾ-ਸਾਰਾ ਦਿਨ ਬਸ ਗੁੱਡੂ ਜੀਜੀ ਦੀ ਚਿੰਤਾ… ਗੁੱਡੂ ਨੇ ਸਕੂਲ ਜਾਣਾ ਹੈ! ਕਦੋਂ ਆਉਣਾ ਹੈ! ਕੌਣ ਉਹਨੂੰ ਲੈਣ ਜਾਵੇਗਾ! ਅੱਜ ਟੈਕਸੀ ਵਾਲਾ ਨਹੀਂ ਆਇਆ ਤਾਂ ਬਾਬਾ ਜਾਣਗੇ ਜਾਂ ਦਾਦਾ! ਸਾਰਾ-ਸਾਰਾ ਦਿਨ ਬਸ ਜੀਜੀ ਦੀ ਚਿੰਤਾ… ਸਿਰਫ਼ ਜੀਜੀ ਦੀ ਚਿੰਤਾ…”
ਮਾਂ ਕਹਿੰਦੀ ਹੈ- “ਅੱਜਕੱਲ੍ਹ ਮਾਹੌਲ ਬੜਾ ਖ਼ਰਾਬ ਚੱਲ ਰਿਹਾ ਹੈ… ਛੋਟੀਆਂ-ਵੱਡੀਆਂ ਕੁੜੀਆਂ ਨੂੰ ਕਿਤੇ ਵੀ ਇਕੱਲਿਆਂ ਛੱਡਣਾ ਅਤੇ ਜਾਣਾ ਬੜਾ ਖ਼ਤਰਨਾਕ ਹੈ… ਪਤਾ ਨਹੀਂ ਕਦੋਂ ਮੁਸੀਬਤ ਆ ਜਾਵੇ… ਅੱਜ ਦੇ ਸਮੇਂ ਵਿਚ ਪੜ੍ਹਾਉਣਾ ਵੀ ਜ਼ਰੂਰੀ ਹੋ ਗਿਆ ਹੈ। ਜੀਜੀ ਹੁਣ ਵੱਡੀ ਹੋ ਗਈ ਹੈ ਨਾ ਨੰਦੂ! ਤੂੰ ਵੀ ਜੀਜੀ ਦਾ ਧਿਆਨ ਰੱਖਿਆ ਕਰ ਪੁੱਤ…।”
ਦਿਨ ਵਿੱਚ ਪੰਜ-ਛੇ ਵਾਰੀ ਨੰਦੂ ਇਹੋ ਕੁਝ ਸੁਣਦਾ। ਮਾਂ ਦੀਆਂ ਚਿੰਤਾਵਾਂ ਵੀ ਠੀਕ ਸਨ।

ਨੰਦੂ ਵੀ ਤਾਂ ਚੌਦਾਂ ਸਾਲ ਦਾ ਹੋ ਗਿਆ ਸੀ। ਹਰ ਰੋਜ਼ ਹੀ ਜੀਜੀ ਦੀ ਅਤੇ ਜੀਜੀ ਲਈ ਸੁਣਦਾ-ਸੁਣਦਾ ਨੰਦੂ ਵੀ ਬੋਰ ਜਿਹਾ ਹੋ ਗਿਆ ਸੀ। ਫਿਰ ਇੱਕ ਦਿਨ ਅਚਾਨਕ ਮਾਂ ਦੇ ਵਾਰ-ਵਾਰ ਦੁਹਰਾਉਣ ਤੇ ਜ਼ੋਰ ਨਾਲ ਚੀਕ ਹੀ ਪਿਆ…
“ਕੀ ਸਾਰਾ-ਸਾਰਾ ਦਿਨ ਗੁੱਡੂ ਜੀਜੀ ਦੀ ਚਿੰਤਾ ਕਰਦੀ ਰਹਿੰਦੀ ਹੈਂ ਮਾਂ! ਕਦੇ ਸੋਚਿਐ, ਮੈਂ ਵੀ ਵੱਡਾ ਹੋ ਰਿਹਾ ਹਾਂ… ਜਿੰਨੀਆਂ ਅੱਖਾਂ ਜੀਜੀ ਦੇ ਪਿੱਛੇ ਲੱਗੀਆਂ ਰਹਿੰਦੀਆਂ ਨੇ ਦਬੋਚਣ ਲਈ, ਉਨੀਆਂ ਹੀ ਮੇਰੇ ਪਿੱਛੇ ਲੱਗੀਆਂ ਨੇ!… ਉਹ ਗੁਆਂਢ ਵਾਲੇ ਅੰਕਲ, ਪਤਾ ਹੈ, ਕਿਹੋ ਜਿਹੇ ਲਾਲਚ ਦੇ ਕੇ ਮੈਨੂੰ ਥਾਂ ਥਾਂ ਤੋਂ ਛੂੰਹਦੇ ਹਨ!… ਅਤੇ ਉਹ ਦੂਰ ਦੀ ਰਿਸ਼ਤੇਦਾਰ ਮਾਸੀ, ਜਦੋਂ ਵੇਖੋ, ਉਦੋਂ ਮੈਨੂੰ ਗ਼ਲਤ-ਮਲਤ ਉਕਸਾਉਂਦੀ ਰਹਿੰਦੀ ਹੈ।… ਮਾਂ! ਇਹ ਤੈਨੂੰ ਸਮਝ ਨਹੀਂ ਆਵੇਗਾ… ਤੈਨੂੰ ਸਿਰਫ਼ ਜੀਜੀ ਹੀ ਨਜ਼ਰ ਆਉਂਦੀ ਹੈ। ਤੂੰ ਉਹਨੂੰ ਤਾਂ ਬਚਾ ਲਿਆ, ਪਰ ਮੇਰਾ ਕੀ? ਤੈਨੂੰ ਲੱਗਦਾ ਹੈ… ਮੈਂ ਮੁੰਡਾ ਹਾਂ, ਮੈਨੂੰ ਕਦੇ ਕੁਝ ਨਹੀਂ ਹੋਵੇਗਾ।”
“ਮਾਂ! ਪਤਾ ਨਹੀਂ ਕਿੰਨੇ ਭੇੜੀਏ ਬੈਠੇ ਹਨ ਇਨਸਾਨਾਂ ਦੇ ਭੇਸ ਵਿੱਚ… ਬਸ ਸਰੀਰ ਚਾਹੀਦਾ ਹੈ ਉਨ੍ਹਾਂ ਨੂੰ… ਉਨ੍ਹਾਂ ਨੂੰ ਮੁੰਡਾ ਕੁੜੀ ਸਮਝ ਨਹੀਂ ਲੱਗਦਾ।” ਚੀਕਦੇ-ਚੀਕਦੇ ਕਦੋਂ ਨੰਦੂ ਖਲਾਅ ਵਿੱਚ ਵੇਖਣ ਲੱਗ ਪਿਆ ਅਤੇ ਸਭ ਗੱਲਾਂ ਤੋਂ ਬੇਖ਼ਬਰ ਲਗਾਤਾਰ ਬੁੜਬੁੜ ਕਰਦਾ ਰਿਹਾ…
“ਮਾਂ! ਕਦੇ ਮੈਨੂੰ ਵੀ ਸੁਣ ਲਿਆ ਕਰ… ਮੇਰੀ ਵੀ ਚਿੰਤਾ ਕਰ ਲਿਆ ਕਰ! ਕਦੇ ਮੈਨੂੰ ਵੀ ਸੁਣ ਲਿਆ ਕਰ…।”
ਸੰਨਾਟੇ ਵਿੱਚ ਉਹਦੀ ਸਿਸਕੀਆਂ ਦੀ ਗੂੰਜ ਸੁਣਨ ਵਾਲਾ ਸ਼ਾਇਦ ਉੱਥੇ ਕੋਈ ਨਹੀਂ ਸੀ।
****
ਆਈਸੀਯੂ
“ਨਲਿਨੀ, ਬੈੱਡ ਨੰਬਰ ਚਾਰ ਦੇ ਮਰੀਜ਼ ਦਾ ਆਕਸੀਜਨ ਲੈਵਲ ਵਧਾ ਦਿਓ। ਉਹਦੀਆਂ ਦਵਾਈਆਂ ਵੀ ਬਦਲ ਰਿਹਾ ਹਾਂ। .. ਸ਼ਾਇਦ ਆਰਾਮ ਆ ਜਾਵੇ। ਬੈੱਡ ਨੰਬਰ ਅੱਠ ਵਿਚ ਸੁਧਾਰ ਹੋ ਰਿਹਾ ਹੈ, ਉਹਨੂੰ ਆਕਸੀਜਨ ਦੀ ਲੋੜ ਨਹੀਂ… ਵਾਰਡ ਵਿਚ ਸ਼ਿਫਟ ਕਰਵਾ ਦਿਓ। ਮਰੀਜ਼ ਸੁਰੇਸ਼ ਦੀ ਡਿਸਚਾਰਜ ਸਲਿਪ ਬਣਵਾ ਦਿਓ।… ਗ਼ਰੀਬ ਹੈ… ਮੈਡੀਕਲ ਸਟੋਰ ਨੂੰ ਕਹਿ ਦੇਣਾ, ਬਿਲ ਵਿੱਚ ਰਿਆਇਤ ਕਰ ਦੇਵੇ!”
ਜ਼ਿੰਦਗੀ-ਮੌਤ ਨਾਲ ਜੂਝਦੇ ਹੋਏ ਡਾ. ਵਿਕਾਸ ਦੇ ਦਿਮਾਗ ਵਿਚ ਉਹਦੇ ਮਰੀਜ਼ ਹੀ ਘੁੰਮ ਰਹੇ ਸਨ। ਹਰ ਮਰੀਜ਼ ਉਨ੍ਹਾਂ ਦਾ ਸੀ ਅਤੇ ਉਹ ਹਰ ਮਰੀਜ਼ ਲਈ ਚੌਵੀ ਘੰਟੇ ਹਾਜ਼ਰ ਰਹਿੰਦੇ ਸਨ। ਗਫ਼ਲਤ ਵਿਚ ਕਈ ਵਾਰੀ ਨਰਸ ਨਲਿਨੀ ਨੂੰ ਮਹਿਸੂਸ ਹੁੰਦਾ ਕਿ ਡਾ. ਵਿਕਾਸ ਭਰੇ ਹੋਏ ਗਲ਼ੇ ਨਾਲ ਬੋਲ ਰਹੇ ਹਨ। ਪਿਛਲੇ ਅੱਠ ਦਿਨਾਂ ਤੋਂ ਕੋਰੋਨਾ ਪੀਡ਼ਤ ਡਾ. ਵਿਕਾਸ ਦੀ ਬੁੜਬੁੜਾਹਟ ਨਰਸ ਨਲਿਨੀ ਦੀਆਂ ਅੱਖਾਂ ਨੂੰ ਸੁੱਕਣ ਨਹੀਂ ਦੇ ਰਹੀ ਸੀ। ਦੋ ਦਿਨਾਂ ਤੋਂ ਉਨ੍ਹਾਂ ਦਾ ਵੈਂਟੀਲੇਟਰ ਹਟਾਉਂਦੇ ਹੀ ਆਕਸੀਜਨ ਦਾ ਲੈਵਲ ਕਾਫ਼ੀ ਘੱਟ ਰਿਹਾ ਸੀ। ਪਰ ਹੋਣੀ ਨੂੰ ਕੌਣ ਟਾਲ ਸਕਿਆ ਸੀ।
ਵਿਦਾ ਲੈਣ ਵਾਲੇ ਦੂਜੇ ਮਰੀਜ਼ਾਂ ਵਾਂਗ ਅੱਜ ਜਦੋਂ ਨਲਿਨੀ ਡਾ. ਵਿਕਾਸ ਦੇ ਸਰੀਰ ਤੇ ਲੱਗੀਆਂ ਨਲਕੀਆਂ ਨੂੰ ਇੱਕ-ਇੱਕ ਕਰਕੇ ਲਾਹ ਰਹੀ ਸੀ… ਫੁੱਟ-ਫੁੱਟ ਕੇ ਰੋ ਪਈ। ਉਹਨੂੰ ਡਾ. ਵਿਕਾਸ ਦੀਆਂ ਕਹੀਆਂ ਆਖਰੀ ਪੰਕਤੀਆਂ ਜਿਵੇਂ ਫਿਰ ਤੋਂ ਸੁਣਾਈ ਦੇਣ ਲੱਗੀਆਂ ਸਨ…
“ਬੜੇ ਦਿਨ ਹੋ ਗਏ ਮਾਂ… ਤੁਹਾਨੂੰ ਵੇਖਿਆਂ! ਤੁਹਾਡੇ ਨਾਲ ਫੋਨ ਤੇ ਵੀ ਦੌੜਦੇ-ਭੱਜਦੇ ਹੀ ਗੱਲਾਂ ਕਰਦਾ ਰਿਹਾ ਹਾਂ। ਤੁਹਾਨੂੰ ਮਿਲਣ ਨਹੀਂ ਆ ਸਕਿਆ, ਕਿਉਂਕਿ ਅਜੇ ਤਕ ਤੁਹਾਡੇ ਉੱਥੇ ਇਕ ਵੀ ਕੋਰੋਨਾ ਦਾ ਮਰੀਜ਼ ਨਹੀਂ ਹੈ।… ਤੁਹਾਨੂੰ ਗੁਆਂਢੀਆਂ ਦੇ ਭਰੋਸੇ ਛੱਡ ਦਿੱਤਾ… ਹਮੇਸ਼ਾ ਡਰਦਾ ਰਿਹਾ… ਜਿਸ ਬੀਮਾਰੀ ਦੇ ਮਰੀਜ਼ਾਂ ਨਾਲ ਚੌਵੀ ਘੰਟੇ ਜੂਝ ਰਿਹਾ ਹਾਂ, ਉਹ ਇਨਫੈਕਸ਼ਨ ਤੁਹਾਨੂੰ ਨਾ ਹੋ ਜਾਵੇ! ਮੈਨੂੰ ਨਹੀਂ ਪਤਾ, ਹੁਣ ਮੇਰੇ ਕਿੰਨੇ ਸਾਹ ਬਾਕੀ ਨੇ! ਗੁਜ਼ਰੇ ਹੋਏ ਅੱਠ ਮਹੀਨਿਆਂ ਤੋਂ ਜਿਸ ਬੇਟੇ ਨੇ ਤੁਹਾਨੂੰ ਨਹੀਂ ਵੇਖਿਆ, ਉਹਨੂੰ ਜਾਣ ਤੋਂ ਪਿੱਛੋਂ ਵੀ ਨਹੀਂ ਵੇਖ ਸਕੋਗੇ… ਅਣਕਹੀ ਚੀਸ ਰਹਿ ਗਈ ਮਾਂ!… ਜਦੋਂ ਅਸਲੀ ਸੇਵਾ ਦਾ ਮੌਕਾ ਆਇਆ, ਸੱਦਾ ਵੀ ਨਾਲ ਆ ਹੀ ਗਿਆ।”
ਪਤਾ ਨਹੀਂ ਕਿੰਨੀ ਦੇਰ ਡਾ. ਵਿਕਾਸ ਡੁਸਕਦੇ ਰਹੇ। ਨਲਿਨੀ ਨੇ ਡਾ. ਵਿਕਾਸ ਦੀਆਂ ਆਖ਼ਰੀ ਗੱਲਾਂ ਨੂੰ ਰਿਕਾਰਡ ਕਰਕੇ ਮਾਂ ਤਕ ਭਿਜਵਾਉਣ ਦਾ ਫ਼ੈਸਲਾ ਕਰ ਲਿਆ ਸੀ। ਆਪਣੇ ਪਰਿਵਾਰ ਨੂੰ ਇਨਫੈਕਸ਼ਨ ਤੋਂ ਬਚਾਉਣ ਲਈ ਖ਼ੁਦ ਨੂੰ ਮਾਪਿਆਂ ਤੋਂ ਦੂਰ ਕਰ ਲੈਣਾ ਸੌਖਾ ਨਹੀਂ ਹੁੰਦਾ- ਨਲਿਨੀ ਨੂੰ ਚੰਗੀ ਤਰ੍ਹਾਂ ਪਤਾ ਸੀ।
ਪੂਰੀ ਮੈਡੀਕਲ ਬ੍ਰਿਗੇਡ ਦਾ ਜੀਵਨ ਅੱਜਕੱਲ੍ਹ ਇਹੋ ਸੀ। ਆਪਸ ਵਿੱਚ ਨਮਸਕਾਰ ਕਰਨ ਤੋਂ ਇਲਾਵਾ ਕਿਸੇ ਕੋਲ ਹੋਰ ਕੁਝ ਵੀ ਨਹੀਂ ਸੀ।
**** #ਲੇਖਿਕਾ : ਪ੍ਰਗਤੀ ਗੁਪਤਾ, 58, ਸਰਦਾਰ ਕਲੱਬ ਸਕੀਮ, ਜੋਧਪੁਰ-342001 ਫ਼ੋਨ : 7425834878 | pragtigupta.raj@gmail.com #ਅਨੁਵਾਦ : ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015