•ਮੂਲ : ਅੰਜਨਾ ਛਲੋਤ੍ਰੇ
■ ਅਨੁ : ਪ੍ਰੋ. ਨਵ ਸੰਗੀਤ ਸਿੰਘ
“ਨਵੀਂ ਟੀਚਰ ਹੈ।” ਸਾਰੇ ਥਾਂ, ਕਾਲਜ ਵਿੱਚ ਇਹੀ ਚਰਚਾ ਸੀ।
“ਬੜੀ ਸਖਤ ਲੱਗਦੀ ਹੈ।” ਮੀਨਾ ਬੋਲੀ
“ਉਹ ਨਹੀਂ ਬਈ, ਸਿੰਪਲ ਜਿਹੀ ਲੱਗਦੀ ਹੈ ਮੈਨੂੰ ਤਾਂ…” ਤਨੂੰ ਬੋਲੀ।
“ਹੁਣੇ ਪਤਾ ਲੱਗ ਜਾਵੇਗਾ। ਅੱਜ ਕਲਾਸ ਵਿੱਚ ਆਵੇਗੀ, ਉਦੋਂ।” ਵਿਮਲ ਬੋਲਿਆ।
“ਹਾਂ, ਇਹ ਗੱਲ ਤਾਂ ਹੈ, ਪਰ ਪਹਿਲਾ ਦਿਨ ਹੈ। ਸਾਨੂੰ ਅਤੇ ਉਨ੍ਹਾਂ ਨੂੰ ਯਾਦ ਰੱਖਣ ਲਈ ਕੁਝ ਕੀਤਾ ਜਾਵੇ। ਕਿਉਂ ਠੀਕ ਹੈ?” ਰਘੂ ਬੋਲਿਆ।
“ਹਾਂ-ਹਾਂ, ਹੋ ਜਾਏ।” ਸਾਰੇ ਇੱਕੋ ਆਵਾਜ਼ ਵਿੱਚ ਬੋਲੇ ਅਤੇ ਸਿਰ ਜੋੜ ਕੇ ਸੋਚਣ ਲੱਗੇ।
ਨਵੇਂ ਟੀਚਰ ਦੇ ਆਉਂਦਿਆਂ ਹੀ ਸਾਰੇ ਚੁੱਪਚਾਪ ਬੈਠੇ ਰਹੇ। ਟੀਚਰ ਨੇ ਇੱਕ ਨਜ਼ਰ ਕਲਾਸ ਵਿਚ ਮਾਰੀ ਅਤੇ ਚੁੱਪਚਾਪ ਆਪਣੀ ਕੁਰਸੀ ਤੇ ਜਾ ਬੈਠੀ।
ਪੰਜ ਮਿੰਟ ਦੀ ਖ਼ਾਮੋਸ਼ੀ ਪਿੱਛੋਂ ਕੁਝ ਫੁਸਫੁਸਾਹਟ ਜਿਹੀ ਸੁਣਾਈ ਦਿੱਤੀ। ਉਦੋਂ ਹੀ ਇੱਕ ਵਿਦਿਆਰਥੀ ਖੜ੍ਹਾ ਹੋ ਕੇ ਬੋਲਿਆ, “ਗੁੱਡ ਮਾਰਨਿੰਗ ਮੈਮ!”
“ਮਾਰਨਿੰਗ!” ਉਹ ਖੜ੍ਹਾ ਰਿਹਾ।
“ਕੁਝ ਕਹਿਣਾ ਹੈ?” ਨਵੀਂ ਟੀਚਰ ਨੇ ਪੁੱਛਿਆ।
“ਜੀ ਮੈਮ, ਤੁਸੀਂ ਆਪਣੇ ਬਾਰੇ ਦੱਸੋ। ਫਿਰ ਮੈਂ ਆਪਣੀ ਜਾਣਕਾਰੀ ਦੇਵਾਂਗਾ।” ਸਹਿਜ-ਭਾਵ ਨਾਲ ਉਹ ਬੋਲਿਆ।
“ਜੇ ਤੈਨੂੰ ਹੀ ਮੇਰੀ ਜਾਣਕਾਰੀ ਚਾਹੀਦੀ ਹੈ, ਤਾਂ ਸਟਾਫ਼ ਰੂਮ ਵਿੱਚ ਆ ਜਾਣਾ ਅਤੇ ਜੇ ਇੱਥੇ ਬੈਠੇ ਸਾਰਿਆਂ ਨੂੰ ਮੇਰੀ ਜਾਣਕਾਰੀ ਚਾਹੀਦੀ ਹੈ, ਤਾਂ ਹੱਥ ਉੱਚਾ ਕਰ ਲਓ…।” ਟੀਚਰ ਨੇ ਕਿਹਾ।
ਦੋ ਮਿੰਟ ਖਾਮੋਸ਼ੀ ਰਹੀ। ਉਤਸੁਕਤਾ ਤਾਂ ਸਾਰਿਆਂ ਨੂੰ ਸੀ। ਇਸ ਲਈ ਹੌਲੀ-ਹੌਲੀ ਸਾਰਿਆਂ ਦੇ ਹੱਥ ਉੱਚੇ ਹੋਣ ਲੱਗੇ।
“ਤੁਸੀਂ ਮੇਰੇ ਨਾਲ ਜੋ ਵਿਹਾਰ ਕਰੋਗੇ, ਉਹੀ ਵਿਹਾਰ ਮੈਥੋਂ ਮਿਲੇਗਾ। ਰਹੀ ਗੱਲ ਕਾਲਜ ਵਿਚ ਪੜ੍ਹਾਈ ਦੀ, ਉਹ ਤੁਹਾਡੀ ਮਰਜ਼ੀ। ਪੜ੍ਹਨਾ ਚਾਹੋ, ਤਾਂ ਪੜ੍ਹਾਵਾਂਗੀ, ਨਹੀਂ ਤਾਂ ਛੁੱਟੀ ਸਮਝੋ। ਮੈਨੂੰ ਇਸ ਗੱਲ ਨਾਲ ਕੋਈ ਲੈਣਾ-ਦੇਣਾ ਨਹੀਂ ਕਿ ਤੁਸੀਂ ਕਾਲਜ ਦੀ ਪੜ੍ਹਾਈ ਪਿੱਛੋਂ ਚਾਹ ਵੇਚਦੇ ਹੋ, ਪਕੌੜੇ ਵੇਚਦੇ ਹੋ ਜਾਂ ਨੌਕਰੀ ਲਈ ਸੜਕਾਂ ਕੱਛਦੇ ਹੋ… ਇਸ ਲਈ ਅੱਗੇ ਤੋਂ ਧਿਆਨ ਰੱਖੋ। ਟੀਚਰ ਦਾ ਕੰਮ ਸਿਰਫ਼ ਮਾਰਗਦਰਸ਼ਨ ਕਰਨਾ ਹੁੰਦਾ ਹੈ। ਜੀਹਨੇ ਅੱਗੇ ਵਧਣਾ ਹੈ, ਉਹਦਾ ਸਵਾਗਤ ਹੈ…।”
ਇੰਨਾ ਕਹਿ ਕੇ ਸਾਰਿਆਂ ਨੂੰ ਹੈਰਾਨਕੁੰਨ ਛੱਡ ਕੇ ਮੈਡਮ ਕਲਾਸ ‘ਚੋਂ ਬਾਹਰ ਚਲੀ ਗਈ।
***
# anjana.savi@gmail.com # ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.