Friday, January 27, 2023
Punjabi Phulwari
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
Subscribe
No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ
No Result
View All Result
Punjabi Phulwari
No Result
View All Result

ਫ਼ੌਜੀ ਅਤੇ ਬੰਦੂਕ

ਹਿੰਦੀ ਕਹਾਣੀ

PunjabiPhulwari by PunjabiPhulwari
January 20, 2022
Reading Time: 3 mins read
327 4
0
Painting: Chetan Patel

Painting: Chetan Patel

91
SHARES
479
VIEWS
Share on FacebookShare on TwitterShare on WhatsAppShare on Telegram
 ■ ਮੂਲ : ਸੁਰੇਸ਼ ਬਰਨਵਾਲ 
— ਅਨੁ : ਪ੍ਰੋ. ਨਵ ਸੰਗੀਤ ਸਿੰਘ 
ਚਾਰੇ ਪਾਸੇ ਬਰਫ਼ ਹੀ ਬਰਫ਼ ਸੀ। ਮੌਤ ਦੀ ਸ਼ਾਂਤੀ ਸਾਰੇ ਪਾਸੇ ਛਾਈ ਹੋਈ ਸੀ। ਬਸ ਕਦੇ-ਕਦੇ ਕਿਸੇ ਬੰਦੂਕ ਦੇ ਚੱਲਣ ਦੀ ਆਵਾਜ਼ ਗੂੰਜ ਉੱਠਦੀ ਸੀ ਅਤੇ ਫਿਰ ਇੱਕ ਚੀਕ ਦੀ ਆਵਾਜ਼ ਵੀ ਪਿੱਛੇ-ਪਿੱਛੇ ਆ ਜਾਂਦੀ ਸੀ। ਕਿਤੇ ਇੱਕ ਜੀਵਨ ਖ਼ਤਮ ਹੋ ਜਾਂਦਾ ਸੀ। 
ਇਸੇ ਬਰਫ਼ ਦੀ ਅੰਤਹੀਣ ਚਾਦਰ ਉੱਤੇ ਲੜਖੜਾਉਂਦੇ ਕਦਮਾਂ ਨਾਲ ਇਕ ਫ਼ੌਜੀ ਤੁਰਿਆ ਆ ਰਿਹਾ ਸੀ। ਉਹਦੀ ਟੁਕੜੀ ਦੇ ਲਗਪਗ ਸਾਰੇ ਫ਼ੌਜੀ ਮਾਰੇ ਜਾ ਚੁੱਕੇ ਸਨ ਅਤੇ ਜੇ ਕੋਈ ਬਚ ਵੀ ਗਿਆ ਸੀ ਤਾਂ ਉਸ ਨੂੰ ਪਤਾ ਨਹੀਂ ਸੀ ਕਿ ਉਹ ਕਿੱਥੇ ਹੈ। ਉਹ ਖ਼ੁਦ ਰਾਹ ਭੁੱਲ ਗਿਆ ਸੀ। ਚਲਦੇ-ਚਲਦੇ ਉਹਦਾ ਸਰੀਰ ਥੱਕ ਕੇ ਚੂਰ ਹੋ ਗਿਆ ਸੀ। ਚੌਵੀ ਘੰਟੇ ਤੋਂ ਉਹਨੇ ਕੁਝ ਨਹੀਂ ਖਾਧਾ ਸੀ। ਉਹਦੇ ਮੋਢਿਆਂ ਤੇ ਟੰਗੀ ਕਿੱਟ ਵਿੱਚ ਬਿਸਕੁਟ ਦਾ ਇਕ ਆਖ਼ਰੀ ਟੁਕੜਾ ਬਾਕੀ ਸੀ, ਜੋ ਕਿ ਉਹਨੇ ਉਦੋਂ ਤਕ ਲਈ ਬਚਾ ਕੇ ਰੱਖਿਆ ਹੋਇਆ ਸੀ, ਜਦੋਂ ਤਕ ਉਹ ਉਹਨੂੰ ਬਚਾ ਸਕਦਾ ਸੀ। ਉਹਨੂੰ ਡਰ ਸੀ ਕਿ ਇਸ ਭੈੜੀ ਹਾਲਤ ਤੋਂ ਵੀ ਭੈੜੀ ਹਾਲਤ ਹੋ ਸਕਦੀ ਹੈ। ਉਸ ਵੇਲੇ ਇਹ ਬਿਸਕੁਟ ਦਾ ਟੁਕੜਾ ਉਹਦੇ ਕਿਸੇ ਕੰਮ ਆ ਸਕਦਾ ਹੈ। ਉਹਦੇ ਮੋਢੇ ਤੇ ਪਾਣੀ ਦੀ ਬੋਤਲ ਵਿਚ ਕੁਝ ਹੀ ਘੁੱਟਾਂ ਪੀਣ-ਯੋਗ ਪਾਣੀ ਬਚਿਆ ਸੀ। ਦੋ ਘੰਟੇ ਪਹਿਲਾਂ ਉਹ ਨੇ ਇਕ ਘੁੱਟ ਪਾਣੀ ਪੀਤਾ ਸੀ ਅਤੇ ਉਸ ਤੋਂ ਬਾਅਦ ਵੀ ਬੋਤਲ ਦੇ ਭਾਰ ਨੂੰ ਤੋਲ ਕੇ ਅੰਦਾਜ਼ਾ ਲਾਇਆ ਸੀ ਕਿ ਕਿੰਨੇ ਘੁੱਟ ਪਾਣੀ ਹੋਰ ਉਸ ਵਿਚ ਬਚਿਆ ਹੋਵੇਗਾ। ਉਹਦੀ ਵਰਦੀ ਕਈ ਥਾਂਵਾਂ ਤੋਂ ਪਾਟ ਚੁੱਕੀ ਸੀ। ਬਾਂਹ ਵਿੱਚ ਹੋਏ ਇੱਕ ਜ਼ਖ਼ਮ ਤੋਂ ਖੂਨ ਨਿਕਲ ਕੇ ਸੁੱਕ ਗਿਆ ਸੀ। ਪਰ ਵਰਦੀ ਬਾਂਹ ਦੇ ਕੋਲੋਂ ਪੂਰੀ ਲਾਲ ਹੋ ਗਈ ਸੀ। ਜ਼ਖ਼ਮ ਵਿੱਚ ਰਹਿ-ਰਹਿ ਕੇ ਸੁੱਕੀ ਜਿਹੀ ਟੀਸ ਉੱਠ ਰਹੀ ਸੀ। ਉਹਦੇ ਇਕ ਹੱਥ ਵਿਚ ਬੰਦੂਕ ਸੀ ਅਤੇ ਕਮਰ ਤੇ ਬਹੁਤ ਸਾਰੇ ਕਾਰਤੂਸ। ਕਿੰਨੀ ਅਜੀਬ ਗੱਲ ਸੀ ਕਿ ਲਗਪਗ ਮਰਨ ਦੀ ਹਾਲਤ ਵਿਚ ਚੱਲਦੇ ਫ਼ੌਜੀ ਕੋਲ ਜੀਵਨ ਬਚਾਉਣ ਦੀ ਸਮੱਗਰੀ ਨਾਂਹ ਦੇ ਬਰਾਬਰ ਸੀ ਅਤੇ ਜੀਵਨ ਖ਼ਤਮ ਕਰਨ ਦੀ ਸਮੱਗਰੀ ਭਰਪੂਰ ਮਾਤਰਾ ਵਿੱਚ। ਉਹ ਇਸ ਸਮੱਗਰੀ ਨੂੰ ਬਚਾ ਕੇ ਚਲਦੇ ਰਹਿਣ ਲਈ ਮਜਬੂਰ ਸੀ। ਇਸ ਹਾਲਤ ਵਿੱਚ ਉਹ ਲਗਪਗ ਚੇਤਨਾ- ਵਿਹੀਣ ਹੋ ਚੁੱਕਾ ਸੀ। ਉਹਨੂੰ ਪਤਾ ਨਹੀਂ ਸੀ ਕਿ ਉਹ ਆਖ਼ਰ ਇੰਨਾ ਭਾਰ ਚੁੱਕ ਕੇ ਜਾ ਕਿੱਥੇ ਰਿਹਾ ਹੈ। ਬਸ ਉਹ ਨਿਰੰਤਰ ਚੱਲਦਾ ਜਾ ਰਿਹਾ ਸੀ। 
ਮੂਲ ਲੇਖਕ: ਸੁਰੇਸ਼ ਬਰਨਵਾਲ
ਕਿਸੇ ਵੀ ਫ਼ੌਜੀ ਨਾਲ ਯੁੱਧ ਦੇ ਸ਼ੁਰੂ ਵਿਚ ਇਹੀ ਹੁੰਦਾ ਹੋਵੇਗਾ ਕਿ ਉਹ ਦੁਸ਼ਮਣਾਂ ਨੂੰ ਆਪਣੀ ਸੀਮਾ ਤੋਂ ਜਾਂ ਫਿਰ ਉਨ੍ਹਾਂ ਦੀ ਹੀ ਸੀਮਾ ਤੋਂ ਖਦੇੜਨ ਲਈ ਉਨ੍ਹਾਂ ਨੂੰ ਮਾਰਦਾ ਹੈ ਜਾਂ ਫਿਰ ਕੋਈ ਖ਼ੁਦ ਉਸ ਨੂੰ ਨਾ ਮਾਰ ਦੇਵੇ, ਇਹ ਸੋਚ ਕੇ। ਯੁੱਧ ਦੇ ਦੌਰ ਵਿਚ ਇਹ ਮਾਨਸਿਕਤਾ ਸਭ ਤੋਂ ਵੱਧ ਵਿਆਪਕ ਹੁੰਦੀ ਹੈ ਕਿ ਸਾਹਮਣੇ ਵਾਲੇ ਨੂੰ ਮਾਰਨਾ ਇਸ ਲਈ ਜ਼ਰੂਰੀ ਹੈ ਕਿ ਕਿਤੇ ਸਾਹਮਣੇ ਵਾਲਾ ਹੀ ਉਸ ਨੂੰ ਨਾ ਮਾਰ ਦੇਵੇ। ਇਸ ਤਰ੍ਹਾਂ ਮੌਤ ਤੋਂ ਬਚਣ ਲਈ ਮੌਤ ਨੱਚਦੀ ਹੈ। ਇਸ ਤੋਂ ਬਾਅਦ ਕੁਝ ਦਿਨਾਂ ਤੱਕ ਯੁੱਧ ਵਿੱਚ ਲੱਗੇ ਰਹਿਣ ਤੋਂ ਪਿੱਛੋਂ ਲਾਸ਼ਾਂ ਦਾ ਦਿ੍ਸ਼, ਫ਼ੌਜੀਆਂ ਦੀ ਚੀਕ, ਗੋਲੀਆਂ ਦੀ ਗੜਗੜਾਹਟ, ਬੰਬਾਂ ਦੇ ਧਮਾਕੇ, ਮੌਤ ਦੇ ਡਰ ਨਾਲ ਫ਼ੌਜੀ ਇੰਨਾ ਸੰਮੋਹਿਤ ਹੋ ਚੁੱਕਾ ਹੁੰਦਾ ਹੈ, ਮਾਨਸਿਕ ਚੇਤਨਾ ਤੋਂ ਇੰਨਾ ਅਪੰਗ ਹੋ ਚੁੱਕਾ ਹੁੰਦਾ ਹੈ ਕਿ ਉਹ ਦੁਸ਼ਮਣ ਨੂੰ ਦੇਖਦੇ ਹੀ ਇਕ ਮਸ਼ੀਨ ਵਾਂਗ ਗੋਲੀ ਚਲਾਉਂਦਾ ਹੈ ਜਾਂ ਸੰਗੀਨ ਸਾਹਮਣੇ ਵਾਲੇ ਦੇ ਸੀਨੇ ਵਿੱਚ ਖੋਭ ਦਿੰਦਾ ਹੈ। ਉਹਨੂੰ ਦੂਸਰੇ ਦੇ ਜਾਂ ਆਪਣੇ ਜ਼ਖ਼ਮ ਦਾ ਜਾਂ ਕਿਸੇ ਪ੍ਰਕਾਰ ਦੀ ਭਾਵਨਾ ਦਾ ਕੁਝ ਅਹਿਸਾਸ ਨਹੀਂ ਹੁੰਦਾ। ਉਸ ਉਤੇ ਭੁੱਖ ਅਤੇ ਪਿਆਸ ਦੀ ਲਗਾਤਾਰ ਮਾਰ। ਇਹ ਫ਼ੌਜੀ ਵੀ ਅਜਿਹੀ ਹਾਲਤ ਵਿਚ ਪਹੁੰਚ ਚੁੱਕਾ ਸੀ। ਉਹਨੂੰ ਪਤਾ ਨਹੀਂ ਸੀ ਕਿ ਉਸ ਨੇ ਕਿੰਨਿਆਂ ਨੂੰ ਮਾਰਿਆ ਹੈ। ਸ਼ੁਰੂ ਵਿੱਚ ਉਹਨੇ ਰਾਊਂਡ ਦੀ ਗਿਣਤੀ ਦੇ ਨਾਲ ਆਪਣੇ ਹੱਥੀਂ ਮਾਰੇ ਗਏ ਫ਼ੌਜੀਆਂ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਪਰ ਹੁਣ ਉਹ ਪਾਣੀ ਦੀਆਂ ਘੁੱਟਾਂ ਦੀ ਗਿਣਤੀ ਕਰ ਰਿਹਾ ਸੀ। 
ਇਨ੍ਹਾਂ ਸਭ ਤੋਂ ਵੱਡੀ ਚੀਜ਼, ਜਿਸ ਤੋਂ ਹਰ ਫ਼ੌਜੀ ਸਭ ਤੋਂ ਵੱਧ ਪ੍ਰਭਾਵਿਤ ਹੁੰਦਾ ਹੈ, ਪਰ ਫ਼ੌਜੀ ਦੇ ਕਿਸੇ ਜ਼ਖ਼ਮ ਦੀ ਤਰ੍ਹਾਂ ਦਿਸਦੀ ਨਹੀਂ- ਉਹ ਹੁੰਦੀ ਹੈ ਪਰਿਵਾਰ ਵਾਲਿਆਂ ਦੀ ਯਾਦ। ਉਨ੍ਹਾਂ ਦੇ ਕੋਲ ਨਾ ਪਹੁੰਚ ਸਕਣ ਦੇ ਡਰ ਦਾ ਜ਼ਿਕਰ ਹੀ ਨਹੀਂ ਹੁੰਦਾ। ਹਰ ਤਰ੍ਹਾਂ ਦੇ ਅਹਿਸਾਸ ਅਤੇ ਅਹਿਸਾਸ ਸ਼ੂਨਤਾ ਦੇ ਬਾਵਜੂਦ ਹਰ ਸੈਨਿਕ ਇਸ ਡਰ ਨਾਲ ਹਰ ਪਲ ਰੂਬਰੂ ਹੁੰਦਾ ਹੈ। ਹਰ ਫ਼ੌਜੀ ਕੋਲ ਅਜਿਹੇ ਸਮੇਂ ਦਾ ਇੱਕ ਹੀ ਸਾਥੀ ਹੁੰਦਾ ਹੈ- ਉਹਦੀ ਬੰਦੂਕ। ਬਾਰੂਦ ਦੇ ਧੂੰਏਂ, ਮੁਸ਼ਕ ਨਾਲ ਭਰੀ, ਲਗਾਤਾਰ ਖੰਘਦੀ, ਚੇਤਨ, ਚੌਕਸ ਅਤੇ ਵੱਧ ਤੋਂ ਵੱਧ ਗੋਲੀਆਂ ਦੀ ਲਗਾਤਾਰ ਮੰਗ ਕਰਦੀ ਬੰਦੂਕ। ਬਰਫ਼ ਤੇ ਚਲਦੇ ਫ਼ੌਜੀ ਦੇ ਕੋਟ ਦੀ ਬਾਹਰੀ ਪਰਤ ਵਾਂਗ ਉਸ ਦਾ ਪਿਛਲਾ ਭਾਗ ਠੰਢਾ ਰਹਿੰਦਾ ਹੈ ਪਰ ਉਹਦੀ ਨਲੀ ਹਮੇਸ਼ਾ ਗਰਮ ਰਹਿੰਦੀ ਹੈ। 
ਅਨੁਵਾਦਕ: ਪ੍ਰੋ ਨਵ ਸੰਗੀਤ ਸਿੰਘ
ਇਸ ਫ਼ੌਜੀ ਦੇ ਬੰਦੂਕ ਦੀ ਵੀ ਇਹੋ ਹਾਲਤ ਸੀ। ਸਗੋਂ ਇਸ ਤੋਂ ਵੀ ਵੱਧ ਖ਼ਰਾਬ। ਫ਼ੌਜੀ ਨੇ ਬੰਦੂਕ ਦੀ ਸੰਗੀਨ ਇੱਕ ਦੁਸ਼ਮਣ ਫ਼ੌਜੀ ਦੇ ਦਿਲ ਵਿਚ ਉਤਾਰ ਦਿੱਤੀ ਸੀ। ਪਤਾ ਨਹੀਂ ਕਿੰਨੀਆਂ ਤਸਵੀਰਾਂ ਬੰਦੂਕ ਨੇ ਉਸ ਫ਼ੌਜੀ ਦੇ ਦਿਲ ਵਿੱਚ ਉਤਰ ਕੇ ਵੇਖੀਆਂ ਸਨ। ਇੱਕ ਪਤਨੀ ਜੋ ਚਾਵਲ ਬਣਾਉਂਦੀ ਦਰਵਾਜ਼ੇ ਵੱਲ ਵਾਰ-ਵਾਰ ਵੇਖਦੀ ਸੀ, ਇਕ ਬੁੱਢੀ ਮਾਂ ਜਿਸ ਨੇ ਹਮੇਸ਼ਾ ਲਈ ਆਪਣੀ ਮੰਜੀ ਦਰਵਾਜ਼ੇ ਦੇ ਕੋਲ ਹੀ ਡੁਹਾ ਲਈ ਸੀ ਅਤੇ ਖੁੱਲ੍ਹੀਆਂ ਅੱਖਾਂ ਨਾਲ ਮਾਲਾ ਜਪਣ ਦੀ ਕੋਸ਼ਿਸ਼ ਕਰਦੀ ਦਿਸ ਰਹੀ ਸੀ। ਇਕ ਬੱਚਾ, ਲਗਪਗ ਦਸ ਸਾਲ ਦਾ, ਜੋ ਕਿ ਹੁਣੇ- ਹੁਣੇ ਸਕੂਲ ਤੋਂ ਆਇਆ ਹੀ ਸੀ ਅਤੇ ਆਪਣੀ ਮਾਂ ਦਾ ਪੱਲਾ ਫੜ ਕੇ ਉਸਤੋਂ ਖਾਣਾ ਮੰਗ ਰਿਹਾ ਸੀ। ਇਕ ਛੋਟੀ ਜਿਹੀ ਬੱਚੀ, ਜਿਸ ਦੀ ਮਾਂ ਨੇ ਅੱਜ ਦੋ ਗੁੱਤਾਂ ਕੀਤੀਆਂ ਸਨ। ਉਹ ਵਿਹੜੇ  ਵਿਚ ਰੀਂਘਦੇ ਇਕ ਛੋਟੇ ਜਿਹੇ ਕੀੜੇ ਨੂੰ ਹੈਰਾਨੀ ਨਾਲ ਵੇਖਦਿਆਂ ਮੂੰਹ ਤੋਂ  ਤੁਤਲਾਉਂਦੀ ਆਵਾਜ਼ ਵਿੱਚ ਕੁਝ ਬੋਲਣ ਦੀ ਕੋਸ਼ਿਸ਼ ਕਰ ਰਹੀ ਸੀ ਅਤੇ ਕੀੜੇ ਦੇ ਥੋੜ੍ਹਾ ਜਿਹਾ ਅੱਗੇ ਨਿਕਲ ਜਾਣ ਤੇ ਗੋਡਿਆਂ ਭਾਰ ਰੀਂਘਦੀ ਹੋਈ ਉਸ ਦਾ ਪਿੱਛਾ ਕਰ ਰਹੀ ਸੀ। ਉਨ੍ਹਾਂ ਸਭ ਦੀ ਚੀਕ-ਪੁਕਾਰ ਵੀ ਸੁਣੀ ਸੀ ਬੰਦੂਕ ਨੇ। ਦਿਲ ਤੋਂ ਬਾਹਰ ਆਈ ਸੀ ਤਾਂ ਉਹੀ ਸੰਨਾਟਾ, ਉਹੀ ਮੌਤ, ਉਹੀ ਮਾਰਨ ਅਤੇ ਬਚਣ ਦੀ ਕੋਸ਼ਿਸ਼। ਇੱਥੇ ਸਿਰਫ਼ ਬਰਫ਼ ਦੀਆਂ ਪਹਾਡ਼ੀਆਂ ਸਨ ਜਿੱਥੇ ਕੋਈ ਬੱਚਾ ਨਹੀਂ ਸੀ, ਕੋਈ ਮਾਂ ਨਹੀਂ ਸੀ, ਕੋਈ ਪਤਨੀ ਨਹੀਂ ਸੀ। ਬਰਫ਼ ਅਤੇ ਸਿਰਫ਼ ਬਰਫ਼। ਕਦੇ-ਕਦੇ ਦਿਸ ਜਾਂਦਾ ਕੋਈ ਫ਼ੌਜੀ, ਜਿਸ ਤੇ ਗੋਲੀਆਂ ਚਲਾਉਣਾ ਜ਼ਰੂਰੀ ਹੋ ਜਾਂਦਾ ਸੀ। ਫ਼ੌਜੀ ਦੀਆਂ ਅੱਖਾਂ ਚੋਂ ਚਮਕ ਗਾਇਬ ਹੋ ਚੁੱਕੀ ਸੀ। ਅੱਖਾਂ ਦੀਆਂ ਪੁਤਲੀਆਂ ਵਿੱਚ ਬਰਫ਼ ਦੀ ਛਾਂ ਤਾਂ ਸੀ ਹੀ, ਪੁਤਲੀਆਂ ਦੇ ਅੰਦਰ ਵੀ ਬਹੁਤ ਡੂੰਘਾਈ ਵਿੱਚ ਜਿੱਥੇ ਕਿਸੇ ਦੀ ਤਸਵੀਰ ਬਣਦੀ ਹੈ, ਯਾਦ ਬਣਦੀ ਹੈ, ਉੱਥੇ ਵੀ ਬਰਫ ਫੈਲ ਚੁੱਕੀ ਸੀ। ਯੁੱਧ-ਭੂਮੀ ਦਾ ਤਾਂ ਜ਼ੱਰਾ-ਜ਼ੱਰਾ ਮੌਤ ਦੀ ਖਾਮੋਸ਼ੀ ਨੂੰ ਰੋਂਦਾ ਹੈ। ਭੁੱਖ, ਭੀੜ, ਡਰ ਅਤੇ ਲਗਾਤਾਰ ਕਈ ਦਿਨਾਂ ਤਕ ਨਾ ਸੌਂ ਸਕਣ ਕਰਕੇ ਇਹ ਫ਼ੌਜੀ ਭੁਲੇਖੇ ਦਾ ਸ਼ਿਕਾਰ ਹੋ ਚੁੱਕਿਆ ਸੀ। ਉਹਨੂੰ ਲੱਗ ਰਿਹਾ ਸੀ ਕਿ ਕੋਈ ਉਹਨੂੰ ਵੇਖ ਰਿਹਾ ਹੈ। ਕਦੇ-ਕਦੇ ਉਹ ਚੀਕ ਪੈਂਦਾ ਸੀ। ਉਹਨੂੰ ਸਮਝ ਨਹੀਂ ਸੀ ਆ ਰਹੀ ਕਿ ਕੌਣ ਉਹਨੂੰ ਲਗਾਤਾਰ ਵੇਖ ਰਿਹਾ ਹੈ। ਉਹਦੇ ਨਾਲ ਤਾਂ ਸਿਰਫ਼ ਉਹਦੀ ਬੰਦੂਕ ਹੈ। ਤਾਂ ਕੀ ਉਹਦੀ ਬੰਦੂਕ ਹੀ ਉਹਨੂੰ ਲਗਾਤਾਰ ਘੂਰੀ ਜਾ ਰਹੀ ਹੈ! ਉਹ ਭੁਲੇਖੇ ਤੋਂ ਨਿਕਲਣ ਲਈ ਵਾਰ-ਵਾਰ ਆਪਣਾ ਸਿਰ ਝਟਕ ਰਿਹਾ ਸੀ ਪਰ ਇਹਦੇ ਬਾਵਜੂਦ ਫ਼ੌਜੀ ਨੂੰ ਲੱਗ ਰਿਹਾ ਸੀ ਕਿ ਆਪਣੀ ਸੰਗੀਨ ਤੇ ਕਈਆਂ ਦੇ ਖੂਨ ਦੇ ਛਿੱਟੇ ਲਈ ਉਹਦੀ ਬੰਦੂਕ ਲਗਾਤਾਰ ਉਹਦੇ ਹੀ ਵੱਲ ਵੇਖ ਰਹੀ ਹੈ। 
ਚਲਦੇ-ਚਲਦੇ ਫ਼ੌਜੀ ਨੂੰ ਲੱਗਿਆ ਕਿ ਉਹ ਡਿੱਗ ਪਵੇਗਾ। ਇਕ ਪਲ ਸੁਸਤਾਉਣ ਲਈ ਰੁਕ ਗਿਆ। 
“ਕਿਉਂ ਥੱਕ ਗਿਆ?” ਅਚਾਨਕ ਫ਼ੌਜੀ ਨੇ ਕਿਸੇ ਨੂੰ ਕਹਿੰਦਿਆਂ ਸੁਣਿਆ। 
ਉਹਨੇ ਇਧਰ-ਉਧਰ ਵੇਖਿਆ, ਪਰ ਉੱਥੇ ਕੋਈ ਨਹੀਂ ਸੀ। “ਮੈਂ ਪੁੱਛਿਆ, ਥੱਕ ਗਿਆ?” ਇਸ ਵਾਰ ਫ਼ੌਜੀ ਦੇ ਕੰਨਾਂ ਨੇ ਫਿਰ ਸੁਣਿਆ। ਬੰਦੂਕ ਉਸ ਨੂੰ ਕਹਿ ਰਹੀ ਸੀ। ਚੇਤਨਾਹੀਣ ਹੋ ਚੁੱਕੇ ਫ਼ੌਜੀ ਨੇ ਆਪਣੇ ਸਿਰ ਨੂੰ ਝਟਕਿਆ ਅਤੇ ਬੰਦੂਕ ਨੂੰ ਹੈਰਾਨੀ ਨਾਲ ਵੇਖਿਆ। ਸੰਵਾਦਹੀਣਤਾ ਦੀ ਲੰਮੀ ਸਥਿਤੀ ਵਿਚ ਉਸ ਬੰਦੂਕ ਦਾ ਬੋਲਣਾ ਉਹਨੂੰ ਜਿੰਨਾ ਹੈਰਾਨ ਕਰ ਗਿਆ, ਉਸ ਤੋਂ ਵੱਧ ਉਹਨੂੰ ਬੁਰਾ ਲੱਗਿਆ। ਉਹ ਚੁੱਪ ਰਿਹਾ ਪਰ ਬੰਦੂਕ ਸੀ ਕਿ ਜਿਵੇਂ ਸੰਵਾਦ ਸਥਾਪਤ ਕਰਨ ਨੂੰ ਦ੍ਰਿੜ੍ਹ ਸੀ। 
“ਹਾਂ।” ਬੰਦੂਕ ਦੇ ਫਿਰ ਪੁੱਛਣ ਤੇ ਉਹ ਬੋਲਿਆ। ਉਹਨੂੰ ਆਪਣੀ ਆਵਾਜ਼ ਪਰਾਈ ਅਤੇ ਬਹੁਤ ਦੂਰ ਤੋਂ ਆਉਂਦੀ ਜਿਹੀ ਲੱਗੀ। ਜਿਵੇਂ ਉਹ ਖ਼ੁਦ ਕਿਸੇ ਡੂੰਘੇ ਖੂਹ ਵਿਚ ਡਿੱਗ ਪਿਆ ਹੋਵੇ ਅਤੇ ਖੂਹ ਦੇ ਮੁਹਾਨੇ ਤੇ ਖੜ੍ਹਾ ਕੋਈ ਆਦਮੀ ਉਸ ਨੂੰ ਕੁਝ ਬੋਲਿਆ ਹੋਵੇ। 
“ਹਾਂ, ਥੱਕ ਗਿਆ।” ਉਹ ਦੁਬਾਰਾ ਬੋਲਿਆ। ਉਹਨੂੰ ਲੱਗਿਆ ਕਿ ਦੁਬਾਰਾ ਬੋਲਣਾ ਜ਼ਰੂਰੀ ਹੈ। ਤਾਂਕਿ ਉਹ ਨਿਸ਼ਚਾ ਕਰ ਸਕੇ ਕਿ ਇਹ ਉਹਦੀ ਆਪਣੀ ਹੀ ਆਵਾਜ਼ ਹੈ। 
“ਤਾਂ ਫਿਰ ਆਰਾਮ ਕਿਉਂ ਨਹੀਂ ਕਰ ਲੈਂਦਾ?” ਬੰਦੂਕ ਬੋਲੀ। 
“ਜਦੋਂ ਤਕ ਤੂੰ ਜ਼ਿੰਦਾ ਹੈਂ, ਸਾਡੇ ਫ਼ੌਜੀਆਂ ਨੂੰ ਆਰਾਮ ਕਿੱਥੇ!” ਫ਼ੌਜੀ ਚਿੜ੍ਹ ਕੇ ਬੋਲਿਆ। 
“ਮੈਂ ਕੀ ਕੀਤਾ ਹੈ?” ਬੰਦੂਕ ਗੁੱਸੇ ਅਤੇ ਆਪਣੇ ਤੇ ਲੱਗੇ ਇਲਜ਼ਾਮ ਤੋਂ ਹੈਰਾਨ ਹੋ ਕੇ ਬੋਲੀ।
“ਤੂੰ ਹੀ ਤਾਂ ਹੈਂ ਜੋ ਸਾਨੂੰ ਮਾਰਨ ਮਰਨ ਤੇ ਮਜਬੂਰ ਕਰਦੀ ਹੈਂ ਅਤੇ ਮੌਤ ਦਾ ਡਰ ਦਿਖਾਉਂਦੀ ਹੈਂ।” 
“ਪਰ ਸਾਨੂੰ ਚਲਾਉਂਦਾ ਤਾਂ ਤੂੰ ਹੀ ਹੈਂ, ਮੈਂ ਖ਼ੁਦ ਥੋੜ੍ਹਾ ਹੀ ਚਲਦੀ ਹਾਂ।” 
“ਮੈਂ ਤੈਨੂੰ ਨਾ ਚਲਾਵਾਂ ਤਾਂ ਤੇਰੀ ਕੋਈ ਸਾਥਣ ਮੈਨੂੰ ਮਾਰ ਜਾਵੇਗੀ।” 
“ਮੇਰੀ ਉਸ ਸਾਥਣ ਨੂੰ ਵੀ ਤਾਂ ਤੇਰਾ ਕੋਈ ਸਾਥੀ ਚਲਾਉਂਦਾ ਹੋਵੇਗਾ।” ਬੰਦੂਕ ਵਿਅੰਗ ਨਾਲ ਮੁਸਕਰਾਈ। 
“ਖ਼ਬਰਦਾਰ!” ਫ਼ੌਜੀ ਗਰਜਿਆ- “ਉਹ ਮੇਰਾ ਸਾਥੀ ਨਹੀਂ, ਮੇਰਾ ਦੁਸ਼ਮਣ ਹੋਵੇਗਾ।” 
“ਤੂੰ ਹੋਰ ਬੰਦੂਕਾਂ ਨੂੰ ਮੇਰੀ ਸਾਥਣ ਕਿਹਾ ਹੈ, ਕਿਉਂਕਿ ਅਸੀਂ ਇੱਕ ਹੀ ਜਾਤੀ ਵਰਗ ਦੀਆਂ ਹਾਂ। ਇਸੇ ਤਰ੍ਹਾਂ ਹੋਰ ਫ਼ੌਜੀ ਤੇਰੇ ਜਾਤੀ ਵਰਗ ਦੇ ਹਨ, ਇਸ ਲਈ ਉਹ ਵੀ ਤਾਂ ਤੇਰੇ ਸਾਥੀ ਹੀ ਹੋਏ।” ਬੰਦੂਕ ਨੇ ਦਲੀਲ ਦਿੱਤੀ। 
ਫ਼ੌਜੀ ਉਸ ਦਲੀਲ ਨਾਲ ਹੈਰਾਨ ਹੋ ਗਿਆ। ਗੱਲ ਠੀਕ ਸੀ ਪਰ ਬਿਲਕੁਲ ਗ਼ਲਤ ਸੀ। 
“ਪਤਾ ਨਹੀਂ।” ਉਹ ਬੋਲਿਆ- “ਮੈਨੂੰ ਤਾਂ ਏਨਾ ਪਤਾ ਹੈ ਕਿ ਇਸ ਵੇਲੇ ਉਹ ਮੇਰੇ ਦੁਸ਼ਮਣ ਹਨ ਤੇ ਮੇਰਾ ਕੰਮ ਹੈ ਉਨ੍ਹਾਂ ਨੂੰ ਮਾਰਨਾ।” 
“ਬਿਲਕੁਲ ਠੀਕ।” ਬੰਦੂਕ ਬੋਲੀ- “ਤਾਂ ਤੇਰਾ ਕੰਮ ਹੈ ਉਨ੍ਹਾਂ ਨੂੰ ਮਾਰਨਾ, ਨਾ ਕਿ ਉਹ ਤੇਰੇ ਦੁਸ਼ਮਣ ਹਨ।”
“ਸ਼ਾਇਦ ਇਹੋ ਹੈ।” ਫ਼ੌਜੀ ਸੰਖੇਪ ਜਿਹਾ ਬੋਲਿਆ। 
“ਅਤੇ ਤੇਰਾ ਕੰਮ ਉਨ੍ਹਾਂ ਨੂੰ ਮਾਰਨਾ ਹੈ ਜੋ ਕਿ ਤੂੰ ਮੇਰੀ ਸਹਾਇਤਾ ਨਾਲ ਕਰ ਰਿਹਾ ਹੈਂ। ਯਾਨੀ ਕਿ ਮੈਂ ਤੇਰਾ ਕੰਮ ਕਰ ਰਹੀ ਹਾਂ।” “ਪਰ ਤੇਰਾ ਕੰਮ ਵੀ ਤਾਂ ਮਾਰਨਾ ਹੀ ਹੈ।” ਫ਼ੌਜੀ ਚਿੜ੍ਹ ਕੇ ਬੋਲਿਆ। 
“ਨਹੀਂ, ਮੇਰਾ ਕੰਮ ਤਾਂ ਤੇਰਾ ਕੰਮ ਕਰਨਾ ਹੈ, ਅਤੇ ਤੇਰਾ ਕੰਮ ਹੈ ਹੋਰਾਂ ਨੂੰ ਮਾਰਨਾ।” 
“ਪਰ ਤੂੰ ਜੇ ਮੇਰੇ ਹੱਥ ਵਿੱਚ ਰਹਿਣ ਦੀ ਥਾਂ ਕਿਸੇ ਦੇ ਹੱਥ ਵਿੱਚ ਵੀ ਰਹਿੰਦੀ ਤਾਂ ਵੀ ਤੇਰਾ ਕੰਮ ਤਾਂ ਲੋਕਾਂ ਨੂੰ ਮਾਰਨਾ ਹੀ ਹੁੰਦਾ ਨਾ।” 
ਬੰਦੂਕ ਇਕ ਵਾਰ ਫਿਰ ਨਿਰੁੱਤਰ ਹੋ ਗਈ। ਪਰ ਉਹ ਹਾਰ ਮੰਨਣ ਵਾਲੀ ਨਹੀਂ ਸੀ। ਉਹ ਨਵਾਂ ਤਰਕ ਪੇਸ਼ ਕਰਦੀ ਕਿ ਕੋਈ ਵਿਖਾ। ਸੁਚੇਤ ਫ਼ੌਜੀ ਨੇ ਆਪਣਾ ਕੰਮ ਕੀਤਾ। ਬੰਦੂਕ ਨੇ ਵੀ ਆਪਣਾ ਕੰਮ ਕੀਤਾ। ਸਾਹਮਣੇ ਤੋਂ ਆਉਣ ਵਾਲਾ ਫ਼ੌਜੀ ਚੀਕਿਆ, ਤੜਪਿਆ ਅਤੇ ਇਸ ਫ਼ੌਜੀ ਵੱਲ ਆਪਣੀਆਂ ਖਾਲੀ ਅੱਖਾਂ ਨਾਲ ਵੇਖਦਾ ਸ਼ਾਂਤ ਹੋ ਗਿਆ। ਫ਼ੌਜੀ ਉਹਦੇ ਕੋਲ ਗਿਆ। ਉਸ ਨੇ ਉਹਦੀ ਵਰਦੀ ਫਰੋਲੀ। ਉਹਦੀ ਥੈਲੇ ਵਿੱਚ ਇੱਕ ਵੀ ਬਿਸਕੁਟ ਨਹੀਂ ਸੀ। ਖਾਣ ਦੀ ਕੋਈ ਵੀ ਚੀਜ਼ ਨਹੀਂ। ਇੱਥੋਂ ਤੱਕ ਕਿ ਪਾਣੀ ਦੀ ਬੋਤਲ ਤਾਂ ਬਿਲਕੁਲ ਖਾਲੀ ਸੀ। 
“ਓਹ! ਇਹਨੇ ਤਾਂ ਵੈਸੇ ਹੀ ਮਰਨਾ ਸੀ।” ਫ਼ੌਜੀ ਨੇ ਅਫਸੋਸ ਪ੍ਰਗਟ ਕੀਤਾ। 
“ਤਾਂ ਤੂੰ ਕਿਹੜਾ ਬਚਣਾ ਹੈ!” ਬੰਦੂਕ ਹੱਸੀ। 
“ਖ਼ਾਮੋਸ਼!” ਫ਼ੌਜੀ ਚੀਕਿਆ- “ਮੇਰੇ ਪਰਿਵਾਰ ਵਾਲੇ ਮੇਰੀ ਉਡੀਕ ਕਰ ਰਹੇ ਹੋਣਗੇ।” 
“ਇਹਦੇ ਪਰਿਵਾਰ ਵਾਲੇ ਵੀ ਤਾਂ ਇਹਦੀ ਉਡੀਕ ਕਰ ਰਹੇ ਹੋਣਗੇ।” 
“ਮੇਰੀ ਇੱਕ ਛੋਟੀ ਜਿਹੀ ਬੇਟੀ ਹੈ।” ਫ਼ੌਜੀ ਦੀਆਂ ਅੱਖਾਂ ਵਿੱਚ ਹੰਝੂ ਟਪਕਿਆ। 
“ਇਹਦੀ ਹੁਣੇ-ਹੁਣੇ ਸ਼ਾਦੀ ਹੋਈ ਸੀ।” ਬੰਦੂਕ ਬੋਲੀ। 
“ਤੈਨੂੰ ਕਿਵੇਂ ਪਤਾ?” ਫ਼ੌਜੀ ਹੈਰਾਨ ਹੋਇਆ। 
ਉਦੋਂ ਤਕ ਉਹ ਉਸ ਫ਼ੌਜੀ ਦੀ ਲਾਸ਼ ਤੋਂ ਕੁਝ ਦੂਰੀ ਤੇ ਆ ਚੁੱਕਾ ਸੀ।      
“ਮੈਨੂੰ ਮੇਰੀ ਸਾਥਣ ਨੇ ਦੱਸਿਆ ਹੈ।” ਬੰਦੂਕ ਹੇਠਾਂ ਵੇਖਦੀ ਹੋਈ ਬੋਲੀ। 
“ਸਾਥਣ! ਕੌਣ ਸਾਥਣ?” 
“ਉਸ ਫ਼ੌਜੀ ਦੀ ਬੰਦੂਕ। ਤੇਰੇ ਅਨੁਸਾਰ ਉਹ ਮੇਰੀ ਸਾਥਣ ਹੀ ਤਾਂ ਸੀ ਨਾ!” 
“ਤੂੰ ਉਸ ਨਾਲ ਕਦੋਂ ਗੱਲ ਕਰ ਲਈ?” 
“ਜਦੋਂ ਤੂੰ ਆਪਣੇ ਸਾਥੀ ਦੀ ਵਰਦੀ ਅਤੇ ਥੈਲੇ ਨੂੰ ਫਰੋਲ ਰਿਹਾ ਸੀ।” 
“ਖ਼ਾਮੋਸ਼! ਉਹ ਮੇਰਾ ਸਾਥੀ ਨਹੀਂ।” ਫ਼ੌਜੀ ਚੀਕਿਆ। 
“ਓਹ!” ਬੰਦੂਕ ਵਿਅੰਗ ਨਾਲ ਹੱਸੀ- “ਉਹ ਤੇਰਾ ਕੁਝ ਨ੍ਹੀਂ। ਤੂੰ ਤਾਂ ਆਪਣਾ ਕੰਮ ਕੀਤਾ ਹੈ। ਕਿਸੇ ਮਾਂ-ਪਿਉ ਦੇ ਜਵਾਨ ਬੇਟੇ ਨੂੰ ਮਾਰਨਾ ਤੇਰਾ ਕੰਮ ਹੈ। ਕਿਸੇ ਨਵ-ਵਿਆਹੀ ਦੇ ਪਤੀ ਨੂੰ ਮਾਰਨਾ ਤੇਰਾ ਕੰਮ ਹੈ। ਕੀ ਪਤਾ ਉਸ ਨਵ-ਵਿਆਹੀ ਦੇ ਪੇਟ ਵਿਚ ਕੋਈ ਬੱਚਾ ਵੀ ਪਲ ਰਿਹਾ ਹੋਵੇ! ਉਸ ਵਿਚਾਰੇ ਨੂੰ ਪੈਦਾ ਹੋਣ ਤੋਂ ਬਾਅਦ ਪਿਤਾ ਦਾ ਮਤਲਬ ਹੀ ਪਤਾ ਨਹੀਂ ਲੱਗ ਸਕੇਗਾ। ਇਹ ਸਭ ਕੰਮ ਤੇਰਾ ਹੈ, ਜੋ ਕਿ ਤੂੰ ਬਾਖ਼ੂਬੀ ਕੀਤਾ ਹੈ।” 
“ਇਹ ਕੰਮ ਤੂੰ ਕੀਤਾ ਹੈ। ਤੂੰ ਉਸ ਨੂੰ ਮਾਰਿਆ ਹੈ।” ਫ਼ੌਜੀ ਇਨ੍ਹਾਂ ਇਲਜ਼ਾਮਾਂ ਤੋਂ ਬੌਖਲਾ ਕੇ ਬੋਲਿਆ। 
“ਅਤੇ ਤੂੰ ਕੀ ਕੀਤਾ ਹੈ?” ਬੰਦੂਕ ਨੇ ਪੁੱਛਿਆ। 
“ਮੈਂ…?” ਫ਼ੌਜੀ ਇੱਕ ਪਲ ਸੋਚ ਨਹੀਂ ਸਕਿਆ ਕਿ ਉਹ ਕੀ ਕਹੇ। ਫਿਰ ਸੰਖੇਪ ਜਿਹੀ ਖ਼ਾਮੋਸ਼ੀ ਪਿੱਛੋਂ ਸਿਰ ਝੁਕਾ ਕੇ ਬੋਲਿਆ “ਸ਼ਾਇਦ ਤੂੰ ਠੀਕ ਕਹਿ ਰਹੀ ਹੈਂ। ਮੈਂ ਆਪਣਾ ਕੰਮ ਕੀਤਾ ਹੈ। ਉਹੀ ਕੰਮ, ਜੋ ਤੂੰ ਕਹਿ ਰਹੀ ਹੈਂ।” 
ਬੰਦੂਕ ਇਹ ਸੁਣ ਕੇ ਸ਼ਾਂਤ ਰਹੀ। ਫ਼ੌਜੀ ਨੇ ਇੱਕ ਪਲ ਉਸਦੇ ਬੋਲਣ ਦੀ ਉਡੀਕ ਕੀਤੀ। ਫਿਰ ਬੋਲਿਆ- “ਤੂੰ ਕੁਝ ਕਿਹਾ ਨਹੀਂ।” 
“ਕੀ ਕਹਾਂ!” ਬੰਦੂਕ ਉਦਾਸ ਆਵਾਜ਼ ਵਿੱਚ ਬੋਲੀ- “ਤੂੰ ਆਪਣਾ ਕੰਮ ਕੀਤਾ ਅਤੇ ਮੈਂ ਆਪਣਾ। ਉਹ ਫ਼ੌਜੀ ਮਰ ਗਿਆ। ਉਹਦੇ ਪਰਿਵਾਰ ਵਾਲੇ ਜੀਂਦੇ ਜੀਅ ਮਰ ਗਏ। ਫਿਰ ਕੋਈ ਆਵੇਗਾ। ਉਹ ਵੀ ਆਪਣਾ ਕੰਮ ਕਰੇਗਾ। ਉਹਦੀ ਬੰਦੂਕ ਵੀ ਆਪਣਾ ਕੰਮ ਕਰੇਗੀ ਅਤੇ ਤੂੰ ਵੀ ਮਰ ਜਾਵੇਂਗਾ। ਮੈਂ ਵੀ ਬਰਫ਼ ਵਿੱਚ ਪਈ-ਪਈ ਸੜ ਜਾਵਾਂਗੀ। ਇਹ ਕਿਹੋ ਜਿਹਾ ਕੰਮ ਹੈ ਸਾਡਾ ਸਭ ਦਾ! ਜਿਸ ਵਿਚ ਸਭ ਨੇ ਸਭ ਨੂੰ ਮਾਰਨਾ ਹੈ।” 
ਬੰਦੂਕ ਦੀਆਂ ਗੱਲਾਂ ਸੁਣ ਕੇ ਫ਼ੌਜੀ ਦੀਆਂ ਪਥਰਾਈਆਂ ਅੱਖਾਂ ਵਿਚ ਕਿਤੇ ਜੀਵਨ ਪੰਘਰਿਆ। ਇਕ ਹੰਝੂ ਅੱਖ ਦੇ ਹੇਠਾਂ ਜੰਮੀ ਹੋਈ ਬਰਫ਼ ਦੀ ਗਰਦ ਵਿੱਚ ਜਾ ਕੇ ਗਾਇਬ ਹੋ ਗਿਆ। 
“ਹਾਂ! ਪਤਾ ਨਹੀਂ ਇਹ ਕਿਹੋ ਜਿਹਾ ਕੰਮ ਹੈ!” ਉਸ ਨੇ ਦੁਹਰਾਇਆ। 
ਅਚਾਨਕ ਫਿਰ ਕਿਤੇ ਕੋਈ ਦਿਸਿਆ। ਦੋਵੇਂ ਸੁਚੇਤ ਹੋ ਗਏ ਪਰ ਇਸ ਵਾਰ ਗ਼ਲਤੀ ਹੋ ਗਈ। ਉੱਧਰੋਂ ਗੋਲੀ ਚੱਲੀ ਅਤੇ ਫ਼ੌਜੀ ਨੂੰ ਆਪਣੇ ਸੀਨੇ ਵਿੱਚ ਇਕ ਅੱਗ ਧੱਸਦੀ ਮਹਿਸੂਸ ਹੋਈ। ਉਹ ਤੜਪ ਕੇ ਡਿੱਗ ਪਿਆ। ਉਹਦੀ ਬੰਦੂਕ ਵੀ ਛਿਟਕ ਕੇ ਨੇੜੇ ਹੀ ਜਾ ਡਿੱਗੀ। ਪਲ-ਭਰ ਵਿੱਚ ਫ਼ੌਜੀ ਨੇ ਸਮਝ ਲਿਆ ਕਿ ਹੁਣ ਸਮਾਂ ਆ ਗਿਆ ਹੈ। 
“ਤਾਂ ਉੱਧਰ ਵਾਲਿਆਂ ਨੇ ਆਪਣਾ ਕੰਮ ਕਰ ਦਿੱਤਾ।” ਬੰਦੂਕ ਹਮਦਰਦੀ, ਅਪਣੱਤ ਅਤੇ ਅਫ਼ਸੋਸ ਦੇ ਮਿਲੇ-ਜੁਲੇ ਭਾਵਾਂ ਨਾਲ ਉਹਦੇ ਵੱਲ ਵੇਖ ਕੇ ਮੁਸਕਰਾਉਂਦੀ ਹੋਈ ਬੋਲੀ। 
“ਹਾਂ!” ਤੜਪਦਾ ਹੋਇਆ ਫ਼ੌਜੀ ਬੋਲਿਆ- “ਮੇਰੀ ਬੱਚੀ, ਮੇਰੀ ਪਤਨੀ, ਮੇਰੇ… ਮੇਰੇ ਮਾਂ-ਪਿਓ!” ਉਹ ਰੋ ਪਿਆ। 
ਇਸ ਦੌਰਾਨ ਉਧਰ ਵਾਲਾ ਫ਼ੌਜੀ ਇਹਦੇ ਕੋਲ ਆ ਗਿਆ ਸੀ। ਪਹਿਲੇ ਫ਼ੌਜੀ ਨੇ ਉੱਠਣ ਦੀ ਕੋਸ਼ਿਸ਼ ਕੀਤੀ। ਦੂਜਾ ਫ਼ੌਜੀ ਇਸ ਨੂੰ ਉੱਠਦਿਆਂ ਵੇਖ ਸਾਵਧਾਨ ਹੋਇਆ, ਪਰ ਫਿਰ ਇਹ ਦੇਖ ਕੇ ਕਿ ਉਹਦੀ ਬੰਦੂਕ ਕੁਝ ਦੂਰ ਡਿੱਗੀ ਪਈ ਹੈ, ਸਹਿਜ ਹੋ ਗਿਆ। ਉਸਨੇ ਕੋਲ ਆ ਕੇ ਪਹਿਲੇ ਫ਼ੌਜੀ ਦੀ ਪਾਣੀ ਦੀ ਬੋਤਲ ਨੂੰ ਹੱਥ ਲਾਇਆ। 
“ਕੁਝ ਘੁੱਟ ਬਾਕੀ ਹੈ।” ਪਹਿਲੇ ਫ਼ੌਜੀ ਨੇ ਉੱਠਣ ਦੀ ਕੋਸ਼ਿਸ਼ ਕਰਦਿਆਂ ਕਿਹਾ, “ਕਿੱਟ ਵਿੱਚ ਇੱਕ ਬਿਸਕੁਟ ਵੀ ਹੈ।”
“ਫ਼ੇਰ…?” ਦੂਜੇ ਫ਼ੌਜੀ ਨੇ ਪੁੱਛਿਆ। 
“ਫ਼ੇਰ ਇਹ ਦੋਸਤ… ਕਿ ਤੂੰ ਇਹ ਚੀਜ਼ਾਂ ਲੈ ਸਕਦਾ ਹੈਂ।” ਟੁੱਟੇ ਹੋਏ ਸ਼ਬਦਾਂ ਨਾਲ ਪਹਿਲਾ ਫ਼ੌਜੀ ਬੋਲਿਆ। 
ਦੂਜੇ ਫ਼ੌਜੀ ਨੇ ਇਕ ਪਲ ਸੋਚਿਆ, ਫਿਰ ਪਾਣੀ ਦੀ ਬੋਤਲ ਨੂੰ ਛੱਡ ਕੇ ਉੱਠਣ ਵਿੱਚ ਉਹਦੀ ਮਦਦ ਕਰਨ ਲੱਗਿਆ। ਇੱਕ ਦੁਸ਼ਮਣ ਫ਼ੌਜੀ ਵੱਲੋਂ ਦੋਸਤ ਕਹਿਣ ਨਾਲ ਸ਼ਾਇਦ ਉਹਦੇ ਅੰਦਰ ਵੀ ਕੁਝ ਬਦਲ ਗਿਆ ਸੀ। 
“ਮੈਂ ਤੇਰਾ ਦੁਸ਼ਮਣ ਹਾਂ।” ਪਹਿਲਾ ਫੌਜੀ ਉਸਨੂੰ ਮਦਦ ਕਰਦਿਆਂ  ਵੇਖ ਕੇ ਹੈਰਾਨ ਸੀ। 
“ਹਾਂ।” ਦੂਜੇ ਫੌਜੀ ਨੇ ਕਿਹਾ- “ਪਰ ਤੂੰ ਮੇਰਾ ਕੁਝ ਨਹੀਂ ਵਿਗਾੜ ਸਕਦਾ। ਤੇਰੇ ਕੋਲ ਬੰਦੂਕ ਨਹੀਂ ਰਹੀ।” 
“ਹਾਂ… ਮੇਰੇ ਕੋਲ ਬੰਦੂਕ ਨਹੀਂ ਰਹੀ, ਪਰ ਪਾਣੀ ਹੈ। ਤੂੰ ਪਾਣੀ ਪੀ ਲੈ।” ਪਹਿਲਾਂ ਫ਼ੌਜੀ ਬੋਲਿਆ। 
“ਹਾਂ!” ਦੂਜਾ ਫ਼ੌਜੀ ਥੱਕਿਆ-ਜਿਹਾ ਉਹਦੇ ਕੋਲ ਹੀ ਬਹਿ ਗਿਆ। ਉਹਨੇ ਵੀ ਆਪਣੀ ਬੰਦੂਕ ਉਹਦੀ ਬੰਦੂਕ ਦੇ ਕੋਲ ਰੱਖ ਦਿੱਤੀ। ਦੋਵੇਂ ਬੰਦੂਕਾਂ ਹੌਲੀ-ਹੌਲੀ ਜਿਵੇਂ ਗੱਲਾਂ ਕਰਨ ਲੱਗ ਪਈਆਂ। ਪਾਣੀ ਦੀ ਬੋਤਲ ਖੁੱਲ੍ਹੀ ਅਤੇ ਦੂਜੇ ਫ਼ੌਜੀ ਨੇ ਇੱਕ ਘੁੱਟ ਭਰਿਆ। ਪਹਿਲੇ ਫ਼ੌਜੀ ਦੀਆਂ ਅੱਖਾਂ ਅੱਗੇ ਹਨੇਰਾ ਪਸਰਨ ਲੱਗਿਆ ਸੀ। ਪਿਆਸ ਇਸ ਨੂੰ ਵੀ ਲੱਗ ਰਹੀ ਸੀ। 
“ਲੈ ਤੂੰ ਵੀ ਪੀ ਲੈ।” ਦੂਜੇ ਫ਼ੌਜੀ ਨੇ ਬੋਤਲ ਉਹਦੇ ਵੱਲ ਵਧਾਈ। “ਨਹੀਂ।” ਪਹਿਲੇ ਨੇ ਮੁਸਕਰਾਉਣ ਦੀ ਕੋਸ਼ਿਸ਼ ਕੀਤੀ- “ਹੁਣ ਇਹ ਬੋਤਲ ਮੇਰੇ ਕਿਸ ਕੰਮ ਦੀ! ਤੂੰ ਇਹਨੂੰ ਆਪਣੇ ਕੋਲ ਰੱਖ।” “ਇੱਕ ਘੁੱਟ ਤਾਂ ਪੀ ਲੈ ਭਰਾਵਾ!” ਦੂਜਾ ਜ਼ਬਰਦਸਤੀ ਉਹਦੇ ਹੱਥ ਵਿੱਚ ਬੋਤਲ ਫੜਾਉਂਦਾ ਹੋਇਆ ਬੋਲਿਆ- “ਉੱਪਰ ਜਾ ਰਿਹਾ ਹੈਂ, ਪਿਆਸਾ ਕਿਉਂ ਜਾਵੇਂਗਾ!” 
“ਮੈਂ ਪੀ ਨਹੀਂ ਸਕਦਾ।” ਕਹਿੰਦਾ ਹੋਇਆ ਪਹਿਲਾ ਫੌਜੀ ਫਿਰ ਲੇਟ ਗਿਆ। ਉਸਦੀ ਮੌਤ ਦੀ ਘੜੀ ਨੇੜੇ ਆ ਰਹੀ ਸੀ। ਦੂਜੇ ਫ਼ੌਜੀ ਨੇ ਇਹ ਵੇਖਿਆ ਤਾਂ ਝੱਟ ਉਹਦਾ ਸਿਰ ਆਪਣੀ ਗੋਦੀ ਵਿੱਚ ਰੱਖ ਲਿਆ ਅਤੇ ਪਾਣੀ ਦੀ ਬੋਤਲ ਨਾਲ ਇਕ ਘੁੱਟ ਉਹਦੇ ਮੂੰਹ ਵਿੱਚ ਪਾ ਦਿੱਤੀ। ਪਾਣੀ ਦੀ ਘੁੱਟ ਗਲੇ ਤੋਂ ਹੇਠਾਂ ਲੰਘਦਿਆਂ ਹੀ ਪਹਿਲੇ ਫੌਜੀ ਨੂੰ ਆਪਣੀ ਪੀੜ ਕੁਝ ਘੱਟ ਹੁੰਦੀ ਮਹਿਸੂਸ ਹੋਈ। ਉਹਨੇ ਬੜੇ ਸੰਤੋਖ ਨਾਲ ਅੱਖਾਂ ਖੋਲ੍ਹ ਕੇ ਦੂਜੇ ਫ਼ੌਜੀ ਨੂੰ ਵੇਖਿਆ। ਉਹਨੂੰ ਇਹ ਫ਼ੌਜੀ ਆਪਣੇ ਹੀ ਵਰਗਾ ਲੱਗਿਆ। ਉਹਦੇ ਚਿਹਰੇ ਤੇ ਵੀ ਪੀੜ ਅਤੇ ਥਕਾਵਟ ਦੀਆਂ ਲਕੀਰਾਂ ਸਨ ਅਤੇ ਵਰਦੀ ਕਿਤੋਂ-ਕਿਤੋਂ ਲਾਲ ਹੋ ਰਹੀ ਸੀ। ਫ਼ਰਕ ਸੀ ਤਾਂ ਸਿਰਫ਼ ਇੰਨਾ ਕਿ ਉਹਦੀ ਵਰਦੀ ਦਾ ਰੰਗ ਹੋਰ ਸੀ। ਪਤਾ ਨਹੀਂ ਕੀ ਸੋਚ ਕੇ ਉਹ ਹੱਸ ਪਿਆ। ਉਹਦੇ ਹਾਸੇ ਵਿੱਚ ਯੁੱਧ ਦੇ ਕਾਰਨਾਂ ਤੇ ਵਿਅੰਗ ਸੀ ਸ਼ਾਇਦ! ਉਸ ਦੇ ਸੀਨੇ ਵਿਚ ਅਚਾਨਕ ਫਿਰ ਤੇਜ਼ ਦਰਦ ਉੱਠਿਆ ਅਤੇ ਅਣਜਾਣੇ ਹੀ ਉਸ ਨੇ ਦੂਜੇ ਫ਼ੌਜੀ ਦਾ ਹੱਥ ਕੱਸ ਕੇ ਫੜ ਲਿਆ ਅਤੇ ਫਿਰ ਆਪਣੀ ਬੰਦੂਕ ਵੱਲ ਵੇਖਦਾ ਆਖ਼ਰੀ ਵਾਰ ਬੋਲਿਆ- !ਤੂੰ ਠੀਕ ਕਹਿ ਰਹੀ ਸੀ। ਇਹ ਸਭ ਮੇਰੇ ਸਾਥੀ ਹੀ ਨੇ।” ਫਿਰ ਉਹਦੀ ਧੌਣ ਇਕ ਪਾਸੇ ਡਿੱਗ ਪਈ। 
ਬੰਦੂਕ ਕੁਝ ਨਹੀਂ ਬੋਲੀ ਗੋਲੀ। ਗੋਲੀ ਮਾਰਨ ਵਾਲੇ ਫ਼ੌਜੀ ਨੇ ਪਹਿਲੇ ਫੌਜੀ ਦਾ ਸਿਰ ਆਪਣੀ ਗੋਦੀ ਵਿੱਚ ਰੱਖਿਆ ਹੋਇਆ ਸੀ ਅਤੇ ਦੋਹਾਂ ਦੀਆਂ ਅੱਖਾਂ ਬਿਲਕੁਲ ਨੇੜੇ-ਨੇੜੇ ਸਨ। ਮਾਰਨ ਵਾਲੇ ਫ਼ੌਜੀ ਨੇ ਮਰਨ ਵਾਲੇ ਫ਼ੌਜੀ ਦੀਆਂ ਅੱਖਾਂ ਤੋਂ ਜੀਵਨ ਦੀ ਜੋਤੀ ਨੂੰ ਗਾਇਬ ਹੁੰਦੇ ਸਪਸ਼ਟ ਵੇਖਿਆ। ਜਿਵੇਂ ਇਕ ਜਗਦਾ ਹੋਇਆ ਦੀਵਾ ਤੇਜ਼ੀ ਨਾਲ ਬੁਝ ਗਿਆ ਹੋਵੇ! ਉਹ ਮੌਤ ਦੀ ਗਤੀ ਨੂੰ ਇੰਨੇ ਸਪਸ਼ਟ ਰੂਪ ਵਿੱਚ ਵੇਖ ਕੇ ਕੰਬ ਉੱਠਿਆ। ਅਚਾਨਕ ਉਸ ਨੂੰ ਮਰਨ ਵਾਲੇ ਫ਼ੌਜੀ ਦੀਆਂ ਖੁੱਲ੍ਹੀਆਂ ਅੱਖਾਂ ਵਿਚ ਕਈ ਸ਼ਕਲਾਂ ਆਪਣੇ ਵੱਲ ਝਾਕਦੀਆਂ ਅਤੇ ਧਿਰਕਾਰ ਪਾਉਂਦੀਆਂ ਵਿਖਾਈ ਦਿੱਤੀਆਂ। ਉਹ ਸ਼ਕਲਾਂ ਚੀਕ ਰਹੀਆਂ ਸਨ ਅਤੇ ਉਹਦੇ ਵੱਲ ਆਪਣੀਆਂ ਉਂਗਲੀਆਂ ਚੁੱਕ ਰਹੀਆਂ ਸਨ। ਉਸ ਨੂੰ ਲੱਗਿਆ ਜਿਵੇਂ ਇਹ ਸ਼ਕਲਾਂ ਕਹਿ ਰਹੀਆਂ ਹੋਣ ‘ਤੂੰ ਇਹਨੂੰ ਮਾਰਿਆ ਹੈ! ਤੂੰ ਇਹਨੂੰ ਮਾਰਿਆ ਹੈ!’ 
ਘਬਰਾ ਕੇ ਉਸਨੇ ਮਰੇ ਹੋਏ ਫ਼ੌਜੀ ਦੀਆਂ ਖੁੱਲ੍ਹੀਆਂ ਅੱਖਾਂ ਆਪਣੀਆਂ ਹਥੇਲੀਆਂ ਨਾਲ ਬੰਦ ਕਰ ਦਿੱਤੀਆਂ। ਫਿਰ ਉਹਨੂੰ ਧਰਤੀ ਤੇ ਲਿਟਾ ਦਿੱਤਾ। ਉਹ ਅਚਾਨਕ ਹਫਣ ਲੱਗ ਪਿਆ ਸੀ। ਕੁਝ ਚਿਰ ਉਹ ਆਪਣੇ ਸਾਹ ਨੂੰ ਸੰਤੁਲਿਤ ਕਰਨ ਲਈ ਉਂਜ ਹੀ ਬੈਠਾ ਰਿਹਾ। ਫਿਰ ਉਸ ਨੇ ਮਰ ਚੁੱਕੇ ਫੌਜੀ ਦੇ ਥੈਲੇ ਵਿੱਚੋਂ ਬਿਸਕੁਟ ਦਾ ਟੁਕੜਾ ਕੱਢਿਆ; ਉਹਨੂੰ ਮੂੰਹ ਵਿੱਚ ਪਾਇਆ ਅਤੇ ਬਚੇ ਹੋਏ ਪਾਣੀ ਵਿਚੋਂ ਇਕ ਹੋਰ ਘੁੱਟ ਪੀਤਾ। ਇਸ ਤੋਂ ਬਾਅਦ ਉਸ ਨੇ ਲਾਸ਼ ਤੇ ਇਕ ਵਾਰ ਆਖ਼ਰੀ ਨਜ਼ਰ ਮਾਰੀ ਅਤੇ ਤਣ ਕੇ ਖੜ੍ਹਾ ਹੋ ਕੇ ਉਸ ਨੂੰ ਸਲੂਟ ਮਾਰਿਆ। ਫਿਰ ਆਪਣੀ ਬੰਦੂਕ ਚੁੱਕ ਕੇ ਤੁਰਨ ਲੱਗਿਆ। 
ਪਰ ਉਦੋਂ ਹੀ ਪਹਿਲੇ ਫੌਜੀ ਦੀ ਬੰਦੂਕ ਬੋਲ ਪਈ- “ਸੁਣੋ, ਤੁਸੀਂ ਮੈਨੂੰ ਇਵੇਂ ਹੀ ਛੱਡ ਕੇ ਨਾ ਜਾਓ!” 
ਦੂਜਾ ਫ਼ੌਜੀ ਬੰਦੂਕ ਦੇ ਇਉਂ ਬੋਲਣ ਤੇ ਹੈਰਾਨ ਨਹੀਂ ਹੋਇਆ। ਉਹਨੇ ਵੀ ਚੇਤਨਾ-ਹੀਣਤਾ ਦੀ ਸਥਿਤੀ ਵਿੱਚ ਸ਼ਾਇਦ ਆਪਣੀ ਬੰਦੂਕ ਨਾਲ ਢੇਰਾਂ ਗੱਲਾਂ ਕੀਤੀਆਂ ਹੋਣਗੀਆਂ। 
“ਕੀ ਕਰਾਂ ਮੈਂ ਤੇਰਾ?” ਉਹ ਪ੍ਰੇਮ ਨਾਲ ਇਸ ਬੰਦੂਕ ਨੂੰ ਚੁੱਕਦਾ ਹੋਇਆ ਬੋਲਿਆ। 
“ਮੈਨੂੰ ਤੁਸੀਂ ਏਥੇ ਬਰਫ਼ ਵਿੱਚ ਦਬਾ ਦਿਓ!” 
“ਇਸ ਨਾਲ ਕੀ ਹੋਵੇਗਾ?” ਫੌਜੀ ਨੇ ਹੈਰਾਨੀ ਨਾਲ ਪੁੱਛਿਆ। 
“ਮੈਂ ਥੱਕ ਗਈ ਹਾਂ। ਹੁਣ ਮੈਂ ਆਰਾਮ ਕੰਮ ਨਹੀਂ ਕਰਨਾ ਚਾਹੁੰਦੀ ਹਾਂ। ਬਸ… ਬਸ ਬਹੁਤ ਹੋ ਗਿਆ।” ਬੰਦੂਕ ਜਿਵੇਂ ਰੋ ਪਈ ਸੀ। ਫ਼ੌਜੀ ਨੇ ਬਰਫ਼ ਨੂੰ ਆਪਣੀ ਬੰਦੂਕ ਦੀ ਸੰਗੀਨ ਨਾਲ ਖੁਰਚਿਆ ਅਤੇ ਇਕ ਛੋਟਾ ਜਿਹਾ ਟੋਆ ਤਿਆਰ ਕਰਕੇ ਪਹਿਲੀ ਬੰਦੂਕ ਉਸ ਵਿੱਚ ਰੱਖ ਦਿੱਤੀ। ਟੋਏ ਵਿਚੋਂ ਪਹਿਲੀ ਬੰਦੂਕ ਨੇ ਆਪਣੀ ਸਾਥਣ ਵੱਲ ਵੇਖਿਆ। ਉਹਦੀ ਸਾਥਣ ਅਜੇ ਤਕ ਸੁਚੇਤ ਸੀ। ਉੱਧਰ ਫ਼ੌਜੀ ਨੇ ਜਿਉਂ ਹੀ ਉਸ ਟੋਏ ਨੂੰ ਭਰਿਆ ਅਤੇ ਉੱਠ ਕੇ ਜਾਣ ਲੱਗਿਆ ਤਾਂ ਉਹਨੇ ਵੇਖਿਆ ਅਚਾਨਕ ਹੀ ਕੋਲੋਂ ਬਹੁਤ ਸਾਰੇ ਮਰੇ ਹੋਏ ਫ਼ੌਜੀ ਉੱਠ ਕੇ ਖੜ੍ਹੇ ਹੋ ਗਏ ਹਨ। ਉਹ ਸਾਰੇ ਬਰਫ਼ ਨੂੰ ਖੁਰਚ ਕੇ ਟੋਏ ਤਿਆਰ ਕਰ ਰਹੇ ਹਨ। ਉਹ ਹੈਰਾਨ ਹੋ ਕੇ ਵੇਖਦਾ ਰਿਹਾ। ਸਭ ਮਰੇ ਹੋਏ ਫ਼ੌਜੀਆਂ ਨੇ ਟੋਏ ਤਿਆਰ ਕਰਕੇ ਉਸ ਵਿੱਚ ਆਪਣੀਆਂ ਆਪਣੀਆਂ ਬੰਦੂਕਾਂ ਰੱਖਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਨ੍ਹਾਂ ਟੋਇਆਂ ਨੂੰ ਭਰਿਆ ਅਤੇ ਇਕ-ਦੂਜੇ ਵੱਲ ਵੇਖ ਕੇ ਹੱਥ ਹਿਲਾਏ, ਫਿਰ ਉਵੇਂ ਹੀ ਪੈ ਗਏ, ਜਿਵੇਂ ਮਰੇ ਹੋਏ ਪਏ ਸਨ।
ਫੌਜੀ ਨੇ ਆਪਣੇ ਸਿਰ ਨੂੰ ਜ਼ੋਰ ਨਾਲ ਝਟਕਿਆ। ਪਤਾ ਨਹੀਂ ਉਸ ਨੂੰ ਇਹ ਸਭ ਕੀ ਦਿਸ ਰਿਹਾ ਸੀ। ਸ਼ਾਇਦ ਵਧੇਰੇ ਥਕਾਵਟ ਅਤੇ ਲਗਾਤਾਰ ਯੁੱਧ ਦੀ ਹਾਲਤ ਨਾਲ ਉਸਨੂੰ ਭੁਲੇਖੇ ਪੈ ਰਹੇ ਸਨ। ਪਰ ਵਾਰ-ਵਾਰ ਸਿਰ ਝਟਕਣ ਤੋਂ ਪਿੱਛੋਂ ਵੀ ਉਹਨੂੰ ਲੱਗ ਰਿਹਾ ਸੀ ਕਿ ਇਹ ਵੇਖੇ ਹੋਏ ਦ੍ਰਿਸ਼ ਉਹਦੇ ਭੁਲੇਖਿਆਂ ਤੋਂ ਨਹੀਂ ਉਪਜੇ। ਇਹ ਸੱਚੇ ਹਨ। 
ਉਹਨੇ ਹੁਣ ਆਪਣੀ ਬੰਦੂਕ ਵੱਲ ਵੇਖਿਆ। ਉਸ ਨੇ ਜਾਣਿਆ ਕਿ ਉਸ ਦੀ ਬੰਦੂਕ ਵੀ ਉਹਨੂੰ ਬੜੀ ਉਮੀਦ ਭਰੀਆਂ ਨਜ਼ਰਾਂ ਨਾਲ ਵੇਖ ਰਹੀ ਹੈ। ਉਹਨੇ ਆਪਣੇ ਥੈਲੇ ਨੂੰ ਫਰੋਲਿਆ। ਖਾਣ ਲਈ ਉਹਦੇ ਕੋਲ ਕੁਝ ਨਹੀਂ ਸੀ। ਹਾਂ, ਯੁੱਧ ਦੀਆਂ ਚੀਜ਼ਾਂ ਨਾਲ ਉਹਦਾ ਥੈਲਾ ਹੁਣ ਵੀ ਭਰਿਆ ਹੋਇਆ ਸੀ। ਪਾਣੀ ਦੀ ਬੋਤਲ ਵੀ ਖਾਲੀ ਸੀ। ਥਕਾਵਟ ਨਾਲ ਉਹਦਾ ਸਰੀਰ ਕਿਸੇ ਪੱਕੇ ਹੋਏ ਫੋੜੇ ਵਾਂਗ ਦੁਖ ਰਿਹਾ ਸੀ। ਉਹਨੇ ਆਪਣੀਆਂ ਅੱਖਾਂ ਇਕ ਪਲ ਲਈ ਬੰਦ ਕਰ ਲਈਆਂ। ਅੱਖਾਂ ਖੋਲ੍ਹੀਆਂ ਤਾਂ ਸਾਹਮਣੇ ਸਿਰਫ ਬਰਫ਼ ਹੀ ਬਰਫ਼ ਸੀ। ਦੂਰ ਤੋਂ ਗੋਲੀਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ। ਕਿਤੇ ਕੋਈ ਆਖ਼ਰੀ ਚੀਕ ਮਾਰ ਰਿਹਾ ਸੀ। ਉਹ ਖ਼ੁਦ ਕਿੱਥੇ ਸੀ, ਉਹਨੂੰ ਪਤਾ ਨਹੀਂ ਸੀ। ਕਿੱਧਰ ਜਾਣਾ ਸੀ, ਇਹ ਅੰਦਾਜ਼ਾ ਵੀ ਨਹੀਂ ਲਾ ਸਕਦਾ ਸੀ। ਉਹਦੇ ਸਾਥੀ ਵੀ ਉਸ ਦੇ ਨਾਲ ਨਹੀਂ ਸਨ। 
ਉਸ ਦੇ ਸਾਹਮਣੇ ਉਹਦਾ ਭਵਿੱਖ ਸਾਫ਼ ਸੀ। ਉਹ ਜਾਂ ਤਾਂ ਕਿਸੇ ਦੁਸ਼ਮਣ ਦੇ ਹੱੱਥਾਂ ਮਾਰਿਆ ਜਾਣ ਵਾਲਾ ਸੀ, ਜਾਂ ਆਪਣੀ ਹੀ ਮੌਤ ਮਰਨ ਵਾਲਾ ਸੀ। ਉਹ ਸਮਝ ਸਕਦਾ ਸੀ ਕਿ ਹੁਣ ਉਹ ਮੁਸ਼ਕਿਲ ਨਾਲ ਕੁਝ ਹੀ ਘੰਟਿਆਂ ਦਾ ਮਹਿਮਾਨ ਹੈ। ਉਸਨੇ ਆਪਣੇ ਪਰਿਵਾਰ ਨੂੰ ਯਾਦ ਕੀਤਾ। ਉਸ ਦਾ ਬੱਚਾ, ਉਸ ਦੀ ਪਤਨੀ, ਵਿਧਵਾ ਮਾਂ। ਇੱਕ ਭੈਣ, ਜੋ ਕਿ ਇਸ ਉਡੀਕ ਵਿੱਚ ਸੀ ਕਿ ਇਸ ਵਾਰ ਉਹਦਾ ਭਰਾ ਆਵੇਗਾ ਅਤੇ ਕਿਸੇ ਰਾਜ ਕੁਮਾਰ ਨਾਲ ਉਹਦੀ ਸ਼ਾਦੀ ਕਰਵਾ ਦੇਵੇਗਾ। ਉਸ ਨੇ ਆਪਣੀ ਬੰਦੂਕ ਨਾਲ ਬਰਫ ਨੂੰ ਖੁਰਚਿਆ ਅਤੇ ਇੱਕ ਛੋਟਾ ਜਿਹਾ ਟੋਆ ਹੋਰ ਤਿਆਰ ਕੀਤਾ। ਬੰਦੂਕ ਨੂੰ ਚੁੰਮਿਆ ਅਤੇ ਫਿਰ ਬੰਦੂਕ ਉਸ ਵਿੱਚ ਰੱਖ ਦਿੱਤੀ। ਉਸ ਨੂੰ ਲੱਗਿਆ ਕਿ ਬੰਦੂਕ ਨੇ ਉਸ ਨੂੰ ਕਿਹਾ ਹੋਵੇ- ‘ਆਪਣਾ ਖਿਆਲ ਰੱਖਣਾ।’ ਉਸ ਨੇ ਬਰਫ਼ ਨਾਲ ਉਹ ਟੋਆ ਭਰ ਦਿੱਤਾ। ਆਪਣੀ ਕਿੱਟ ਵੀ ਲਾਹ ਦਿੱਤੀ। ਕਮਰ ਦੁਆਲੇ ਬੰਨ੍ਹੇ ਸਾਰੇ ਕਾਰਤੂਸ ਖੋਲ੍ਹ ਕੇ ਉਨ੍ਹਾਂ ਨੂੰ ਸੁੱਟ ਦਿੱਤਾ। ਉਸ ਨੇ ਉਹ ਸਾਰੀਆਂ ਚੀਜਾਂ ਸੁੱਟ ਦਿੱਤੀਆਂ, ਜੋ ਕਿਸੇ ਦੀ ਜਾਨ ਲੈ ਸਕਦੀਆਂ ਸਨ। 
ਇਹ ਸਭ ਕਰ ਕੇ ਉਸ ਨੇ ਆਪਣੇ ਸਰੀਰ ਤੇ ਨਜ਼ਰ ਮਾਰੀ ਅਤੇ ਹੱਸਣ ਲੱਗਿਆ। ਇਕ ਅਜੀਬ ਹਾਸਾ, ਜੋ ਸ਼ਾਇਦ ਇਹ ਦੱਸ ਰਿਹਾ ਸੀ ਕਿ ਹੁਣ ਉਹ ਕੋਈ ਫੌਜੀ ਨਹੀਂ ਹੈ, ਜੋ ਕਿਸੇ ਯੋਜਨਾਬੱਧ ਯੁੱਧ ਨੂੰ ਢੋਅ ਰਿਹਾ ਹੈ। ਹੁਣ ਉਹ ਇੱਕ ਆਮ ਇਨਸਾਨ ਹੈ। ਆਪਣੇ ਖੇਤਾਂ ਵਿੱਚ ਕੰਮ ਕਰਦਾ ਹੋਇਆ। ਆਪਣੇ ਪਰਿਵਾਰ ਨਾਲ ਗੱਲਾਂ ਕਰਦਾ ਹੋਇਆ। ਪਤੰਗਾਂ ਉਡਾਉਂਦਾ ਹੋਇਆ। 
ਉਹਦਾ ਹਾਸਾ ਰੁਕਿਆ ਤਾਂ ਉਹਦੀਆਂ ਅੱਖਾਂ ਵਿੱਚ ਆਪਣੇ ਪਰਿਵਾਰ ਵਾਲਿਆਂ ਦੇ ਪਰਛਾਵੇਂ ਸਨ। ਉਹ ਫਿਰ ਚੱਲਣ ਲੱਗਿਆ। ਹੁਣ ਉਸ ਦੇ ਕਦਮ ਪਹਿਲਾਂ ਨਾਲੋਂ ਵਧੇਰੇ ਲੜਖੜਾ ਰਹੇ ਸਨ। ਉਹ ਬਹੁਤ ਦੇਰ ਦਾ ਥੱਕਿਆ ਹੋਇਆ ਸੀ। ਚਲਦੇ- ਚਲਦੇ ਉਸ ਨੇ ਆਪਣੇ ਹੱਥੋਂ ਮਾਰੇ ਗਏ ਫ਼ੌਜੀਆਂ ਦੇ ਚਿਹਰਿਆਂ ਨੂੰ ਯਾਦ ਕੀਤਾ ਅਤੇ ਉਨ੍ਹਾਂ ਲਈ ਦੁਆ ਵਿੱਚ ਆਪਣੇ ਹੱਥ ਉਠਾ ਲਏ। ਉਹ ਡਿੱਗ ਰਿਹਾ ਸੀ, ਚੱਲ ਰਿਹਾ ਸੀ। ਪਤਾ ਨਹੀਂ, ਕਿਸ ਪਾਸੇ ਜਾ ਰਿਹਾ ਸੀ ਉਹ। 
ਪਰ ਇਨ੍ਹਾਂ ਸਭ ਤੋਂ ਦੂਰ ਦੁਨੀਆਂ ਦੀ ਰੰਗ-ਬਿਰੰਗੀ ਹਲਚਲ ਵਿਚ ਹਜ਼ਾਰਾਂ ਫੈਕਟਰੀਆਂ ਧੂੰਆਂ ਕੱਢ ਰਹੀਆਂ ਸਨ। ਉਨ੍ਹਾਂ ਵਿੱਚ ਰੋਜ਼ਾਨਾ ਲੱਖਾਂ ਦੀ ਗਿਣਤੀ ਵਿੱਚ ਬੰਦੂਕਾਂ ਅਤੇ ਕਾਰਤੂਸ ਤਿਆਰ ਹੋ ਰਹੇ ਸਨ। ਅਨੇਕਾਂ ਦੇਸ਼ ਹਜ਼ਾਰਾਂ ਦੀ ਗਿਣਤੀ ਵਿੱਚ ਨਵੇਂ ਰੰਗਰੂਟ ਭਰਤੀ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਸਿਖਾ ਰਹੇ ਸਨ ਕਿ ਕਿਸ ਤਰ੍ਹਾਂ ਮਾਰਨਾ ਹੈ ਜਾਂ ਫਿਰ… ਮਰਨਾ ਹੈ!
                         **********
•ਸੁਰੇਸ਼ ਬਰਨਵਾਲ, ਹਿਸਾਰ ਰੋਡ, ਸਿਰਸਾ-125055 (ਹਰਿਆਣਾ) 9466200712. 
•ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015
Tags: hiindi storyhindi kahaninav sangeet singhsuresh burnwal
Share36Tweet23SendShare
PunjabiPhulwari

PunjabiPhulwari

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ।ਰਚਨਾਵਾਂ ਇਸ ਪਤੇ ’ਤੇ ਭੇਜੋ : punjabiphulwariindia@gmail.com

Related Posts

ਨਾਮ

ਨਾਮ

March 19, 2022
ਸਿਸਕੀਆਂ

ਸਿਸਕੀਆਂ

March 5, 2022
‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

‘ਜਮਰੌਦ’ ਕਹਾਣੀ ਕਿਉਂ ਤੇ ਕਿਵੇਂ ਲਿਖੀ ਗਈ?

March 3, 2022

ਗ਼ਦਰ ਲਹਿਰ ਦੀ ਵਿਚਾਰਧਾਰਕ ਪ੍ਰਸੰਗਿਤਾ

ਮੇਰੇ ਸਾਹਿਤਿਕ ਦੋਸਤ ਤੇ ਉਹ ਦਿਨ

ਕਮਾਲ ਅਮਰੋਹੀ ਦੀ ਭਾਸ਼ਾ ਅਤੇ ਤਹਿਜ਼ੀਬ ਦੀ ਗੱਲ

ਪੰਜਾਬੀ ਫੁਲਵਾੜੀ ਸਾਹਿਤ, ਕਲਾ ਅਤੇ ਸਭਿਆਚਰ ਨੂੰ ਸਮਰਪਿਤ ਇਕ ਸੁਤੰਤਰ ਅਤੇ ਗੈਰ ਵਪਾਰਕ ਉਪਰਾਲਾ ਹੈ। ਇਹਦਾ ਉਦੇਸ਼ ਨਵੀਂ ਤਕਨੀਕ ਨਾਲ ਕਦਮ ਮੇਚਦੇ ਹੋਏ ਸਾਹਿਤਕ ਵਿਚਾਰਾਂ ਦੇ ਅਦਾਨ-ਪ੍ਰਦਾਨ ਨੂੰ ਨਵੀਆਂ ਉਚਾਈਆਂ ’ਤੇ ਪਹੁੰਚਾਉਣਾ ਹੈ। ਰਚਨਾਵਾਂ ਇਸ ਪਤੇ ’ਤੇ ਭੇਜੋ :

punjabiphulwariindia@gmail.com

  • ਸਨਮਾਨ
  • ਕਵੀ ਦਰਬਾਰ
  • ਸੈਮੀਨਾਰ
  • ਪੁਸਤਕ ਰਿਲੀਜ਼
  • ਸਾਹਿਤਕ ਪੌਡਕਾਸਟ
  • ਕਾਰਜ
  • ਵਰਕਸ਼ਾਪਸ
  • ਅਕਾਦਮਿਕ ਕੰਮ
  • ਖੋਜ
  • ਲਾਇਬ੍ਰੇਰੀ
  • ਲੇਖਕ
  • ਖੋਜਾਰਥੀ
  • ਅਨੁਵਾਦਕ
  • ਸਪਾਂਸਰ
  • ਕਮਿਊਨਿਟੀ
  • About Us
  • Contact
  • Privacy Policy
  • Jobs

© 2022 www.punjabiphulwari.com

Home

Chat

Login

No Result
View All Result
  • ਸਮਕਾਲ
  • ਸਾਹਿਤ ਕਲਾ
    • ਕਵਿਤਾਵਾਂ
    • ਕਹਾਣੀਆਂ
    • ਇੰਟਰਵਿਊ
    • ਯਾਦਾਂ
    • ਅਨੁਵਾਦ
    • ਸਭਿਆਚਾਰ
    • ਨਵਸਿਰਜਣ
    • ਵਿਰਸਾ
    • ਵਿਚਾਰ
    • ਸਿਨੇਮਾ
    • ਵਿਅੰਗ
    • ਹਲਚਲ
  • ਕਿਤਾਬਾਂ
    • ਪੁਸਤਕ ਸਮੀਖਿਆ
    • ਬੁੱਕ ਸ਼ੈਲਫ
  • ਇਤਿਹਾਸ
  • ਫੁਲਵਾੜੀ ਵਾਚ

© 2022 punjabiphulwari.com - All Rights Reserved. Powered By SRF (NGO)

Welcome Back!

Sign In with Facebook
Sign In with Google
OR

Login to your account below

Forgotten Password?

Retrieve your password

Please enter your username or email address to reset your password.

Log In

Add New Playlist

Are you sure want to unlock this post?
Unlock left : 0
Are you sure want to cancel subscription?