• ਮੂਲ : ਧਰਮਪਾਲ ਮਹੇਂਦਰ ਜੈਨ
• ਅਨੁ : ਪ੍ਰੋ. ਨਵ ਸੰਗੀਤ ਸਿੰਘ
ਹੇ ਸਖੀ, ਆਧੁਨਿਕ ਬਸੰਤ ਦੇ ਆਗਮਨ ਦੀ ਸੂਚਨਾ ਹੈ। ਚੋਣਾਂ ਆਉਣ ਵਾਲੀਆਂ ਹਨ। ਮਾਲੀਆਂ ਨੇ ਗਲੀ-ਗਲੀ, ਦਰਵਾਜ਼ੇ-ਦਰਵਾਜ਼ੇ ਫੁੱਲ ਟੰਗਣੇ ਸ਼ੁਰੂ ਕਰ ਦਿੱਤੇ ਹਨ। ਲੱਗਦਾ ਹੈ ਇੱਥੇ ਫੁੱਲਾਂ ਦੇ ਹਾਰ ਲਟਕਣਗੇ। ਇਸੇ ਰਸਤੇ ਤੋਂ ਵੀਰ-ਯੋਧੇ ਲੰਘਣਗੇ ਅਤੇ ਮਾਤ-ਭੂਮੀ ਦੀ ਸੇਵਾ ਵਿਚ ਆਪਣੇ ਵਿਰੋਧੀਆਂ ਦੇ ਸੀਸ ਚੜ੍ਹਾ ਦੇਣਗੇ। ਹੇ ਸਖੀ, ਦਿਨਾਂ ਵਿੱਚ ਹੀ ਰੰਗਾਂ ਦੀ ਬਹਾਰ ਫੈਲੀ ਹੈ, ਲਾਲ-ਗੁਲਾਲ ਉੱਡ ਰਹੇ ਹਨ। ਸਾਰਾ ਆਕਾਸ਼ ਕੇਸਰੀ, ਲਾਲ, ਪੀਲੇ, ਹਰੇ ਅਤੇ ਕਾਲੇ ਝੰਡਿਆਂ ਨਾਲ ਭਰਿਆ ਪਿਆ ਹੈ। ਲੋਕ ਸਫ਼ੈਦ, ਲਾਲ ਅਤੇ ਕਾਲੀਆਂ ਟੋਪੀਆਂ ਪਹਿਨੀ ਨਗਾਰਿਆਂ ਦੀ ਥਾਪ ਤੇ ਮਸਤ ਹੋ ਕੇ ਨੱਚ ਰਹੇ ਹਨ। ਹੇ ਸਖੀ, ਬਿਨਾਂ ਮੌਸਮ ਬਸੰਤ ਵਰਗਾ ਲੱਗੇ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਚੋਣ-ਬਸੰਤ ਹੈ, ਲੋਕਤੰਤਰ ਦਾ ਬਸੰਤ ਹੈ। ਇਹ ਆਮ ਲੋਕਾਂ ਲਈ ਖ਼ੁਸ਼ੀਆਂ ਲੈ ਕੇ ਆਉਂਦਾ ਹੈ, ਕਿਸੇ ਲਈ ਦਾਮ, ਕਿਸੇ ਲਈ ਜਾਮ, ਕਿਸੇ ਲਈ ਭੱਤਾ, ਕਿਸੇ ਲਈ ਸੱਤਾ। ਹੁਣ ਸਮੁੰਦਰ ਅਤੇ ਨਦੀਆਂ ਦੀ ਥਾਂ ਸੜਕਾਂ ਅਤੇ ਅਖ਼ਬਾਰਾਂ ਵਿਚ ਲਹਿਰਾਂ ਉੱਠਣਗੀਆਂ ਅਤੇ ਦੇਸ਼ ਲੋਕਤੰਤਰ ਦੇ ਉਤਸਵ ਦਾ ਵਿਸ਼ਾਲ ਨਾਟਕ ਵੇਖੇਗਾ।
ਹੇ ਸਖੀ, ਮੈਂ ਸੰਕੇਤ ਜਾਣਨ ਵਿੱਚ ਮਾਹਿਰ ਹਾਂ। ਪੰਜ ਪਕਵਾਨਾਂ ਦੀ ਮਿਲੀ-ਜੁਲੀ ਸੁਗੰਧੀ ਆ ਰਹੀ ਹੋਵੇ, ਤਾਂ ਸਹੁਰਿਆਂ ਤੋਂ ਭੂਤਾਂ ਦਾ ਆਉਣਾ ਨਿਸ਼ਚਿਤ ਹੈ। ਘਰ ਵਿੱਚ ਖਾਲੀ ਡੱਬਿਆਂ ਤੋਂ ਸੰਗੀਤਮਈ ਲਹਿਰਾਂ ਉੱਠਣ ਤਾਂ ਮਨ ਚਹਿਕ ਉੱਠਦਾ ਹੈ, ਦੋਸਤਾਂ-ਮਿੱਤਰਾਂ ਦੇ ਆਉਣ ਦੀ ਖਬਰ ਹੈ। ਪੁਲੀਸ ਦੀ ਸਾਇਰਨ ਵਜਾਉਂਦੀ ਗੱਡੀ ਘਰ ਦੇ ਬਾਹਰ ਰੁਕੇ ਤਾਂ ਲੱਗਦਾ ਹੈ ਸੰਪਾਦਕ ਜੀ ਨੇ ਮੇਰਾ ਵਿਅੰਗ ਮੁੱਖ ਪੰਨੇ ਤੇ ਛਾਪ ਦਿੱਤਾ ਹੈ। ਗੁਆਂਢੀ ਦੇ ਘਰ ਤੋਂ ਐਂਬੂਲੈਂਸ ਦੇ ਸਾਇਰਨ ਦੀ ਆਵਾਜ਼ ਆਵੇ ਤਾਂ ਇਹ ਸਿੱਧ ਹੁੰਦਾ ਹੈ ਕਿ ਸਾਹਿਤ ਵਿੱਚ ਸਟੀਕ-ਕੁਸ਼ਲਤਾ ਅਜੇ ਬਾਕੀ ਹੈ। ਪਰ ਸਖੀ, ਵਾਤਾਵਰਨ ਵਿੱਚ ਅਜਿਹੇ ਸੰਕੇਤ ਨਹੀਂ ਹਨ। ਇਨ੍ਹੀਂ ਦਿਨੀਂ ਅਣਜਾਣ ਵੀ ਗਲਵੱਕੜੀਆਂ ਫੈਲਾਈ ਦੌੜੇ ਆ ਰਹੇ ਹਨ। ਸਭਿਅ ਅਤੇ ਮਹਾਨ ਲੱਗਣ ਵਾਲ਼ੇ ਲੋਕ ਆ ਕੇ ਮੇਰੇ ਚਰਨ ਛੂੰਹਦੇ ਹਨ, ਮਾਮਾ, ਦਾਦਾ, ਚਾਚਾ ਵਰਗੇ ਨਿੱਜੀ ਰਿਸ਼ਤੇ ਬਣਾਉਂਦੇ ਹਨ। ਇਹ ਲੋਕ ਮੈਨੂੰ ਦੇਵਤਿਆਂ ਵਰਗੇ ਲੱਗਦੇ ਹਨ, ਜਦੋਂ ਮੈਨੂੰ ਕੰਮ ਪੈਂਦਾ ਹੈ ਤਾਂ ਗਾਇਬ ਹੋ ਜਾਂਦੇ ਹਨ।
ਮੈਨੂੰ ਦੇਵਤਾ ਵੇਖਿਆਂ ਲਗਪਗ ਪੰਜ ਸਾਲ ਹੋ ਗਏ ਹਨ। ਮੈਂ ਤਾਂ ਭੁੱਲ ਹੀ ਗਿਆ ਸੀ ਕਿਵੇਂ ਦਿਸਦੇ ਹਨ ਦੇਵਤੇ। ਮੈਂ ਉਨ੍ਹਾਂ ਦੇ ਦਰਸ਼ਨ ਕਰਨ ਕਈ ਵਾਰੀ ਸੰਸਦ-ਮੰਦਰ ਗਿਆ, ਉਹ ਨਹੀਂ ਮਿਲੇ। ਗੇਟਕੀਪਰ ਨੇ ਕਿਹਾ, ਦਕਸ਼ਣਾ ਲਿਆਇਆ ਹੈਂ ਤਾਂ ਮੈਨੂੰ ਦੇ ਦੇ। ਚੜ੍ਹਾਵਾ ਲਿਆਇਆ ਹੈਂ ਤਾਂ ਇੱਥੇ ਚੜ੍ਹਾ ਦੇ ਅਤੇ ਮੋਬਾਈਲ ਨੰਬਰ ਲਿਖ ਦੇ। ਦੇਵਤਾ ਫ੍ਰੀ ਹੋ ਜਾਣਗੇ, ਤਾਂ ਤੈਨੂੰ ਕਾਲ ਕਰ ਲੈਣਗੇ। ਉਨ੍ਹਾਂ ਨੇ ਕਦੇ ਕਾਲ ਨਹੀਂ ਕੀਤੀ। ਉਹ ਅੱਜ ਅਚਾਨਕ ਫ੍ਰੀ ਹੋ ਗਏ ਅਤੇ ਮੇਰੇ ਵਿਹੜੇ ਵਿੱਚ ਪ੍ਰਗਟ ਹੋ ਗਏ। ਸਖੀ ਧੰਨ ਹੈ ਇਹ ਬਸੰਤ, ਲੰਮੇ ਸਮੇਂ ਤੱਕ ਚੱਲੇ ਇਹ ਬਸੰਤ! ਬਸ ਚੋਣ ਦੀ ਘੋਸ਼ਣਾ ਹੋ ਜਾਵੇ, ਪਰ ਚੋਣਾਂ ਨਾ ਹੋਣ। ਅਜਿਹਾ ਹੋਵੇ ਤਾਂ ਜਨਤਾ ਦਾ ਭਾਅ ਉੱਚਾ ਰਹਿੰਦਾ ਹੈ, ਉਹਦਾ ਲੋਕਤੰਤਰ ਵਿੱਚ ਵਿਸ਼ਵਾਸ ਬਣਿਆ ਰਹਿੰਦਾ ਹੈ। ਉਹਨੂੰ ਪਤਾ ਹੈ ਕਿ ਬਸੰਤ ਦੇ ਬੀਤਣ ਤੋਂ ਬਾਅਦ ਫਿਰ ਹਿੰਸਾ ਅਤੇ ਡਾਂਗਾਂ ਵਾਲੇ ਦਿਨ ਮੁੜ ਆਉਣਗੇ।
ਇਸ ਬਸੰਤ ਵਿੱਚ ਉਹ ਬੈਠੇ ਨਹੀਂ ਰਹਿ ਸਕਦੇ, ਇਸ ਲਈ ਖੜ੍ਹੇ ਹੋ ਗਏ ਹਨ। ਇਹ ਨਵੀਂ ਤਰ੍ਹਾਂ ਦੀ ਕਬੱਡੀ ਹੈ। ਖਿਡਾਰੀ ਕਬੱਡੀ-ਕਬੱਡੀ ਕਰਦੇ ਦੂਜੇ ਦੇ ਪਾਲੇ ਵਿੱਚ ਜਾਂਦੇ ਹਨ ਅਤੇ ਮੁੜ ਕੇ ਨਹੀਂ ਆਉਂਦੇ। ਉਨ੍ਹਾਂ ਨੂੰ ਕੋਈ ਨਹੀਂ ਫੜਦਾ, ਤਾਂ ਵੀ ਉਹ ਉਨ੍ਹਾਂ ਦੇ ਚਰਨਾਂ ਵਿੱਚ ਡਿੱਗ ਪੈਂਦੇ ਹਨ। ਉਥੋਂ ਟਿਕਟ ਲੈ ਲੈਂਦੇ ਹਨ, ਫਿਰ ਉੱਠਦੇ ਹਨ। ਕੱਲ੍ਹ ਤਕ ਜੋ ਉਨ੍ਹਾਂ ਤੇ ਥੂਹ-ਥੂਹ ਕਰ ਰਹੇ ਸਨ, ਹੁਣ ਉਨ੍ਹਾਂ ਦੀ ਜੈ-ਜੈਕਾਰ ਕਰ ਰਹੇ ਹਨ। ਜੋ ਇਸ ਪਾਲੇ ਵਿੱਚ ਹਨ ਉਹ ਸਭ ਉਨ੍ਹਾਂ ਦੇ ਪਿਆਰੇ ਬਣ ਗਏ ਹਨ। ਸਖੀ, ਇਸ ਪਾਲੇ ਦੇ ਕੋਲ ਸੱਤਾ ਦਾ ਚੁੰਬਕ ਹੈ, ਜੋ ਇਸ ਚੁੰਬਕੀ ਖੇਤਰ ਵਿੱਚ ਆਉਂਦਾ ਹੈ, ਚਿਪਕ ਜਾਂਦਾ ਹੈ।
ਸਮੁੰਦਰ ਵਿੱਚ ਲਹਿਰਾਂ ਉੱਠ ਰਹੀਆਂ ਹਨ, ਨਿਰਦਲੀਆਂ ਦੀਆਂ ਕਿਸ਼ਤੀਆਂ ਪਲਟ ਰਹੀਆਂ ਹਨ, ਜਾਤੀਵਾਦੀਆਂ ਦੇ ਜਹਾਜ਼ ਮਸਤੂਲ ਕਬਾਡ਼ ਬਣ ਰਹੇ ਹਨ। ਵਿਕਾਸਵਾਦੀਆਂ ਦੇ ਜੰਗੀ ਬੇੜਿਆਂ ਨੇ ਪਤਵਾਰਾਂ ਸੁੱਟ ਦਿੱਤੀਆਂ ਹਨ ਅਤੇ ਮੱਛੀਆਂ ਫੜ ਰਹੇ ਹਨ। ਭਾਸ਼ਣਾਂ ਵਿੱਚ ਬਿਜਲੀ ਚਮਕਦੀ ਹੈ ਅਤੇ ਕੜਕਦੀ ਹੈ ਤਾਂ ਨਾਗਰਿਕ ਘਰਾਂ ਵਿੱਚ ਦੁਬਕ ਜਾਂਦੇ ਹਨ। ਸਖੀ, ਰਾਜਨੇਤਾਵਾਂ ਨੂੰ ਦੰਗਾ ਫੈਲਾਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ! ਵਾਅਦਿਆਂ ਦੀ ਰਿਮਝਿਮ ਬਰਸਾਤ ਹੋ ਰਹੀ ਹੈ। ਵਾਅਦਿਆਂ ਦਾ ਹੜ੍ਹ ਆ ਗਿਆ ਹੈ। ਨਦੀਆਂ ਨੇ ਬੰਨ੍ਹ ਤੋੜ ਦਿੱਤੇ ਹਨ ਅਤੇ ਵਾਅਦੇ ਘਰ-ਘਰ ਵਿੱਚ ਵੜ ਰਹੇ ਹਨ। ਸਖੀ, ਵਾਅਦੇ ਹੀ ਇੰਨੀ ਤਬਾਹੀ ਮਚਾ ਰਹੇ ਹਨ ਤਾਂ ਅੱਗੇ ਕੀ ਹੋਵੇਗਾ!
ਦੋ ਪ੍ਰਤੀਸ਼ਤ ਆਬਾਦੀ ਦੇ ਕੋਲ ਅਠਾਨਵੇਂ ਪ੍ਰਤੀਸ਼ਤ ਦੌਲਤ ਹੈ। ਇਹ ਸਮੀਕਰਣ ਅੱਜ ਅਪ੍ਰਾਸੰਗਿਕ ਲੱਗਦਾ ਹੈ। ਇਸ ਮੌਸਮ ਨੇ ਨਵਾਂ ਸਮੀਕਰਣ ਬਣਾਇਆ ਹੈ- ਦੋ ਪ੍ਰਤੀਸ਼ਤ ਆਬਾਦੀ ਕੋਲ ਦੌਲਤ ਹੋਵੇ ਤਾਂ ਕੀ, ਅਠਾਨਵੇਂ ਪ੍ਰਤੀਸ਼ਤ ਆਬਾਦੀ ਦੇ ਕੋਲ ਵੋਟ ਹਨ, ਉਹ ਚਾਹੇ ਤਾਂ ਆਪਣੀ ਤਾਕਤ ਵਿਖਾ ਸਕਦੀ ਹੈ। ਸਖੀ, ਰਾਜਨੇਤਾ ਚਾਹੁੰਦੇ ਹਨ, ਕਾਮਧੇਨੂੰ ਲੋਕਤੰਤਰ ਲਈ ਜਨਤਾ ਗ਼ਰੀਬ ਹੋਵੇ ਅਤੇ ਗ਼ਰੀਬੀ ਬਣੀ ਰਹੇ, ਨਹੀਂ ਤਾਂ ਹਰ ਦੇਸ਼ ਅਮਰੀਕਾ ਵਾਂਗ ਵਿਕਸਿਤ ਹੋ ਜਾਵੇਗਾ। ਸਖੀ, ਤੈਨੂੰ ਕੀ ਲੱਗਦਾ ਹੈ, ਇਸ ਬਸੰਤ ਪਿੱਛੋਂ ਪਰਜਾਤੰਤਰ ਪਰਜਾ ਲਈ ਹੋਵੇਗਾ ਜਾਂ ਮਜ਼ੇ ਲਈ ਹੋਵੇਗਾ!
***
# ਮੂਲ : ਧਰਮਪਾਲ ਮਹੇਂਦਰ ਜੈਨ, ਐਨਡੇਲ ਡ੍ਰਾਈਵ, ਟੋਰਾਂਟੋ, (ਕੈਨੇਡਾ) dharmtoronto@gmail.com # ਅਨੁ : ਪ੍ਰੋ. ਨਵ ਸੰਗੀਤ ਸਿੰਘ, ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302(ਬਠਿੰਡਾ) 9417692015.