■ ਸੋਨੂੰ ਯਸ਼ਰਾਜ
ਕਿਤਾਬਾਂ ਤੇ ਕੇਂਦਰਿਤ ਵੱਖ-ਵੱਖ ਦ੍ਰਿਸ਼ਟੀ ਦੀਆਂ ਇਹ ਸਾਰੀਆਂ ਕਵਿਤਾਵਾਂ ਸੋਨੂੰ ਯਸ਼ਰਾਜ ਵੱਲੋਂ ਹਿੰਦੀ ਵਿੱਚ ਲਿਖੀਆਂ ਗਈਆਂ ਹਨ। ਸੋਨੂੰ ਯਸ਼ਰਾਜ ਦਾ ਜਨਮ ਰਾਜਸਥਾਨ ਦੇ ਹਨੂਮਾਨਗੜ ਵਿਚ ਹੋਇਆ। ਸੂਚਨਾ, ਸਿਖਿਆ ਅਤੇ ਸੰਚਾਰ ਮਾਹਿਰ ਵਜੋਂ ਸਹਾਇਕ ਨਿਰਦੇਸ਼ਕ ਦੇ ਅਹੁਦੇ ਤੇ ਜ਼ਮੀਨੀ ਪੱਧਰ ਤੇ ਜੁੜ ਕੇ ਕੰਮ ਕਰਨ ਦਾ ਅਨੁਭਵ। ਵਿਭਿੰਨ ਸਾਹਿਤਕ ਪੱਤ੍ਰਿਕਾਵਾਂ, ਆਕਾਸ਼ਵਾਣੀ, ਦੂਰਦਰਸ਼ਨ ਵਿੱਚ ਵੱਖ-ਵੱਖ ਵਿਧਾਵਾਂ ਵਿੱਚ ਪ੍ਰਕਾਸ਼ਨ ਤੇ ਪ੍ਰਸਾਰਣ। ਮੌਜੂਦਾ ਸਮੇਂ ਕਵਿਤਾ, ਵਾਰਤਕ, ਕਹਾਣੀ, ਖੋਜ ਆਦਿ ਵਿੱਚ ਕ੍ਰਿਆਸ਼ੀਲ। ਖ਼ ਵਰਤਮਾਨ ਰਿਹਾਇਸ਼ ਜੈਪੁਰ ਵਿਖੇ। “ਪਹਿਲੀ ਬੂੰਦ ਨੀਲੀ ਸੀ” ਕਾਵਿ-ਸੰਗ੍ਰਹਿ ਪ੍ਰਕਾਸ਼ਿਤ।
1.ਕਿਤਾਬਾਂ ਨਾਲ
ਕਿਤਾਬਾਂ ਕਦੇ ਨਹੀਂ ਪੁੱਛਦੀਆਂ
ਤੁਹਾਡੇ ਦੁਨਿਆਵੀ ਰਿਸ਼ਤਿਆਂ ਦਾ ਹਿਸਾਬ -ਕਿਤਾਬ।
ਨਹੀਂ ਤੋਲਦੀਆਂ ਰਿਸ਼ਤੇਦਾਰਾਂ ਵਾਂਗ
ਤੁਹਾਨੂੰ ਅਰਥ ਦੀ ਤੱਕੜੀ ਵਿਚ।
ਹੋਰ ਤਾਂ ਹੋਰ

ਮੰਨਦੀਆਂ ਹਨ ਤੁਹਾਨੂੰ ਸਾਧੂ
ਨਾ ਜ਼ਾਤ ਪੁੱਛਦੀਆਂ ਨੇ
ਨਾ ਹੀ ਰੱਖਦੀਆਂ ਨੇ
ਔਰਤ-ਮਰਦ ਦੇ ਚੌਖਟੇ ਵਿੱਚ।
ਇਹ ਜਿਲਦ ਵਾਲੀਆਂ
ਅਤੇ ਬਿਨਾਂ ਜਿਲਦ ਵਾਲੀਆਂ ਕਿਤਾਬਾਂ
ਕਦੇ ਨਹੀਂ ਬੰਨ੍ਹੀਆਂ ਸਮਾਜਿਕ ਦਾਇਰੇ ਵਿੱਚ।
ਫਿਰ ਵੀ ਬੰਨ੍ਹਦੀਆਂ ਨੇ ਸਾਨੂੰ ਆਪਣੇ ਪ੍ਰੇਮ-ਬੰਧਨ ਵਿਚ।
ਕਿਤਾਬਾਂ ਨਾਲ
ਇਕੱਲਾ ਕਦੋਂ ਕਦੋਂ ਹੁੰਦਾ ਹੈ ਆਦਮੀ?
2.ਕਿਤਾਬਾਂ ਅਤੇ ਆਦਮੀ
ਮੈਂ ਵੇਖਿਐ ਕਈ ਵਾਰ
ਸ਼ੀਸ਼ੇ ਵਾਲੀ ਕੰਧ ਕੋਲ
ਕਿਤਾਬਾਂ ਦੀ ਦੁਕਾਨ ਤੇ ਬੈਠਾ ਆਦਮੀ
ਇਕੱਲਿਆਂ ਹੀ ਗੱਲਾਂ ਵਿੱਚ ਮਸਤ।
ਮੈਂ ਵੀ ਕੀਤੀਆਂ ਨੇ
ਮੈਕਸਿਮ ਗੋਰਕੀ ਅਤੇ ਅੰਮ੍ਰਿਤਾ ਪ੍ਰੀਤਮ ਨਾਲ ਗੱਲਾਂ।
ਕਿੰਨੀ ਵਾਰ ਸ਼ਮਸ਼ੇਰ ਬਹਾਦੁਰ ਅਤੇ
ਮਹਾਂਦੇਵੀ ਨਾਲ ਮੂਕ ਜੀਵਿਆ ਹੈ।
ਨਿਰਮਲ ਵਰਮਾ ਨਾਲ ਚੱਲਿਆ
ਵਰ੍ਹਿਆਂ-ਬੱਧੀ ਇੱਕਪਾਸੜ ਸੰਵਾਦ।
ਇਤਿਹਾਸ ਨਾਲ ਜ਼ਿੰਦਾ ਹੁੰਦੀ ਭਾਰਤੇਂਦੂ ਦੀ ਮੱਲਿਕਾ।
ਅਤੇ ਕਿੰਨੇ ਪਿਆਰੇ ਲੇਖਕਾਂ ਦੇ ਪਾਤਰਾਂ ਨਾਲ
ਅਣਘੜਿਆ ਜੀਵਨ ਜੀਵਿਆ ਹੈ ਮੈਂ।
ਪਾਤਰ ਅਤੇ ਘਟਨਾਵਾਂ ਸਜੀਵ ਹੁੰਦੀਆਂ ਰਹੀਆਂ
ਯਾਤਰਾਵਾਂ ਵਿੱਚ ਵੀ ਨਾਲ-ਨਾਲ।
ਪਰਦੇਸ ਗਏ ਪਤੀ ਦੀ ਉਡੀਕ ਵਿਚ
ਰਵੀਂਦ੍ਰ ਦੀਆਂ ਨਾਇਕਾਵਾਂ ਅਸਲ ਵਿੱਚ
ਸਾਡੇ ਹੀ ਆਸਪਾਸ।
ਜਿਵੇਂ ਹਰ ਤਾਰੀਖ ਗਵਾਹ ਹੋਵੇ
ਅਜਿਹੇ ਸਾਖੀ ਬਣੇ ਅਗੇਯ ਦੇ ਪਾਤਰ।
ਚੈਖ਼ਵ ਅਤੇ ਬ੍ਰੈਖ਼ਤ ਵੀ ਜ਼ਿੰਦਾ ਰਹੇ
ਬਹੁਤਿਆਂ ਨਾਲ ਕਾਫੀ ਹਾਊਸ ਦੇ ਪਿਆਲਿਆਂ ਵਿੱਚ।
ਸ਼ੈਕਸਪੀਅਰ ਦੇ ਨਾਟਕ
ਸਰਹੱਦ ਪਾਰ ਕਰਕੇ ਪਹੁੰਚੇ
ਵੰਡਣ ਇਕੱਲਾਪਣ।
ਪਿੰਡ ਦੇ ਸਾਰੇ ਬਲਦ, ਹੋਰੀ
ਅਤੇ ਕਮਲੀ ਵਰਗੀ ਲੜਕੀ।
ਲੱਗਦੇ ਰਹੇ ਦੂਰ-ਦੁਰਾਡੇ ਦੇ
ਸ਼ਹਿਰ ਵੀ ਆਪਣੇ-ਜਿਹੇ
ਕਿਤਾਬਾਂ ਦੀ ਬਦੌਲਤ।
ਇਹ ਆਪਣੀ ਆਵਾਰਗੀ ਦੇ ਕਿੱਸੇ ਸੁਣਾਉਂਦੀਆਂ ਰਹੀਆਂ
ਤੁਹਾਡੇ ਮਨ ਦੀ ਫਿਤਰਤ ਨੂੰ ਆਸਰਾ ਦਿੰਦੀਆਂ।
ਕਿਤਾਬਾਂ ਅਣਜਾਣੇ ਪ੍ਰੇਮ-ਪੱਤਰਾਂ ਵਰਗੀਆਂ ਹੁੰਦੀਆਂ ਨੇ
ਕਦੇ ਆਪਣਾ ਪਤਾ ਨਹੀਂ ਬਦਲਦੀਆਂ।
3.ਕਿਤਾਬ
ਮੇਰੇ ਹੱਥ ਵਿੱਚ ਕਿਤਾਬ ਹੈ
ਜੋ ਪੜ੍ਹ ਰਹੀ ਹੈ ਮੇਰਾ ਮਨ
ਜਿਵੇਂ ਕੋਈ ਪੜ੍ਹਦਾ ਹੈ
ਅੱਖਾਂ ਨੂੰ ਬਿਨਾਂ ਬੋਲਿਆਂ, ਬਿਨਾਂ ਤੋਲਿਆਂ।
ਜਦੋਂ ਮੈਂ ਮੁਸਕਰਾਉਂਦੇ ਹੋਏ ਪੜ੍ਹ ਰਹੀ ਹਾਂ ਕਿਤਾਬ
ਬਿਲਕੁਲ ਉਸੇ ਵੇਲੇ ਇਕ ਲੜਕੀ ਦੇ ਭਵਿੱਖ ਬਾਰੇ
ਉਹਦੇ ਪਿਤਾ ਨੇ ਸੁਣਾ ਦਿੱਤਾ ਹੈ
ਉਹਨੂੰ ਕਿਤਾਬਾਂ ਤੋਂ ਦੂਰ ਲਿਜਾਂਦਾ ਹੋਇਆ ਇੱਕ ਫ਼ੈਸਲਾ।
ਕਿਤੇ ਕਿਸੇ ਸ਼ਹਿਰ ਵਿਚ ਇਕ ਪਿਤਾ ਨੇ ਵੇਚ ਦਿੱਤੀਆਂ ਨੇ
ਆਪਣੇ ਬੱਚੇ ਦੀਆਂ ਪਿਆਰੀਆਂ ਕਿਤਾਬਾਂ
ਆਪਣੀ ਸ਼ਾਮ ਨੂੰ ਰੰਗੀਨ ਕਰਨ ਲਈ।
ਇਕ ਮਤਰੇਈ ਮਾਂ ਨੇ ਰੱਖ ਦਿੱਤੀਆਂ ਨੇ ਪੜਛੱਤੀ ਤੇ
ਕਿਤਾਬਾਂ
ਅਤੇ ਸੁੱਤੀ ਰਹੀ ਦੇਰ ਤੱਕ
ਸਵੇਰ ਦੇ ਪਾਣੀ ਦੀ ਫ਼ਿਕਰ ਕੀਤੇ ਬਿਨਾਂ।
ਇਕ ਪਰਿਵਾਰ ਨੇ ਬਣਾਉਣੇ ਸ਼ੁਰੂ ਕਰ ਦਿੱਤੇ ਹਨ
ਕਿਤਾਬਾਂ ਨਾਲ ਥੋਕ ਦੇ ਭਾਅ ਲਿਫ਼ਾਫ਼ੇ।
ਪਰਦੇਸ ਗਏ ਆਪਣੇ ਪਤੀ ਦੇ ਪਿਆਰੇ ਲੇਖਕ ਦੀਆਂ
ਕੁਝ ਕਿਤਾਬਾਂ ਰੱਦੀ ਵਿੱਚ ਵੇਚ ਦਿੱਤੀਆਂ ਨੇ
ਇੱਕ ਪਤੀਵਰਤਾ ਔਰਤ ਨੇ ਹੁਣੇ-ਹੁਣੇ।
ਮੇਰੇ ਆਪਣੇ ਪਿੰਡ ਵਿੱਚ
ਚੁੱਲ੍ਹੇ ਨੂੰ ਭੇਟਾ ਕਰ ਦਿੱਤੀਆਂ ਨੇ
ਬੇਬੇ ਨੇ ਕੁਝ ਕਿਤਾਬਾਂ।
ਮੇਰੇ ਆਸਪਾਸ ਦੀ ਦੁਨੀਆਂ ਵਿੱਚ
ਕਿਤਾਬਾਂ ਘੱਟ ਹੁੰਦੀਆਂ ਜਾ ਰਹੀਆਂ ਨੇ
ਅਤੇ ਮੁਸਕਰਾਹਟਾਂ ਵੀ।
ਕਿਤਾਬਾਂ ਹੁੰਦੀਆਂ ਨੇ ਇਕ ਜ਼ਿੰਦਾ ਚੀਜ਼
ਵੇਖਿਆ ਨਹੀਂ, ਕਿਵੇਂ ਫੜਫੜਾਉਂਦੇ ਨੇ ਪੰਨੇ
ਝਪੱਟਾ ਮਾਰਦੇ ਨੇ ਬਾਜ਼ ਵਾਂਗ
ਸ਼ਬਦ ਤੁਹਾਡੀਆਂ ਅੱਖਾਂ ਵਿੱਚ
ਅਤੇ ਕੂੰਦਦੇ ਨੇ ਮਨ ਵਿੱਚ ਵਿਚਾਰ।
ਕਿਤਾਬ ਕੋਲ਼ ਹੋਣ ਦੇ ਅਰਥ ਜਾਣਦਾ ਹੈ
ਕੱਲ੍ਹ ਸਾਈਕਲ ਚਲਾਉਂਦੇ ਪੈਰ ਤੁੜਵਾ ਬੈਠਾ
ਇੱਕ ਮੁੰਡਾ।
ਅਤੇ ਤਿੰਨ ਮਹੀਨੇ ਪਿੱਛੋਂ ਕੰਮ ਤੇ ਨਿਕਲੇ
ਉਸ ਦੇ ਮਾਤਾ-ਪਿਤਾ।
ਨੇੜੇ ਰਹਿਣ ਵਾਲਾ ਉਸ ਦਾ ਖਿਡਾਰੀ ਮਿੱਤਰ
ਸਮਾਰਟ ਟੀਵੀ ਅਤੇ ਫੋਨ
ਇਹ ਸਭ ਉਸ ਇਕੱਲੇ ਮੁੰਡੇ ਦਾ
ਦੁੱਖ ਨਹੀਂ ਵੰਡਾ ਸਕਣਗੇ,
ਫਿਰ ਉਹ ਚੁੱਕੇਗਾ ਕਿਤਾਬਾਂ
ਬਚਪਨ ਦੀ ਐਲਬਮ ਵਾਲੀ ਅਲਮਾਰੀ ਤੋਂ
ਹੁਣ ਤੱਕ ਦੀਆਂ ਸਾਇੰਸ ਫਿਕਸ਼ਨ ਵਾਲੀਆਂ ਕਿਤਾਬਾਂ।
ਅਜਨਬੀਆਂ ਨਾਲ ਵੀ ਬਦਲੇਗਾ ਖਿੜਕੀ ਰਾਹੀਂ ਕਿਤਾਬਾਂ।
ਸਕੂਲ ਛੁਡਾ ਦਿੱਤੀ ਗਈ ਲੜਕੀ
ਕੋਨੇ ਦੀ ਦੁਕਾਨ ਤੋਂ ਪੜ੍ਹੇਗੀ
ਕ੍ਰਿਸ਼ਨਾ ਸੋਬਤੀ, ਮਮਤਾ ਕਾਲੀਆ ਦੀਆਂ
ਕਹਾਣੀਆਂ ਦੀਆਂ ਕਿਤਾਬਾਂ।
ਉਹ ਪੜ੍ਹੇਗੀ ਕੰਧ ਟੱਪਣਾ ਮੁਸ਼ਕਿਲ ਹੈ
ਤਾਂ ਕਿਉਂ ਨਾ
ਖਿੜਕੀ ਤੇ ਪੈਰ ਰੱਖ ਲਿਆ ਜਾਵੇ।
ਕਿਤਾਬ ਤੋਂ ਬਣੇ ਲਿਫਾਫਿਆਂ ਨੂੰ ਪੜ੍ਹਦਾ
ਹੱਥ ਫੇਰਦਾ ਦਸਵੀਂ ਫੇਲ੍ਹ ਮੁੰਡਾ
ਪਿਤਾ ਦੀ ਪਰਚੂਨ ਦੀ ਦੁਕਾਨ ਤੇ ਬੈਠਾ
ਹੁਣ ਇਨ੍ਹਾਂ ਨਾਲ਼ ਪ੍ਰੇਮ ਕਰ ਬੈਠੇਗਾ।
ਘਰ ਤੋਂ ਭੱਜਿਆ ਮੁੰਡਾ
ਸਟੇਸ਼ਨ ਤੇ ਭੇਲ-ਪੂਰੀ ਰੱਖੇ ਕਾਗਜ਼ ਵਿਚ
ਲੱਭੇਗਾ ਆਪਣੀਆਂ ਕਿਤਾਬਾਂ।
ਉਧਰ ਉਹਦੀ ਮਾਂ
ਕਥਾਕਾਰ ਸਤਿਆਨਾਰਾਇਣ ਦੀ ਡਾਇਰੀ ਪਡ਼੍ਹ ਕੇ
ਜਾਣਨਾ ਚਾਹੇਗੀ ਉਹਦਾ ਮਨ।
ਅਤੇ ਇਧਰ ਰੈਕ ਵਿੱਚ ਰੱਖੀਆਂ ਉਦਾਸ ਕਿਤਾਬਾਂ ਨੂੰ ਵੇਖ ਕੇ
ਸੋਚ ਰਹੇ ਹੋਣਗੇ ਸ਼ਹਿਰ ਦੇ ਸਾਰੇ ਲਾਇਬ੍ਰੇਰੀਅਨ
ਮਹਾਂਮਾਰੀ ਵਿੱਚ ਦੇਣੀਆਂ ਚਾਹੀਦੀਆਂ ਸਨ
ਚਾਰ ਕਿਤਾਬਾਂ ਵਧੇਰੇ।
ਮੇਰੇ ਹੱਥ ਵਿਚ ਹੁਣ ਵੀ ਕਿਤਾਬ ਹੈ
ਅਤੇ ਮੈਂ ਮੁਸਕਰਾ ਰਹੀ ਹਾਂ।
4. ਗ਼ੈਰ ਜ਼ਰੂਰੀ
ਮੂਧੇ ਮੂੰਹ ਡਿੱਗਦੀ ਸਾਂ ਸੋਫੇ ਤੇ
ਕਦੇ ਛਾਤੀ ਤੇ ਅੱਖਾਂ ਮੀਚੇ
ਸੁਪਨਿਆਂ ਵਿੱਚ ਵੀ ਚੱਲ ਦਿੰਦੀਆਂ ਸਨ ਨਾਲ।
ਅੱਜ ਸ਼ੈਲਫ ਵਿੱਚ ਸਜੀਆਂ ਕਿਤਾਬਾਂ
ਜ਼ਿਆਦਾਤਰ ਘਰਾਂ ਵਿੱਚ ਸਭ ਤੋਂ ਗ਼ੈਰ ਜ਼ਰੂਰੀ ਚੀਜ਼ ਹਨ।
ਕੀ ਕਰੀਏ, ਵਕਤ ਹੀ ਨਹੀਂ ਹੈ ਪੜ੍ਹਨ ਦਾ
ਕਦੇ ਵਿਹਲ ਵਿੱਚ ਪੜ੍ਹਨਗੇ
ਆਪਣਾ ਸਮਾਰਟਫੋਨ ਪਲ-ਪਲ ਵੇਖਦੇ
ਗੈਰ ਜ਼ਰੂਰੀ ਗਿਆਨ ਵਿੱਚ ਟੁੱਭੀਆਂ ਲਾ ਰਹੇ ਹਨ।
ਪਰ ਅੱਜ ਵੀ ਸੰਤੁਲਨ ਬਣਾਉਣਾ ਹੋਵੇ
ਤਾਂ ਆਪਣੇ ਸਿਰ ਤੇ ਕਿਤਾਬਾਂ ਰੱਖ ਕੇ
ਹੌਲੀ-ਹੌਲੀ ਚੱਲਦੇ ਨੇ
ਮੋਬਾਈਲ ਤੇ ਲਾਈਵ, ਵੀਡੀਓ, ਮੂਵੀ
ਚਲਾਉਂਦੇ ਹੀ ਲੈਂਦੇ ਨੇ
ਕਿਸੇ ਮੋਟੀ ਕਿਤਾਬ ਦਾ ਸਹਾਰਾ।
ਇਕ ਜ਼ਿੰਦਾ ਚੀਜ਼ ਹੈ ਕੋਈ ਚੰਗੀ ਕਿਤਾਬ
ਜ਼ਿੰਦਗੀ ਵਿੱਚ ਸੰਤੁਲਨ ਰਚ ਦਿੰਦੀ ਹੈ ਕਿਤਾਬ।
ਇੰਤਜ਼ਾਰ ਕਰਦੀ ਹੈ ਤੁਹਾਡਾ
ਕਿ ਸ਼ਾਮਲ ਕਰ ਲਓ
ਆਤਮਾ ਦੇ ਭੋਜਨ ਨੂੰ
ਆਪਣੀ ਰੋਜ਼ਾਨਾ ਦੀ ਆਦਤ ਵਿਚ
ਪੁੱਛੋ ਆਪਣਿਆਂ ਨੂੰ, ਆਪਣੇ ਮਹਿਮਾਨਾਂ ਨੂੰ
‘ਇਕ ਕੱਪ ਚਾਹ ਹੋਰ ਹੋ ਜਾਏ’ ਵਾਂਗ
ਜ਼ਿਦ ਕਰੋ-
ਲਓ, ਹੁਣ ਇਹ ਕਿਤਾਬ ਪੜ੍ਹੋ।
ਅੱਜ ਵੇਖਣਾ ਧਿਆਨ ਨਾਲ
ਸ਼ੈਲਫ ਵਿੱਚ ਸਜੀਆਂ ਬੰਦ ਕਿਤਾਬਾਂ ਨੂੰ
ਉਹ ਖੁੱਲ੍ਹੀਆਂ
ਤਾਂ ਖਿੜੇਗਾ ਇਹ ਜਹਾਨ!
5.ਕਿਤਾਬਾਂ ਵਿੱਚੋਂ ਜ਼ਿੰਦਗੀ
ਲੜਕੀ ਕਿਤਾਬਾਂ ਜ਼ਿਆਦਾ ਪੜ੍ਹਦੀ ਸੀ
ਲੜਕਾ ਦੀਨ-ਦੁਨੀਆਂ ਦੀ ਖ਼ਬਰ।
ਲੜਕੀ ਜਦੋਂ ਕਿਤਾਬ ਬੰਦ ਕਰਦੀ
ਤਾਂ ਕਿਰਦਾਰਾਂ ਨੂੰ ਖੋਜਦੀ
ਉਹਨੂੰ ਬਾਹਰਲੀ ਦੁਨੀਆਂ ਵਿੱਚ ਸਮਾਨਤਾ ਦਿਸਦੀ
ਬੇਸ਼ਕ ਅਕਸਰ ਨਹੀਂ ਵੀ।
ਪਰ ਲੜਕੀ ਨੂੰ ਪਤਾ ਸੀ
ਕਿਤਾਬਾਂ ਝੂਠ ਨਹੀਂ ਬੋਲਦੀਆਂ।
ਅਤੇ ਲੜਕੇ ਨੂੰ ਪਤਾ ਸੀ
ਕਿ ਕਿਤਾਬਾਂ ਤੋਂ ਬਾਹਰ ਵੀ ਹੁੰਦੀ ਹੈ
ਇਕ ਹੋਰ ਦੁਨੀਆਂ।
ਲੜਕੀ ਪਰੀ-ਕਥਾਵਾਂ ਨਹੀਂ ਪੜ੍ਹਦੀ ਸੀ
ਨਾ ਹੀ ਮਨੋਹਰ ਕਹਾਣੀਆਂ।
ਉਹ ਪੜ੍ਹਦੀ ਸੀ ਅਜਿਹਾ
ਜੋ ਵਿਸ਼ਾਲ ਕਰ ਦੇਵੇ ਉਸ ਦੀ ਦੁਨੀਆਂ
ਭਜਾ ਦੇਵੇ ਅੰਦਰ ਬੈਠਾ ਅਣਜਾਣ ਡਰ।
ਅਤੇ ਮੰਨਦੀ ਸੀ ਮੁਸ਼ਕਲਾਂ-ਤਕਲੀਫਾਂ ਦੇ ਬਾਵਜੂਦ
ਜ਼ਿੰਦਗੀ ਫਿਰ ਵੀ ਖ਼ੂਬਸੂਰਤ ਹੈ!
6. ਚੋਰੀ
ਮਿਊਜ਼ੀਅਮ, ਬੈਂਕ ਜਾਂ ਕਿਸੇ ਸ਼ਾਨਦਾਰ ਪਾਰਟੀ ‘ਚੋਂ
ਸਖਤ ਸੁਰੱਖਿਆ ਦੌਰਾਨ ਹੀਰੇ ਦੀ ਚੋਰੀ ਦੀ ਰੋਮਾਂਚਿਕ ਖ਼ਬਰ ਹਰ ਕੋਈ ਸੁਣਦਾ ਹੈ ਰੁਕ ਕੇ
ਹਰ ਕਾਲਖੰਡ ਵਿੱਚ ਧੁੰਮਾਂ ਪਈਆਂ ਹੁੰਦੀਆਂ ਨੇ
ਅਜਿਹੀਆਂ ਫ਼ਿਲਮਾਂ ਦੀਆਂ।
ਮੈਂ ਚਾਹੁੰਦੀ ਹਾਂ
ਦੁਨੀਆਂ ਦੀਆਂ ਸਾਰੀਆਂ ਲਾਇਬ੍ਰੇਰੀਆਂ ਤੋਂ ਚੋਰੀ ਹੋਣ ਕਿਤਾਬਾਂ ਗਲ਼ੀਆਂ ਦੇ ਮੁਸ਼ਟੰਡਿਆਂ ਕਾਰਨ
ਨਹੀਂ ਜਾ ਸਕਦੀਆਂ ਹਨ ਲਾਇਬ੍ਰੇਰੀ
ਮੰਜੁਲਾ, ਨੀਮਾ, ਅਰੁਣਿਮਾ ਕਿਸੇ ਵੀ ਸ਼ਾਮ
ਚੋਰੀ ਕੀਤੀਆਂ ਕੁਝ ਕਿਤਾਬਾਂ
ਭਿਜਵਾ ਦਿੱਤੀਆਂ ਜਾਣ ਉਨ੍ਹਾਂ ਦੇ ਘਰੀਂ
ਤਾਂ ਕਿ ਉਨ੍ਹਾਂ ਦਾ ਘਰ ਬਣ ਜਾਵੇ ਦੁਨੀਆਂ
ਕੁਝ ਕਿਤਾਬਾਂ ਯਤੀਮ-ਘਰਾਂ,
ਬਜ਼ੁਰਗ- ਆਸ਼ਰਮਾਂ ਦੀ ਡਿਉਢੀ ਤੇ ਵੀ
ਰੱਖ ਦਿੱਤੀਆਂ ਜਾਣ ਚੁੱਪਚਾਪ
ਤਾਂ ਕਿ ਉੱਥੇ ਵੀਹ ਵਾਰੀ ਪੜ੍ਹੀਆਂ ਗਈਆਂ
ਖਸਤਾਹਾਲ ਕਿਤਾਬਾਂ ਮੁਕਤੀ ਪਾ ਸਕਣ
ਕੁਝ ਕਿਤਾਬਾਂ ਭਿਜਵਾ ਦਿੱਤੀਆਂ ਜੇਲ੍ਹ ਵਿੱਚ
ਤਾਂ ਕਿ ਸਜ਼ਾਯਾਫਤਾ ਕੈਦੀ ਸੋਚ ਸਕਣ
ਇੰਨੀ ਵੀ ਮਾੜੀ ਨਹੀਂ ਹੈ ਇਹ ਦੁਨੀਆਂ
ਕੁਝ ਕਿਤਾਬਾਂ ਪਿੰਡਾਂ ਦੀਆਂ
ਸਕੂਲ- ਲਾਇਬ੍ਰੇਰੀਆਂ ਵਿੱਚ ਭਿਜਵਾਈਆਂ ਜਾਣ
ਤੁਸੀਂ ਜਾਣਦੇ ਹੀ ਹੋ
ਉਨ੍ਹਾਂ ਨੂੰ ਥਾਂ ਵੀ ਲੋੜੀਂਦੀ ਹੈ ਅਤੇ ਰੈਕ ਵੀ
ਕੁਝ ਕਿਤਾਬਾਂ ਨੂੰ ਪਹਾੜਾਂ,ਖੇਤਾਂ ਵਿੱਚ ਵੀ ਰੱਖ ਦੇਣਾ ਚਾਹੀਦਾ ਹੈ ਆਜੜੀਆਂ ਦੇ ਕਿੱਸੇ ਖਤਮ ਹੋਣ ਵਾਲੇ ਨੇ
ਅਤੇ ਖੇਤਾਂ ਦੇ ਪਹੇ ਤੇ ਬੈਠੇ ਬੱਚਿਆਂ ਦੀ ਟੋਲੀ ਨੂੰ ਚਾਹੀਦੀ ਹੈ ਉਨ੍ਹਾਂ ਦੇ ਸੁਪਨਿਆਂ ਲਈ ਕੋਈ ਨਵੀਂ ਕਹਾਣੀ
ਕੁਝ ਕਿਤਾਬਾਂ ਉਸ ਬੂਹੇ ਤੇ ਕਿਉਂ ਨਾ ਪਹੁੰਚਣ
ਜਿੱਥੇ ਆਉਂਦੇ ਨੇ ਸਿਰਫ ਰੂਪ ਦੇ ਗਾਹਕ
ਕੁਝ ਕਿਤਾਬਾਂ ਨੂੰ ਠੇਲ੍ਹਿਆਂ ਤੇ
ਗਲ਼ੀਆਂ ਵਿੱਚ ਲਿਜਾ ਕੇ ਦੇਣਾ ਚਾਹੀਦਾ ਹੈ ਹੋਕਾ
ਤਾਂ ਕਿ ਲੋਕ ਜਾਣ- ਸਮਝ ਸਕਣ
ਕਿਤਾਬਾਂ ਨੂੰ ਰੋਜ਼ਾਨਾ ਦੀ ਸਭ ਤੋਂ ਜ਼ਰੂਰੀ ਚੀਜ਼
ਇਹ ਹੀਰੇ ਵਰਗੀਆਂ ਕਿਤਾਬਾਂ ਕਦੋਂ ਤੱਕ ਉਡੀਕ ਕਰਨਗੀਆਂ ਲਾਇਬ੍ਰੇਰੀਆਂ ਵਿੱਚ ਸਾਡੀ
ਇਨ੍ਹਾਂ ਕੋਲ ਖੰਭ ਹਨ
ਇਨ੍ਹਾਂ ਨੂੰ ਉੱਡ ਕੇ ਜਾਣਾ ਚਾਹੀਦਾ ਹੈ ਹਰ ਥਾਂ।
੦ ਅਨੁਵਾਦ ਤੇ ਪੇਸ਼ਕਸ਼ : ਪ੍ਰੋ. ਨਵ ਸੰਗੀਤ ਸਿੰਘ ਪੋਸਟਗ੍ਰੈਜੂਏਟ ਪੰਜਾਬੀ ਵਿਭਾਗ, ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ- 151302 (ਬਠਿੰਡਾ) 9417692015