—ਰਮੇਸ਼ ਰਾਣਾ
ਮਨੁੱਖ ਆਪਣੀਆਂ ਭਾਵਨਾਵਾਂ ਨੂੰ, ਆਪਣੇ ਜ਼ਜ਼ਬਾਤਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਆਪਣੀ ਮਾਂ ਬੋਲੀ ਰਾਹੀਂ ਪ੍ਰਗਟ ਕਰ ਸਕਦਾ ਹੈ, ਓਨਾ ਸ਼ਾਇਦ ਹੀ ਕਿਸੇ ਹੋਰ ਭਾਸ਼ਾ ਵਿਚ ਆਪਣੀਆਂ ਸੰਵੇਦਨਾਵਾਂ ਨੂੰ ਕਿਸੇ ਅੱਗੇ ਉਜਾਗਰ ਕਰ ਕੇ ਤਸੱਲੀ ਮਹਿਸੂਸ ਕਰਦਾ ਹੋਵੇ। ਮਾਂ ਬੋਲੀ ਉਸ ਬੋਲੀ ਨੂੰ ਕਿਹਾ ਜਾਂਦਾ ਹੈ ਜਿਸ ਬੋਲੀ ਵਿਚ ਬੱਚੇ ਨੂੰ ਮਾਂ ਲੋਰੀਆਂ ਸੁਣਾਉਂਦੀ ਏ, ਨਿੱਕੇ ਨਿੱਕੇ ਤੋਤਲੇ ਸ਼ਬਦਾਂ ਰਾਹੀਂ ਬੋਲਣਾ ਸਿਖਾਉਂਦੀ ਏ ਅਤੇ ਉਸ ਦੇ ਮਾਨਸਿਕ ਵਿਕਾਸ ਤੇ ਮਾਂ ਬੋਲੀ ਦੇ ਸ਼ਬਦਾਂ ਦੇ ਗਿਆਨ ’ਚ ਵਾਧਾ ਕਰਨ ਲਈ ਤਰ੍ਹਾਂ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਂਦੀ ਏ। ਕਹਿੰਦੇ ਹਨ ਜਦੋਂ ਕੋਈ ਬੱਚਾ ਆਪਣੇ ਆਲੇ ਦੁਆਲੇ, ਆਪਣੇ ਸੱਭਿਆਚਾਰ ਤੇ ਸਾਹਿਤ ਬਾਰੇ, ਇੱਥੋਂ ਤੱਕ ਕਿ ਜਦੋਂ ਉਹ ਆਪਣੇ ਭਵਿੱਖ ਲਈ ਕੋਈ ਯੋਜਨਾ ਬਣਾਉਂਦਾ ਹੈ ਜਾਂ ਉਹ ਸੁਪਨਾ ਵੀ ਲੈਂਦਾ ਹੈ ਤਾਂ ਆਪਣੀ ਮਾਂ ਬੋਲੀ ਵਿਚ ਹੀ ਲੈਂਦਾ ਹੈ। ਦੁਨੀਆ ਭਰ ਦੇ ਸਾਰੇ ਹੀ ਦਾਰਸ਼ਨਿਕ ਤੇ ਸਿੱਖਿਆ ਸ਼ਾਸਤਰੀ ਵੀ ਇਸੇ ਗੱਲ ਦੇ ਹਮਾਇਤੀ ਹਨ ਕਿ ਬੱਚੇ ਨੂੰ ਉਸ ਦੀ ਮਾਂ ਬੋਲੀ ਰਾਹੀਂ ਹੀ ਸਿੱਖਿਆ ਦਿੱਤੀ ਜਾਣੀ ਚਾਹੀਦੀ ਹੈ ਜਿਸ ਨਾਲ ਬੱਚੇ ਦਾ ਭਵਿੱਖ ਸੰਪੂਰਨ ਬਣਦਾ ਹੈ।

ਪਰ ਸਾਡੀ ਪੰਜਾਬੀ ਮਾਂ ਬੋਲੀ ਦੀ ਚਾਹੇ ਬਦਕਿਸਮਤੀ ਹੀ ਕਹਿ ਲਵੋਂ ਸ਼ੁਰੂ ਤੋਂ ਹੀ ਇਸ ਨੂੰ ਸਭ ਤੋਂ ਵੱਧ ਅਣਗੌਲਿਆ ਕੀਤਾ ਗਿਆ ਹੈ। ਆਪਣੇ ਗਿਆਨ ਵਿਚ ਵਾਧਾ ਕਰਨ ਲਈ ਹੋਰ ਭਾਸ਼ਾਵਾਂ ਸਿੱਖਣਾ ਜਿੰਨੀ ਵਧੀਆ ਗੱਲ ਹੈ, ਆਪਣੀ ਮਾਤ ਭਾਸ਼ਾ ਤੋਂ ਮੁੱਖ ਮੋੜ ਜਾਣਾ ਉਨੀ ਹੀ ਘਟੀਆ ਗੱਲ ਹੈ। ਕਿਸੇ ਵੀ ਦੇਸ਼ ਦੀ ਤਰੱਕੀ ਦਾ ਮਿਆਰ ਮਾਪਣਾ ਹੋਵੇ ਤਾਂ ਉਥੋਂ ਦੇ ਰਹਿਣ ਵਾਲੇ ਲੋਕਾਂ ਦੀ ਸਿਹਤ ਤੇ ਸਿੱਖਿਆ ਤੋਂ ਮਾਪਿਆ ਜਾਂਦਾ ਹੈ। ਪੰਜਾਬੀ ਮਾਂ ਬੋਲੀ ਦੇ ਭਵਿੱਖ ਪ੍ਰਤੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਜਦੋਂ ਸਾਡੇ ਪੰਜਾਬੀ ਵਿਦਵਾਨ ਬੜੇ ਜੋਸ਼ੋ ਖਰੋਸ਼ ਨਾਲ ਸਮਾਗਮ ਕਰਦੇ ਹਨ ਤਾਂ ਮਨ ਨੂੰ ਬੜੀ ਤਸੱਲੀ ਹੁੰਦੀ ਹੈ ਕਿ ਭਵਿੱਖ ਵਿਚ ਪੰਜਾਬੀ ਬੋਲੀ ਨੂੰ ਕੋਈ ਖਤਰਾ ਨਹੀਂ। ਪਰ ਮਨ ਉਦੋਂ ਬਹੁਤ ਹੀ ਬੇਚੈਨ ਜਿਹਾ ਹੋ ਜਾਂਦਾ ਹੈ ਕਿ ਇਹ ਚਿੰਤਾਵਾਂ ਸਿਰਫ ਸੈਮੀਨਾਰਾਂ ਤੱਕ ਤੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੱਕ ਹੀ ਰਹਿ ਜਾਂਦੀਆਂ ਹਨ। ਦੂਰ ਕੀ ਜਾਣਾ ਅਸੀਂ ਵੀ ਤਾਂ ਖ਼ੁਦ ਇਹੋ ਹੀ ਕਰ ਰਹੇ ਹਾਂ ਕਿ ਸਾਡੇ ਬੱਚੇ ਦਾ ਭਵਿੱਖ ਵਧੀਆ ਹੋਵੇ ਇਸ ਲਈ ਬੱਚਿਆਂ ਨੂੰ ਵਧੀਆ ਤੋਂ ਵਧੀਆ ਤੇ ਮਹਿੰਗੇ ਤੋਂ ਮਹਿੰਗੇ ਅੰਗਰੇਜ਼ੀ ਸਕੂਲਾਂ ਵਿਚ ਦਾਖਲ ਕਰਵਾ ਰਹੇ ਹਾਂ। ਜਿੱਥੇ ਇਹਨਾਂ ਗੱਲਾਂ ਨੂੰ ਵੀ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ ਕਿ ਇਹਨਾਂ ਸਕੂਲਾਂ ਵਿੱਚ ਪੰਜਾਬੀ ਮਾਂ ਬੋਲੀ ਵਿਚ ਗੱਲ ਕਰਨੀ ਵੀ ਗੁਨਾਹ ਹੈ, ਜਿਥੇ ਜੁਰਮਾਨਾ ਰੱਖਿਆ ਗਿਆ ਹੈ, ਫਿਰ ਵੀ ਅਸੀਂ ਬੱਚਿਆਂ ਦੇ ਭਵਿੱਖ ਲਈ ਇਹਨਾਂ ਸਕੂਲਾਂ ਨੂੰ ਹੀ ਪਹਿਲ ਦਿੰਦੇ ਹਾਂ।
ਪੰਜਾਬੀ ਮਾਂ ਬੋਲੀ ਦੇ ਸੰਬੰਧ ਵਿਚ ਮੱਖਣ ਕੁਹਾੜ ਹੋਰਾਂ ਨੇ ਇਕ ਵਾਰ ਮੈਨੂੰ ਆਖਿਆ ਸੀ ਕਿ ‘‘ਅਸਲੀਅਤ ਤਾਂ ਇਹ ਹੈ ਕਿ ਅੰਗਰੇਜ਼ੀ ਮਾਧਿਅਮ ਰਾਹੀਂ ਪੜ੍ਹ ਰਹੇ ਬੱਚੇ ‘ਚਿਰੜ-ਘੁੱਗ’ ਹੀ ਬਣ ਰਹੇ ਹਨ। ਜਿਵੇਂ ਇਕ ਵਾਰ ਉਡਦੀ ਜਾਂਦੀ ਚਿੜੀ ਨੂੰ ਮਜ਼ਬੂਰੀ ਵੱਸ ਘੁੱਗੀ ਦੇ ਆਲਣੇ ਵਿੱਚ ਆਂਡਾ ਦੇਣਾ ਪਿਆ। ਜਦ ਬੱਚਾ ਨਿਕਲਿਆ ਤਾਂ ਉਹ ਵਰਾਸਤੀ ਮਾਂ ਬੋਲੀ ਵਿਚ ‘ਚਿਰੜ-ਚਿਰੜ’ ਕਰੇ, ਪਰ ਘੁੱਗੀ ਉਸ ਦੇ ਸਿਰ ਵਿਚ ‘ਘੁੱਗ-ਘੁੱਗ’ ਕਹਿਣ ਲਈ ਠੂੰਗੇ ਮਾਰੇ। ਅਖੀਰ ਉਹ ‘ਚਿਰੜ-ਘੁੱਗ’ ‘ਚਿਰੜ-ਘੁੱਗ’ ਹੀ ਕਹਿਣ ਲੱਗ ਪਿਆ। ਨਾ ਮਾਂ ਬੋਲੀ ਚੰਗੀ ਤਰ੍ਹਾਂ ਬੋਲਣੀ ਆਈ ਨਾ ਬੇਗਾਨੀ ਬੋਲੀ। ਅੰਗਰੇਜ਼ੀ ਸਕੂਲਾਂ ’ਚੋਂ ਪੜ੍ਹ ਕੇ ਨਿਕਲਦੇ ਬੱਚਿਆਂ ਦਾ ਵੀ ਇਹੀ ਹਾਲ ਹੈ। ਬੱਚੇ ਪੰਜਾਬੀ ਸਾਹਿਤ, ਸੱਭਿਆਚਾਰ ਤੋਂ ਤਾਂ ਕੋਰੇ ਹਨ ਹੀ, ਉਹ ਆਪਣੇ ਮਨੋ ਭਾਵ ਨਾ ਅੰਗਰੇਜ਼ੀ ਵਿਚ ਅਤੇ ਨਾ ਹੀ ਆਪਣੀ ਮਾਂ ਬੋਲੀ ਵਿੱਚ ਖੁੱਲ੍ਹ ਕੇ ਪ੍ਰਗਟ ਕਰਨ ਦੇ ਸਮਰੱਥ ਬਣ ਰਹੇ ਹਨ।

ਕਹਿੰਦੇ ਹਨ ਕਿ ਜੇਕਰ ਕਿਸੇ ਦੇਸ਼ ਦਾ ਪਤਨ ਕਰਨਾ ਹੋਵੇ ਤਾਂ ਉਸ ਦੇਸ਼ ਦੀ ਮਾਂ ਬੋਲੀ ਨੂੰ ਖਤਮ ਕਰ ਦਿਓ। ਸੁਣਨ ਨੂੰ ਤਾਂ ਇਹ ਕਹਾਵਤ ਚਾਹੇ ਕੁੱਝ ਵੀ ਨਹੀਂ ਲੱਗਦੀ ਪਰ ਇਹ ਹੈ ਅਸਲ ’ਚ ਬਹੁਤ ਹੀ ਖ਼ਤਰਨਾਕ। ਇਤਿਹਾਸ ਵੀ ਦੱਸਦਾ ਹੈ ਕਿ ਪੰਜਾਬ ਉੱਪਰ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਹੋਇਆ ਸੀ ਤਾਂ ਉਨ੍ਹਾਂ ਨੇ ਪੰਜਾਬੀਆਂ ਤੋਂ ਹਥਿਆਰ ਅਤੇ ਗੁਰਮੁਖੀ ਦੇ ਕਾਇਦੇ ਵਾਪਿਸ ਲੈਣ ਲਈ ਹਥਿਆਰ ਅਤੇ ਪ੍ਰਤੀ ਕਾਇਦਾ ਪੈਸੇ ਦੇਣੇ ਨਿਸ਼ਚਿਤ ਕੀਤੇ ਸਨ। ਕਾਇਦਾ ਜਮਾਂ ਕਰਾਉਣ ਦੇ ਪੈਸੇ ਹਥਿਆਰ ਜਮਾਂ ਕਰਾਉਣ ਨਾਲੋਂ ਕਿਤੇ ਜ਼ਿਆਦਾ ਸਨ, ਇਸ ਤੋਂ ਇਹ ਅੰਦਾਜ਼ਾ ਲਗਾਉਣਾ ਕਿੰਨਾ ਸੌਖਾ ਹੈ ਕਿ ਹਥਿਆਰ ਨਾਲੋਂ ਸਾਡੀ ਮਾਤ ਭਾਸ਼ਾ ਦੀ ਕਿੰਨੀ ਅਹਿਮੀਅਤ ਹੈ। ਇਹ ਕਾਇਦੇ ਮਹਾਰਾਜਾ ਰਣਜੀਤ ਸਿੰਘ ਨੇ ਪਿੰਡਾਂ ਵਿਚ ਰਹਿਣ ਵਾਲੇ ਬੱਚਿਆਂ ਦੇ ਪੜ੍ਹਨ ਲਈ ਵੰਡੇ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਅੰਗਰੇਜ਼ਾਂ ਲਈ ਗੁਰਮੁਖੀ ਦਾ ਕਾਇਦਾ, ਹਥਿਆਰ ਨਾਲੋਂ ਕਿੰਨਾ ਜ਼ਿਆਦਾ ਖਤਰਨਾਕ ਹੋਵੇਗਾ। ਅੰਗਰੇਜ਼ਾਂ ਨੇ ਜਿੱਥੇ ਜਿੱਥੇ ਵੀ ਰਾਜ ਕੀਤਾ ਉਥੇ ਅੰਗਰੇਜ਼ੀ ਭਾਸ਼ਾ ਨੂੰ ਹੀ ਲਾਗੂ ਕੀਤਾ ਸੀ।
ਦੇਸ਼ ਦੇ ਹਰ ਰਾਜ ਵਿਚ ਆਪਣੀਆਂ ਆਪਣੀਆਂ ਬੋਲੀਆਂ ਹੁੰਦੀਆਂ ਹਨ। ਜਦੋਂ ਦੂਜੇ ਰਾਜ ਦੀ ਬੋਲੀ ਕਿਸੇ ਵੀ ਦੂਜੇ ਰਾਜ ਦੀ ਬੋਲੀ ’ਤੇ ਆਪਣਾ ਅਸਰ ਕਰਦੀ ਹੈ ਤਾਂ ਉਸ ਰਾਜ ਦੀ ਬੋਲੀ ਦਾ ਆਪਣੇ ਆਪ ਹੀ ਖਾਤਮਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਸੈਂਕੜੇ ਦੀ ਗਿਣਤੀ ਵਿਚ ਆਪਣੀ ਆਪਣੀ ਮਾਂ ਬੋਲੀ ਦੇ ਸ਼ਬਦ ਅਲੋਪ ਹੋ ਚੁੱਕੇ ਹਨ ਤੇ ਕਈ ਮੀਡੀਆ ਤੇ ਸੰਚਾਰ ਦੇ ਸਾਧਨ ਇਨ੍ਹਾਂ ਸ਼ਬਦਾਂ ਨੂੰ ਅਲੋਪ ਕਰਨ ਲਈ ਆਪਣੀ ਆਪਣੀ ਜ਼ਿੰਮੇਵਾਰ ਨਿਭਾਅ ਰਹੇ ਹਨ। ਜਿਵੇਂ ਮਾਝੇ ਵਿਚ ਭਰਾ ਨੂੰ ਭਾਊ ਨਾਲ ਸੰਬੋਧਨ ਕੀਤਾ ਜਾਂਦਾ ਸੀ ਤੇ ਮਾਲਵੇ ਵਿਚ ਭਰਾ ਨੂੰ ਬਾਈ ਜੀ ਨਾਲ। ਮਾਲਵੇ ਦੇ ਕਲਾਕਾਰਾਂ ਨੇ ਆਪਣੇ ਗੀਤਾਂ ਵਿਚ ਤਾਂ ਬਾਈ ਜੀ ਸ਼ਬਦ ਵਰਤ ਲਿਆ ਪਰ ਜਦੋਂ ਉਹ ਗੀਤ ਮਸ਼ਹੂਰ ਹੋ ਜਾਂਦੇ ਨੇ ਤੇ ਮਾਝੇ ਵਿਚ ਆਉਂਦੇ ਨੇ ਉਥੇ ਵੀ ਭਾਊ ਨੂੰ ਛੱਡ ਕੇ ਬਾਈ ਜੀ ਆਖਣ ਲੱਗ ਜਾਂਦੇ ਨੇ। ਜਿਸ ਨਾਲ ਉਨ੍ਹਾਂ ਦਾ ਆਪਣੇ ਸੱਭਿਆਚਾਰ ਵਾਲਾ ਸ਼ਬਦ ਮਰ ਜਾਂਦਾ ਹੈ। ਸੱਭਿਆਚਾਰ ਦਾ ਮੁੱਖ ਆਧਾਰ ਉਸਦੀ ਆਪਣੀ ਮਾਂ ਬੋਲੀ ਹੁੰਦੀ ਹੈ। ਅੱਜ ਦੇ ਸਿੱਖਿਆਰਥੀਆਂ ਨੂੰ ਕਿਸੇ ਵੀ ਪੁੱਛ ਲਵੋ ਉਹ ਪੰਜਾਬ ਨੂੰ ਮਾਝਾ, ਮਾਲਵਾ ਤੇ ਦੋਆਬਾ ਤਿੰਨ ਹਿੱਸਿਆਂ ਵਿਚ ਵੰਡਿਆ ਤਾਂ ਦਸ ਸਕਦਾ ਹੈ ਪਰ ਪੁਆਂਦ ਜੋ ਚੌਥਾ ਹਿੱਸਾ ਸੀ ਅੱਜ ਅਲੋਪ ਹੀ ਹੋ ਗਿਆ ਹੈ ਉਸਨੂੰ ਸ਼ਾਇਦ ਹੀ ਦੱਸ ਪਾਵੇ, ਜਦਕਿ ਉਥੋਂ ਦਾ ਸਭਿਆਚਾਰ ਸਭ ਤੋਂ ਜ਼ਿਆਦਾ ਅਮੀਰ ਸੀ ਤੇ ਭਾਸ਼ਾ ਵੀ ਬਹੁਤ ਖੂਬਸੂਰਤ ਹੈ। ਜੇ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਨੂੰ ਆਪ ਹੀ ਅਪਾਹਜ ਕਰ ਰਹੇ ਹਾਂ ਤਾਂ ਸਾਨੂੰ ਕੋਈ ਵੀ ਬਾਹਰੋਂ ਆ ਕੇ ਨਹੀਂ ਬਚਾ ਸਕਦਾ।
ਦੁਖਦ ਗੱਲ ਇਹ ਵੀ ਹੈ ਕਿ ਕੁੱਝ ਸ਼ਰਾਰਤੀ ਅਨਸਰ ਗਰਾਂਟਾਂ ਲੈਣ ਦੇ ਚੱਕਰਾਂ ਵਿਚ ਜਾਂ ਫਿਰ ਵਿਦੇਸ਼ਾਂ ਵਿਚ ਵਸੇ ਪੰਜਾਬੀਆਂ ਨੂੰ ਮਾਤ ਭਾਸ਼ਾ ਦੇ ਪਸਾਰ ਲਈ ਸੰਸਥਾਵਾਂ ਨਾਲ ਜੋੜ ਕੇ ਵਿਦੇਸ਼ਾਂ ਵਿਚ ਸੈਰਾਂ ਕਰਨ ਦੇ ਬਹਾਨੇ ਫਰਜ਼ੀ ਸੰਸਥਾਵਾਂ ਬਣਾ ਕੇ ਮਾਂ ਬੋਲੀ ਦਾ ਘਾਣ ਕਰ ਰਹੇ ਹਨ ਤੇ ਉਨ੍ਹਾਂ ਦੀਆਂ ਫਰਜ਼ੀ ਸੰਸਥਾਵਾਂ ਵੀ ਇਹ ਸਾਰਾ ਮੰਜ਼ਿਰ ਚੁੱਪਚਾਪ ਤਮਾਸ਼ਬੀਨ ਬਣ ਕੇ ਦੇਖ ਰਹੀਆਂ ਹਨ। ਇੱਥੋਂ ਤੱਕ ਕਿ ਬਹੁਤ ਦੇਰ ਹੋ ਜਾਵੇ ਤੇ ਸਾਡੀ ਮਾਂ ਬੋਲੀ ਦੇ ਆਪਣੇ ਮਿੱਠੇ ਸ਼ਬਦ ਅੰਗਰੇਜ਼ੀ ਭਾਸ਼ਾ ਦੇ ਥੱਲੇ ਦਬ ਕੇ ਦਮ ਤੋੜ ਜਾਣ। ਇਹ ਮਸਲਾ ਸਿਰਫ਼ ਲੇਖਕਾਂ ਦਾ ਹੀ ਨਹੀਂ ਸਮੂਹ ਲੋਕਾਂ ਦਾ ਵੀ ਮਾਮਲਾ ਹੈ। ਇਸ ਲਈ ਹੁਣ ਸਮਾਂ ਮੰਗ ਕਰਦਾ ਹੈ ਕਿ ਆਓ ਸਾਰੇ ਮਿਲਕੇ ਪੰਜਾਬੀ ਭਾਸ਼ਾ ਦੇ ਪਸਾਰ ਕਰਨ ਲਈ ਅਤੇ ਮਾਂ ਬੋਲੀ ਨੂੰ ਉਸਦਾ ਬਣਦਾ ਮਾਣ-ਸਤਿਕਾਰ ਦਿਵਾਉਣ ਲਈ, ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿਉਂਦਿਆਂ ਰੱਖਣ ਲਈ ਬੁੱਧੀਜੀਵੀਆਂ, ਸਾਹਿਤਕਾਰਾਂ ਤੇ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਨੂੰ ਮੋਹ ਕਰਨ ਵਾਲੇ ਸਭ ਲੋਕ ਇਕੱਠੇ ਹੋ ਕੇ ਵੱਖ-ਵੱਖ ਰੰਗਾਂ ਦੀਆਂ ਤੇ ਆਪਣੇ ਆਪਣੇ ਖਿੱਤੇ ਦੀਆਂ ਬੋਲੀਆਂ, ਆਪਣੇ ਪੰਜਾਬੀ ਵਿਰਸੇ ਤੇ ਸਭਿਆਚਾਰ ਅਤੇ ਆਪਣੇ ਰਸਮਾਂ ਰਿਵਾਜ਼ਾਂ ਦੀ ਫੁਲਵਾੜੀ ਨੂੰ ਹੋਰ ਖੂਬਸੂਰਤ ਬਣਾਉਣ ਦਾ ਰਲ ਮਿਲ ਕੇ ਯਤਨ ਕਰੀਏ।
ਸੰਪਰਕ: 9855336266