ਪੰਜਾਬ ਦੇ ਸੰਗੀਤ ਘਰਾਣਿਆਂ ਤੋਂ ਛੁੱਟ, ਇਸ ਪਾਵਨ ਧਰਤੀ ‘ਤੇ ਰਬਾਬੀਆਂ, ਰਾਗੀਆਂ ਅਤੇ ਢਾਡੀਆਂ ਦੇ ਕੁਝ ਹੋਰ ਘਰਾਣੇ ਵੀ ਹਨ, ਜਿਨ੍ਹਾਂ ਦਾ ਆਪਣਾ ਹੀ ਇਕ ਨਿਵੇਕਲਾ ਅਸਥਾਨ ਹੈ। ਸਾਡੇ ਸੰਗੀਤ ਨੂੰ ਉਨ੍ਹਾਂ ਦੀ ਇਕ ਬੜੀ ਵੱਡੀ ਦੇਣ ਹੈ।
ਸਰਮਾਇਆ ਇਸ਼ਰਤ ਦਾ ਕਰਤਾ ਸਾਦਕ ਅਲੀ ਖ਼ਾਂ, ਆਪਣੀ ਪ੍ਰਸਿੱਧ ਕਿਰਤ ਜਿਹੜੀ ਉਸਨੇ 1866 ਈ. ਵਿਚ ਲਿਖੀ ਅਤੇ ਜਿਹੜੀ 1 ਜਨਵਰੀ, 1874 ਨੂੰ ਛਾਪੀ ਗਈ, ਵਿਚ ਉਹ ਇੰਜ ਦਰਜ ਕਰਦਾ ਹੈ । ”ਬਾਅਜ ਕਾ ਕੋਲ ਹੈ ਕਿ ਰਬਾਬ ਈਜਾਦ ਕੀਆ ਹੂਆ ਗੁਰੂ ਨਾਨਕ ਸ਼ਾਹ ਫ਼ਕੀਰ ਕਾ ਹੈ।”

ਏਸੇ ਹੀ ਤਰ੍ਹਾਂ ਉਰਦੂ ਦੀ ਇਕ ਹੋਰ ਪ੍ਰਸਿੱਧ ਕਿਰਤ ਮੁਅਦਨਲ ਮੌਸੀਕੀ ਦਾ ਕਰਤਾ ਸੱਯਦ ਵਾਜਦ ਅਲੀ ਆਪਣੀ ਕਿਰਤ ਵਿਚ ਇੰਜ ਵਰਣਨ ਕਰਦਾ ਹੈ, ‘ਸਰੋਦ ਰਬਾਬ ਸੇ ਨਿਕਲਾ – ਮਗਰ ਕੱਦ ਮੇਂ ਡਿਓੜ੍ਹਾ। ਉਸ ਪਰ ਭੀ ਰੋਂਦਾ ਔਰ ਤਾਰ ਚੜ੍ਹਤੇ ਹੈਂ।”
ਏਸੇ ਹੀ ਤਰ੍ਹਾਂ ਇਕ ਹੋਰ ਵਿਦਵਾਨ ਓ. ਗੋਸੁਆਮੀ ਦਾ ਵੀ ਏਹੀ ਮਤ ਹੈ ਕਿ ਰਬਾਬ ਵਿੱਚੋਂ ਹੀ ਅਜੋਕੀ ਸਰੋਦ ਨਿਕਲੀ।
ਬੰਗਾਲ ਵਿਚ ਅੱਜ-ਕੱਲ੍ਹ ਵੀ ਇਕ ਸਾਜ਼ ਇਸਰਾਜ ਬੜਾ ਲੋਕ-ਪ੍ਰਿਯ ਹੈ, ਜਿਹੜਾ ਕਿ ਤਾਊਸ ਦੀ ਹੀ ਇਕ ਸ਼ਕਲ ਦਾ ਹੈ। ਏਸੇ ਤਾਊਸ ਨੂੰ ਮੁੱਖ ਰੱਖ ਕੇ, ਪਟਿਆਲਾ ਦੇ ਸੁਪ੍ਰਸਿੱਧ ਸੰਗੀਤਕਾਰ ਮਹੰਤ ਗੱਜਾ ਸਿੰਘ ਨੇ ਦਿਲਰੁਬਾ ਨਾਂ ਦਾ ਇਕ ਸਾਜ਼ ਤਿਆਰ ਕੀਤਾ ਸੀ। ਇਕ ਤਾਊਸ ਜਿਹੜਾ ਸੰਗੀਤ ਨਾਟਕ ਅਕਾਦਮੀ, ਦਿੱਲੀ ਦੇ ਮਿਊਜ਼ੀਅਮ ਵਿਚ ਸਾਂਭਿਆ ਪਿਆ ਹੈ, ਉਸ ਨਾਲ ਲੱਗੀ ਤਖ਼ਤੀ `ਤੇ ਇਹ ਲਫ਼ਜ਼ ਦਰਜ ਹਨ : “Taus came to India through Bhai Mardana in 1530. Musicians of Baghdad presented to him as a robe honour. ਅਰਥਾਤ, ਤਾਊਸ ਸਾਡੇ ਦੇਸ਼ ਵਿਚ ਭਾਈ ਮਰਦਾਨਾ ਜੀ ਰਾਹੀਂ 1530 ਈ ਵਿਚ ਹਾਸਲ ਹੋਇਆ। ਇਹ ਸਾਜ਼ ਬਗ਼ਦਾਦ ਦੇ ਸੰਗੀਤਕਾਰਾਂ ਨੇ ਆਪ ਜੀ ਨੂੰ ਸਿਰੋਪਾਓ ਵਜੋਂ ਭੇਂਟ ਕੀਤਾ ਸੀ।
ਸਾਡੇ ਇਕ ਹੋਰ ਸਾਜ਼ ਸਾਰੰਦੇ ਬਾਰੇ ਸਾਦਕ ਅਲੀ ਖਾਂ ਆਪਣੀ ਪ੍ਰਸਿੱਧ ਕਿਰਤ ਸਰਮਾਇਆ ਇਸ਼ਰਤ ਵਿਚ ਇੰਜ ਲਿਖਦੇ ਹਨ “ਵਾਜਿਹ ਹੈ ਕਿ -ਸਾਰੰਦਾ- ਈਜਾਦ ਕੀਆ ਹੁਆ ਗੁਰੂ ਅਮਰ ਦਾਸ ਜੀ ਕਾ ਹੈ ਕਿ ਜਿਨਕਾ ਮੰਦਰ ਸ਼ਹਿਰ ਅੰਮ੍ਰਿਤਸਰ ਮੇਂ ਮਸ਼ਹੂਰ ਹੈ।”
ਸ੍ਰੀ ਅੰਮ੍ਰਿਤਸਰ ਜਾਂ ਦਰਬਾਰ ਸਾਹਿਬ ਦੀ ਗੱਲ ਚੱਲੀ ਹੈ, ਤਾਂ ਇਸ ਸਵਰਨ ਮੰਦਰ ਵਿਚ ਦੇਸ਼ ਭਰ ਦੇ ਵੱਡੇ ਵੱਡੇ ਸੰਗੀਤਕਾਰ ਇਸ ਥਾਂ ਚੌਕੀ ਭਰ ਕੇ ਆਪਣੇ ਧੰਨ ਭਾਗ ਸਮਝਦੇ ਰਹੇ ਹਨ। ਪ੍ਰਸਿੱਧ ਵਿਦਵਾਨ ਗਿਆਨੀ ਗਿਆਨ ਸਿੰਘ ਵਲੋਂ ਰਚਿਤ ਤਾਰੀਖ ਸ੍ਰੀ ਅੰਮ੍ਰਿਤਸਰ ਵਿੱਚੋਂ ਸਾਨੂੰ ਉਸ ਵੇਲੇ ਦੇ ਕਲਾਕਾਰਾਂ ਦੀਆਂ ਤਨਖਾਹਾਂ ਦਾ ਅੰਦਾਜ਼ਾ ਲੱਗ ਜਾਂਦਾ ਹੈ, ਜਦ ਉਹ ਲਿਖਦੇ ਹਨ “ਸਾਰੇ ਰਾਗੀਆਂ ਰਬਾਬੀਆਂ ਨੂੰ 283/ – ਰੁਪਏ ਮਾਹਵਾਰ ਸ੍ਰੀ ਦਰਬਾਰ ਸਾਹਿਬ ਜੀ ਦੇ ਖ਼ਜ਼ਾਨੇ ਵਿੱਚ ਮਿਲਦੇ ਹਨ।”
ਅੰਮ੍ਰਿਤਸਰ ਵਿਚ ਜਦੋਂ ਬੁੰਗਿਆਂ ਦੀ ਉਸਾਰੀ ਕੀਤੀ ਗਈ ਤਾਂ ਏਥੇ ਦੇ ਤਿੰਨ ਬੁੰਗੇ ਰਾਗੀਆਂ ਨੇ ਹੀ ਬਣਵਾਏ ਸਨ : ਬੁੰਗਾ ਰਾਗੀ ਧਨਪਤ ਸਿੰਘ, ਬੁੰਗਾ ਰਾਗੀ ਕਾਹਨ ਸਿੰਘ ਅਤੇ ਬੁੰਗਾ ਚੜ੍ਹਤ ਸਿੰਘ। ਇਸ ਤੋਂ ਛੁੱਟ, ਸੁਲਤਾਨੁਲ ਕੌਮ ਬਾਬਾ ਜੱਸਾ ਸਿੰਘ ਆਹਲੂਵਾਲੀਏ ਦੇ ਗਭਲੇ ਬੇਟੇ ਫ਼ਤਿਹ ਸਿੰਘ ਨੇ ਉਦੋਂ ਤੇਤੀ ਹਜ਼ਾਰ ਰੁਪਏ ਦੀ ਲਾਗਤ ‘ਤੇ ਤਿੰਨ-ਮੰਜ਼ਲਾ ਬੁੰਗਾ ਆਹਲੂਵਾਲੀਆ ਬਣਵਾਇਆ ਸੀ ਜਿਥੇ ਕਿ ਸਿਖਿਆਰਥੀਆਂ ਨੂੰ ਬਾਕਾਇਦਾ ਕੀਰਤਨ ਦੀ ਸਿੱਖਿਆ ਦਿੱਤੀ ਜਾਂਦੀ ਸੀ। ਫ਼ਤਿਹ ਸਿੰਘ ਕਿਉਂਕਿ ਸੰਗੀਤ ਦਾ ਆਪ ਵੀ ਬੜਾ ਰਸੀਆ ਸੀ, ਏਸੇ ਕਰਕੇ ਇਸ ਕੇਂਦਰ ਦੀ ਉਹ ਦਿਲ ਖੋਲ੍ਹ ਕੇ ਸਰਪ੍ਰਸਤੀ ਕਰਦਾ ਸੀ। ਸਿੱਖਾਂ ਵਿਚ ਕੁਝ ਵਿਅਕਤੀ ਅਜਿਹੇ ਵੀ ਹੋਏ ਹਨ, ਜਿਨ੍ਹਾਂ ਨੇ ਕੁਝ ਨਵੇਂ ਸਾਜ਼ ਵੀ ਈਜਾਦ ਕੀਤੇ।
ਚਿੱਟੀ, ਜ਼ਿਲਾ ਜਲੰਧਰ ਦੇ ਜੰਮਪਲ ਅਤੇ ਜਲੰਧਰ ਦੇ ਮਸ਼ਹੂਰ ਸਾਜਕਾਰ ਸ.ਅੱਛਰ ਸਿੰਘ ਮਠਾਰੂ (1900-1970 ਈ.) ਦਾ ਦਿਮਾਗ਼ ਐਨੀ ਉਪਜ ਵਾਲਾ ਜੀ ਕਿ ਉਨ੍ਹਾਂ ਆਪਣੇ ਜੀਵਨ ਵਿਚ ਦੋ ਤਿੰਨ ਨਵੇਂ ਸਾਜ਼ਾਂ ਦਾ ਅਵਿਸ਼ਕਾਰ ਕੀਤਾ। 1943–44 ਈ. ਵਿਚ “ਸੁਰ ਸੁਹਾਗ” ਨਾਂ ਦਾ ਅਸਲੋਂ ਇਕ ਨਵਾਂ ਸਾਜ਼ ਈਜਾਦ ਕੀਤਾ, ਜਿਹੜਾ ਕਿ ਵਚਿੱਤ੍ਰ ਵੀਣਾ ਵਾਂਗ ਵੱਜਦਾ ਹੈ। ਉਸ ਪਿੱਛੋਂ, 1961 ਈ. ਦੇ ਨੇੜੇ ਅਸਲ ਇਕ ਹੋਰ ਨਵੀਂ “ਮਧੂਵੀਣਾ” ਬਣਾਈ, ਜਿਸ ਦੀ ਸ਼ਕਲ ਸਿਤਾਰ ਵਰਗੀ ਹੈ, ਪਰ ਇਸ ਵਿਚ ਤੂੰਬਾ ਨਹੀਂ ਲੱਗਦਾ। ਇਸ ਸਾਜ਼ ਦੀ ਇਹ ਖ਼ੂਬੀ ਹੈ ਕਿ ਇਹ ਇੱਕ ਸਮੇਂ ਸਿਤਾਰ ਅਤੇ ਸਰੋਦ ਵਾਦਯ ਦੀਆਂ ਮਿੱਠੀਆਂ ਧੁਨਾਂ ਨੂੰ ਬੜੇ ਦਿਲਕਸ਼ ਅੰਦਾਜ਼ ਵਿਚ ਪ੍ਰਸਾਰਤ ਕਰਦਾ ਹੈ। ਏਸੇ ਤਰ੍ਹਾਂ ਪ੍ਰੋ. ਪਿਆਰਾ ਸਿੰਘ ਦਾ ਨਾ ਤਾਰ ਸ਼ਹਿਨਾਈ ਨਾਲ ਜੁੜਿਆ ਹੋਇਆ ਹੈ।